ਕੈਪਟਨ ਦਾ ਸਿਆਸੀ ਭਵਿੱਖ ਲੱਗਿਆ ਹੈ ਦਾਅ ‘ਤੇ

TeamGlobalPunjab
4 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) : ਨਵਜੋਤ ਸਿੰਘ ਸਿੱਧੂ ਜਦੋਂ ਤੋਂ ਹਿੱਕ ਠੋਕ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਹਨ ਉਦੋਂ ਤੋਂ ਇਹ ਚਰਚਾ ਚੱਲ ਪਈ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੀ ਬਣੇਗਾ। ਜਦੋਂ ਪੰਜਾਬ ਕਾਂਗਰਸ ਵਿੱਚ ਕਾਟੋ – ਕਲੇਸ਼ ਸਿਖਰਾਂ ਉੱਤੇ ਸੀ ਤਾਂ ਉਸ ਵੇਲੇ ਲੱਗਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਕੱਦ ਬਹੁਤ ਵੱਡਾ ਹੈ ਅਤੇ ਉਸ ਨੂੰ ਕੋਈ ਵੀ ਟੱਕਰ ਨਹੀਂ ਦੇ ਸਕਦਾ। ਪਰ ਜਦੋਂ ਤੋਂ ਕਾਂਗਰਸ ਦੀ ਹਾਈ ਕਮਾਨ ਨੇ ਸਿੱਧੂ ਨੂੰ ਥਾਪੜਾ ਦੇਣਾ ਸ਼ੁਰੂ ਕਰ ਦਿੱਤਾ ਸੀ, ਉਦੋਂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਆਧਾਰ ਖੁਰਨਾ ਸ਼ੁਰੂ ਹੋ ਗਿਆ ਅਤੇ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕੱਦ ਵਧਣ ਲੱਗ ਪਿਆ। ਨਵਜੋਤ ਸਿੰਘ ਸਿੱਧੂ ਨੂੰ ਸਿਆਸਤ ਦਾ ਖਿਡਾਰੀ ਨਾ ਮੰਨਣ ਵਾਲੇ ਵੀ ਹੁਣ ਇਹ ਮੰਨਣ ਲੱਗ ਪਏ ਹਨ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਸਿਆਸੀ ਭਵਿੱਖ ਬਣ ਸਕਦੇ ਹਨ।

ਜਿਸ ਤਰ੍ਹਾਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਂਭੇ ਕਰਕੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਸਨ ਅਤੇ ਉਸ ਤੋਂ ਬਾਅਦ ਸ਼ਾਨਦਾਰ ਜਿੱਤ ਹਾਸਲ ਕਰਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਉਸੇ ਤਰ੍ਹਾਂ ਹੀ ਹੁਣ ਪੰਜਾਬ ਕਾਂਗਰਸ ਦੇ ਸਿਆਸੀ ਵਰਤਾਰੇ ਨੂੰ ਲੋਕ ਵੇਖਣ ਲੱਗ ਪਏ ਹਨ ਅਤੇ ਇਹ ਮੰਨ ਕੇ ਚੱਲ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਹੀ ਪੰਜਾਬ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ। ਜਦੋਂ ਇਸ ਤਰ੍ਹਾਂ ਦੀ ਸਿਆਸੀ ਚਰਚਾ ਚੱਲ ਪਵੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਭਵਿੱਖ ਉਤੇ ਸਵਾਲੀਆ ਨਿਸ਼ਾਨ ਲੱਗਣੇ ਵੀ ਜ਼ਰੂਰੀ ਹਨ।

ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਲਤ ‘ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ’ ਵਾਲੀ ਹੈ। ਜੇ ਉਹ ਵਿਧਾਇਕਾਂ ਅਤੇ ਮੰਤਰੀਆਂ ਦਾ ਇਕੱਠ ਕਰਕੇ ਆਪਣੀ ਸਿਆਸੀ ਤਾਕਤ ਦਾ ਇਜ਼ਹਾਰ ਕਰਦੇ ਹਨ ਤਾਂ ਇਸ ‘ਚ ਅਸਫਲ ਰਹਿਣ ਦਾ ਖ਼ਤਰਾ ਬਣਿਆ ਹੋਇਆ ਹੈ। ਜੇਕਰ ਕੈਪਟਨ ਅਮਰਿੰਦਰ ਸਿੰਘ ਚੁੱਪੀ ਧਾਰ ਲੈਂਦੇ ਹਨ ਤਾਂ ਇਹ ਚਰਚਾ ਚੱਲ ਪਵੇਗੀ ਕਿ ਨਵਜੋਤ ਸਿੰਘ ਸਿੱਧੂ ਤੋਂ ਮੁਆਫੀ ਮੰਗਵਾਉਣ ਵਾਲਾ ਅਤੇ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਲਈ ਬੂਹੇ ਬੰਦ ਕਰਨ ਵਾਲਾ ਵੱਡਾ ਸਿਆਸੀ ਆਗੂ ਹੁਣ ਬਿਲਕੁਲ ਹੀ ਢਿੱਲਾ ਪੈ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਹੁਣ ਦੋ ਵੱਡੀਆਂ ਚੁਣੌਤੀਆਂ ਹਨ ।ਇੱਕ ਚੁਣੌਤੀ ਤਾਂ ਇਹ ਹੈ ਕਿ ਜੋ ਕਾਂਗਰਸ ਦੀ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ 18 ਨੁਕਾਤੀ ਪ੍ਰੋਗਰਾਮ ਦਿੱਤਾ ਸੀ ਉਹ ਕਿਵੇਂ ਲਾਗੂ ਕਰਨਾ ਹੈ। ਦੂਸਰੀ ਚੁਣੌਤੀ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣਾ ਸਿਆਸੀ ਆਧਾਰ ਕਿਸ ਤਰ੍ਹਾਂ ਬਰਕਰਾਰ ਰੱਖਦੇ ਹਨ। ਇਨ੍ਹਾਂ ਦਿਨਾਂ ‘ਚ ਨਵਜੋਤ ਸਿੰਘ ਸਿੱਧੂ ਦੀਆਂ ਚੱਲੀਆਂ ਧੂੰਆਂ-ਧਾਰ ਸਰਗਰਮੀਆਂ ਤੋਂ ਇਹ ਸਾਫ ਜ਼ਾਹਰ ਹੁੰਦਾ ਹੈ ਕਿ ਹਾਲ ਦੀ ਘੜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਭਵਿੱਖ ਦਾਅ ‘ਤੇ ਲੱਗਿਆ ਹੋਇਆ ਹੈ।

- Advertisement -

ਇਸ ਸਾਰੇ ਕਾਸੇ ‘ਚ ਇਹ ਚਰਚਾ ਵੀ ਚੱਲ ਪਈ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਨੂੰਨੀ ਤੌਰ ‘ਤੇ ਉਲਝਾਉਣ ਦੀ ਕੋਸ਼ਿਸ਼ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰ ਸਕਦੇ ਹਨ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਖ਼ਿਲਾਫ਼ ਪ੍ਰਾਪਰਟੀ ਦੀ ਐੱਨ ਓ ਸੀ ਮਾਮਲੇ ਸਬੰਧੀ ਚੈੱਕ ਦੇਣ ਅਤੇ ਅੰਮ੍ਰਿਤਸਰ ਦੇ ਇਕ ਹੋਰ ਮਾਮਲੇ ਦੀਆਂ ਫਾਈਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਤਿਆਰ ਕਰਵਾ ਰੱਖੀਆਂ ਹਨ।

Share this Article
Leave a comment