ਵਿਸ਼ਵ ਨਸ਼ਾ ਵਿਰੋਧੀ ਦਿਵਸ: ਜ਼ਿੰਦਗੀ ਚੁਣੋ-ਨਸ਼ੇ ਨਹੀਂ

TeamGlobalPunjab
5 Min Read

-ਅਵਤਾਰ ਸਿੰਘ

 

ਨਿਊਯੌਰਕ ਵਿਚ ਯੂ ਐਨ ਓ ਦੇ ਇਜਲਾਸ ਦੌਰਾਨ 7 ਦਸੰਬਰ 1987 ਨੂੰ ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਉਣ ਦੀ ਸ਼ੁਰੂਆਤ ਵਿਸ਼ੇਸ ਮਤਾ ਪਾਉਣ ਨਾਲ ਹੋਈ। ਮਤੇ ਦੇ ਅਨੁਸਾਰ ਹਰ ਸਾਲ 26 ਜੂਨ 1988 ਤੋਂ ‘ਵਿਸ਼ਵ ਨਸ਼ਾ ਵਿਰੋਧੀ ਦਿਵਸ (ਅੰਤਰਰਾਸ਼ਟਰੀ ਨਸ਼ੀਲੀਆਂ ਦਵਾਈਆਂ ਦੇ ਸੇਵਨ ਤੇ ਵਪਾਰ ਵਿਰੋਧੀ ਦਿਵਸ) ਮਨਾਉਣ ਦਾ ਫੈਸਲਾ ਕੀਤਾ ਗਿਆ।

ਆਓ ਇਸ ਦੇ ਇਤਿਹਾਸ ‘ਤੇ ਜ਼ਰਾ ਝਾਤ ਮਾਰੀਏ; ਚੀਨ ਦੇ ਦੱਖਣੀ ਤਟ ‘ਤੇ ਸਥਿਤ ਰਾਜ ਗੁਆਂਗਡਾਂਗ ਵਿੱਚ ਨਸ਼ੀਲੇ ਪਦਾਰਥਾਂ ਦੇ ਵਪਾਰ ਦਾ ਪੂਰਾ ਕਾਰੋਬਾਰ ਸੀ। ਉਥੋਂ ਦੇ ਵਿਦਵਾਨ ਲਿਨ ਯੈਂਗਸੂ ਨੇ ਆਪਣੇ ਸੂਬੇ ਦੇ ਸ਼ਹਿਰ ਹੁਮੈਨ ਵਿੱਚ ਅਫੀਮ ਦੇ ਵਪਾਰ ਵਿਰੋਧ ਚਲਾਈ ਮੁਹਿੰਮ ਵਿੱਚ ਕਾਮਯਾਬੀ ਹਾਸਲ ਕੀਤੀ। ਉਸ ਦੇ ਜਨਮ ਦਿਨ ਨੂੰ ਇਹ ਦਿਵਸ ਸਮਰਪਿਤ ਹੈ।

- Advertisement -

ਨਸ਼ਾ ਕੀ ਹੈ? “ਸਰੀਰ ਦੀ ਉਤੇਜਨਾ ਜਾਂ ਕੰਮ ਕਰਨ ਦੀ ਸਮਰਥਾ ਨੂੰ ਲੋੜ ਤੋਂ ਵਧੇਰੇ ਘਟਾਉਣ ਜਾਂ ਵਧਾਉਣ ਵਾਲੇ ਕਿਸੇ ਵੀ ਪਦਾਰਥ ਦਾ ਸੇਵਨ ਵਾਰ ਵਾਰ ਕਰਨ ਨੂੰ ਨਸ਼ਾ ਕਹਿੰਦੇ ਹਨ।” ਸ਼ਰਾਬ ਤੋਂ ਅਗਲਾ ਨਸ਼ਾ ਤੰਬਾਕੂ ਹੈ ਜੋ ਸਸਤਾ ਤੇ ਹਰ ਥਾਂ ਮਿਲਣ ਕਾਰਨ ਹਰੇਕ ਦੀ ਪਹੁੰਚ ਵਿੱਚ ਹੈ। ਰਿਪੋਰਟਾਂ ਮੁਤਾਬਿਕ ਭਾਰਤ ਵਿੱਚ ਹਰ ਸਾਲ ਦਸ ਲੱਖ ਮੌਤਾਂ ਤੰਬਾਕੂ ਨਾਲ ਸਬੰਧਤ ਸਿਗਰਟ, ਬੀੜੀ ਨਾਲ ਹੁੰਦੀਆਂ ਹਨ।

ਇਸੇ ਤਰ੍ਹਾਂ ਸਰਵੇਖਣ ਅਨੁਸਾਰ ਪੰਜਾਬ ਵਿੱਚ 15 ਸਾਲ ਤੋਂ ਉਪਰ 24 ਲੱਖ ਲੋਕਾਂ ਵਿੱਚੋਂ 9 ਲੱਖ ਪੰਜਾਬੀ ਤੰਬਾਕੂ ਦੀ ਵਰਤੋਂ ਕਰਦੇ ਹਨ। ਅੱਜ ਕੱਲ੍ਹ ਵਧ ਰਿਹਾ ਨਸ਼ਾ ਸਮੈਕ ਤੇ ਹੈਰੋਇਨ ਦਾ ਹੈ, ਜਿਹੜਾ ਰੋਜਾਨਾ ਕਈ ਘਰ ਤਬਾਹ ਕਰ ਰਿਹਾ ਹੈ। ਪੰਜਾਬੀ ਗਾਇਕਾਂ ਨੇ ਨਸ਼ਿਆਂ ਬਾਰੇ ਕਈ ਗੀਤ ਵੀ ਗਾਏ ਜਿਹੜੇ ਸਮਾਜ ਨੂੰ ਸਹੀ ਸੁਨੇਹਾ ਨਹੀਂ ਦੇ ਰਹੇ।

ਅਫੀਮ, ਭੰਗ, ਪੋਸਤ, ਗਾਂਜਾ, ਕੋਕੀਨ, ਕੈਪਸੂਲ, ਟੀਕੇ, ਗੋਲੀਆਂ, ਪੀਣ ਵਾਲੀਆਂ ਦਵਾਈਆਂ ਆਦਿ ਅਨੇਕਾਂ ਨਸ਼ੇ ਹਨ। ਪਾਕਿਸਤਾਨ ਦੀ ਸਰਹੱਦ `ਤੇ ਸੀਮਾ ਸੁਰੱਖਿਆ ਬਲ ਵੱਲੋਂ ਸਰਹੱਦ ਪਾਰ ਤੋਂ ਫੜੀ ਜਾਂਦੀ ਹੈਰੋਇਨ ਦਾ ਮੁੱਲ ਪ੍ਰਤੀ ਕਿਲੋ ਪੰਜ ਕਰੋੜ ਰੁਪਏ ਦੱਸਿਆ ਜਾਂਦਾ ਹੈ। ਕੌਮਾਂਤਰੀ ਬਾਜ਼ਾਰ ਵਿੱਚ ਵੀ ਹੈਰੋਇਨ ਦਾ ਮੁੱਲ ਪ੍ਰਤੀ ਕਿਲੋ ਵੱਖ-ਵੱਖ ਪੱਛਮੀ ਦੇਸ਼ਾਂ ਅਨੁਸਾਰ ਕਰੋੜ ਤੋਂ ਢਾਈ ਕਰੋੜ ਰੁਪਏ ਦੇ ਕਰੀਬ ਹੈ।

ਥਾਈਲੈਂਡ, ਮਲੇਸ਼ੀਆ ਤੇ ਖਾੜੀ ਦੇ ਦੇਸ਼ਾਂ `ਚ ਇਸ ਦਾ ਰੇਟ ਇਕ ਕਰੋੜ ਤੇ ਅਮਰੀਕਾ, ਯੂਰਪ ਤੇ ਆਸਟਰੇਲੀਆ ਵਿੱਚ ਇਸ ਦੀ ਕੀਮਤ ਦੋ ਤੋਂ ਢਾਈ ਕਰੋੜ ਦੇ ਕਰੀਬ ਰਹਿੰਦਾ ਹੈ। ਭਾਰਤ `ਚ ਆਉਂਦੀ ਹੈਰੋਇਨ ਦਾ ਵੱਡਾ ਹਿੱਸਾ ਦੇਸ਼ ਦੇ ਵੱਖ-ਵੱਖ ਸੂਬਿਆਂ `ਚ ਹੀ ਵਿਕਦਾ ਹੈ, ਜਦਕਿ ਕੁਝ ਹੈਰੋਇਨ ਦੇਸ਼ ਤੋਂ ਵਿਦੇਸ਼ਾਂ ਨੂੰ ਸਮੁੰਦਰੀ ਰਸਤੇ ਰਾਹੀਂ ਤਸਕਰੀ ਹੋ ਰਹੀ ਹੈ।

ਪੁਲਿਸ ਸੂਤਰਾਂ ਮੁਤਾਬਕ ਅਫਗਾਨਿਸਤਾਨ `ਚ ਹੈਰੋਇਨ ਦੀ ਕੀਮਤ ਸਵਾ ਤੋਂ ਡੇਢ ਲੱਖ ਰੁਪਏ ਪ੍ਰਤੀ ਕਿਲੋ ਹੈ, ਹਿੰਦ-ਪਾਕਿ ਸਰਹੱਦ `ਤੇ ਪਾਕਿਸਤਾਨ ਵਾਲੇ ਪਾਸੇ ਪੁੱਜਣ `ਤੇ ਇਸ ਦੀ ਕੀਮਤ ਢਾਈ ਲੱਖ ਰੁਪਏ ਅਤੇ ਸਰਹੱਦ ਪਾਰ ਕਰਨ ਪਿੱਛੋਂ ਤਿੰਨ ਲੱਖ ਰੁਪਏ ਹੋ ਜਾਂਦੀ ਹੈ। ਹਿੰਦ-ਪਾਕਿ ਸਰਹੱਦ ਤੋਂ ਇਸ ਨੂੰ ਪਾਰ ਲੰਘਾਉਣ ਲਈ ਸਮੱਗਲਰਾਂ ਨੂੰ ਪ੍ਰਤੀ ਕਿਲੋ 50 ਹਜ਼ਾਰ ਰੁਪਏ ਮਿਲਦੇ ਹਨ ਤੇ ਬਹੁਤੀ ਵਾਰ ਇਹ ਵੀ ਨਕਦੀ ਦੀ ਥਾਂ ਹੈਰੋਇਨ ਦੇ ਰੂਪ `ਚ ਦਿੱਤੇ ਜਾਂਦੇ ਹਨ, ਜਿਸ ਨੂੰ ਇਹ ਸਮੱਗਲਰ ਮਿਲਾਵਟ ਆਦਿ ਤੋਂ ਬਾਅਦ ਵੇਚ ਕੇ ਚੰਗੇ ਪੈਸੇ ਕਮਾ ਲੈਂਦੇ ਹਨ।

- Advertisement -

ਰਿਪੋਰਟਾਂ ਅਨੁਸਾਰ ਦਿੱਲੀ ਪੁੱਜਣ `ਤੇ ਹੈਰੋਇਨ ਦੀ ਕੀਮਤ 10 ਤੋਂ 12 ਲੱਖ ਰੁਪਏ ਕਿਲੋ ਰਹਿੰਦੀ ਹੈ, ਮੁੰਬਈ, ਕਲਕੱਤਾ ਸਮੇਤ ਬੰਦਰਗਾਹਾਂ ਵਾਲੇ ਸ਼ਹਿਰਾਂ ਤੱਕ ਪੁੱਜਣ `ਤੇ ਇਸ ਦੀ ਕੀਮਤ 20 ਤੋਂ 25 ਲੱਖ ਹੋ ਜਾਂਦੀ ਹੈ। 2002-03 ਦੌਰਾਨ ਪੁਲਸ ਦੇ ਰਿਕਾਰਡ ਅਨੁਸਾਰ ਹਿੰਦ-ਪਾਕਿ ਸਰਹੱਦ ਤੇ ਕੇਵਲ ਦੋ ਕਿਲੋ ਹੈਰੋਇਨ ਫੜੀ ਗਈ, ਪਰ 2005 ਤੋਂ ਬਾਅਦ ਇਸ ਸਰਹੱਦ ਉੱਤੇ ਹੈਰੋਇਨ ਦੀ ਸਮੱਗਲਿੰਗ ਤੇਜ਼ ਹੋਈ ਤੇ ਅੰਮ੍ਰਿਤਸਰ ਤੇ ਫਿਰੋਜ਼ਪੁਰ ਤੋਂ ਇਲਾਵਾ ਜੰਮੂ ਕਸ਼ਮੀਰ ਸਰਹੱਦ ਤੋਂ ਸਮਗਲਿੰਗ ਹੋ ਰਹੀ ਹੈ।

ਇਕ ਸਰਵੇ ਅਨੁਸਾਰ 15-24 ਸਾਲ ਦੇ 73.6% ਨੌਜਵਾਨ ਕੋਈ ਨਾ ਕੋਈ ਨਸ਼ਾ ਲੈਂਦੇ ਹਨ। ਬੇਰੁਜ਼ਗਾਰ 45%,ਅਨਪੜ 27%,ਪੜੇ ਲਿਖੇ 23%,ਵਿਦਿਆਰਥੀ 26%, ਮਜਦੂਰ 17%, ਕਿਸਾਨ 7:5,ਵਪਾਰੀ 5%, ਨੌਕਰੀ ਪੇਸ਼ਾ 5%, ਪੁਲਿਸ 15% ਨਸ਼ੇ ਕਰਦੇ ਹਨ।ਨਸ਼ਿਆਂ ਕਾਰਨ 70% ਚੋਰੀਆਂ ਤੇ ਲੁੱਟ ਮਾਰ,80% ਐਕਸੀਡੈਂਟ,69% ਬਲਾਤਕਾਰ,70% ਘਰਾਂ ਵਿਚ ਝਗੜੇ ਤੇ 60% ਬਿਮਾਰੀਆਂ ਲਗਦੀਆਂ ਹਨ।

ਨਸ਼ਿਆਂ ਵਿਰੁੱਧ ਨਾਅਰੇ ਵੀ ਕਾਫੀ ਬਣੇ ਹੋਏ ਹਨ ; ਅੱਗ ਲੱਗੇ ਨਸ਼ਿਆਂ ਦੇ ਵਪਾਰ ਨੂੰ, ਜੀਹਨੇ ਡੋਬ ਦਿੱਤਾ ਅਣਖੀ ਪੰਜਾਬ ਨੂੰ। ਏ ਪੰਜਾਬ, ਤੇਰੇ ਜ਼ਰੇ ਜ਼ਰੇ ਤੋਂ ਕੁਝ ਅਜਬ ਨਜ਼ਾਰੇ ਮਿਲਦੇ ਨੇ, ਕਿਤੇ ਡੁੱਲ੍ਹਦਾ ਖੂਨ ਸ਼ਹੀਦਾਂ ਦਾ, ਕਿਤੇ ਨਸ਼ਿਆਂ ਮਾਰੇ ਫਿਰਦੇ ਨੇ। ਨਸ਼ਿਆਂ ਦੇ ਤਿੰਨ ਅੰਜਾਮ; ਹਸਪਤਾਲ, ਜੇਲ੍ਹਾਂ ਜਾਂ ਸ਼ਮਸਾਨਘਾਟ। ਜਿਹੜੇ ਲੋਕ ਨਸ਼ਾ ਕਰਦੇ ਨੇ, ਬਿਨ ਆਈ ਮੌਤੇ ਉਹ ਮਰਦੇ ਨੇ। ਨਸ਼ਿਆਂ ਖਾਤਰ ਜੋ ਲੁੱਟਾਂ, ਖੋਹਾਂ, ਕਤਲ ਕਰਦੇ ਨੇ, ਮਾਪਿਆਂ ਦੀ ਬਦਨਾਮੀ ਆਪ ਕੁੱਤੇ ਦੀ ਮੌਤੇ ਮਰਦੇ ਨੇ। ਨਸ਼ੇ ਵਿੱਚ ਜਵਾਨ ਪੁੱਤ, ਗਲ ਬਾਪ ਦਾ ਫੜੇ; ਉਸ ਵੇਲੇ ਮਾਂ ਬਾਪ ਕੀ ਕਰੇ। ਮਾਤਾ ਪਿਤਾ ਦਾ ਬਣੋ ਸਹਾਰਾ, ਨਸ਼ਿਆਂ ਤੋਂ ਕਰੋ ਕਿਨਾਰਾ। ਨਸ਼ਾ ਪਾਵੇ ਨਿੱਤ ਪੁਆੜੇ, ਮਨ ਰੂਹ ਤੇ ਸਰੀਰ ਨੂੰ ਸਾੜੇ। ਨਸ਼ੇ ਛੱਡਣੇ ਮਨ ਮਜਬੂਤ ਬਣਾਉ, ਇਲਾਜ ਲਈ ਨਸ਼ਾ ਛਡਾਉ ਕੇਂਦਰ ਜਾਉ। ਜ਼ਿੰਦਗੀ ਚੁਣੋ-ਨਸ਼ੇ ਨਹੀਂ। #

Share this Article
Leave a comment