ਬੇਬੇ ਨਾਨਕੀ ਦਾ ਘਰ ਦੇਖ ਕੇ ਉਦਾਸ ਹੈ ਸੰਗਤ

TeamGlobalPunjab
5 Min Read

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵਲੋਂ ਰੱਜ ਕੇ ਸਿਆਸਤ ਕੀਤੀ ਗਈ। ਕਦੇ ਸਮਾਗਮ ਸਾਂਝੇ ਕਰਨ ਨੂੰ ਲੈ ਕੇ ਅਤੇ ਕਦੇ ਸਟੇਜ ਲਗਾਉਣ ਲਈ ਪਰ ਇਸ ਸਭ ਦੇ ਬਾਵਜੂਦ ਸੰਗਤ ਦੇ ਸੈਲਾਬ ਨੇ ਸਿੱਧ ਕਰ ਦਿੱਤਾ ਕਿ ਉਹਨਾਂ ਦੀ ਕੇਵਲ ਗੁਰੂ ਦੀ ਚਰਨ ਛੋਹ ਦੇਖਣ ਦੀ ਤਾਂਘ ਹੈ। ਗੁਰੂ ਨਾਨਕ ਦੇ ਰੰਗ ’ਚ ਰੰਗੀ ਗਈ ਨਗਰੀ ਸੁਲਤਾਨਪੁਰ ਲੋਧੀ ਵਿੱਚ ਸੰਗਤ ਦੀ ਆਮਦ ਨੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਸਿਆਸਤ ਦੀ ਪ੍ਰਵਾਹ ਕੀਤੇ ਬਿਨਾਂ ਸਿੱਧੇ ਚਰਨ ਛੋਹ ‘ਤੇ ਨਤਮਸਤਕ ਹੋਏ।

ਗੁਰਦੁਆਰਾ ਬੇਰ ਸਾਹਿਬ ’ਚ ਮੱਥਾ ਟੇਕਣ ਲਈ ਸ਼ਰਧਾਲੂਆਂ ਨੂੰ ਤਿੰਨ ਤੋਂ ਚਾਰ ਘੰਟੇ ਤੱਕ ਇੰਤਜ਼ਾਰ ਕਰਨਾ ਪੈ ਰਿਹਾ। ਉਧਰ ਰਿਪੋਟਰਾਂ ਮੁਤਾਬਿਕ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦੇ ਪੰਡਾਲ ਬੇਰੌਣਕੇ ਰਹੇ। ਅਕਾਲੀਆਂ ਤੇ ਕਾਂਗਰਸੀਆਂ ਨੇ ਥਾਂ-ਥਾਂ ਬੋਰਡ ਲਾ ਕੇ ਪੰਡਾਲਾਂ ਨੂੰ ਮੁੱਖ ਪੰਡਾਲ ਦੱਸਿਆ ਹੈ ਪਰ ਇਨ੍ਹਾਂ ਦੋਵੇਂ ਪੰਡਾਲਾਂ ਵਿੱਚ ਲੋਕਾਂ ਦੀ ਹਾਜ਼ਰੀ ਘੱਟ ਨਜ਼ਰ ਆ ਰਹੇ ਸੀ, ਉਹ ਸਿੱਧੇ ਬੇਰ ਸਾਹਿਬ ਜਾ ਰਹੇ ਸਨ। ਦੋਵਾਂ ਧਿਰਾਂ ਦੇ ਪੰਡਾਲਾਂ ਦੇ ਵੱਡੇ ਹਿੱਸੇ ਖਾਲੀ ਪਏ ਸਨ।

ਪੰਜਾਬ ਸਰਕਾਰ ਦੇ ਪੰਡਾਲ ਵਿੱਚ ਲੋਕ ਜ਼ਿਆਦਾ ਪਹੁੰਚ ਰਹੇ ਸਨ ਪਰ ਉਹ ਉਥੇ ਬੈਠਣ ਦੀ ਥਾਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪੰਡਾਲ ਦੇ ਤਿੰਨ ਰਸਤਿਆਂ ’ਚੋਂ ਦੋ ਨੂੰ ਮੋਟੇ ਸ਼ੀਸ਼ੇ ਲਾ ਦਿੱਤੇ ਤਾਂ ਜੋ ਏਅਰ ਕੰਡੀਸ਼ਨਾਂ ਦੀ ਠੰਢੀ ਹਵਾ ਬਾਹਰ ਨਾ ਜਾਵੇ। ਇਸ ਦੇ ਨੇੜੇ ਹੀ ਤਿਆਰ ਕੀਤੇ ਗਏ ਮੀਡੀਆ ਪੰਡਾਲ ਵਿੱਚ ਵੀ ਏਅਰ ਕੰਡੀਸ਼ਨ ਚੱਲ ਰਹੇ ਸਨ। ਸੰਗਤ ਨੇ ਠੰਢ ਵਿੱਚ ਅਕਾਲੀਆਂ ਵਲੋਂ ਤਿਆਰ ਕੀਤੇ ਏਅਰਕੰਡੀਸ਼ਨ ਪੰਡਾਲ ਦੀ ਆਲੋਚਨਾ ਵੀ ਕੀਤੀ। ਦੋਹਾਂ ਪੰਡਾਲਾਂ ਵਿੱਚ ਕੀਰਤਨ ਰਾਹੀਂ ਬਾਬੇ ਨਾਨਕ ਦੀ ਮਹਿਮਾ ਦਾ ਗੁਣਗਾਨ ਤਾਂ ਕੀਤਾ ਗਿਆ ਪਰ ਬਹੁਤੀ ਸੰਗਤ ਗੁਰਦੁਆਰਾ ਬੇਰ ਸਾਹਿਬ ਦੀ ਪੁਰਾਣੀ ਦਰਸ਼ਨੀ ਡਿਉਢੀ ਤੋਂ ਲੈ ਕੇ ਗੁਰਦੁਆਰਾ ਹੱਟ ਸਾਹਿਬ ਤੱਕ ਮੱਥਾ ਟੇਕਣ ਲਈ ਖੜ੍ਹੀ ਸੀ। ਸੰਗਤ ਕੀਰਤਨ ਦਰਬਾਰ ਦਾ ਅਨੰਦ ਮਾਣ ਰਹੀ ਹੈ।

ਸੁਲਤਾਨਪੁਰ ਲੋਧੀ ਜਦੋਂ ਬਾਬੇ ਨਾਨਕ ਦੇ ਰੰਗ ਵਿੱਚ ਪੂਰੀ ਤਰ੍ਹਾਂ ਨਾਲ ਰੰਗੀ ਜਾ ਚੁੱਕੀ ਹੈ ਤੇ ਸੰਗਤਾਂ ਬੇਬੇ ਨਾਨਕੀ ਦੇ ਘਰ ਨੂੰ ਦੇਖਣ ਲਈ ਵੀ ਜਾ ਰਹੀਆਂ ਹਨ ਜਿੱਥੋਂ ਉਨ੍ਹਾਂ ਨੂੰ ਸਾਦਗੀ ਦੀ ਮੂਰਤ ਬੇਬੇ ਨਾਨਕੀ ਦਾ ਕਿਲ੍ਹਾਨੁਮਾ ਨਵਾਂ ਘਰ ਦੇ ਦਰਸ਼ਨ ਕਰਕੇ ਉਦਾਸ ਮੁੜਨਾ ਪੈ ਰਿਹਾ ਹੈ।

- Advertisement -

ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਨੇ ਸ਼ਨਿੱਚਰਵਾਰ ਨੂੰ ਜਿਹੜੇ ਸਮਾਗਮ ਕਰਵਾਏ ਉਹ ਬੇਬੇ ਨਾਨਕੀ ਨੂੰ ਸਮਰਪਿਤ ਸਨ। ਪਰ ਹੈਰਾਨੀ ਹੋ ਰਹੀ ਕਿ ਕਿਸੇ ਵੀ ਧਿਰ ਨੇ ਬੇਬੇ ਨਾਨਕੀ ਦੇ ਢਾਹੇ ਗਏ ਵਿਰਾਸਤੀ ਘਰ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ ਤੇ ਨਾ ਹੀ ਇਹ ਪਛਤਾਵਾ ਕੀਤਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਬੇਬੇ ਨਾਨਕੀ ਦੇ ਢਾਹੇ ਗਏ ਘਰ ਦਾ ਕੀ ਜਵਾਬ ਦੇਣਗੇ?

5 ਨਵੰਬਰ ਨੂੰ ਇਕ ਚਿੱਤਰ ਪ੍ਰਦਰਸ਼ਨੀ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ। ਇਸ ਪ੍ਰਦਰਸ਼ਨੀ ਵਿੱਚ ਬੇਬੇ ਨਾਨਕੀ ਦੇ ਘਰ ਦੀਆਂ ਇੱਟਾਂ ਦੇ ਕੁਝ ਬਚੇ ਹੋਏ ਟੁਕੜੇ ਰੱਖੇ ਹੋਏ ਸਨ ਤੇ ਨਾਲ ਹੀ ਇਹ ਲਿਖਿਆ ਹੋਇਆ ਸੀ ਕਿ ਇਹ ਇੱਟਾਂ ਬੇਬੇ ਨਾਨਕੀ ਦੇ ਘਰ ਦੀਆਂ ਹਨ ਜਿਹੜਾ ਘਰ 2003 ਤੱਕ ਮੌਜੂਦ ਸੀ। ਬੇਬੇ ਨਾਨਕੀ ਦੇ ਘਰ ਦੋ ਖੂਹੀਆਂ, ਜਿਨ੍ਹਾਂ ਵਿੱਚੋਂ ਇੱਕ ਖੂਹੀ ਤਾਂ ਨਵੇਂ ਬਣੇ ਘਰ ਦੇ ਅੰਦਰ ਕਰ ਦਿੱਤੀ ਗਈ ਹੈ ਪਰ ਦੂਜੀ ਖੂਹੀ ਦਾ ਨਿਸ਼ਾਨ ਵੀ ਨਹੀਂ ਬਚਿਆ।

ਰਿਪੋਰਟਾਂ ਅਨੁਸਾਰ 1969 ਵਿੱਚ ਪੰਜਾਬ ਸਰਕਾਰ ਨੇ ਜਦੋਂ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਮਨਾਇਆ ਸੀ ਉਦੋਂ ਭਾਸ਼ਾ ਵਿਭਾਗ ਵੱਲੋਂ ਸੁਲਤਾਨਪੁਰ ਲੋਧੀ ਬਾਰੇ ਜਾਣਕਾਰੀ ਛਾਪੀ ਗਈ ਸੀ ਤਾਂ ਬੇਬੇ ਨਾਨਕੀ ਦੇ ਘਰ ਦੀ ਛਾਪੀ ਤਸਵੀਰ ਅਨੁਸਾਰ ਇਹ ਘਰ ਤਿੰਨ ਮੰਜ਼ਿਲਾ ਸੀ ਜਿਸ ’ਤੇ ਕਈ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਵਿਰਾਸਤ ਦੇ ਇਸ ਪਹਿਲੇ ਘਰ ਨੂੰ ਸੰਭਾਲਣ ਦਾ ਕੋਈ ਵੀ ਯਤਨ ਨਹੀਂ ਕੀਤਾ ਗਿਆ। ਇਸ ਇਤਿਹਾਸਕ ਘਰ ਨੂੰ ਢਾਹ ਕੇ ਨਵਾਂ ਬਣਾਉਣ ਦੀ ‘ਕਾਰ ਸੇਵਾ’ ਬਾਬਾ ਜਗਤਾਰ ਸਿੰਘ ਨੇ ਕੀਤੀ ਸੀ। ਇਹ ਵੀ ਪਤਾ ਲਗਾ ਕਿ ਬੇਬੇ ਨਾਨਕੀ ਦੇ ਘਰ ਦੀ ਰਜਿਸਟਰੀ ਸਿੱਖ ਕੌਮ ਦੇ ਨਾਂ ਨਹੀਂ ਹੈ ਸਗੋਂ ਕਾਰ ਸੇਵਾ ਕਰਨ ਵਾਲਿਆਂ ਦੇ ਨਾਂਅ ’ਤੇ ਕੀਤੀ ਗਈ ਹੈ। ਉਹੀ ਇਸ ਘਰ ਦੀ ‘ਸੇਵਾ ਸੰਭਾਲ’ ਕਰ ਰਹੇ ਹਨ।

-ਅਵਤਾਰ ਸਿੰਘ

ਸੀਨੀਅਰ ਪੱਤਰਕਾਰ

- Advertisement -
Share this Article
Leave a comment