ਜਗਤਾਰ ਸਿੰਘ ਸਿੱਧੂ;
*ਆਪ ਦੀ ਕਿਸਾਨ ਅੰਦੋਲਨ ਨੂੰ ਹਮਾਇਤ
* ਭਾਜਪਾ ਨੂੰ ਸਾਂਝੇ ਵਿਰੋਧ ਦਾ ਸਾਹਮਣਾ
ਆਪਣੀਆਂ ਵਾਜਿਬ ਮੰਗਾਂ ਦੀ ਲੜਾਈ ਲੜ ਰਹੇ ਕਿਸਾਨਾਂ ਲਈ ਤਾਂ ਇਹ ਵੱਡਾ ਸਵਾਲ ਹੈ ਹੀ ਪਰ ਇਹ ਸਵਾਲ ਪੰਜਾਬ ਅਤੇ ਹਰਿਆਣਾ ਦੇ ਕਾਰੋਬਾਰੀਆਂ ਅਤੇ ਆਮ ਲੋਕਾਂ ਲਈ ਵੀ ਬਹੁਤ ਅਹਿਮ ਹੈ। ਪਿਛਲੇ ਕਾਫੀ ਅਰਸੇ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਵਾਸਤੇ ਕੇਂਦਰ ਸਰਕਾਰ ਨੂੰ ਹਲੂਣਾ ਦੇਣ ਲਈ ਕਿਸਾਨ ਦਿੱਲ਼ੀ ਜਾਣ ਦਾ ਰਾਹ ਤਲਾਸ਼ ਰਹੇ ਹਨ।ਮਾਮਲਾ ਅਦਾਲਤ ਵਿਚ ਵੀ ਵਿਚਾਰ ਅਧੀਨ ਹੈ। ਹਰਿਆਣਾ ਸਰਕਾਰ ਵਲੋਂ ਪੂਰੀ ਫੋਰਸ ਲਾਕੇ ਪੰਜਾਬ ਤੋਂ ਹਰਿਆਣਾ ਨੂੰ ਜਾਣ ਵਾਲੇ ਰਸਤੇ ਰੋਕੇ ਹੋਏ ਹਨ। ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਉੱਪਰ ਰੋਕੇ ਗਏ ਹਨ। ਕਿਸਾਨਾ ਵਲੋਂ ਦੋਹਾਂ ਹੀ ਥਾਵਾਂ ਉੱਤੇ ਮੋਰਚੇ ਲਾਏ ਹੋਏ ਹਨ। ਨੌਜਵਾਨ ਸ਼ੁਭਕਰਨ ਅਤੇ ਕਈ ਹੋਰ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋ ਗਏ ਹਨ। ਕਈਆਂ ਕਿਸਾਨਾ ਉੱਤੇ ਹਰਿਆਣਾ ਸਰਕਾਰ ਨੇ ਕੇਸ ਬਣਾ ਰੱਖੇ ਹਨ।
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿਘ ਹੁੱਡਾ ਨੇ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਇਕ ਰਾਜਸੀ ਰੈਲੀ ਦੌਰਾਨ ਐਲਾਨ ਕੀਤਾ ਹੈ ਕਿ ਜੇਕਰ ਕਾਂਗਰਸ ਨੂੰ ਮੌਕਾ ਮਿਲਿਆ ਤਾਂ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੇ ਨਾਲ ਨਾਲ ਸ਼ੰਭੂ ਬਾਰਡਰ ਖੋਲ ਦਿਤਾ ਜਾਵੇਗਾ। ਕਿਸੇ ਸੂਬੇ ਦਾ ਅਧਿਕਾਰ ਹੈ ਕਿ ਉਹ ਆਪਣੀ ਬੰਦ ਸੜਕ ਨੂੰ ਆਪਣੇ ਸੂਬੇ ਦੇ ਲੋਕਾਂ ਦੀ ਸਹੂਲਤ ਲਈ ਖੋਲ ਸਕਦਾ ਹੈ। ਹਰਿਆਣਾ ਵਿਚ ਕਾਂਗਰਸ ਦੀ ਸਥਿਤੀ ਚੋਣ ਨਤੀਜਿਆਂ ਵੇਲੇ ਕਿਹੋ ਜਿਹੀ ਹੋਬੇਗੀ ਇਸ ਦਾ ਪਤਾ ਤਾਂ ਅਕਤੂਬਰ ਦੇ ਪਹਿਲੇ ਹਫਤੇ ਆਉਚ ਵਾਲੇ ਨਤੀਜੇ ਨਾਲ ਹੀ ਲੱਗੇਗਾ ਪਰ ਇਹ ਐਲਾਨ ਜਿਥੇ ਭਾਜਪਾ ਲਈ ਵੱਡੀ ਚੁਣੌਤੀ ਬਣ ਗਿਆ ਹੈ ਉਥੇ ਕਿਸਾਨਾਂ ਦੀ ਮੰਗ ਨੂੰ ਵੀ ਹੁਲਾਰਾ ਮਿਲਿਆ ਹੈ। ਜੇਕਰ ਸ਼ੰਭੂ ਬਾਰਡਰ ਖੁੱਲ ਜਾਂਦਾ ਹੈ ਤਾਂ ਜਿਥੇ ਕਿਸਾਨਾ ਸਮੇਤ ਸਾਰੇ ਵਰਗਾਂ ਲਈ ਰਾਹਤ ਹੋਵੇਗੀ ਉਥੇ ਇਹ ਵੀ ਪਤਾ ਲਗਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਕਿੰਨੀਆਂ ਵਾਜਿਬ ਹਨ। ਸੰਯੁਕਤ ਕਿਸਾਨ ਮੋਰਚੇ ਗੈਰ ਰਾਜਸੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਮੋਰਚੇ ਦੀ ਅਗਵਾਈ ਕਰ ਰਹੇ ਹਨ।
- Advertisement -
ਹਰਿਆਣਾ ਵਿਧਾਨ ਸਭਾ ਚੋਣਾ ਲਈ ਜਿਹੜੇ ਮਾਮਲੇ ਫੈਸਲਾਕੁਨ ਸਾਬਤ ਹੋ ਸਕਦੇ ਹਨ ਉਨਾਂ ਵਿਚੋਂ ਕਿਸਾਨੀ ਮੁੱਦਾ ਵੱਡਾ ਮਾਮਲਾ ਹੈ। ਹਰਿਆਣਾ ਚੋਣ ਦੀ ਮੁਹਿੰਮ ਵਿਚ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਹਰਿਆਣਾ ਵਿੱਚ ਨਵੀਂ ਸਰਕਾਰ ਬਨਾਉਣ ਲਈ ਆਪ ਦੀ ਭੂਮਿਕਾ ਅਹਿਮ ਰਹੇਗੀ। ਆਪ ਪਹਿਲੀਵਾਰ ਸਾਰੀਆਂ 90 ਸੀਟਾਂ ਲਈ ਚੋਣ ਲੜ ਰਹੀ ਹੈ। ਪਾਰਟੀ ਵਲੋ ਰੁਜਗਾਰ, ਸਿੱਖਿਆ, ਸਿਹਤ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਦੇ ਏਜੰਡੇ ਸੂਬੇ ਦੇ ਲੋਕਾਂ ਅੱਗੇ ਰੱਖੇ ਗਏ ਹਨ ਅਤੇ ਪਾਰਟੀ ਡਟਕੇ ਕਿਸਾਨ ਮੰਗਾਂ ਦੇ ਨਾਲ ਖੜੀ ਹੈ। ਅਗਲੇ ਦਿਨਾਂ ਦੌਰਾਨ ਅਰਵਿੰਦ ਕੇਜਰੀਵਾਲ ਲਗਾਤਾਰ ਹਰਿਆਣਾ ਦੀ ਚੋਣ ਮੁਹਿੰਮ ਤੇ ਹਨ। ਬੇਸ਼ਕ ਆਪ ਅਤੇ ਕਾਂਗਰਸ ਦਾ ਹਰਿਆਣਾ ਲਈ ਗਠਜੋੜ ਨਹੀ ਹੈ ਪਰ ਕੌਮੀ ਪੱਧਰ ਤੇ ਦੋਵੇਂ ਧਿਰਾਂ ਇੰਡੀਆ ਗਠਜੋੜ ਦਾ ਅਹਿਮ ਦਸਤਾ ਹਨ। ਇਸ ਲਈ ਹਰਿਆਣਾ ਲਈ ਇਹ ਦੋਵੇਂ ਪਾਰਟੀਆਂ ਦਾ ਸਾਂਝਾ ਵਿਰੋਧੀ ਭਾਜਪਾ ਹੈ ।ਹਰਿਆਣਾ ਅੰਦਰ ਕਿਸਾਨ ਜਥੇਬੰਦੀਆਂ ਦੇ ਬੇਸ਼ਕ ਆਪਸੀ ਮਤਭੇਦ ਹੋਣ ਪਰ ਸਾਰੀਆਂ ਧਿਰਾਂ ਦਾ ਸਾਂਝਾ ਵਿਰੋਧੀ ਭਾਜਪਾ ਹੈ।
ਇਸ ਸਥਿਤੀ ਵਿਚ ਭਾਜਪਾ ਨੂੰ ਜਿਥੇ ਮੁੱਖ ਵਿਰੋਧੀ ਧਿਰ ਕਾਂਗਰਸ ਅਤੇ ਆਪ ਸਮੇਤ ਖੇਤਰੀ ਪਾਰਟੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਤਿਖਾ ਕਿਸਾਨ ਅੰਦੋਲਨ ਵੀ ਸਾਹਮਣੇ ਖੜਾ ਹੈ। ਹਰਿਆਣਾ ਬੇਸ਼ਕ ਛੋਟਾ ਸੂਬਾ ਹੈ ਪਰ ਅਜ ਦੇ ਰਾਜਸੀ ਨਜਰੀਏ ਤੋਂ ਉੱਤਰੀ ਭਾਰਤ ਦੀ ਰਾਜਨੀਤੀ ਨੂੰ ਹਰਿਆਣਾ ਪ੍ਰਭਾਵਿਤ ਕਰਨ ਦੀ ਸਮਰਥਾ ਰਖਦਾ ਹੈ।
ਸੰਪਰਕਃ 9814002186