ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ : ਸੱਤਾ ਬਨਾਮ ਜਵਾਨੀ

TeamGlobalPunjab
4 Min Read

ਕਹਿੰਦੇ ਨੇ ਸੱਤਾ ਕਿਸੇ ਨੂੰ ਵੀ ਬੁੱਢਾ ਨਹੀਂ ਹੋਣ ਦਿੰਦੀ। ਸੱਤਾ ਵਿੱਚ ਬਣੇ ਰਹਿਣ ਨਾਲ ਸਰੀਰ ਆਪਣੇ ਆਪ ਤੰਦਰੁਸਤ ਹੋ ਜਾਂਦਾ ਹੈ। ਇਹ ਮਨੁੱਖੀ ਢਾਂਚੇ ਦਾ ਜੁੱਸਾ ਕਾਇਮ ਰੱਖਦੀ ਹੈ। ਸੱਤਾ ਦਾ ਨਸ਼ਾ ਅਵੱਲਾ ਹੀ ਹੁੰਦਾ ਹੈ। ਸੱਤਾ ਵਿਚ ਆਉਣ ਨਾਲ ਦੁਸ਼ਮਣ ਮਿੱਤਰ ਬਣ ਜਾਂਦੇ ਤੇ ਬੇਗਾਨੇ ਆਪਣੇ। ਸੱਤਾ ਸਿਆਸਤਦਾਨ ਦੀ ਬੁਢਾਪੇ ਵਲ ਨਜ਼ਰ ਨਹੀਂ ਜਾਣ ਦਿੰਦੀ। ਕੁਰਸੀ ਦਾ ਨਸ਼ਾ ਉਸ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਦਾ ਹੈ। ਇਸੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸਤ ਵਿੱਚ ਬਣੇ ਰਹਿਣ ਅਤੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਜੇ ਵੀ ਪੂਰੇ ਜਵਾਨ ਹਨ। ਉਨ੍ਹਾਂ ਪੱਤਰਕਾਰਾਂ ਨੂੰ ਹੀ ਸਵਾਲ ਕਰਨਾ ਸ਼ੁਰੂ ਕਰ ਦਿੱਤਾ ਕਿ ਕੀ ਤੁਸੀਂ ਸੋਚਦੇ ਹੋ ਕਿ ਚੋਣਾਂ ਲੜਨ ਲਈ ਮੈਂ ਬੁੱਢਾ ਹੋ ਗਿਆਂ? ਉਨ੍ਹਾਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਖੁਲਾਸਾ ਵੀ ਕੀਤਾ।

ਨਵਜੋਤ ਸਿੰਘ ਸਿੱਧੂ ਦੀ ਮੌਜੂਦਾ ਭੂਮਿਕਾ ਤੇ ਰੁਤਬੇ ਬਾਰੇ ਤਾਂ ਮੁੱਖ ਮੰਤਰੀ ਨੇ ਇੰਨਾ ਹੀ ਕਿਹਾ ਕਿ ਉਹ ਕਾਂਗਰਸ ਪਾਰਟੀ ਅਤੇ ਟੀਮ ਦਾ ਹਿੱਸਾ ਹਨ ਅਤੇ ਉਸ ਦੀਆਂ ਇਛਾਵਾਂ ’ਤੇ ਵਿਚਾਰ ਕਰਨਗੇ। ਬਰਗਾੜੀ ’ਚ ਵਾਪਰੀ ਬੇਅਦਬੀ ਦੀ ਘਟਨਾ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ।

ਇਸੇ ਤਰ੍ਹਾਂ ਖਣਨ, ਸ਼ਰਾਬ, ਨਸ਼ਾ ਤੇ ਟਰਾਂਸਪੋਰਟ ਮਾਫੀਆ ਜਾਂ ਗੁੰਡਿਆਂ, ਗੈਂਗਸਟਰਾਂ ਤੇ ਅਤਿਵਾਦੀਆਂ ਨੂੰ ਪੰਜਾਬ ਦੇ ਮਾਹੌਲ ਨੂੰ ਖਰਾਬ ਨਹੀਂ ਕਰਨ ਦੇਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਅਗਲੇ ਦੋ ਸਾਲਾਂ ਵਿੱਚ ਇਕ ਲੱਖ ਸਰਕਾਰੀ ਅਸਾਮੀਆਂ ਪਾਰਦਰਸ਼ਤਾ ਅਤੇ ਮੈਰਿਟ ਆਧਾਰ ’ਤੇ ਭਰ ਕੇ 2022 ਤੱਕ 20 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵੀ ਵਾਅਦਾ ਕੀਤਾ।

ਇਸੇ ਤਰ੍ਹਾਂ ਟਰਾਂਸਪੋਰਟ ਮਾਫੀਆ ਖ਼ਿਲਾਫ਼ ਕਾਰਵਾਈ ਕਰਨ ਦਾ ਵਾਅਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੈਰਕਾਨੂੰਨੀ ਪਰਮਿਟ ਰੱਦ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਖਣਨ ਦੇ ਕੰਮ ਨੂੰ ਪਾਰਦਰਸ਼ੀ ਬਣਾਉਣ ਲਈ ਹਦਾਇਤਾਂ ਕੀਤੀਆਂ ਗਈਆਂ ਹਨ।

- Advertisement -

ਮੁੱਖ ਮੰਤਰੀ ਨੇ ਭਵਿੱਖੀ ਕੰਮਾਂ ਵਿਚ ਲੋਕਪਾਲ ਬਿੱਲ, ਪੰਜਾਬ ਐਂਟੀ ਰੈੱਡ ਟੇਪ ਲੈਜਿਸਲੇਸ਼ਨ ਅਤੇ ਇਕ ਲੈਂਡ ਲੀਜ਼ਿੰਗ ਐਂਡ ਟੈਨੈਂਸੀ ਐਕਟ, ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 750 ਪੇਂਡੂ ਖੇਡ ਸਟੇਡੀਅਮ ਸਥਾਪਤ ਕਰਨ ਅਤੇ ਤਰਨ ਤਾਰਨ ਵਿੱਚ ਵਿਸ਼ਵ ਪੱਧਰੀ ਲਾਅ ਯੂਨੀਵਰਸਿਟੀ ਸਥਾਪਤ ਕਰਨ ਵਰਗੇ ਐਲਾਨ ਵੀ ਕੀਤੇ।

ਇਸ ਤਰ੍ਹਾਂ ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਚੋਣ ਮੈਨੀਫੈਸਟੋ ਦੇ 424 ਵਾਅਦਿਆਂ ਵਿਚੋਂ 225 ਪੂਰੇ ਕਰ ਦਿੱਤੇ ਅਤੇ 96 ਲਾਗੂ ਕੀਤੇ ਜਾ ਰਹੇ ਹਨ। ਬਾਕੀ 103 ਅਗਲੇ ਦੋ ਸਾਲਾਂ ਵਿਚ ਲਾਗੂ ਕਰਨ ਵਾਅਦਾ ਕੀਤਾ।

ਪਰ ਉਨ੍ਹਾਂ ਦੇ ਸਿਆਸੀ ਵਿਰੋਧੀ ਉਨ੍ਹਾਂ ਦੇ ਸਾਰੇ ਕੰਮਾਂ ਨੂੰ ਰੱਦ ਕਰ ਰਹੇ ਹਨ। ਆਮ ਆਦਮੀ ਪਾਰਟੀ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਝੂਠ ਦਾ ਪੁਲੰਦਾ ਸਰਕਾਰ ਨੇ ਬਜਟ ਇਜਲਾਸ ਦੌਰਾਨ ਰਾਜਪਾਲ ਵੱਲੋਂ ਵਿਧਾਨ ਸਭਾ ’ਚ ਬੁਲਵਾਇਆ ਸੀ, ਉਸੇ ਝੂਠੇ ਅਤੇ ਗੁਮਰਾਹਕੁਨ ਖਰੜੇ ਨੂੰ ਮੁੱਖ ਮੰਤਰੀ ਨੇ ਇਸ ਪ੍ਰੈਸ ਕਾਨਫਰੰਸ ਵਿੱਚ ਅੰਗਰੇਜ਼ੀ ਵਿਚ ਉਸ ਦਾ ਦੁਹਰਾ ਕਰ ਦਿੱਤਾ। ਚੀਮਾ ਨੇ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਦੇਸ਼ ਦੇ ਖ਼ੁਸ਼ਹਾਲ ਅਤੇ ਬਜਟ ਸਰਪਲੱਸ ਸੂਬੇ ਨੂੰ ਕਰਜ਼ਾਈ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਤਿੰਨ ਸਾਲਾਂ ਦੌਰਾਨ ਕੋਈ ਤਰੱਕੀ ਜਾਂ ਵਿਕਾਸ ਨਹੀਂ ਹੋਇਆ। ਪੰਜਾਬ ਦੀ ਜੀਡੀਪੀ 6.9 ਫ਼ੀਸਦੀ ਤੋਂ ਲੁੜਕ ਕੇ 6.0 ਫ਼ੀਸਦੀ ’ਤੇ ਆ ਗਈ ਹੈ, ਜਦਕਿ 7.8 ਫ਼ੀਸਦੀ ਨਾਲ ਬੇਰੁਜ਼ਗਾਰੀ ਦੀ ਦਰ ਦੇਸ਼ ਭਰ ਵਿਚੋਂ ਸਭ ਤੋਂ ਵਧ ਗਈ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗਿਣਾਏ ਗਏ ਕੰਮਾਂ ਦੀ ਜ਼ਮੀਨੀ ਸਚਾਈ ਤਾਂ ਪੰਜਾਬ ਦੇ ਲੋਕ ਹੀ ਦਸ ਸਕਦੇ ਹਨ। ਪਰ ਵਿਰੋਧੀ ਵੀ ਸੱਤਾ ਧਿਰ ਦੇ ਕੰਮਾਂ ਦਾ ਪੂਰਾ ਧਿਆਨ ਰੱਖਦੇ ਹਨ ਤੇ ਲੇਖਾ-ਜੋਖਾ ਕਰਦੇ ਰਹਿੰਦੇ ਹਨ। ਹੁਣ ਸੱਤਾ ਤੇ ਜਵਾਨੀ ਦਾ ਨਿਖੇੜਾ ਤਾਂ 2022 ਦੀਆਂ ਚੋਣਾਂ ਦੇ ਨਤੀਜੇ ਹੀ ਕਰਨਗੇ।

Share this Article
Leave a comment