ਪੰਜਾਬੀ ਦੇਣਗੇ ਹੁੰਗਾਰਾ ‘ਭਾਰਤ ਜੋੜੋ ਯਾਤਰਾ’ ਨੂੰ ?

Prabhjot Kaur
5 Min Read

ਜਗਤਾਰ ਸਿੰਘ ਸਿੱਧੂ;
ਮੈਨੇਜਿੰਗ ਐਡੀਟਰ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਪੰਜਾਬ ਪਹੁੰਚਣ ਨਾਲ ਹੀ ਰਾਜਸੀ ਹਲਕਿਆਂ ਵਿਚ ਤਕੜੀ ਹਲਚਲ ਮਚ ਗਈ ਹੈ। ਰਾਹੁਲ ਗਾਂਧੀ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਕੇ ਨਤਸਤਕ ਹੋਏ। ਉਹਨਾਂ ਦੇ ਨਾਲ ਕਾਂਗਰਸ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਕਈ ਹੋਰ ਆਗੂ ਵੀ ਪੁੱਜੇ ਹੋਏ ਸਨ। ਰਾਹੁਲ ਗਾਂਧੀ ਨੇ ਆਪਣੇ-ਆਪ ਨੂੰ ਪੰਜਾਬ ਦੇ ਰੰਗ ਵਿਚ ਰੰਗਣ ਲਈ ਕੇਸਰੀ ਰੰਗ ਦੀ ਦਸਤਾਰ ਸਜਾਈ ਹੋਈ ਸੀ। ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੀ ਮੁਹਿੰਮ ਕੇਰਲਾ ਤੋਂ ਸ਼ੁਰੂ ਕੀਤੀ ਅਤੇ ਇਹ ਯਾਤਰਾ ਵੱਖ-ਵੱਖ ਸੂਬਿਆਂ ਵਿਚੋਂ ਹੁੰਦੀ ਹੋਈ ਹਰਿਆਣਾ ਰਾਹੀ ਪੰਜਾਬ ਵਿਚ ਦਾਖਿਲ ਹੋਈ ਹੈ। ‘ਭਾਰਤ ਜੋੜੋ ਯਾਤਰਾ’ ਤਕਰੀਬਨ ਆਖ਼ਰੀ ਦੌਰ ਵਿਚੋਂ ਗੁਜ਼ਰ ਰਹੀ ਹੈ। ਕੱਲ੍ਹ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ‘ਭਾਰਤ ਜੋੜੋ ਯਾਤਰਾ’ ਦੀ ਪੰਜਾਬ ਵਿਚ ਮੁਹਿੰਮ ਸ਼ੁਰੂ ਹੋਵੇਗੀ। ਇਹ ਵੀ ਦੇਖਣਾ ਹੋਵੇਗਾ ਕਿ ਅਗਲੇ ਦਿਨਾਂ ਵਿਚ ਕਿਹੜੇ ਆਗੂ ਇਸ ਯਾਤਰਾ ਵਿਚ ਸ਼ਾਮਿਲ ਹੁੰਦੇ ਹਨ। ਰਾਹੁਲ ਗਾਂਧੀ ਨੇ ਇਸ ਯਾਤਰਾ ਦਾ ਸਭ ਤੋਂ ਵੱਡਾ ਸੁਨੇਹਾ ਇਹ ਹੀ ਦਿੱਤਾ ਹੈ ਕਿ ਉਹਨਾਂ ਦੀ ਇਹ ਯਾਤਰਾ ਨਫ਼ਰਤ ਨੂੰ ਤੋੜਨ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਹੈ। ਖਾਸ ਤੌਰ ’ਤੇ ਰਾਹੁਲ ਗਾਂਧੀ ਨੇ ਭਾਜਪਾ ਅਤੇ ਆਰ.ਐੱਸ.ਐੱਸ ਦੀਆਂ ਨੀਤੀਆਂ ਵਿਰੁੱਧ ਤਕੜੇ ਹਮਲੇ ਕੀਤੇ ਹਨ। ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਭਾਜਪਾ ਅਤੇ ਆਰ.ਐੱਸ.ਐੱਸ ਦੇਸ਼ ਵਿਚ ਨਫ਼ਰਤ ਦੀ ਰਾਜਨੀਤੀ ਦਾ ਬੀਜ ਪਾ ਰਹੇ ਹਨ। ਇਹ ਵਖ਼ਰੀ ਗੱਲ ਹੈ ਕਿ ਭਾਜਪਾ ਦਾ ਕਹਿਣਾ ਹੈ ਕਿ ਇਹ ਯਾਤਰਾ ਪੂਰੀ ਤਰ੍ਹਾਂ ਰਾਜਸੀ ਮਨੋਰਥ ਨੂੰ ਲੈ ਕੇ ਸ਼ੁਰੂ ਕੀਤੀ ਗਈ ਹੈ ਅਤੇ ਇਸ ਦਾ ਨਿਸ਼ਾਨਾ 2024 ਦੀਆਂ ਪਾਰਲੀਮੈਂਟ ਚੋਣਾਂ ਵਿਚ ਕਾਂਗਰਸ ਲਈ ਲਾਮਬੰਦੀ ਕਰਨਾ ਹੈ।

ਬੇਸ਼ਕ ਰਾਹੁਲ ਨੇ ਨਫ਼ਰਤ ਦੇ ਮਾਮਲੇ ਵਿਚ ਸਾਰਾ ਧਿਆਨ ਕੇਂਦਰਿਤ ਕੀਤਾ ਹੈ ਪਰ ਇਸ ਦੇ ਬਾਵਜੂਦ ਵੱਖ-ਵੱਖ ਸੂਬਿਆਂ ਵਿਚ ਸਥਾਨਕ ਮੁੱਦੇ ਵੀ ਆਉਂਦੇ ਰਹੇ ਹਨ। ਮਸਾਲ ਵਜੋਂ ਜਦੋਂ ਇਹ ਯਾਤਰਾ ਮੱਧਪ੍ਰਦੇਸ਼ ਪਹੁੰਚੀ ਤਾਂ ਉਥੇ ਤਿੰਨ ਗਰੀਬ ਕੁੜੀਆਂ ਰਾਹੁਲ ਗਾਂਧੀ ਨੂੰ ਮਿਲੀਆਂ ਜਿਹੜੀਆਂ ਕਿ ਠੰਡ ਕਾਰਨ ਕੰਬ ਰਹੀਆਂ ਸਨ। ਰਾਹੁਲ ਗਾਂਧੀ ਨੇ ਕੁੜੀਆਂ ਨੂੰ ਮਿਲਣ ਤੋਂ ਬਾਅਦ ਫੈਸਲਾ ਕੀਤਾ ਕਿ ਜਦੋਂ ਤੱਕ ਗਰੀਬ ਕੁੜੀਆਂ ਨੂੰ ਠੰਡ ਤੋਂ ਬਚਣ ਲਈ ਸਵੇਟਰ ਨਹੀਂ ਮਿਲਣਗੇ ਉਦੋਂ ਤੱਕ ਉਹ ਵੀ ਸਵੇਟਰ ਨਹੀਂ ਪਾਣਗੇ। ਇਸੇ ਲਈ ਪੂਰੀ ਯਾਤਰਾ ਦੌਰਾਨ ਰਾਹੁਲ ਦੀ ਟੀ-ਸ਼ਰਟ ਦਾ ਮਾਮਲਾ ਮੀਡੀਆ ਵਿਚ ਬਾਰ-ਬਾਰ ਭਖਦਾ ਰਿਹਾ ਹੈ। ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਇਸ ਦੇਸ਼ ਦੇ ਮੀਡੀਆ ਦੇ ਵੱਡੇ ਹਿੱਸੇ ਨੂੰ ਗਰੀਬ ਕਿਸਾਨ, ਮਜ਼ਦੂਰ, ਬੇਰੁਜ਼ਗਾਰੀ ਅਤੇ ਮਹਿੰਗਾਈ ਵਰਗੇ ਮੁੱਦੇ ਤਾਂ ਨਜ਼ਰ ਨਹੀਂ ਆਉਂਦੇ ਸਗੋਂ ਟੀ-ਸ਼ਰਟ ਦੇ ਉਤੇ ਹੀ ਬਾਰ-ਬਾਰ ਆਪਣਾ ਧਿਆਨ ਕੇਂਦਰਿਤ ਕਰ ਰਹੇ ਹਨ। ਕਾਂਗਰਸ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਦੇਸ਼ ਦੇ ਵੱਖ-ਵੱਖ ਵਰਗਾਂ ਦੇ ਲੋਕ ਅਤੇ ਹਸਤੀਆਂ ‘ਭਾਰਤ ਜੋੜੋ ਯਾਤਰਾ’ ਵਿਚ ਸ਼ਾਮਲ ਹੋ ਰਹੇ ਹਨ।

ਪੰਜਾਬ ਵਿਚ ਦਾਖਲ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਹਰਿਆਣਾ ਵਿਚ ਕਿਸਾਨਾਂ ਦਾ ਮੁੱਦਾ ਵੀ ਚੁੱਕਿਆ। ਅਸਲ ਵਿਚ ਰਾਕੇਸ਼ ਟਿਕੈਤ ਅਤੇ ਕਈ ਹੋਰ ਕਿਸਾਨ ਆਗੂ ਹਰਿਆਣਾ ਵਿਚ ਰਾਹੁਲ ਗਾਂਧੀ ਨੂੰ ਮਿਲੇ ਸਨ ਅਤੇ ਉਹਨਾਂ ਨੇ ਕਿਸਾਨੀਂ ਮੁੱਦਿਆਂ ਉਪਰ ਕਾਂਗਰਸੀ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਸੀ। ਬਾਅਦ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਕਾਂਗਰਸ ਵਾਲੇ ਰਾਜਾਂ ਵਿਚ ਸਰਕਾਰਾਂ ਨੂੰ ਕਹਿਣਗੇ ਕਿ ਕਿਸਾਨੀ ਮਾਮਲਿਆਂ ਦਾ ਪਹਿਲ ਦੇ ਅਧਾਰ ਉਪਰ ਹੱਲ ਕੀਤਾ ਜਾਵੇ। ਨਾਲ ਹੀ ਉਹਨਾਂ ਇਹ ਵੀ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀਆਂ ਨੀਤੀਆਂ ਕਾਰਨ ਕਿਸਾਨਾਂ ਨੂੰ ਬਰਬਾਦ ਕੀਤਾ ਹੈ।

- Advertisement -

ਰਾਹੁਲ ਗਾਂਧੀ ਦੀ ਪੰਜਾਬ ਯਾਤਰਾ ਨੂੰ ਲੈ ਕੇ ਪੰਜਾਬ ਦੀਆਂ ਰਾਜਸੀ ਪਾਰਟੀਆਂ ਵੱਲੋਂ ਤਿੱਖੀ ਅਲੋਚਨਾ ਸ਼ੁਰੂ ਹੋ ਗਈ ਹੈ। ਅਕਾਲੀ ਆਗੂਆਂ ਵੱਲੋਂ ਜਵਾਬ ਮੰਗਿਆਂ ਜਾ ਰਿਹਾ ਹੈ ਕਿ ਦਰਿਆਈ ਪਾਣੀਆਂ ਦੇ ਮੁੱਦੇ ਉੱਪਰ ਰਾਹੁਲ ਆਪਣੀ ਸਥਿਤੀ ਸਪਸ਼ਟ ਕਰਨ। ਇਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਉਪਰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਮੇਂ ਹੋਏ ਫੌਜੀ ਹਮਲੇ ਲਈ ਰਾਹੁਲ ਗਾਂਧੀ ਨੂੰ ਮੁਆਫੀ ਮੰਗਣ ਲਈ ਕਿਹਾ ਜਾ ਰਿਹਾ ਹੈ। ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਕੋਲ ਦੇਸ਼ ਦੇ ਲੋਕਾਂ ਲਈ ਕਹਿਣ ਨੂੰ ਕੁੱਝ ਵੀ ਨਹੀਂ ਹੈ। ਪੰਜਾਬ ਦੀ ਹਾਕਿਮ ਧਿਰ ‘ਆਪ’ ਦਾ ਕਹਿਣਾ ਹੈ ਕਿ ਪੰਜਾਬ ਵਿਚ ਕਾਂਗਰਸ ਤਾਂ ਬਚੀ ਨਹੀਂ ਹੁਣ ਇਸ ‘ਭਾਰਤ ਜੋੜੋ ਯਾਤਰਾ’ ਦਾ ਕੋਈ ਫਾਇਦਾ ਨਹੀਂ। ਵਿਰੋਧੀ ਧਿਰਾਂ ਜੋ ਮਰਜੀ ਕਹਿਣ ਪਰ ਇਹ ਸਪਸ਼ਟ ਹੈ ਕਿ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਨੂੰ ਦੇਸ਼ ਭਰ ਦੇ ਵਿਚੋਂ ਹੁੰਗਾਰਾ ਮਿਲ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬੀ ਅਗਲੇ ਦਿਨਾਂ ਵਿਚ ਕਿਹੋ ਜਿਹਾ ਹੁੰਗਾਰਾ ਦਿੰਦੇ ਹਨ?

Share this Article
Leave a comment