Home / ਓਪੀਨੀਅਨ / ਸਰਦਾਰ ਹਰੀ ਸਿੰਘ ਨਲੂਆ – ਸਿੱਖ ਰਾਜ ਦਾ ਮਹਾਨ ਜਰਨੈਲ

ਸਰਦਾਰ ਹਰੀ ਸਿੰਘ ਨਲੂਆ – ਸਿੱਖ ਰਾਜ ਦਾ ਮਹਾਨ ਜਰਨੈਲ

-ਅਵਤਾਰ ਸਿੰਘ

ਸਰਦਾਰ ਹਰੀ ਸਿੰਘ ਦਾ ਨਾਂ ਦੁਨੀਆ ਦੇ ਜਾਂਬਾਜ਼ ਯੋਧਿਆਂ ਵਿਚ ਸ਼ੁਮਾਰ ਹੋਣ ਕਰਕੇ ਸਿੱਖ ਕੌਮ ਨੂੰ ਫ਼ਖ਼ਰ ਹੈ। ਹਰੀ ਸਿੰਘ ਅਜੇ ਕੱਚੀ ਉਮਰ ਯਾਨੀ ਸੱਤ ਕੁ ਸਾਲਾਂ ਦੇ ਹੀ ਸਨ ਕਿ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਮਾਤਾ ਧਰਮ ਕੌਰ ਨਾਲ ਨਾਨਕੇ ਘਰ ਰਹਿਣਾ ਪਿਆ।

ਛੋਟੀ ਉਮਰ ਵਿੱਚ ਹੀ ਘੋੜਸਵਾਰੀ, ਨੇਜਾਬਾਜ਼ੀ, ਤੀਰਅੰਦਾਜ਼ੀ ਅਤੇ ਨਿਸ਼ਾਨੇਬਾਜ਼ੀ ਵਿੱਚ ਨਿਪੁਨਤਾ ਹਾਸਲ ਕਰ ਲਈ। ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਦਿਨਾਂ ਵਿੱਚ ਸਿੱਖ ਨੌਜਵਾਨਾਂ ਨੂੰ ਫ਼ੌਜ ਵਿੱਚ ਭਰਤੀ ਕਰਨ ਹਰ ਸਾਲ ਕੈਂਪ ਲਗਾਉਂਦੇ ਰਹਿੰਦੇ ਸੀ। ਇੱਕ ਕੈਂਪ ਵਿੱਚ ਸਰਦਾਰ ਹਰੀ ਸਿੰਘ ਨੇ ਆਪਣੇ ਜੰਗੀ ਕਾਰਨਾਮਿਆਂ ਦੇ ਅਜਿਹੇ ਕਰਤਬ ਵਿਖਾਏ ਕਿ ਇਹ ਦੇਖ ਕੇ ਮਹਾਰਜਾ ਰਣਜੀਤ ਸਿੰਘ ਖੁਸ਼ ਹੋ ਗਏ ਤੇ ਹਰੀ ਸਿੰਘ ਨੂੰ ਆਪਣੀ ਫੌਜ ਵਿੱਚ ਸ਼ਾਮਿਲ ਕਰ ਲਿਆ।

ਹਰੀ ਸਿੰੰਘ ਦਾ ਜਨਮ ਪਿੰਡ ਗੁਜਰਾਂਵਾਲੇ ਵਿੱਚ ਪਿਤਾ ਗੁਰਦਿਆਲ ਸਿੰਘ ਅਤੇ ਮਾਤਾ ਧਰਮ ਕੌਰ ਦੇ ਘਰ 1791 ਈ. ਨੂੰ ਹੋਇਆ। ਘਰ ਵਿੱਚ ਹੀ ਧਾਰਮਿਕ ਵਿਦਿਆ ਤੇ ਹੋਰ ਭਾਸ਼ਾਵਾਂ ਸਿਖੀਆਂ। ਉਨ੍ਹਾਂ ਨੂੰ ਫਾਰਸੀ ਦੀ ਪੜ੍ਹਾਈ ਦੀ ਮੁਹਾਰਤ ਸੀ ਜੋ ਉਨ੍ਹਾਂ ਮੌਲਵੀ ਕੋਲੋਂ ਘਰ ਵਿੱਚ ਹੀ ਸਿੱਖੀ ਸੀ। ਇਤਿਹਾਸਿਕ ਜਾਣਕਾਰੀ ਅਨੁਸਾਰ ਇੱਕ ਵਾਰ ਮਹਾਰਜਾ ਰਣਜੀਤ ਸਿੰਘ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਗਏ ਤੇ ਹਰੀ ਸਿੰਘ ਵੀ ਉਨ੍ਹਾਂ ਦੇ ਨਾਲ ਸੀ। ਉਥੇ ਜੰਗਲ ‘ਚ ਇੱਕ ਸ਼ੇਰ ਨੇ ਹਰੀ ਸਿੰਘ ਉਪਰ ਹਮਲਾ ਕਰ ਦਿੱਤਾ। ਸ਼ੇਰ ਦੀ ਝਪਟ ਇੰਨੀ ਭਿਆਨਕ ਸੀ ਕਿ ਹਰੀ ਸਿੰਘ ਨੂੰ ਤਲਵਾਰ ਮਿਆਨ ’ਚੋਂ ਕੱਢਣ ਦਾ ਸਮਾਂ ਹੀ ਨਾ ਮਿਲਿਆ। ਪਰ ਆਪਣੀ ਨਿਡਰਤਾ ਅਤੇ ਫੁਰਤੀ ਨਾਲ ਹਰੀ ਸਿੰਘ ਨੇ ਸ਼ੇਰ ਨੂੰ ਫੜ ਕੇ ਇੰਨੇ ਜ਼ੋਰ ਨਾਲ ਪਟਕਾ ਕੇ ਮਾਰਿਆ। ਇੰਨੇ ਨੂੰ ਕਿਰਪਾਨ ਦੇ ਇੱਕੋ ਵਾਰ ਨਾਲ ਸ਼ੇਰ ਨੂੰ ਢਹਿ ਢੇਰੀ ਕਰ ਦਿੱਤਾ।

ਮਹਾਰਜਾ ਰਣਜੀਤ ਸਿੰਘ ਨੇ ਇਹ ਬਹਾਦਰੀ ਦੇਖ ਕੇ ਹਰੀ ਸਿੰਘ ਦੇ ਨਾਂ ਨਾਲ ‘ਨਲੂਆ’ ਜੋੜ ਦਿੱਤਾ। ਇਸ ਤੋਂ ਬਾਅਦ 800 ਸੈਨਿਕਾਂ ਦੇ ਫ਼ੌਜੀ ਦਸਤੇ ਦਾ ਸਰਦਾਰ ਐਲਾਨ ਦਿੱਤਾ। ਹਰੀ ਸਿੰਘ ਨਲੂਆ ਨੇ 1807 ਈ: ਵਿੱਚ ਆਪਣੇ ਜੀਵਨ ਦੀ ਪਹਿਲੀ ਲੜਾਈ ਕਸੂਰ ਦੇ ਬਾਹਰਲੇ ਮੈਦਾਨ ਵਿੱਚ ਲੜੀ। ਇਸ ਵਿੱਚ ਨਵਾਬ ਕੁਤਬਦੀਨ ਖਾਨ ਦੀਆਂ ਫ਼ੌਜਾਂ ਨੂੰ ਖਾਲਸਾ ਫ਼ੌਜ ਨੇ ਜ਼ਬਰਦਸਤ ਟੱਕਰ ਦਿੱਤੀ। ਨਵਾਬ ਖਾਨ ਦੀਆਂ ਫ਼ੌਜਾਂ ਮੋਰਚੇ ਛੱਡ ਕੇ ਕਸੂਰ ਦੇ ਕਿਲ੍ਹੇ ਵੱਲ ਭੱਜ ਗਈਆਂ। ਹਰੀ ਸਿੰਘ ਨਲੂਆ ਦੀ ਰੈਜੀਮੈਂਟ ਨੇ ਦੋ ਸੈਂਕੜੇ ਤੋਂ ਵੱਧ ਗਾਜ਼ੀਆਂ ਨੂੰ ਬੰਦੀ ਬਣਾ ਕੇ ਉਨ੍ਹਾਂ ਤੋਂ ਹਥਿਆਰ ਖੋਹ ਲਏ। ਨਵਾਬ ਕੁਤਬਦੀਨ ਖਾਨ ਦੀ ਫੌਜ ਤੋਂ ਖੋਹੇ ਹੋਏ ਹਥਿਆਰ ਮਹਾਰਾਜਾ ਰਣਜੀਤ ਸਿੰਘ ਅੱਗੇ ਪੇਸ਼ ਕਰ ਦਿੱਤੇ। ਇਸ ਕਾਮਯਾਬੀ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਆ ਨੂੰ ਸਰਦਾਰੀ ਤੇ ਕਈ ਪਿੰਡਾਂ ਦੀ ਜਾਗੀਰ ਇਨਾਮ ਵਜੋਂ ਦੇ ਦਿੱਤੀ। ਇਸੇ ਤਰ੍ਹਾਂ 1810 ਦੀ ਮੁਲਤਾਨ ਦੀ ਜੰਗ ਵਿੱਚ ਹਰੀ ਸਿੰਘ ਨਲੂਆ ਨੇ ਜਾਨ ਦੀ ਬਾਜ਼ੀ ਲਾ ਕੇ ਨਿਡਰਤਾ ਦਾ ਸਬੂਤ ਦਿੱਤਾ। 1812 ਵਿਚ ਮਿੱਠਾ ਟਿਵਾਣਾ ਤੇ 1813 ਵਿੱਚ ਅਟਕ ਦਾ ਕਿਲ੍ਹਾ ਫ਼ਤਹਿ ਕੀਤੇ।

ਮਹਾਰਾਜਾ ਰਣਜੀਤ ਸਿੰਘ ਦੇ ਹੁਕਮਾਂ ਅਨੁਸਾਰ ਹਰੀ ਸਿੰਘ ਨਲੂਏ ਨੇ ਆਪਣੇ ਸਾਹਸੀ ਇਰਾਦਿਆਂ ਤੇ ਸੂਰਮਗਤੀ ਨਾਲ ਕਸ਼ਮੀਰ ‘ਤੇ ਕਬਜ਼ਾ ਕਰ ਕੇ ਖ਼ਾਲਸਾ ਰਾਜ ਕਾਇਮ ਕੀਤਾ। 1820 ਵਿੱਚ ਹਰੀ ਸਿੰਘ ਨਲੂਆ ਨੂੰ ਕਸ਼ਮੀਰ ਦਾ ਗਵਰਨਰ ਬਣਾਇਆ ਗਿਆ। 1821 ’ਚ ਮਾਂਗਲੀ ਘਾਟੀ ’ਤੇ ਜਿੱਤ ਦਾ ਝੰਡਾ ਗੱਡਣ ਪਿਛੋਂ ਸਿੱਖ ਜਰਨੈਲ ਨੇ 1823 ਈ: ਵਿੱਚ ਗਾਜ਼ੀਆਂ, ਪਠਾਣਾਂ ਅਤੇ ਅਫਗਾਨਾਂ ਨੂੰ ਹਰਾ ਕੇ ਖ਼ਾਲਸਾ ਫੌਜ ਦਾ ਝੰਡਾ ਗੱਡਿਆ। ਇਸ ਤੋਂ ਬਾਅਦ 1828 ਵਿੱਚ ਕਟੌਚੀਆਂ ਦੇ ਇਲਾਕੇ ਬਾਈਧਾਰ ਦੇ ਰਾਜਿਆਂ ’ਤੇ ਚੜ੍ਹਾਈ ਕਰ ਦਿੱਤੀ। ਖਾਲਸਾ ਫੌਜ ਨੇ ਸੀਬਾ, ਗੁਲੇਰ, ਨਾਦੌਣ, ਲੰਬਾਗਾਉਂ ਦੀ ਰਾਜਧਾਨੀ ’ਤੇ ਕਬਜ਼ਾ ਕਰ ਕੇ ਉਥੇ ਵੀ ਖਾਲਸਾ ਰਾਜ ਕਾਇਮ ਕੀਤਾ। 1834 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਉਪਰ ਧਾਵਾ ਬੋਲਣ ਲਈ ਹਰੀ ਸਿੰਘ ਨਲੂਆ ਨੂੰ ਕਮਾਂਡਰ ਇਨ ਚੀਫ ਬਣਾਇਆ। ਪਿਸ਼ਾਵਰ ’ਤੇ ਕਬਜ਼ਾ ਕਰਦਿਆਂ ਉਸ ਨੇ ਪਠਾਣਾਂ ਦੇ ਦਿਲਾਂ ਵਿੱਚ ਖਾਲਸਾ ਫੌਜ ਦਾ ਸਦਾ ਲਈ ਡਰ ਬਿਠਾ ਦਿੱਤਾ।

ਪਿਸ਼ਾਵਰ ਦਾ ਗਵਰਨਰ ਵੀ ਹਰੀ ਸਿੰਘ ਨਲੂਆ ਨੂੰ ਹੀ ਥਾਪਿਆ ਗਿਆ। ਅਮੀਰ ਦੋਸਤ ਮੁਹੰਮਦ ਖਾਨ ਨੇ ਹਾਰ ਦਾ ਬਦਲਾ ਲੈਣ ਲਈ ਜੋਸ਼ੀਲੀ ਫੌਜ ਤਿਆਰ ਕੀਤੀ। ਅਮੀਰ ਦੋਸਤ ਮੁਹੰਮਦ ਖਾਨ ਨੇ ਆਪਣੇ ਪੁੱਤਰ ਅਕਬਰ ਖਾਨ ਦੀ ਅਗਵਾਈ ’ਚ 1837 ਵਿੱਚ ਹਰੀ ਸਿੰਘ ਨਲੂਆ ਦੀ ਗੈਰ-ਹਾਜ਼ਰੀ ਦਾ ਫਾਇਦਾ ਉਠਾ ਕੇ ਜਮਰੌਦ ਦੇ ਕਿਲ੍ਹੇ ’ਤੇ ਹਮਲਾ ਕਰਵਾ ਦਿੱਤਾ। ਤੀਜੇ ਦਿਨ ਅਫਗਾਨ ਜਮਰੌਦ ਦੇ ਕਿਲ੍ਹੇ ਦੇ ਨਜ਼ਦੀਕ ਹੀ ਹਮਲਾ ਕਰਨ ਦੀ ਯੋਜਨਾਬੰਦੀ ਵਿੱਚ ਸਨ ਤਾਂ ਮੌਕੇ ’ਤੇ ਹਰੀ ਸਿੰਘ ਨਲੂਆ ਆਪਣੀ ਫੌਜ ਸਮੇਤ ਪਹੁੰਚ ਗਿਆ। ਜਦ ਦੁਸ਼ਮਣਾਂ ਨੂੰ ਪਤਾ ਲੱਗਿਆ ਕਿ ਜੰਗ ਵਿੱਚ ਹਰੀ ਸਿੰਘ ਨਲੂਆ ਪਹੁੰਚ ਗਿਆ ਹੈ ਤਾਂ ਉਨ੍ਹਾਂ ਦੀ ਫੌਜ ਨੇ ਜੰਗ ਦਾ ਮੈਦਾਨ ਛੱਡ ਕੇ ਭੱਜਣਾ ਸ਼ੁਰੂ ਕਰ ਦਿੱਤਾ। ਗਾਜ਼ੀਆਂ ਨੇ ਧੋਖੇ ਵਿਚ ਲੈ ਕੇ ਦੋ ਗੋਲੀਆਂ ਚਲਾਈਆਂ ਜੋ ਹਰੀ ਸਿੰਘ ਦੀ ਛਾਤੀ ਵਿੱਚ ਵੱਜੀਆਂ ਤੇ ਮਹਾਨ ਯੋਧਾ ਸਿੱਖ ਰਾਜ ਦਾ ਵਿਸਥਾਰ ਕਰਦਾ ਹੋਇਆ 30 ਅਪਰੈਲ 1837 ਨੂੰ ਸ਼ਹੀਦ ਹੋ ਗਿਆ।

Check Also

ਕੋਵਿਡ-19 ਦੇ ਹਨੇਰੇ ਵਿੱਚ ਚਾਨਣ ਦਾ ਸੁਨੇਹਾ ਦਿੰਦੀ ਜ਼ਿੰਦਗੀ-2

-ਜਗਤਾਰ ਸਿੰਘ ਸਿੱਧੂ ਕੇਵਲ ਮਨੁੱਖਾਂ ਨੇ ਹੀ ਨਹੀਂ ਕੁਦਰਤ ਨੇ ਵੀ ਇਸ ਦੁਨੀਆ ਨੂੰ ਸਾਫ-ਸੁਥਰਾ …

Leave a Reply

Your email address will not be published. Required fields are marked *