ਜਗਤਾਰ ਸਿੰਘ ਸਿੱਧੂ;
ਸੰਯੁਕਤ ਕਿਸਾਨ ਮੋਰਚਾ ( ਗੈਰ ਸਿਆਸੀ) ਦੇ ਆਗੂਆਂ ਨੇ ਵੱਡਾ ਖਦਸ਼ਾ ਪ੍ਰਗਟ ਕੀਤਾ ਹੈ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਮਿਲਕੇ ਜਬਰਦਸਤੀ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਵਾਲੀ ਥਾਂ ਤੋਂ ਚੁੱਕਣ ਦੀ ਕੋਸ਼ਿਸ਼ ਕਰ ਸਕਦੀ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਡੱਲੇਵਾਲ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨ ਇਸ ਦਾ ਡੱਟਕੇ ਵਿਰੋਧ ਕਰਨਗੇ ਅਤੇ ਇਸ ਲਈ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਪ੍ਰਧਾਨ ਮੰਤਰੀ ਮੋਦੀ ਦੀ ਹੋਵੇਗੀ। ਉਨਾਂ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਦੇ ਚਲਦੇ ਕੇਸ ਦੌਰਾਨ ਕੇਂਦਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨ ਦਾ ਕੋਈ ਇਰਾਦਾ ਨਹੀਂ ਵਿਖਾਇਆ ਸਗੋਂ ਡੱਲੇਵਾਲ ਦਾ ਮਰਨ ਖਤਮ ਕਰਵਾਉਣ ਲਈ ਸਾਰੀ ਤਾਕਤ ਲਾਈ ਹੋਈ ਹੈ। ਉਨਾਂ ਕਿਹਾ ਕਿ ਪਿਛਲੇ ਦਸ ਸਾਲ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਸੇ ਕਿਸਾਨ ਵਫਦ ਨਾਲ ਕੋਈ ਗੱਲ ਨਹੀਂ ਕੀਤੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਨੂੰ ਫੌਰੀ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਕਿਸਾਨ ਗਾਂਧੀਵਾਦੀ ਢੰਗ ਨਾਲ ਪੁਰਅਮਨ ਅੰਦੋਲਨ ਚਲਾ ਰਹੇ ਹਨ ਤਾਂ ਕੇਂਦਰ ਨੂੰ ਧੱਕਾ ਕਰਨ ਦੀ ਥਾਂ ਗੱਲਬਾਤ ਦਾ ਰਾਹ ਅਪਣਾਉਣਾ ਚਾਹੀਦਾ ਹੈ।
ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਮੀਟਿੰਗ ਲਈ ਸਮਾਂ ਮੰਗਿਆ ਹੈ। ਦੋ ਵੱਡੇ ਮੁੱਦੇ ਮੁਲਾਕਾਤ ਲਈ ਰੱਖੇ ਗਏ ਹਨ। ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਸਮਾਂ ਦੂਜੇ ਮਹੀਨੇ ਵਿੱਚ ਦਾਖਲ ਹੋ ਗਿਆ ਹੈ ਅਤੇ ਉਨਾਂ ਦੀ ਸਿਹਤ ਵੱਡੀ ਚਿੰਤਾ ਦਾ ਕਾਰਨ ਬਣੀ ਹੋਈ ਹੈ । ਦੂਜਾ ਮਾਮਲਾ ਕਿਸਾਨ ਦੀ ਫਸਲ ਦੇ ਭਾਅ ਦੀ ਗਾਰੰਟੀ ਨਾਲ ਜੁੜਿਆ ਹੋਇਆ ਹੈ। ਪਿਛਲੇ ਦਿਨੀ ਚੰਡੀਗੜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਕਿਸਾਨੀ ਮੁੱਦਿਆਂ ਉੱਪਰ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦਾ ਫੈਸਲਾ ਹੋਇਆ ਸੀ।
ਬੇਸ਼ਕ ਸੰਯੁਕਤ ਕਿਸਾਨ ਮੋਰਚਾ ( ਗੈਰ ਰਾਜਨੀਤਕ) ਅਤੇ ਸੰਯੁਕਤ ਮੋਰਚਾ ਦੀ ਪਿਛਲੇ ਦਿਨੀ ਹੋਈਆਂ ਮੀਟਿੰਗਾਂ ਵਿੱਚ ਸਾਂਝੇ ਅੰਦੋਲਨ ਬਾਰੇ ਤਾਂ ਆਮ ਸਹਿਮਤੀ ਨਹੀਂ ਹੋਈ ਸੀ ਪਰ ਮੁੱਦਿਆਂ ਨੂੰ ਲੈਕੇ ਹਮਾਇਤ ਕਰਨ ਬਾਰੇ ਸਹਿਮਤੀ ਬਣ ਗਈ ਸੀ। ਉਸ ਮੁਤਾਬਿਕ ਹੀ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕੀਤੀ ਜਾ ਰਹੀ ਹੈ। ਰਾਸ਼ਟਰਪਤੀ ਨੂੰ ਮਿਲ ਕੇ ਕਿਸਾਨ ਜਥੇਬੰਦੀਆਂ ਦੇ ਆਗੂ ਜਿਥੇ ਕਿਸਾਨ ਮੁੱਦਿਆਂ ਦੀ ਗੱਲ ਕਰਨਗੇ ਉੱਥੇ ਡੱਲੇਵਾਲ ਦੀ ਸਿਹਤ ਦਾ ਮਾਮਲਾ ਵੀ ਕਿਸਾਨੀ ਮੰਗਾਂ ਨਾਲ ਜੁੜਿਆ ਹੋਇਆ ਹੈ।
ਚਾਹੇ ਸੁਪਰੀਮ ਕੋਰਟ ਵਲੋਂ ਵੀ ਸੁਣਵਾਈ ਦੌਰਾਨ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਡੱਲੇਵਾਲ ਦੀ ਸਿਹਤ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਅਤੇ ਅੱਜ ਵੀ ਇਸ ਮਾਮਲੇ ਉੱਪਰ ਸੁਣਵਾਈ ਹੋਈ ਹੈ ਅਤੇ ਅਤੇ ਭਲਕੇ ਸੁਪਰੀਮ ਕੋਰਟ ਡੱਲੇਵਾਲ ਨਾਲ ਆਨ ਲਾਈਨ ਕਾਨਫਰਿੰਸਗ ਰਾਹੀਂ ਪੱਖ ਜਾਨਣ ਦੀ ਕੋਸ਼ਿਸ਼ ਕਰੇਗਾ। ਪਰ ਅੰਦੋਲਨ ਕਰ ਰਹੇ ਆਗੂਆਂ ਦਾ ਕਹਿਣਾ ਹੈ ਕਿ ਡੱਲੇਵਾਲ ਪਹਿਲਾਂ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਕੇਂਦਰ ਕਿਸਾਨਾਂ ਦੀਆਂ ਮੰਗਾਂ ਮੰਨੇ ਤਾਂ ਉਹ ਆਪਣਾ ਮਰਨ ਵਰਤ ਸਮਾਪਤ ਕਰ ਦੇਣਗੇ। ਦੇਖਣਾ ਹੋਵੇਗਾ ਕਿ ਸੁਪਰੀਮ ਕੋਰਟ ਭਲਕੇ ਕੀ ਰੁਖ਼ ਅਖ਼ਤਿਆਰ ਕਰੇਗਾ?
ਸੰਪਰਕ 9814002186