ਜਗਤਾਰ ਸਿੰਘ ਸਿੱਧੂ;
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਿਛਲੇ ਦਿਨੀ ਦਿੱਤਾ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਵਾਪਸ ਲੈਣਗੇ? ਬੇਸ਼ਕ ਧਾਮੀ ਨੇ ਅਜੇ ਤੱਕ ਅਸਤੀਫਾ ਵਾਪਸ ਲੈਣ ਬਾਰੇ ਕੋਈ ਬਿਆਨ ਜਾਂ ਸੰਕੇਤ ਅਜੇ ਤੱਕ ਨਹੀਂ ਦਿੱਤਾ ਹੈ ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਅੱਜ ਹੁਸ਼ਿਆਰਪੁਰ ਘਰ ਜਾਕੇ ਪ੍ਰਧਾਨ ਧਾਮੀ ਨੂੰ ਅਸਤੀਫਾ ਵਾਪਸ ਲੈਣ ਦੀ ਦਿੱਤੀ ਸਲਾਹ ਜਰੂਰ ਇਹ ਸੁਨੇਹਾ ਦਿੰਦੀ ਹੈ ਕਿ ਹੁਣ ਧਾਮੀ ਕੋਲ ਅਸਤੀਫਾ ਵਾਪਸ ਲੈਣ ਦੇ ਇਲਾਵਾ ਹੋਰ ਕੋਈ ਰਾਹ ਬਚਿਆ ਹੀ ਨਹੀਂ ਹੈ। ਉਂਝ ਤਾਂ ਪਹਿਲਾਂ ਵੀ ਜਥੇਦਾਰ ਅਕਾਲ ਤਖਤ ਸਾਹਿਬ ਇਹ ਆਖ ਚੁੱਕੇ ਹਨ ਕਿ ਪ੍ਰਧਾਨ ਧਾਮੀ ਨੂੰ ਨੈਤਿਕ ਜਿੰਮੇਵਾਰੀ ਸਮਝਦਿਆਂ ਪ੍ਰਧਾਨਗੀ ਦਾ ਅਸਤੀਫ਼ਾ ਵਾਪਸ ਲੈ ਲੈਣਾ ਚਾਹੀਦਾ ਹੈ। ਉਨਾਂ ਨੇ ਇਹ ਵੀ ਕਿਹਾ ਸੀ ਕਿ ਦੋ ਦਸੰਬਰ ਦੇ ਫੈਸਲੇ ਅਨੁਸਾਰ ਧਾਮੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਸੱਤ ਮੈਂਬਰੀ ਕਮੇਟੀ ਦੀ ਜਿੰਮੇਵਾਰੀ ਵੀ ਸੰਭਾਲਣ। ਇਹ ਵੀ ਅਹਿਮ ਹੈ ਕਿ ਪ੍ਰਧਾਨ ਧਾਮੀ ਦੇ ਅਸਤੀਫੇ ਬਾਅਦ ਜਥੇਦਾਰ ਕ੍ਰਿਪਾਲ ਸਿੰਘ ਬਡੂੰਗਰ ਨੇ ਵੀ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦੇ ਦਿਤਾ ਸੀ। ਜਥੇਦਾਰ ਅਕਾਲ ਤਖਤ ਸਾਹਿਬ ਨੇ ਤਾਂ ਸਪਸ਼ਟ ਤੌਰ ਉੱਤੇ ਆਖ ਹੀ ਦਿੱਤਾ ਹੈ। ਅਸਤੀਫਾ ਪ੍ਰਵਾਨ ਨਹੀਂ ਹੈ। ਧਾਮੀ ਦੇ ਪ੍ਰਧਾਨਗੀ ਮੁੜ ਸੰਭਾਲਣ ਨਾਲ ਅਕਾਲੀ ਦਲ ਦੀ ਲੀਡਰਸ਼ਿਪ ਦਾ ਫੌਰੀ ਸੰਕਟ ਤਾਂ ਹੱਲ ਹੋ ਸਕਦਾ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਸਿਰ ਤੇ ਹੈ ਅਤੇ ਧਾਮੀ ਦੇ ਹੋਣ ਨਾਲ ਦਿੱਕਤ ਨਹੀਂ ਆਏਗੀ ਪਰ ਇਹ ਵੀ ਦੇਖਣਾ ਹੋਵੇਗਾ ਕਿ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਵੀ ਧਾਮੀ ਸੰਭਾਲਣਗੇ ਜਾਂ ਨਹੀਂ। ਅਕਾਲੀ ਦਲ ਨੇ ਆਪਣੀ ਪਾਰਟੀ ਮੈਂਬਰਸ਼ਿਪ ਦਾ ਕੰਮ ਤਾਂ ਨਿਬੇੜ ਹੀ ਲਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਬੇਸ਼ੱਕ ਅਜੇ ਨਵੀਂ ਚੋਣ ਹੋਣ ਤੱਕ ਪ੍ਰਧਾਨ ਨਹੀਂ ਹਨ ਪਰ ਸਾਰੇ ਫੈਸਲੇ ਉਨਾਂ ਦੀ ਸਲਾਹ ਨਾਲ ਹੋਣੇ ਸੁਭਾਵਿਕ ਹਨ। ਅਕਾਲੀ ਦਲ ਨੇ ਆਪਣੀਆਂ ਰਾਜਸੀ ਸਰਗਰਮੀਆਂ ਪੂਰੀ ਤਰਾਂ ਸ਼ੁਰੂ ਕਰ ਦਿੱਤੀਆਂ ਹਨ।ਮਾਘੀ ਦੇ ਮੇਲੇ ਉੱਤੇ ਮੁਕਤਸਰ ਵਿਖੇ ਪਾਰਟੀ ਵਲੋਂ ਵੱਡੀ ਕਾਨਫਰੰਸ ਕੀਤੀ ਗਈ। ਇਸੇ ਤਰਾਂ ਅਕਾਲੀ ਦਲ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਖਾਲੀ ਹੋਈ ਸੀਟ ਲਈ ਉਮੀਦਵਾਰ ਖੜ੍ਹਾ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ।
ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਸਣੇ ਸੱਤ ਮੈਂਬਰੀ ਕਮੇਟੀ ਦੇ ਪੰਜ ਮੈਂਬਰਾਂ ਨੇ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੌਜੂਦਾ ਸਥਿਤੀ ਬਾਰੇ ਰਿਪੋਰਟ ਵੀ ਮਿਲ ਕੇ ਕੀਤੀ ਹੋਈ ਹੈ ਪਰ ਅਜੇ ਤੱਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਸ ਰਿਪੋਰਟ ਉਪਰ ਅਜੇ ਕੋਈ ਫੈਸਲਾ ਨਹੀਂ ਸੁਣਾਇਆ। ਇਹ ਵੱਖਰੀ ਗੱਲ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਆਪਣੇ ਅਧਿਕਾਰਾਂ ਨੂੰ ਲੈਕੇ ਵੀ ਸਵਾਲ ਉਠਾਇਆ ਹੈ। ਇਸ ਸਥਿਤੀ ਵਿੱਚ ਵੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਅਜੇ ਬਣੀਆਂ ਹੋਈਆਂ ਹਨ।
ਸੰਪਰਕ 9814002186