ਪਾਈ ਜਾਓ ਰੌਲਾ! ਆਹ ਦੇਖੋ ਇਹ ਹੋਣ ਜਾ ਰਿਹੈ ਹੁਣ, ਡੇਰਾ ਪ੍ਰੇਮੀਆਂ ਤੇ ਬਾਦਲਾਂ ਦਾ ਛੁੱਟੇਗਾ ਸਦਾ ਲਈ ਖਹਿੜਾ? ਸੀਬੀਆਈ ਬੇਅਦਬੀ ਮਾਮਲਿਆਂ ਦੀ ਜਾਂਚ ਜੋੜੇਗੀ ਵਿਦੇਸ਼ੀ ਤਾਕਤਾਂ ਨਾਲ?

TeamGlobalPunjab
7 Min Read

ਪਟਿਆਲਾ :   ਲੰਘੀ 4 ਜੁਲਾਈ ਨੂੰ ਜਦੋਂ ਸੀਬੀਆਈ ਨੇ ਮੁਹਾਲੀ ਦੀ ਅਦਾਲਤ ਚ ਬੇਅਦਬੀ ਕੇਸਾਂ ਦੀ ਜਾਂਚ ਬੰਦ ਕਰਨ ਲਈ ਕਲੋਜ਼ਰ ਰਿਪੋਰਟ ਫਾਈਲ ਕੀਤੀ, ਤਾਂ ਪੰਜਾਬ ਦੇ ਲੋਕਾਂ ਨੇ ਉਸੇ ਵੇਲੇ ਇਹ ਧਾਰਨਾ ਬਣਾ ਲਈ ਸੀ ਕਿ ਹੁਣ ਇਨ੍ਹਾਂ ਕੇਸਾਂ ਦਾ ਹਾਲ ਵੀ 1984 ਦੇ ਦਿੱਲੀ ਸਿੱਖ ਕਤਲੇਆਮ ਕੇਸਾਂ ਵਾਲਾ ਹੀ ਹੋਣ ਜਾ ਰਿਹਾ ਹੈ। ਜਿਨ੍ਹਾਂ ਜ਼ਿਆਦਾਤਰ ਕੇਸਾਂ ਵਿੱਚ 34 ਸਾਲ ਬੀਤ ਜਾਣ ਤੋਂ ਬਾਅਦ ਅੱਜ ਵੀ ਇਹ ਪਤਾ ਨਹੀਂ ਲੱਗਿਆ ਕਿ ਉਹ ਅਸਲ ਦੋਸ਼ੀ ਕੌਣ ਸਨ ਜਿਨ੍ਹਾਂ ਨੇ ਉਸ ਵੇਲੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਸੀ। ਇਸ ਬਹਿਸ ਦੌਰਾਨ ਸਾਰਾ ਦੋਸ਼ ਉਸ ਸੀਬੀਆਈ ਤੇ ਥੋਪਿਆ ਗਿਆ ਜਿਸ ਸੀਬੀਆਈ ਦੀ ਭਾਰਤ ਅੰਦਰ ਇੱਕ ਇਮਾਨਦਾਰ ਜਾਂਚ ਏਜੰਸੀ ਦੀ ਸਾਖ ਹੈ। ਅਜਿਹੇ ਵਿੱਚ 29 ਜੁਲਾਈ 2019 ਵਾਲੇ ਦਿਨ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਡੀਜੀਪੀ ਪ੍ਰਬੋਧ ਕੁਮਾਰ ਨੇ ਸੀਬੀਆਈ ਨੂੰ ਇੱਕ ਚਿੱਠੀ ਲਿਖ ਕੇ ਇਹ ਬੇਨਤੀ ਕੀਤੀ ਕਿ ਉਨ੍ਹਾਂ ਵਲੋਂ ਇਸ ਜਾਂਚ ਦੀ ਕਲੋਜ਼ਰ ਰਿਪੋਰਟ ਦਾਇਰ ਕਰਨਾ ਠੀਕ ਨਹੀਂ ਹੋਵੇਗਾ ਕਿਉਂਕਿ ਕੇਸ ਦੀ ਜਾਂਚ ਦੌਰਾਨ ਸ਼ਾਹਮਣੇ ਆਏ ਕਈ ਤੱਥਾਂ ਦੇ ਅਧਾਰ ਤੇ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਦੇ ਪਹਿਲੂ ਨੂੰ ਤਾਂ ਅਜੇ ਛੂਹਿਆ ਹੀ ਨਹੀਂ ਗਿਆ।

ਪ੍ਰਬੋਧ ਕੁਮਾਰ ਦੀ ਇਸ ਚਿੱਠੀ ਨੇ ਪੰਜਾਬ ਦੀ ਸਿਆਸਤ ਵਿੱਚ ਭੁਚਾਲ ਲੈ ਆਂਦਾ ਤੇ ਵਿਰੋਧੀਆਂ ਨੇ ਪਾਣੀ ਪੀ ਪੀ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਇਹ ਕਹਿੰਦਿਆਂ ਭੰਡਿਆ ਕਿ ਇਹ ਸਭ ਬਾਦਲਾਂ ਅਤੇ ਡੇਰਾ ਪ੍ਰੇਮੀਆਂ ਨੂੰ ਬਚਾਉਣ ਦੀ ਚਾਲ ਹੈ ਕਿਉਂਕਿ ਇਸ ਗੱਲ ਦਾ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਜਾ ਚੁਕਿਆ ਹੈ ਕਿ ਸੀਬੀਆਈ ਤੋਂ ਬੇਅਦਬੀ ਮਾਮਲਿਆਂ ਦੇ ਤਿੰਨੋਂ ਕੇਸਾਂ ਨੂੰ ਵਾਪਸ ਲਿਆ ਜਾਵੇਗਾ। ਇੱਥੋਂ ਤੱਕ ਕਿ ਉਸ ਮਤੇ ਤੋਂ ਬਾਅਦ ਸੀਬੀਆਈ ਤੋਂ ਜਾਂਚ ਵਾਪਸ ਲੈਣ ਲਈ ਉਸ ਨੋਟੀਫੀਕੇਸ਼ਨ ਨੂੰ ਵੀ ਡੀਨੋਟੀਫਾਈਡ (ਨੋਟੀਫੀਕੇਸ਼ਨ ਵਾਪਸ ਲੈਣਾ) ਕੀਤਾ ਜਾ ਚੁਕਿਆ ਹੈ, ਜਿਸ ਨੋਟੀਫੀਕੇਸਨ ਦੇ ਅਧਾਰ ਬੇਅਦਬੀ ਮਾਮਲਿਆਂ ਦੀ ਜਾਂਚ ਸੀਬੀਆਈ ਦੇ ਹਵਾਲੇ ਕੀਤੀ ਗਈ ਸੀ। ਇਸ ਦੌਰਾਨ ਲੰਘੇ ਦਿਨੀਂ  ਸੀਬੀਆਈ ਦੇ ਐਸਪੀ ਚੱਕਰਵਰਤੀ ਇੱਕ ਵਾਰ ਫਿਰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਹੋਏ ਜਿਨ੍ਹਾਂ ਨੇ ਆਪਣੇ ਵਕੀਲ ਲੀਜ਼ਾ ਗਰੋਵਰ ਰਾਹੀਂ ਇੱਕ ਅਰਜੀ ਦੇ ਕੇ ਅਦਾਲਤ ਵੱਲੋਂ ਮੰਗ ਕੀਤੀ ਕਿ ਉਨ੍ਹਾਂ ਵੱਲੋਂ ਅਦਾਲਤ ਵਿੱਚ ਬੇਅਦਬੀ ਮਾਮਲਿਆਂ ਸਬੰਧੀ ਦਾਇਰ ਕੀਤੀ ਗਈ ਕਲੋਜ਼ਰ ਰਿਪੋਰਟ ਤੇ ਅਗਲੀ ਕਾਰਵਾਈ ਰੋਕ ਦਿੱਤੀ ਜਾਵੇ ਕਿਉਂਕਿ  ਪੰਜਾਬ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ ਸਬੰਧੀ ਬਣਾਈ ਗਈ ਸਿੱਟ ਦੇ ਡੀਜੀਪੀ ਪ੍ਰਬੋਧ ਕੁਮਾਰ ਨੇ ਉਨ੍ਹਾਂ ਨੂੰ ਚਿੱਠੀ ਲਿਖ ਕੇ ਨਾ ਸਿਰਫ ਇਨ੍ਹਾਂ ਮਾਮਲਿਆਂ ਦੀ ਹੋਰ ਜਾਂਚ ਕੀਤੇ ਜਾਣ ਦੀ ਬੇਨਤੀ ਕੀਤੀ ਹੈ ਬਲਕਿ ਸਿੱਟ ਨੇ ਇਸ ਕੇਸ ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਬਾਰੇ  ਵੀ ਕਈ ਤੱਥ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਹਨ ਜਿਨ੍ਹਾਂ ਦੀ ਅੱਗੇ ਜਾਂਚ ਕੀਤੀ ਜਾਣੀ ਇਨਸਾਫ ਦੀ ਮੰਗ ਹੈ।

ਅਦਾਲਤ ਵਿੱਚ ਇਹ ਕਲੋਜ਼ਰ ਰਿਪੋਰਟ ਰੋਕੇ ਜਾਣ ਲਈ ਸੀਬੀਆਈ ਵੱਲੋਂ ਜਿਉਂ ਹੀ ਅਰਜੀ ਦਿੱਤੀ ਗਈ ਤਿਉਂ ਹੀ ਪੰਜਾਬ ਅੰਦਰ ਛਿੜੀ ਉਸ ਸਿਆਸੀ ਚਰਚਾ ਨੇ ਨਵਾਂ ਮੋੜ ਲੈ ਲਿਆ ਜਿਸ ਵਿੱਚ ਸਰਕਾਰ ਤੇ ਦੋਸ਼ ਬਾਦਲਾਂ ਅਤੇ ਡੇਰਾ ਪ੍ਰੇਮੀਆਂ ਨੂੰ ਬਚਾਉਣ ਦਾ ਲੱਗ ਰਿਹਾ ਸੀ। ਹੁਣ ਇਨ੍ਹਾਂ ਦੋਸ਼ਾਂ ਨੇ ਅੱਗੇ ਵਧ ਕੇ ਇਹ ਰੂਪ ਧਾਰਨ ਕਰ ਲਿਆ ਸੀ ਕਿ ਇਹ ਜਾਂਚ ਵਿਦੇਸ਼ੀ ਤਾਕਤਾਂ ਦੇ ਹੱਥ ਵਾਲੇ ਨੁਕਤੇ ਤੇ ਇਸ ਲਈ ਅੱਗੇ ਵਧਾਈ ਜਾਣ ਲੱਗੀ ਹੈ ਕਿਉਂਕਿ ਜੇਕਰ ਇਨ੍ਹਾਂ ਕੇਸਾਂ ਦੀ ਜਾਂਚ ਇਸ ਨੁਕਤੇ ਤੇ ਬੰਦ ਕਰ ਦਿੱਤੀ ਜਾਂਦੀ ਕਿ ਡੇਰਾ ਪ੍ਰੇਮੀਆਂ ਦਾ ਇਸ ਕੇਸ ਵਿੱਚ ਕੋਈ ਹੱਥ ਨਹੀਂ ਹੈ ਤਾਂ ਕਿਤੇ ਨਾ ਕਿਤੇ ਅੱਗੇ ਜਾਂਚ ਕੀਤੇ ਜਾਣ ਲਈ ਰਾਹ ਖੁੱਲ੍ਹਾ ਰਹਿਣਾ ਸੀ ਤੇ ਅੱਗੇ ਚੱਲ ਕੇ ਪੰਜਾਬ ਸਰਕਾਰ ਜਦੋਂ ਇਸ ਮਾਮਲੇ ਤੇ ਦੂਜੇ ਪਹਿਲੂਆਂ ਤੋਂ ਜਾਂਚ ਕਰਵਾਉਂਦੀ ਤਾਂ ਮਾਮਲੇ ਦੀ ਜਾਂਚ ਵਾਲੀ ਗੱਡੀ ਸਟੇਰਿੰਗ ਬਾਦਲ ਪਿੰਡ ਵੱਲ ਮੁੜ ਸਕਦਾ ਸੀ। ਲਿਹਾਜਾ ਪ੍ਰਬੋਧ ਕੁਮਾਰ ਦੀ ਚਿੱਠੀ ਨੇ ਸੀਬੀਆਈ ਨੂੰ ਇਹ ਮੌਕਾ ਦਿੱਤਾ ਹੈ ਕਿ ਉਹ ਇਸ ਜਾਂਚ ਨੂੰ ਅੱਗੇ ਵਧਾ ਕੇ ਇਸ ਵਿੱਚ ਵਿਦੇਸ਼ਾਂ  ਚ ਬੈਠੇ ਲੋਕਾਂ ਦਾ ਹੱਥ ਸਾਬਤ ਕਰਕੇ ਕੇਸ ਨੂੰ ਅਜਿਹੇ ਮੁਕਾਮ ਤੇ ਲਿਜਾ ਕੇ ਬੰਦ ਕਰੇ ਕਿ ਇਸ ਕੇਸ ਨੂੰ ਅੱਗੇ ਬਾਦਲਾਂ ਜਾਂ ਡੇਰਾ ਪ੍ਰੇਮੀਆਂ ਵੱਲ ਜਾਣ ਲਈ ਕੋਈ ਰਾਹ ਨਾ ਲੱਭੇ।

ਅਜਿਹਾ ਇਸ  ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸੀਬੀਆਈ ਨੇ ਹਾਈ ਕੋਰਟ ਵਿੱਚ ਵੀ ਦਾਅਵਾ ਕੀਤਾ ਕਿ ਹੈ ਕਿ ਜਦੋਂ ਕੇਸ ਇੱਕ ਵਾਰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਕੇਸ ਉਨ੍ਹਾਂ ਤੋਂ ਵਾਪਸ ਨਹੀਂ ਲਿਆ ਜਾ ਸਕਦਾ ਯਾਨੀਕਿ ਇਸ ਕੇਸ ਦੀ ਜਾਂਚ ਸੀਬੀਆਈ ਹੀ ਕਰੇਗੀ ਭਾਵੇਂ ਉਹ ਕਿਸੇ ਵੀ ਢੰਗ ਨਾਲ ਕਰੇ। ਹੁਣ ਹਾਲਾਤ ਇਹ ਹਨ ਕਿ ਇੱਕ ਪਾਸੇ ਸੀਬੀਆਈ ਆਪਣੀ ਕਲੋਜ਼ਰ ਰਿਪੋਰਟ ਵਿੱਚ ਅਦਾਲਤ ਨੂੰ ਇਹ ਲਿਖ ਕੇ ਦੇ ਚੁਕੀ ਹੈ ਕਿ ਬੇਅਦਬੀ ਮਾਮਲਿਆਂ ਦੇ ਤਿੰਨਾਂ ਕੇਸਾਂ ਵਿੱਚ ਡੇਰਾ ਪ੍ਰੇਮੀਆਂ ਦਾ ਕੋਈ ਹੱਥ ਨਹੀਂ ਹੈ ਕਿਉਂਕਿ ਜਿਨ੍ਹਾਂ ਲੋਕਾਂ ਨੂੰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਇਸ ਕੇਸ ਵਿੱਚ ਨਾਮਜ਼ਦ ਕੀਤਾ ਸੀ ਸੀਬੀਆਈ ਨੇ ਨਾ ਸਿਰਫ ਉਨ੍ਹਾਂ ਦਾ ਪੋਲੀਗ੍ਰਾਫੀ (ਝੂਠ ਫੜਨ ਵਾਲਾ) ਟੈਸਟ ਕਰਵਾਇਆ ਸੀ ਬਲਕਿ ਮੁਲਜ਼ਮਾਂ ਦੀਆਂ ਹਥਲਿਖਤਾਂ ਦਾ ਮਿਲਣ ਵੀ ਪੇਸ਼ ਕੀਤੇ ਗਏ ਸਬੂਤਾਂ ਨਾਲ ਕਰਵਾਇਆ ਗਿਆ ਸੀ ਪਰ ਨਾ ਤਾਂ ਝੂਠ ਫੜਨ ਵਾਲੇ ਟੈਸਟ ਵਿੱਚ ਕੁਝ ਨਿੱਕਲਿਆ ਤੇ ਨਾ ਹੀ ਹੱਥ ਲਿਖਤਾਂ ਦੇ ਮਿਲਾਣ ਵਿੱਚ। ਇਸ ਤੋਂ ਇਲਾਵਾ ਸੀਬੀਆਈ ਦਾ ਇਹ ਦਾਅਵਾ ਹੈ ਕਿ ਕੋਈ ਵੀ ਅਜਿਹਾ ਸਬੂਤ ਜਾਂ ਗਵਾਹ ਇਨ੍ਹਾਂ ਮੁਲਜ਼ਮਾਂ ਦੇ ਖਿਲਾਫ ਨਹੀਂ ਮਿਲਿਆ ਜਿਸ ਰਾਹੀਂ ਉਹ ਇਸ ਕੇਸ ਵਿੱਚ ਨਾਮਜ਼ਦ ਲੋਕਾਂ ਨੂੰ ਦੋਸ਼ੀ ਸਾਬਤ ਕਰ ਸਕਣ।

- Advertisement -

ਕੁੱਲ ਮਿਲਾ ਕਿ ਹੁਣ ਬੇਅਦਬੀ ਮਾਮਲਿਆਂ ਤੇ ਸਿਆਸਤ ਇਸ ਕਦਰ ਗਰਮਾ ਚੁਕੀ ਹੈ ਕਿ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਪਹਿਲਾਂ ਸੁਖਜਿੰਦਰ ਰੰਧਾਵਾ ਤੇ ਫਿਰ ਪ੍ਰਤਾਪ ਸਿੰਘ ਬਾਜਵਾ ਵਰਗੇ ਵੱਡੇ ਆਗੂਆਂ ਨੇ ਆਪਣੀ ਹੀ ਸਰਕਾਰ ਵਿਰੁੱਧ ਦੋਸ਼ਾਂ ਦੀ ਝੜੀ ਲਾਉਂਦਿਆਂ ਬਾਦਲਾਂ  ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਰੰਧਾਵਾ ਤੇ ਬਾਜਵਾ ਨੇ ਤਾਂ ਸੀਬੀਆਈ ਨੂੰ ਚਿੱਠੀ ਲਿਖਣ ਵਾਲੇ ਪ੍ਰਬੋਧ ਕੁਮਾਰ ਖਿਲਾਫ ਵੀ ਕਾਰਵਾਈ ਕਰਨ ਦੀ ਮੰਗ ਕਰ ਦਿੱਤੀ ਹੈ ਕਿਉਂਕਿ ਉਨ੍ਹਾਂ ਅਨੁਸਾਰ ਇਹ ਹੋ ਹੀ ਨਹੀਂ ਸਕਦਾ ਕਿ ਸੀਬੀਆਈ ਨੂੰ ਵਿਦੇਸ਼ ਤਾਕਤਾਂ ਵਾਲੇ ਜਿਹੜੇ ਤੱਥ ਪ੍ਰਬੋਧ ਕੁਮਾਰ ਨੇ ਹੁਣ ਰੱਖੇ ਹਨ ਪਹਿਲਾਂ ਉਨ੍ਹਾਂ ਨੂੰ ਪਤਾ ਹੀ ਨਾ ਹੋਣ। ਇਸ ਤੋਂ ਇਲਾਵਾ ਜਿਹੜਾ ਚਲਾਨ ਐਸਆਈਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਉਸ ਵਿੱਚ ਵੀ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਬਾਰੇ ਕੋਈ ਜ਼ਿਕਰ ਨਹੀਂ ਸੀ।  

ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਸੀਬੀਆਈ ਨੂੰ ਇਹ ਜਾਂਚ ਅੱਗੇ ਵਧਾਉਣ ਦੇਵੇਗੀ, ਪ੍ਰਬੋਧ ਕੁਮਾਰ ਖਿਲਾਫ ਕਾਰਵਾਈ ਕਰੇਗੀ, ਜਾਂ ਫਿਰ ਇਸ ਦੇ ਵਿਚਲਾ ਕੋਈ ਅਜਿਹਾ ਰਾਹ ਅਪਣਾਵੇਗੀ ਜਿਸ ਨਾਲ ਵਿਰੋਧੀ ਵੀ ਸ਼ਾਂਤ ਹੋ ਜਾਣ ਤੇ ਇਹ ਮਾਮਲਾ ਵੀ ਚੁੱਪ ਚਾਪ ਅੱਗੇ ਵਧਦਾ ਚਲਾ ਜਾਵੇ, ਜੋ ਕਿ ਲਗਦਾ ਨਹੀਂ  ਹੈ ਕਿ ਚੁੱਪ ਚਾਪ ਅੱਗੇ ਵਧੇਗਾ।

Share this Article
Leave a comment