ਭਾਈ ਰਾਜੋਆਣਾ ਹੋਣਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ?

Global Team
3 Min Read

ਜਗਤਾਰ ਸਿੰਘ ਸਿੱਧੂ;

ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਇਹ ਸਵਾਲ ਪੰਥਕ ਧਿਰਾਂ ਵਿਚ ਇਸ ਵੇਲੇ ਵੱਡੀ ਚਰਚਾ ਬਣਿਆ ਹੋਇਆ ਹੈ। ਪਿਛਲੇ ਦਿਨੀ ਵਾਪਰੀਆਂ ਪੰਥਕ ਘਟਨਾਵਾਂ ਇਸ ਸਵਾਲ ਦੀ ਪੁਸ਼ਟੀ ਕਰਦੀਆਂ ਹਨ। ਮਿਸਾਲ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਰਖੀ ਮੀਟਿੰਗ ਮੁਲਤਵੀ ਹੋ ਗਈ ਅਤੇ ਹੁਣ ਇਹ ਮੀਟਿੰਗ ਬਾਰਾਂ ਜੂਨ ਨੂੰ ਹੋ ਰਹੀ ਹੈ। ਕਿਹਾ ਤਾਂ ਇਹ ਗਿਆ ਕਿ ਰੁਝੇਵੇਂ ਕਾਰਨ ਮੀਟਿੰਗ ਮੁਲਤਵੀ ਕੀਤੀ ਗਈ ਹੈ ਪਰ ਅਸਲ ਰੁਝੇਵਾਂ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਬਾਰੇ ਸਹਿਮਤੀ ਬਨਾਉਣ ਦਾ ਹੈ। ਐਨ ਇਸੇ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਦੂਜੀ ਵਾਰ ਮੁਲਾਕਾਤ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਨਾਲ ਹੁੰਦੀ ਹੈ। ਇਸ ਮੁਲਾਕਾਤ ਦੇ ਫੌਰੀ ਬਾਅਦ ਟਕਸਾਲ ਮੁਖੀ ਬਾਬਾ ਧੁੰਮਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੁਰਦੁਆਰਾ ਸਾਹਿਬਾਨ ਦੀ ਗੋਲਕ ਦਾ ਪੈਸਾ ਅਕਾਲੀ ਲੀਡਰਸ਼ਿਪ ਵੱਲੋਂ ਰਾਜਸੀ ਮੰਤਵ ਲਈ ਵਰਤਣ ਲਈ ਕਮੇਟੀ ਦੀ ਭੂਮਿਕਾ ਬਾਰੇ ਦਿੱਤੇ ਬਿਆਨ ਦੀ ਨਿਖੇਧੀ ਕਰਦੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਵਲੋਂ ਜਥੇਦਾਰ ਧੁੰਮਾਂ ਨਾਲ ਦੂਜੀ ਮੁਲਾਕਾਤ ਬਾਅਦ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਬਾਰੇ ਵੀ ਜਥੇਦਾਰ ਧੁੰਮਾਂ ਦਾ ਬਿਆਨ ਸਾਹਮਣੇ ਆਇਆ ਹੈ। ਧੁੰਮਾਂ ਨੇ ਕਿਹਾ ਹੈ ਕਿ ਜੇਕਰ ਭਾਈ ਬਲਵੰਤ ਸਿੰਘ ਰਾਜੋਆਣਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਜਾਂਦੇ ਹਨ ਤਾਂ ਉਂਨਾਂ ਨੂੰ ਬਹੁਤ ਖੁਸ਼ੀ ਹੋਵੇਗੀ ਕਿਉਂਕਿ ਭਾਈ ਰਾਜੋਆਣਾ ਨੇ ਸਿੱਖ ਕੌਮ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ। ਇਹ ਵੀ ਅਹਿਮ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਰਾਜੋਆਣਾ ਦੇ ਹੱਕ ਵਿੱਚ ਲੱਖਾਂ ਲੋਕਾਂ ਦੇ ਦਸਤਖ਼ਤ ਕਰਵਾਕੇ ਕੇਂਦਰ ਨੂੰ ਦਿੱਤੇ ਸਨ ਤਾਂ ਜੋ ਰਾਜੋਆਣਾ ਨੂੰ ਰਾਹਤ ਮਿਲ ਸਕੇ। ਹੁਣ 6 ਜੂਨ ਦੇ ਘੱਲੂਘਾਰਾ ਦਿਵਸ ਉਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੜਗੱਜ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਦਮਦਮੀ ਟਕਸਾਲ ਵਲੋਂ ਇਹ ਕਹਿਕੇ ਵਿਰੋਧ ਕੀਤਾ ਗਿਆ ਸੀ ਕਿ ਜਥੇਦਾਰ ਗੜਗੱਜ ਸਾਰੇ ਪੰਥ ਦੇ ਪ੍ਰਵਾਨਿਤ ਜਥੇਦਾਰ ਨਹੀਂ ਹਨ। ਉਹ ਗੱਲ ਮੰਨੀ ਗਈ ਅਤੇ ਪਰਿਵਾਰਾਂ ਦਾ ਸਨਮਾਨ ਪ੍ਰਧਾਨ ਧਾਮੀ ਵੱਲੋਂ ਕੀਤਾ ਗਿਆ ।ਉਸ ਦੇ ਨਾਲ ਹੀ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਆ ਗਈ ਤਾਂ ਉਸ ਵੇਲੇ ਵੀ ਜਥੇਦਾਰ ਧੁੰਮਾਂ ਅਤੇ ਬਾਕੀ ਪੰਥਕ ਆਗੂ ਸਨ ਪਰ ਗਿਆਨੀ ਗੜਗੱਜ ਨਹੀਂ ਸਨ।

ਅਜਿਹੀਆਂ ਪ੍ਰਸਥਿਤੀਆਂ ਵਿੱਚ ਇਕ ਦਿਨ ਬਾਅਦ ਹੋਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਉਪਰ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਸੰਪਰਕ 9814002186

Share This Article
Leave a Comment