-ਇਕਬਾਲ ਸਿੰਘ ਲਾਲਪੁਰਾ
ਜੱਟ ਪੰਜਾਬ ਦਾ ਮੋਹਰੀ ਕਾਸ਼ਤਕਾਰ, ਖੇਤੀ ਕਰਨ ਵਾਲ਼ੀਆਂ ਹੋਰ ਬਰਾਦਰੀਆਂ ਨਾਲ਼ੋਂ ਗਿਣਤੀ ਵਿੱਚ ਵੀ ਜ਼ਿਆਦਾ ਹੈ, ਪਰ ਪੰਜਾਬ ਵਿੱਚ ਵਸਦੇ ਕੰਬੋਜ, ਸੈਣੀ, ਲੁਬਾਣਾ, ਰਾਜਪੂਤ, ਮਹਤੋਂ ਤੇ ਗੁੱਜਰ ਬਰਾਦਰੀ ਦੇ ਬਹੁਤੇ ਲੋਕ ਵੀ ਖੇਤੀਬਾੜੀ ਹੀ ਮੁੱਖ ਤੌਰ ‘ਤੇ ਕਰਦੇ ਹਨ।
ਸਬਜ਼ੀਆਂ ਤੇ ਹੋਰ ਕੈਸ਼ ਕਰੋਪ ਉਗਾਉਣ ਵਿੱਚ ਮੁਹਾਰਤ ਕਾਰਣ ਸ਼ਾਇਦ ਕੰਬੋਜ ਤੇ ਸੈਣੀ ਕਮਾਈ ਵਿੱਚ, ਪਹਿਲੇ ਦੂਜੇ ਨੰਬਰ ‘ਤੇ ਹਨ। ਦੁੱਧ ਉਤਪਾਦਨ ਵਿੱਚ ਗੁੱਜਰ ਬਰਾਦਰੀ ਮੋਹਰੀ ਹੈ, ਪਰ ਸਾਰੇ ਕਾਸ਼ਤਕਾਰ ਜੱਟ ਦੇ ਵਰਗੀਕਰਣ ਅੰਦਰ ਹੀ ਆਉਂਦੇ ਹਨ।
27 ਮਈ 1710 ਈ ਤੋਂ ਪਹਿਲਾਂ ਇਹ ਸਾਰੇ ਗ਼ੈਰ ਮਰੂਸੀ ਕਾਸ਼ਤਕਾਰ ਸਨ ਤੇ ਜ਼ਮੀਨ ਦੇ ਮਾਲਕ ਮੁਗਲ ਜਾ ਰਾਜਪੂਤ ਰਾਜੇ ਹੀ ਹੁੰਦੇ ਸਨ। ਇਸ ਦਿਨ ਕਰੀਬ 310 ਸਾਲ 4 ਮਹੀਨੇ ਪਹਿਲਾ ਬਾਬਾ ਬੰਦਾ ਸਿੰਘ ਬਹਾਦੁਰ ਜੀ ਨੇ ਸਰਹੰਦ ਵਿਖੇ,ਕਾਸ਼ਤਕਾਰ ਨੂੰ ਮਾਲਕ ਬਣਾਉਣ ਦਾ ਹੁਕਮ ਜਾਰੀ ਕਰ, ਸਮਾਜਵਾਦ ਦੇ ਮੋਹਰੀ ਬਣ ਰਾਜਾ ਰੰਕ ਬਰਾਬਰੀ ਦੇ ਗੁਰੂ ਹੁਕਮ ਤੇ ਫ਼ਲਸਫ਼ਾ ਨੂੰ ਲਾਗੂ ਕਰ ਦਿੱਤਾ।
ਬਦਕਿਸਮਤੀ ਨਾਲ ਇਨ੍ਹਾਂ ਕਾਸ਼ਤਕਾਰਾਂ ਨੂੰ ਆਜ਼ਾਦੀ ਤੋਂ ਬਾਅਦ ਬੈਕਵਰਡ ਕਲਾਸ ਦੀ ਮੋਹਰ ਲੱਗਣੀ ਸ਼ੁਰੂ ਹੋ ਗਈ, ਪਹਿਲਾਂ ਗੁੱਜਰ, ਲੁਬਾਣਾ ਤੇ ਕੰਬੋਜ ਵੋਟ ਲਈ ਬੇਕਵਰਡ ਹੋ ਗਏ, ਜਾਂ ਕਰ ਦਿੱਤੇ ਗਏ, ਫੇਰ ਬਾਦਲ ਸਾਹਿਬ ਨੇ ਸੈਣੀ ਵੀ ਸ਼ਾਮਲ ਕਰ ਦਿੱਤੇ, ਹੁਣ ਕਪਤਾਨ ਸਾਹਿਬ ਜੱਟ ਨੂੰ ਵੀ ਬੈਕਵਰਡ ਕਰਾਉਣ ਲਈ ਜੱਟ ਸਭਾ ਦੇ ਆਗੂ ਬਣੇ ਹੋਏ ਹਨ।
300 ਸਾਲ ਪਹਿਲਾਂ ਗਰੀਬ ਤੋਂ ਰਾਜੇ ਬਣੇ ਇਹ ਜੈ ਕਿਸਾਨ ਤੇ ਜੈ ਜਵਾਨ ਦਾ ਨਾਅਰਾ ਮਾਰਨ ਵਾਲੇ ਕਿਸੇ ਦੀ ਟੈਂ ਨਾ ਮੰਨਣ ਵਾਲੇ, ਗਰੀਬ ਤੇ ਲੋੜਵੰਦ ਦਾ ਮੂੰਹ ਭਰਨ ਵਾਲੇ ਅਤੇ ਅਣਖ ਤੇ ਅਨੰਦ ਨਾਲ ਜੀਉਣ ਵਾਲੇ ਇਹ ਸਾਰੇ ਕਾਸ਼ਤਕਾਰ ਤੇ ਜੱਟ ਖ਼ੁਦਕੁਸ਼ੀਆਂ ਕਰਦੇ ਤੇ ਕਰਜ਼ੇ ਥੱਲੇ ਦੱਬੇ, ਬਾਬਾ ਬੰਦਾ ਸਿੰਘ ਬਹਾਦੁਰ ਤੋਂ ਪਹਿਲਾ ਵਾਲੀ ਸਥਿਤੀ ‘ਤੇ ਪਹੁੰਚ ਗਏ ਹਨ। ਅੱਜ ਉਚ ਰਾਜਵਾੜੇ ਤੋਂ ਬੇਕਵਰਡ ਬਣ ਕੇ ਖ਼ੁਸ਼ਹਾਲੀ ਭਾਲਨ ਲਈ ਕਾਹਲੇ ਹਨ।
ਨੌਜਵਾਨ ਪੀੜ੍ਹੀ ਬਾਹਰ ਭੱਜ ਕੇ ਇਸ ਨੂੰ ਖਾਲ਼ੀ ਸਥਾਨ ਬਣਾ ਰਹੀ ਹੈ। ਨਸ਼ਾ ਵੇਚਣਾ ਤੇ ਗ਼ੈਰ-ਕਾਨੂੰਨੀ ਖਨਣ, ਸ਼ਰਾਬ ਦੇ ਠੇਕੇਦਾਰ, ਟਰਾਂਸਪੋਰਟ, ਕੇਵਲ ਦਾ ਕਾਰੋਬਾਰ ਵੀ ਬੜੇ ਘਰਾਂ ਨੂੰ ਹੀ ਅਮੀਰ ਬਣਾ ਰਿਹਾ ਹੈ।
ਇਸ ਵਿੱਚ ਕੌਣ ਸ਼ਾਮਲ ਨਹੀਂ ?
ਪਿਛਲੇ 73 ਸਾਲ ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਸ਼ੀਨੀਕਰਣ, ਖਾਦ, ਕੀੜੇਮਾਰ ਤੇ ਨਦੀਨਮਾਰ ਦਵਾਈਆਂ ਜੱਟ ਨੂੰ ਖੁਸ਼ਹਾਲ ਨਹੀਂ ਕਰ ਸਕੀਆਂ। 1970 ਤੱਕ ਤਾਂ ਰੋਟੀ ਲਈ ਕਣਕ ਵਿਦੇਸ਼ ਤੋਂ ਮੰਗਵਾਈ ਜਾਂਦੀ ਸੀ ਪਰ ਹਰੀ ਕ੍ਰਾਂਤੀ ਨਾਲ, ਪੰਜਾਬ ਦੇ ਕਿਸਾਨ ਦੀ ਅਗਵਾਈ ਹੇਠ, ਕਾਸ਼ਤਕਾਰਾਂ ਨੇ ਦੇਸ਼ ਵਿੱਚ ਅਗਲੇ ਪੰਜ ਸਾਲ ਲਈ ਵੀ ਅਨਾਜ ਦੇ ਭੰਡਾਰ ਭਰ ਦਿੱਤੇ ਹਨ। ਪਰ ਫੇਰ ਕਿਸਾਨ ਗਰੀਬ ਦਾ ਗਰੀਬ, ਵਿਚੋਲੀਆ ਤੇ ਕਾਰੋਵਾਰੀ ਕਿਉਂ ਅਮੀਰ ਤੋਂ ਅਮੀਰ ਹੁੰਦਾ ਜਾ ਰਿਹਾ ਹੈ ? ਇਹ ਵਿਚਾਰਨ ਤੇ ਹੱਲ ਲੱਭਣ ਦਾ ਵਿਸ਼ਾ ਹੈ !!
50 ਸਾਲ ਪਹਿਲਾਂ ਤੱਕ ਤਾਂ ਕਿਸਾਨ, ਕੁਦਰਤੀ ਖੇਤੀ ਕਰਦਾ ਸੀ, ਰੂੜੀ ਤੇ ਗੋਡੀ ਨਾਲ ਸੇਹਤ ਲਈ ਚੰਗੀ ਫਸਲ ਪੈਦਾ ਹੁੰਦੀ ਸੀ, ਉਪਜ ਵਧਾਉਣ ਲਈ ਕੀ ਖਾਦਾਂ ਤੇ ਕੀੜੇਮਾਰ ਜ਼ਰੂਰੀ ਸਨ ? ਪਸ਼ੂਆਂ ਦੇ ਗੋਹੇ ਤੋਂ ਲਾਹੇਵੰਦ ਖਾਦ ਬਣਾਉਣ ਦੀ ਖੌਜ ਕਿਸ ਕਰਨੀ ਤੇ ਕਰਾਉਣੀ ਸੀ ? ਬੀਜ ਦੀ ਕਿਸਮ ਸੁਧਾਰਨ ਲਈ ਸਾਡੇ ਆਪਣੇ ਬੀਜਾਂ ਨੂੰ ਸੁਧਾਰਨ ਵਾਸਤੇ ਕੀ ਯਤਨ ਹੋਇਆ ? ਇਹ ਕਿਸਨੇ ਕਰਨਾ ਤੇ ਕਰਾਉਣਾ ਸੀ ?
ਅੰਕੜਿਆਂ ਅਨੁਸਾਰ ਪੰਜਾਬ ਦੇ ਹਰ ਪਿੰਡ ਵਿੱਚ ਕਰੀਬ 40 ਟਰੈਕਟਰ ਹਨ, ਜ਼ਮੀਨ 90 ਫੀਸਦੀ ਕਿਸਾਨਾਂ ਕੋਲ ਪੰਜ ਏਕੜ ਤੋਂ ਘੱਟ ਹੈ। ਕਰਜ਼ਾ ਮੋੜਣ ਦੀ ਸਮਰੱਥਾ ਜੱਟ ਕੋਲ ਨਹੀਂ ਹੈ, ਚੀਨ ਤੇ ਜਪਾਨ ਵਾਂਗ ਛੋਟੇ ਟਰੈਕਟਰ ਤੇ ਸੰਦ ਕਿਉ ਸਸਤੇ ਭਾ ਨਹੀਂ ਦਿੱਤੇ ਜਾ ਰਹੇ ? ਕੰਪਨੀਆਂ ਤੇ ਬੈਂਕ ਕਿਸਾਨ ਨੂੰ ਕਰਜ਼ੇ ਥੱਲੇ ਦਬਾ ਕੇ ਲੁੱਟ ਰਹੇ ਹਨ।
ਜ਼ਮੀਨ ਤੇ ਬੈਂਕ ਲਿਮਟ ਵੀ ਕਰਜ਼ਾ ਹੀ ਹੈ ਤੇ ਮੋੜਨ ਦਾ ਸਾਧਨ ਕੀ ਹੈ ? ਸਹਿਕਾਰੀ ਅੰਦੋਲਨ ਮੁਕੰਮਲ ਤੌਰ ‘ਤੇ ਫੇਲ ਤੇ ਉਤਸ਼ਾਹੀਨ ਹੋ ਚੁੱਕਾ ਹੈ।
ਇਸ ਵਾਰ ਪੰਜਾਬ ਦੇ ਕੁਝ ਕਿਸਾਨਾਂ ਨੂੰ ਮੱਕੀ ਦਾ ਘਟੀਆ ਬੀਜ ਦੇ ਕੇ ਕੰਪਣੀ ਨੇ ਨੁਕਸਾਨ ਕੀਤਾ ਹੈ, ਮੁਆਵਜ਼ਾ ਕਿਸਾਨ ਨੂੰ ਕਿਸ ਨੇ ਦੇਣਾ ਹੈ?
ਖੇਤੀਬਾੜੀ ਯੁਨੀਵਰਸਟੀ ਲੁਧਿਆਣਾ ਨੇ ਹਰੀ ਕ੍ਰਾਂਤੀ ਦੇ ਅਰੰਭਿਕ ਦਿਨਾਂ ਵਿੱਚ ਸ਼ਲਾਘਾਯੋਗ ਕੰਮ ਕੀਤਾ ਸੀ ਪਰ ਇਸ ਦੇ ਪ੍ਰਸਾਰ ਕੇੰਦਰ ਅਜੇ ਤੱਕ ਵੀ ਬਲਾਕ ਪੱਧਰ ਤੇ ਨਹੀਂ ਬਣੇ, ਨਾ ਹੀ ਪੰਜਾਬ ਦੀਆਂ ਫਸਲਾਂ ਲਈ ਉੱਤਮ ਕਿਸਮਾਂ ਦੀ ਲਗਾਤਾਰ ਖੋਜ ਹੋ ਰਹੀ ਹੈ , ਕਲਾਕਾਰ , ਗੀਤ ਲਿਖਣ ਤੇ ਭਾਸ਼ਨ ਦੇਣ ਵਾਲੇ ਜ਼ਰੂਰ ਚੰਗੇ ਪੈਦਾ ਕੀਤੇ ਹਨ, ਕੀ ਪਿਛਲੇ ਤਿੰਨ ਵੀ ਸੀ ਰਹੇ ,ਸਨਾਮਾਨ ਯੋਗ ਹਸਤੀਆਂ ਨੂੰ ਪੰਜਾਬ ਸਰਕਾਰ, ਲੋਕ ਕਚੈਹਰੀ ਵਿੱਚ ਇਸ ਯੁਨੀਵਰਸਟੀ ਦੀ ਗਿਰਾਵਟ ਤੇ ਕੰਮਜੋਰੀ ਵਾਰੇ ਜਾਂ ਤਰੱਕੀ ਵਿੱਚ ਯੋਗਦਾਨ ਵਾਰੇ ਪੇਸ਼ ਕਰ ਸਕਦੀ ਹੈ ? ਖੋਜ ਲਈ ਪੈਸਾ ਤਾ ਸਰਕਾਰ ਨੇ ਹੀ ਦੇਣਾ ਹੁੰਦਾ ਹੈ।
ਫ਼ੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਲੋਕ ਭਾਸ਼ਾ ਵਿੱਚ ਫੁੱਲ ਕਰਪਸ਼ਨ ਆਫ ਇੰਡੀਆ ਆਖਿਆ ਜਾਂਦਾ ਹੈ ! ਦੋ ਮੁਕਦਮੇ ਜਿਸ ਵਿੱਚ F C I ਦੇ ਕੁਝ ਮੁਲਾਜ਼ਮ ਭ੍ਰਿਸ਼ਟਾਚਾਰ ਕਰਦੇ ਫੜੇ ਗਏ ਸੀ ਤੇ ਹਰ ਪੱਧਰ ‘ਤੇ FCI ਦੇ ਉਚ ਅਧਿਕਾਰੀਆਂ ਨੇ ਮੁਲਜ਼ਮਾਂ ਦਾ ਪੱਖ ਪੂਰਿਆ ਸੀ, ਦਾ ਮੈਂ ਖ਼ੁਦ ਗਵਾਹ ਹਾਂ ਤੇ ਅਜੇ ਤੱਕ ਹੋਰ ਵੀ ਅਨੇਕ ਸਕੈੰਡਲ ਦਬਾ ਦਿੱਤੇ ਗਏ ਹਨ, ਗੱਲ ਅਜਿਹੇ ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਦੇ ਕੇ ਸੁਧਾਰ ਕਰਨ ਦੀ ਹੈ, ਨਾ ਕਿ ਮਹਿਕਮਾ ਬੰਦ ਕਰ ਕੇ ਵਿਉਪਾਰੀਆ ਲਈ ਲੁੱਟ ਦਾ ਰਾਹ ਖੋਲਣ ਦੀ ?
ਘੱਟੋ ਘੱਟ ਖਰੀਦ ਮੁੱਲ ਕਣਕ, ਝੋਨਾ, ਦਾਲਾਂ, ਮੱਕੀ, ਕਪਾਹ,ਬਾਜ਼ਰਾ, ਗੰਨੇ ਆਦਿ ਦਾ ਵੀ ਹੈ ਪਰ ਖਰੀਦ ਸਰਕਾਰ ਕੇਵਲ ਪੰਜਾਬ ਵਿੱਚ ਝੋਨੇ ਤੇ ਕਣਕ ਦੀ ਹੀ ਕਰਦੀ ਹੈ , ਬਾਕੀ ਫਸਲਾਂ ਤਾਂ ਫੇਰ ਵੀ ਬਉਪਾਰੀ ਦੇ ਰਹਿਮੋ ਕਰਮ ‘ਤੇ ਹਨ। ਇਸ ਕਾਰਨ ਮੱਕੀ ਅੱਜ ਵੀ 900 ਰੁਪਏ ਤੋਂ ਵੱਧ ਨਹੀਂ ਵਿਕ ਰਹੀ !!
ਹਰੀ ਸਬਜ਼ੀਆਂ ਤੇ ਦੁੱਧ ਦੇ ਰੇਟ ਤੇ ਆੜ੍ਹਤੀਆਂ ਦੀ ਲੁੱਟ ਤੋਂ ਬਚਾਉਣ ਲਈ ਕਿਸਾਨ ਮੰਡੀਆਂ, ਹਰ ਅਨਾਜ ਮੰਡੀ ਵਿੱਚ ਕਿਸ ਨੇ ਖੋਲਣੀਆਂ ਹਨ ? ਦੁੱਧ ਸਸਤਾ ਹੈ ਤੇ ਫ਼ੀਡ ਮਹਿੰਗੀ ਹੋ ਰਹੀ ਹੈ, ਪੈਸੇ ਦਾ ਭੁਗਤਾਨ ਦੁੱਧ ਲਈ ਸਮੇਂ ਸਿਰ ਨਹੀਂ ਹੁੰਦਾ !!ਖੇਤੀ ਦੇ ਸਹਾਇਕ ਧੰਧਿਆ ਵਾਰੇ ਚਰਚਾ ਬਹੁਤ ਹੈ ਜ਼ਮੀਨੀ ਪੱਧਰ ਤੇ ਹਕੀਕਤ ਬਿਲਕੁਲ ਵੱਖ !! ਜ਼ੁੰਮੇਵਾਰ ਕੌਣ ਹੈ ?
MSP ਨਾਲ਼ੋਂ ਵੱਡਾ ਖ਼ਦਸ਼ਾ ਸਰਕਾਰੀ ਖਰੀਦ ਬੰਦ ਹੋਣ ਦਾ ਹੈ , ਬਾਹਰੀ ਕੰਪਣੀਆਂ ਨੇਸਲੇ ਤੇ ਪੈਪਸੀ ਪੰਜਾਬ ਵਿੱਚ ਦੁੱਧ ਫਲ ਤੇ ਟਮਾਟਰ ਦੀ ਖੇਤੀ ਕਰਵਾ ਕਿਸਾਨ ਦੀ ਕੁਝ ਇਲਾਕੇ ਵਿੱਚ ਬਾਂਹ ਫੜ ਰਹੀਆਂ ਹਨ। 1975-76 ਵਿੱਚ ਇਰਾਨ ਨੂੰ ਆਲੂ ਭੇਜ ਕੇ ਕਿਸਾਨਾਂ ਨੇ ਬਹੁਤ ਪੈਸਾ ਕਮਾਇਆ ਸੀ, ਅੱਜ ਕਰੀਬ 45 ਸਾਲ ਤੋਂ ਕੋਈ ਵੀ ਦੇਸ਼ ਪੰਜਾਬ ਤੋਂ ਇਸ ਤਰਾਂ ਖ਼ਰੀਦਾਰ ਨਹੀਂ ਬਣਿਆ ? ਕੀ ਕਿਸੇ ਕੇੰਦਰੀ ਤੇ ਪੰਜਾਬ ਸਰਕਾਰ ਨੇ ਇਸ ਵੱਲ ਕੋਈ ਯਤਨ ਕੀਤਾ ਹੈ ?
ਪੰਜਾਬ ਸਰਕਾਰ 1956 ਤੋਂ ਕੇਵਲ ਸਰਦਾਰ ਗੁਰਮੁਖ ਸਿੰਘ ਮੁਸਾਫ਼ਰ, ਕਾਮਰੇਡ ਰਾਮ ਕਿਸ਼ਨ ਤੇ ਗਿਆਨੀ ਜ਼ੈਲ ਸਿੰਘ ਆਦਿ ਦਾ, ਕਰੀਬ ਸੱਤ ਸਾਲ ਦਾ ਅਰਸਾ ਛੱਡ ਕੇ, ਬਹੁਤਾ ਸਮਾਂ ਜੱਟ ਮੁਖ ਮੰਤਰੀਆਂ ਹੇਠ ਚਲੀਆਂ ਹਨ, ਕੀ ਕੋਈ ਭੱਦਰ ਪੁਰਸ਼ ਖੇਤੀ ਵਿਕਾਸ ਲਈ ਉਸ ਵੱਲੋਂ ਠੋਸ ਕਦਮ ਦੀ ਨੀਤੀ ਪੇਸ਼ ਕਰ ਸਕਦਾ / ਸਕਦੀ ਹੈ ?
ਹਰ ਬਲਾਕ ਵਿੱਚ ਖੇਤੀ ਉਪਜ ਨੂੰ processing ਕਰਨ ਵਾਲੇ, ਕਾਰਖ਼ਾਨੇ ਹੁਣ ਤੱਕ ਲੱਗ ਜਾਣੇ ਚਾਹੀਦੇ ਸਨ, ਕੀ ਕੋਈ ਉੱਦਮ ਹੋਇਆ ? ਸਬਜ਼ੀ ਫਲ ਹੀ ਨਹੀਂ ਸਫ਼ੈਦਾ ਟਾਹਲੀ ਤੇ ਪੋਪਲਰ ਵੀ ਬਉਪਾਰੀ ਕੋਡੀਆਂ ਦੇ ਭਾ ਕਾਰਖ਼ਾਨੇ ਦੀ ਅਣਹੋਂਦ ਕਾਰਨ ਖਰੀਦ ਰਹੇ ਹਨ ! ਮਜਬੂਰ ਕਿਸਾਨ ਲੁਟਿਆ ਜਾ ਰਿਹਾ ਹੈ !
ਨਹਿਰੀ ਪਾਣੀ ਤੇ ਖੇਤੀ ਲਈ ਬਿਜਲੀ ਮੁਫ਼ਤ ਦਾ ਛੁਣਛੁਣਾ ਹੱਥ ਫੜਾ ਘਰ ਤੇ ਕਾਰਖ਼ਾਨਿਆਂ ਦੇ ਬਿਲ ਵਧਾ ਕੇ ਗਰੀਬ ਨੂੰ ਮਾਰ ਰਹੇ ਹੋ, ਮੁਫ਼ਤ ਬਿਜਲੀ ਨਹੀਂ ਨਹਿਰੀ ਪਾਣੀ ਹਰ ਖੇਤ ਨੂੰ ਕਿਸ ਨੇ ਦੇਣਾ ਹੈ ? ਦਰਿਆਵਾਂ ਦਾ ਪਾਕਿਸਤਾਨ ਨੂੰ ਜਾਂਦਾ ਪਾਣੀ ਚੁੱਕ ਕੇ ਖੇਤ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ? ਉੱਦਮ ਕਿਸ ਨੇ ਕਰਨਾ ਹੈ ? ਡੁੱਬਣ ਨੂੰ ਪੰਜਾਬੀ ਤੇ ਮੌਜਾਂ ਹੋਰਾਂ ਦੀਆਂ !!
ਖੇਤੀਬਾੜੀ ਨਾਲ ਸੰਬੰਧਤ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨਾਂ ਬਿੱਲਾਂ ਵਿੱਚ ਕੀ ਕੁਝ ਚੰਗਾ ਵੀ ਹੈ ? ਕਿਸ ਨੇ ਪੜਿਆ ਤੇ ਵਿਚਾਰਿਆ ਹੈ ?
ਕਿਸਾਨ ਦੇ ਸ਼ੰਕੇ ਦੂਰ ਕਰਨ ਦੀ ਥਾਂ ਸੜਕਾਂ ਰੋਕ ਕੀ ਪ੍ਰਪਾਤ ਹੋਵੇਗਾ ?
ਮੈਂ ਵੀ ਸਰਕਾਰੀ ਖਰੀਦ ਜਾਰੀ ਰੱਖਣ ਦੀ ਬੇਨਤੀ ਕਰਦਾ ਹਾਂ ਅਤੇ ਜੇ ਕੋਈ ਖਰੀਦ ਦਾਰ ਜ਼ਿਆਦਾ ਕੀਮਤ ਦੇ ਮਾਲ ਖਰੀਦੇ ਉਸ ਦਾ ਵੀ ਸਵਾਗਤ ਕਰਦਾ ਹਾਂ !!
ਕਿਸਾਨ ਖੁਸ਼ਹਾਲ, ਪੰਜਾਬ ਖੁਸ਼ ਤੇ ਭਾਰਤ ਮਜ਼ਬੂਤ ਲਈ ਨੀਤੀ ਬਣਾਉਣ ਦਾ ਉਪਰਾਲਾ ਕਰੀਏ !!
ਗੁਰੂ ਪਿਛਲੇ ਔਗਣ ਬਖ਼ਸ਼ ਆਗੇ ਮਾਰਗ ਪਾਵੈ !!