App Platforms
Home / ਓਪੀਨੀਅਨ / ਚੰਡੀਗੜ੍ਹ ਕਿਵੇਂ ਵੱਸਿਆ? (ਭਾਗ-12) ਪਿੰਡ ਹਮੀਰਗੜ੍ਹ – ਕੰਚਨਪੁਰਾ

ਚੰਡੀਗੜ੍ਹ ਕਿਵੇਂ ਵੱਸਿਆ? (ਭਾਗ-12) ਪਿੰਡ ਹਮੀਰਗੜ੍ਹ – ਕੰਚਨਪੁਰਾ

(ਚੰਡੀਗੜ੍ਹ ਜਿਥੇ ਹੁਣ ਸੈਕਟਰ 26 ਦਾ ਖਾਲਸਾ ਕਾਲਜ)

-ਅਵਤਾਰ ਸਿੰਘ

ਦੇਸ਼ ਦੀ ਵੰਡ ਹੋਣ ਤੋਂ ਬਾਅਦ ਪੰਜਾਬ ਦੋ ਹਿੱਸਿਆ ਵਿੱਚ ਵੰਡਿਆ ਗਿਆ। ਹਿੰਦੋਸਤਾਨ ਵਾਲੇ ਹਿੱਸੇ ਆਏ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ੍ਹ ਵਸਾਉਣਾ ਪਿਆ, ਜਿਸ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀ ਨੀਂਹ 2 ਅਪ੍ਰੈਲ 1952 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਰੱਖੀ ਗਈ। ਲੀ-ਕਾਰਬੂਜ਼ੀਅਰ ਵੱਲੋਂ ਤਿਆਰ ਕੀਤੇ ਪਲਾਨ ਮੁਤਾਬਿਕ ਤਕਰੀਬਨ 50 ਪਿੰਡਾਂ ਉੱਤੇ ਚੰਡੀਗੜ੍ਹ ਵਸਾਉਣ ਦੀ ਲੀਕ ਖਿੱਚੀ ਗਈ, ਜਿਹਨਾਂ ਵਿੱਚ 28 ਪਿੰਡਾਂ ਦਾ ਬਿਲਕੁਲ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਹੈ ਅਤੇ 22 ਪਿੰਡ ਇਸ ਸਮੇਂ ਵੀ ਚੰਡੀਗੜ੍ਹ ਵਿੱਚ ਮੌਜੂਦ ਹਨ। ਉੱਜੜ ਚੁੱਕੇ ਇਹਨਾਂ ਪਿੰਡਾਂ ਦੀ ਲੜੀ ਦੇ ਬਾਰਵੇਂ ਭਾਗ ਵਿੱਚ ਅੱਜ ਚੰਡੀਗੜ੍ਹ ਦੇ ਸੈਕਟਰ 26 ਦੇ ਖਾਲਸਾ ਕਾਲਜ ਹੇਠ ਆ ਚੁੱਕੇ ਪਿੰਡ ਹਮੀਰਗੜ੍ਹ-ਕੰਚਨਪੁਰਾ ਦੀ ਗੱਲ ਕਰਾਂਗੇ। ਇਸ ਲੜੀ ਤਹਿਤ ਸੈਕਟਰ ਵਾਈਜ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਬਾਰੇ ਸ੍. ਮਲਕੀਤ ਸਿੰਘ ਔਜਲਾ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਐਤਵਾਰ ਨੂੰ ਪਾਠਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ‌। ਅੱਜ ਪੜੋ ਕਿਵੇਂ , Village Hamirgarh Kanchanpura ਨੂੰ ਉਠਾ ਕੇ Sector 26 Chandigarh ਬਣਾਇਆ ਗਿਆ।

*ਅਕਤੂਬਰ 1950 ਵਿੱਚ ਚੰਡੀਗੜ੍ਹ ਬਣਾਉਣ ਲਈ ਪਹਿਲੇ ਫੇਸ ਵਿੱਚ ਐਕੁਆਇਰ ਕੀਤੀ 9398.83 ਏਕੜ ਜਮੀਨ ਵਿੱਚ ਵੱਸਦੇ 15 ਪਿੰਡਾਂ ਵਿੱਚ ਇੱਕ ਪਿੰਡ ਕੰਚਨਪੁਰਾ ਵੀ ਸ਼ਾਮਿਲ ਸੀ ਜਿਸ ਦਾ ਮਾਲ ਰਿਕਾਰਡ ਵਿੱਚ ਨਾਮ ਹਮੀਰਗੜ੍ਹ ਸੀ। ਹਮੀਰਗੜ੍ਹ ਦੀ ਹਦਬਸਤ ਨੰਬਰ 216 ਸੀ ਅਤੇ ਜ਼ਮੀਨ ਦਾ ਰਕਬਾ 280 ਏਕੜ ਸੀ। ਇਸ ਪਿੰਡ ਦੀ ਜ਼ਮੀਨ ਐਕੁਆਇਰ ਕਰਨ ਸਬੰਧੀ ਨੋਟੀਫਿਕੇਸ਼ਨ ਮਿਤੀ 8 ਮਈ 1951 ਨੂੰ ਜਾਰੀ ਹੋਇਆ। ਹਮੀਰਗੜ੍ਹ ਕੰਚਨਪੁਰਾ ਪਿੰਡ ਨੂੰ ਉਜਾੜ ਕੇ ਇਸ ਉੱਤੇ ਸੈਕਟਰ 26 ਅਤੇ 7 ਬਣਾਇਆ ਗਿਆ। ਇਸ ਵੇਲੇ ਇਸ ਪਿੰਡ ਦੇ ਸੈਕਟਰ 26 ਵਾਲੇ ਹਿੱਸੇ ਵਿੱਚ ਹੁਣ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਬਣਿਆ ਹੋਇਆ ਹੈ ਅਤੇ ਸੈਕਟਰ 7 ਵਾਲੇ ਹਿੱਸੇ ਵਿੱਚ CPWD ਦੇ ਸਰਕਾਰੀ ਮਕਾਨ ਬਣੇ ਹੋਏ ਹਨ।

*ਕੰਚਨਪੁਰਾ ਇੱਕ ਛੋਟਾ ਜਿਹਾ ਪਿੰਡ ਸੀ ਜਿਸ ਵਿੱਚ ਲਗਭਗ 30-35 ਕੁ ਘਰ ਵਸਦੇ ਸੀ ਜਿਹਨਾਂ ਵਿੱਚ ਤਿੰਨ ਘਰ ਪੰਡਤਾਂ ਦੇ, ਦਸ ਬਾਰਾਂ ਘਰ ਗਡਰੀਆਂ ਦੇ, ਦੋ ਤਿੰਨ ਘਰ ਤਰਖਾਣਾਂ ਦੇ ਸਨ। ਇਸ ਤੋਂ ਇਲਾਵਾ ਛੀਂਬਿਆਂ ਦੇ, ਰਾਮਦਾਸੀਆਂ ਦੇ ਅਤੇ ਜਿਮੀਂਦਾਰਾਂ ਦੇ ਵੀ ਪਰਿਵਾਰ ਇਸ ਪਿੰਡ ਵਿੱਚ ਰਹਿੰਦੇ ਸਨ। ਲੋਕਾਂ ਦਾ ਆਪਸ ਵਿੱਚ ਪਿਆਰ ਬਹੁਤ ਜਿਆਦਾ ਸੀ ਅਤੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਸਨ। ਇਸ ਪਿੰਡ ਵਿੱਚ ਇੱਕ ਖੇੜਾ ਅਤੇ ਇੱਕ ਧਰਮਸ਼ਾਲਾ ਹੁੰਦੀ ਸੀ ਅਤੇ ਪੀਣ ਵਾਲੇ ਪਾਣੀ ਲਈ ਦੋ ਖੂਹ ਹੁੰਦੇ ਸੀ। ਇਹ ਸਭ ਕੁੱਝ ਹੁਣ ਖਤਮ ਹੋ ਚੁੱਕਾ ਹੈ। *ਕੰਚਨਪੁਰੇ ਵਿੱਚ ਕੋਈ ਸਕੂਲ ਨਹੀਂ ਸੀ ਅਤੇ ਇਥੋਂ ਦੇ ਬੱਚਿਆਂ ਨੂੰ ਪੜਨ ਲਈ ਨਦੀ ਪਾਰ ਕਰਕੇ ਮਨੀਮਾਜਰੇ ਜਾਣਾ ਪੈਂਦਾ ਸੀ ਜਾਂ ਫਿਰ ਕਾਲੀਬੜ ਜਾਣਾ ਪੈਂਦਾ ਸੀ। ਇਹ ਪਿੰਡ ਕਾਲੀਬੜ, ਨਗਲਾ, ਦਲਹੇੜੀ, ਮਨੀਮਾਜਰਾ ਅਤੇ ਭੰਗੀਮਾਜਰਾ ਦੇ ਵਿਚਕਾਰ ਸੀ। ਇਸ ਪਿੰਡ ਵਿੱਚ ਗੰਨੇ ਪੀੜਨ ਲਈ ਘਲਾੜੀਆਂ ਵੀ ਲੱਗੀਆਂ ਹੋਈਆਂ ਸਨ। ਕਣਕ, ਮੱਕੀ, ਕਪਾਹ, ਮਾਂਹ, ਕਾਲੇ ਧਾਨ, ਚਰੀ, ਕਮਾਦ, ਸਰੋਂ ਅਤੇ ਮਸਰੀ ਇਥੋਂ ਦੀ ਜਮੀਨ ਵਿੱਚ ਪੈਦਾ ਹੋਣ ਵਾਲੀਆਂ ਫਸਲਾਂ ਸਨ।

 

*ਕੰਚਨਪੁਰੇ ਉੱਤੇ ਹੁਣ ਵੱਡੇ ਵੱਡੇ ਸਕੂਲ ਕਾਲਜ ਅਤੇ ਹੋਰ ਅਦਾਰੇ ਬਣੇ ਹੋਏ ਹਨ ਜਿਹਨਾਂ ਵਿੱਚ ਗਰੂ ਗੋਬਿੰਦ ਸਿੰਘ ਖਾਲਸਾ ਸਕੂਲ ਅਤੇ ਕਾਲਜ, ਸੇਂਟ ਜੌਨਸ ਸਕੂਲ, ਸੈਕਰਡ ਹਾਰਟ ਸਕੂਲ, ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਆਦਿ ਜ਼ਿਕਰਯੋਗ ਹਨ। ਖਾਲਸਾ ਕਾਲਿਜ ਨੇੜੇ ਸੈਕਟਰ 7-26 ਵਾਲੀਆਂ ਲਾਈਟਾਂ ਤੇ ਸੈਕਟਰ 7-ਏ ਵਾਲੇ ਖੂੰਜੇ ਵਿੱਚ ਖੜਾ ਪਿੱਪਲ ਇਸ ਪਿੰਡ ਦੀ ਯਾਦ ਤਾਜਾ ਕਰਾਉਂਦਾ ਹੈ। ਸੈਕਟਰ 7-ਏ ਅਤੇ 7-ਬੀ ਵਿੱਚ ਬਣੇ ਸੀ.ਪੀ.ਡਬਲਿਯੂ.ਡੀ. ਦੇ ਲਾਲ ਗੁਲਾਬੀ ਰੰਗ ਦੇ ਸਰਕਾਰੀ ਕੁਆਟਰਾਂ ਵਿੱਚ ਖੜੇ ਪੁਰਾਤਨ ਪਿੱਪਲ, ਬਰੋਟੇ ਕੰਚਨਪੁਰੇ ਦੇ ਹਨ। ਇਹ ਕੁਆਟਰ ਸੜਕ ਤੋਂ ਥੋੜਾ ਉੱਚੇ ਵੀ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਇਥੇ ਪਿੰਡ ਹੁੰਦਾ ਸੀ। ਕੰਚਨਪੁਰੇ ਦਾ ਇੱਕ ਬਹੁਤ ਵੱਡ ਬਰੋਟਾ ਸੈਕਟਰ 26 ਦੇ ਪੁਲਿਸ ਥਾਣੇ ਦੇ ਮੇਨ ਗੇਟ ਦੇ ਅੰਦਰਲੇ ਪਾਸੇ ਸੱਜੇ ਹੱਥ ਖੜਾ ਦੇਖਿਆ ਜਾ ਸਕਦਾ ਹੈ। ਇੱਕ ਪਿੱਪਲ ਇੰਜੀਨੀਅਰਿੰਗ ਕਾਲਿਜ (CCET-26) ਦੀ ਕੰਧ ਦੇ ਬਾਹਰ ਸੜਕ ਕਿਨਾਰੇ ਖੜਾ ਹੈ। ਇਸ ਦੇ ਸਾਹਮਣੇ ਸੈਕਟਰ 26 ਵਿੱਚ ਹੀ ਬਟਰ ਫਲਾਈ ਪਾਰਕ ਵਿੱਚ ਵੀ ਪੁਰਾਣੀਆਂ ਨਿੰਮਾਂ ਅਤੇ ਹੋਰ ਦਰੱਖਤ ਖੜੇ ਹਨ। ਚੰਡੀਗੜ ਬਣਾਉਣ ਵੇਲੇ ਉਠਾਏ ਗਏ ਇਸ ਪਿੰਡ ਦੇ ਲੋਕਾਂ ਨੂੰ ਨਾ ਚਾਹੁੰਦੇ ਹੋਏ ਵੀ ਇਥੋਂ ਉਜੜ ਕੇ ਹੋਰਨਾਂ ਥਾਵਾਂ ਤੇ ਜਾ ਕੇ ਵੱਸਣਾ ਪਿਆ। ਉਹ ਅੱਜ ਵੀ ਆਪਣੇ ਪਿੰਡ ਨੂੰ ਯਾਦ ਕਰਕੇ ਹੌਂਕੇ ਭਰਦੇ ਹਨ।

*ਚੰਡੀਗੜ੍ਹ ਲਈ ਕੁਰਬਾਨ ਹੋ ਚੁੱਕੇ ਪਿੰਡ ਹਮੀਰਗੜ ਕੰਚਨਪੁਰਾ ਦੀ ਯਾਦ ਵਿੱਚ ਚੰਡੀਗੜ ਪ੍ਰਸ਼ਾਸ਼ਨ ਨੂੰ ਖਾਲਸਾ ਕਾਲਜ ਨੇੜੇ ਸੈਕਟਰ 7 ਅਤੇ ਸੈਕਟਰ 26 ਦੀਆਂ ਲਾਲ ਬੱਤੀਆਂ ਵਾਲੇ ਚੌਰਾਹੇ ਦਾ ਨਾਮ ਹਮੀਰਗੜ ਕੰਚਨਪੁਰਾ ਚੌਂਕ ਅਤੇ ਸੈਕਟਰ 26 ਵਿੱਚ ਖਾਲਸਾ ਕਾਲਿਜ ਅਤੇ ਸੈਂਟ ਜੌਨਸ ਸਕੂਲ ਮੂਹਰੇ ਲੰਘਦੀ ਸੜਕ ਦਾ ਨਾਮ ਹਮੀਰਗੜ ਕੰਚਨਪੁਰਾ ਰੋਡ ਰੱਖਣ ਬਾਰੇ ਫੈਸਲਾ ਲੋਕ ਹਿੱਤ ਵਿੱਚ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਇਸ ਪਿੰਡ ਬਾਰੇ ਜਾਣਕਾਰੀ ਮਿਲਦੀ ਰਹੇ।

ਲੇਖਕ: ਮਲਕੀਤ ਸਿੰਘ ਔਜਲਾ ਪਿੰਡ ਮੁੱਲਾਂਪੁਰ ਗਰੀਬਦਾਸ, ਨੇੜੇ ਚੰਡੀਗੜ੍ਹ ਸੰਪਰਕ 9914992424

Check Also

ਕੋਵਿਡ-19 ਮਹਾਂਮਾਰੀ: ਅਵੇਸਲੇ ਨਾ ਹੋਵੋ ਵਾਇਰਸ ਅਜੇ ਵੀ ਸਰਗਰਮ ਹੈ !

-ਪੂਨਮ ਅਗਰਵਾਲ, ਨੇਹਾ ਬੱਬਰ, ਸੁਖਪ੍ਰੀਤ ਕੌਰ ਇਸ ਸਮੇਂ ਸੰਸਾਰ ਲਗਭਗ ਇੱਕ ਤਬਾਹਕੁੰਨ ਸਥਿਤੀ ਵਿੱਚੋਂ ਗੁਜ਼ਰ …

Leave a Reply

Your email address will not be published. Required fields are marked *