ਕਿਸਾਨ ਵੱਡੇ ਸੰਕਟ ਚ ਫਸਿਆ! ਖੋਖਲੇ ਨਿਕਲੇ ਸਰਕਾਰੀ ਦਾਅਵੇ

TeamGlobalPunjab
6 Min Read

-ਜਗਤਾਰ ਸਿੰਘ ਸਿੱਧੂ

 

ਪੰਜਾਬ ਦਾ ਕਿਸਾਨ ਕੋਰੋਨਾ ਮਹਾਮਾਰੀ ਦੇ ਸੰਕਟ ‘ਚ ਸਰਕਾਰੀ ਦਾਅਵਿਆਂ ਅਤੇ ਵਾਅਦਿਆਂ ਦੇ ਬਾਵਜੂਦ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਕਿਸਾਨ ਲਈ ਸਭ ਤੋਂ ਵੱਡਾ ਸੰਕਟ ਇਸ ਵੇਲੇ ਮੰਡੀਆਂ ਅੰਦਰ ਕਣਕ ਦੀ ਫਸਲ ਦੀ ਵਿਕਰੀ ਅਤੇ ਅਦਾਇਗੀ ਨੂੰ ਲੈ ਕੇ ਬਣਿਆ ਹੋਇਆ ਹੈ। ਕਿਸਾਨ ਅਜੇ ਮੰਡੀਆਂ ਅੰਦਰ ਕਣਕ ਦੀ ਵਿਕਰੀ ਨੂੰ ਲੈ ਕੇ ਪੂਰੀ ਤਰ੍ਹਾਂ ਉਲਝਿਆ ਹੋਇਆ ਹੈ ਅਤੇ ਇਸ ਦੇ ਨਾਲ ਹੀ ਅਗਲੇ ਕੁਝ ਦਿਨਾਂ ਤੱਕ ਝੋਨੇ ਦੀ ਫਸਲ ਦੀ ਲਵਾਈ ਦੀ ਬਹੁਤ ਵੱਡੀ ਚੁਣੌਤੀ ਉਸ ਦੇ ਸਾਹਮਣੇ ਖੜ੍ਹੀ ਹੈ। ਸਹਾਇਕ ਧੰਦਿਆਂ ਦੇ ਹੋਏ ਉਜਾੜੇ ਦਾ ਮਾਮਲਾ ਵੱਖਰਾ ਹੈ। ਜੇਕਰ ਕਣਕ ਦੀ ਫਸਲ ਦੀ ਵਿਕਰੀ ਬਾਰੇ ਪੰਜਾਬ ਸਰਕਾਰ ਦੇ ਦਾਅਵੇ ਦੀ ਗੱਲ ਕਰ ਲਈਏ ਤਾਂ ਇਸ ਸਮੇਂ ਤੱਕ 58 ਲੱਖ ਟਨ ਤੋਂ ਵਧੇਰੇ ਕਣਕ ਦੀ ਮੰਡੀਆਂ ‘ਚ ਖਰੀਦ ਹੋ ਚੁੱਕੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇਸ ਵਾਰ 135 ਲੱਖ ਟਨ ਕਣਕ ਮੰਡੀਆਂ ‘ਚ ਆਉਣ ਦੀ ਉਮੀਦ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਇਸ ਵੇਲੇ ਤੱਕ 40 ਫੀਸਦੀ ਕਣਕ ਮੰਡੀਆਂ ‘ਚ ਆ ਚੁੱਕੀ ਹੈ। ਕਿਸਾਨ ਨੂੰ ਹੁਣ ਤੱਕ ਕਣਕ ਦੀ ਫਸਲ ਦੀ ਅਦਾਇਗੀ ਕੇਵਲ 17 ਲੱਖ ਟਨ ਲਈ ਹੀ ਹੋਈ ਹੈ। ਇਹ ਕੁਲ ਵੇਚੀ ਗਈ ਫਸਲ ਦਾ ਇੱਕ ਤਿਹਾਈ ਹਿੱਸਾ ਬਣਦਾ ਹੈ। ਸਰਕਾਰ ਦਾ ਦਾਅਵਾ ਹੈ ਕਿ ਫਸਲ ਵੇਚਣ ਤੋਂ ਬਾਅਦ ਪੰਜ ਦਿਨਾਂ ਦੇ ਅੰਦਰ-ਅੰਦਰ ਕਿਸਾਨ ਨੂੰ ਫਸਲ ਦੀ ਅਦਾਇਗੀ ਹੋ ਜਾਵੇਗੀ। ਜਦੋਂ ਕਿ ਹੁਣ ਆਮ ਤੌਰ ‘ਤੇ 10 ਦਿਨ ਬਾਅਦ ਵੀ ਵੇਚੀ ਗਈ ਫਸਲ ਦੀ ਅਦਾਇਗੀ ਨਹੀਂ ਹੋ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨਾਲ ਇਸ ਮਾਮਲੇ ‘ਤੇ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਮੁਸ਼ਕਲ ਨਾਲ ਵੇਚੀ ਗਈ ਫਸਲ ਦੀ ਪਹਿਲੀ ਅਦਾਇਗੀ ਆਈ ਹੈ। ਕਿਸਾਨ ਨੇਤਾ ਦਾ ਕਹਿਣਾ ਹੈ ਕਿ ਕਿਸਾਨ ਲਈ ਵੇਚੀ ਗਈ ਕਣਕ ਦੀ ਅਦਾਇਗੀ ਵੱਡੀ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਰਕਾਰ ਨੇ ਸਾਰਾ ਕੁਝ ਅਫਸਰਸ਼ਾਹੀ ‘ਤੇ ਛੱਡ ਛੱਡਿਆ ਹੈ। ਮੰਤਰੀਆਂ ਅਤੇ ਹਾਕਮ ਧਿਰ ਦੇ ਆਗੂਆਂ ਵੱਲੋਂ ਕੇਵਲ ਮੀਡੀਆ ‘ਚ ਤਸਵੀਰਾਂ ਲਗਵਾਉਣ ਲਈ ਹੀ ਮੰਡੀਆਂ ਦੇ ਦੋਰੇ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ 4,000 ਤੋਂ ਵਧੇਰੇ ਖਰੀਦ ਕੇਂਦਰ ਹਨ ਤਾਂ ਮੰਡੀਆਂ ਅੰਦਰ ਕਿਸਾਨ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਅ ਦਾ ਧਿਆਨ ਰੱਖਦੇ ਹੋਏ ਫਸਲ ਲਿਆਉਣ ਦੀ ਕੋਈ ਮੁਸ਼ਕਲ ਨਹੀਂ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਵੇਲੇ ਮੰਡੀਆਂ ਅੰਦਰ ਬਾਰਦਾਨੇ ਦੀ ਵੱਡੀ ਦਿੱਕਤ ਹੈ। ਪਰ ਸਰਕਾਰ ਨੇ ਆਪਣੀ ਨਲਾਇਕੀ ਨੂੰ ਲੁਕਾਉਣ ਲਈ ਮੰਡੀਆਂ ‘ਚੋਂ ਫਸਲ ਦੀ ਚੁਕਾਈ ਦਾ ਕੰਮ ਜਾਣਬੁਝ ਕੇ ਲਟਕਾਇਆ ਹੋਇਆ ਹੈ। ਕਿਸਾਨ ਨੇਤਾ ਦਾ ਕਹਿਣਾ ਹੈ ਕਿ ਆੜ੍ਹਤੀਆਂ ਦੇ ਪਾਸ ਜਾਣਬੁਝ ਕੇ ਰੋਕ ਲਏ ਜਾਂਦੇ ਹਨ ਤਾਂ ਜੋ ਮੰਡੀ ‘ਚ ਕਣਕ ਦੀ ਮਾਤਰਾ ਘੱਟ ਆਵੇ। ਕਿਸਾਨਾਂ ਨੂੰ ਜਿੱਥੇ ਇੱਕ ਪਾਸੇ ਫਸਲ ਦੀ ਅਦਾਇਗੀ ਦੀ ਸਮੱਸਿਆ ਆ ਰਹੀ ਹੈ ਉਥੇ ਆਏ ਦਿਨ ਵਿਗੜ ਰਿਹਾ ਮੌਸਮ ਵੀ ਉਨ੍ਹਾਂ ਦੀ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਵੱਡੀ ਗਿਣਤੀ ਕਿਸਾਨਾਂ ਕੋਲ ਕਣਕ ਘਰ ਰੱਖਣ ਲਈ ਥਾਂ ਨਹੀਂ ਹੈ ਅਤੇ ਖਰਾਬ ਮੌਸਮ ਕਾਰਨ ਹਰ ਕਿਸਾਨ ਚਾਹੁੰਦਾ ਹੈ ਕਿ ਉਹ ਆਪਣੀ ਫਸਲ ਦੀ ਕਟਾਈ ਜਿੰਨੀ ਜਲਦੀ ਹੋ ਸਕੇ ਕਰ ਲਏ। ਬਰਸਾਤ ਵਾਲੇ ਮੌਸਮ ਕਾਰਨ ਕਿਸਾਨਾਂ ਨੂੰ ਨਮੀ ਦੀ ਸਮੱਸਿਆ ਵੀ ਬਣੀ ਹੋਈ ਹੈ। ਐਫ.ਸੀ.ਆਈ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਮੀ ਦੀ ਮਾਤਰਾ ‘ਚ ਛੋਟ ਲੈਣ ਵਾਸਤੇ ਕੇਂਦਰ ਸਰਕਾਰ ਨੂੰ ਲਿਖਿਆ ਗਿਆ ਹੈ ਅਤੇ ਕੇਂਦਰ ਦੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਬੇਸ਼ੱਕ ਪੰਜਾਬ ਸਰਕਾਰ ਨੇ 6 ਆਈ.ਐੱਸ. ਅਧਿਕਾਰੀਆਂ ਦੀ ਇੱਕ ਟੀਮ ਵੀ ਬਣਾਈ ਹੈ ਜਿਹੜੀ ਕਿ ਮੰਡੀਆਂ ‘ਚ ਕਣਕ ਦੀ ਵਿਕਰੀ ਬਾਰੇ ਪੜਤਾਲ ਕਰਕੇ ਸਰਕਾਰ ਨੂੰ 30 ਅਪ੍ਰੈਲ ਤੱਕ ਰਿਪੋਰਟ ਸੌਂਪੇਗੀ। ਇਸ ਦੇ ਬਾਵਜੂਦ ਕਿਸਾਨਾਂ ਲਈ ਫੌਰੀ ਸਮੱਸਿਆ ਮੰਡੀਆਂ ‘ਚ ਕਣਕ ਦੀ ਵਿਕਰੀ ਦਾ ਪ੍ਰਬੰਧ ਦੁਰੱਸਤ ਕਰਨ ਅਤੇ ਫਸਲ ਦੀ ਅਦਾਇਗੀ ਬਾਰੇ ਹੈ। ਇਸ ਦੀ ਜਵਾਹਦੇਹੀ ਕੈਪਟਨ ਅਮਰਿੰਦਰ ਸਰਕਾਰ ਕੋਲੋਂ ਵਿਰੋਧੀ ਧਿਰਾਂ ਅਤੇ ਕਿਸਾਨ ਜਥੇਬੰਦੀਆਂ ਵੀ ਮੰਗ ਕਰ ਰਹੀਆਂ ਹਨ।

ਕਿਸਾਨ ਦੀ ਸਮੱਸਿਆ ਕੇਵਲ ਕਣਕ ਦੀ ਫਸਲ ਦੇ ਸੰਭਾਲਣ ਨਾਲ ਹੀ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਹੈ ਸਗੋਂ ਉਸ  ਦੇ ਸਾਹਮਣੇ ਅਗਲੇ ਦਿਨਾਂ ‘ਚ ਝੋਨੇ ਦੀ ਲਵਾਈ ਦੀ ਬਹੁਤ ਵੱਡੀ ਸਮੱਸਿਆ ਹੈ। ਇਸ ਸੰਕਟ ਦੇ ਸਮੇਂ ‘ਚ ਦੂਜੇ ਰਾਜਾਂ ਤੋਂ ਆਉਣ ਵਾਲੇ ਮਜ਼ਦੂਰ ਇਸ ਵਾਰ ਬਹੁਤ ਘੱਟ ਆਉਣ ਦੀ ਉਮੀਦ ਹੈ। ਇਸ ਲਈ ਕਿਸਾਨਾਂ ਨੂੰ ਸਥਾਨਕ ਪੱਧਰ ਦੇ ਮਜ਼ਦੂਰਾਂ ਅਤੇ ਝੋਨੇ ਦੀ ਸਿੱਧੀ ਲਵਾਈ ਵਾਲੀਆਂ ਮਸ਼ੀਨਾਂ ‘ਤੇ ਨਿਰਭਰ ਕਰਨਾ ਹੋਵੇਗਾ। ਝੋਨੇ ਦੀ ਲਵਾਈ ਕਿਵੇਂ ਹੋਵੇਗੀ, ਇਸ ਦਾ ਪਤਾ ਤਾਂ ਆਉਣ ਵਾਲੇ ਦਿਨਾਂ ‘ਚ ਹੀ ਲੱਗੇਗਾ ਪਰ ਇਹ ਜ਼ਰੂਰ ਸਪਸ਼ਟ ਹੋ ਗਿਆ ਹੈ ਕਿ ਇਸ ਵਾਰ ਕਿਸਾਨ ਨੂੰ ਮਹਿੰਗੇ ਭਾਅ ਝੋਨੇ ਦੀ ਲਵਾਈ ਕਰਵਾਉਣੀ ਪਏਗੀ ਜਦੋਂ ਕਿ ਪੈਸੇ ਵੱਲੋਂ ਉਸ ਦੀ ਜੇਬ੍ਹ ਪਹਿਲਾਂ ਹੀ ਖਾਲੀ ਹੈ। ਸਰਕਾਰ ਦਾਅਵੇ ਤਾਂ ਕਿਸਾਨਾਂ ਦੀ ਮਦਦ ਦੇ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਇਹ  ਹੈ ਕਿ ਸਿੱਧੀ ਲਵਾਈ ਵਾਲੀਆਂ ਮਸ਼ੀਨਾਂ ਦੇ ਭਾਅ ਪਿਛਲੇ ਸਾਲ ਦੇ ਮੁਕਾਬਲੇ ਦੁਗਣੇ ਹੋ ਗਏ ਹਨ। ਇਸ ਤਰ੍ਹਾਂ ਸਰਕਾਰ ਵੱਲੋਂ ਇਨ੍ਹਾਂ ਮਸ਼ੀਨਾਂ ‘ਤੇ ਦਿੱਤੀ ਜਾਣ ਵਾਲੀ ਸਬਸਿਡੀ ਮਸ਼ੀਨਾਂ ਬਣਾਉਣ ਵਾਲੀਆਂ ਕੰਪਨੀਆਂ ਦੇ ਢਿੱਡ ‘ਚ ਪਏਗੀ ਜਾਂ ਇਸ ਦਾ ਕੋਈ ਆਮ ਕਿਸਾਨ ਨੂੰ ਫਾਇਦਾ ਹੋਏਗਾ? ਇਸ ਦਾ ਜਵਾਬ ਤਾਂ ਸਰਕਾਰ ਹੀ ਦੇ ਸਕਦੀ ਹੈ। ਸਹਾਇਕ ਧੰਦਿਆਂ ਦੇ ਮੁੱਦੇ ‘ਤੇ ਸਥਿਤੀ ਇਹ ਬਣੀ ਹੋਈ ਹੈ ਕਿ ਅਜੇ ਤੱਕ ਵੀ ਇਹ ਧੰਦੇ ਉਜਾੜੇ ਵਾਲੀ ਸਥਿਤੀ ‘ਚੋਂ ਹੀ ਲੰਘ ਰਹੇ ਹਨ। ਕੀ ਸਰਕਾਰ ਸੰਕਟ ‘ਚ ਫਸੇ ਕਿਸਾਨ ਦੇ ਸਹਾਇਕ ਧੰਦਿਆਂ ਨੂੰ ਬਚਾਉਣ ਲਈ ਵੀ ਕੋਈ ਉਪਰਾਲਾ ਕਰ ਰਹੀ ਹੈ? ਕਿਸਾਨ ਨੂੰ ਅਜੇ ਤੱਕ ਇਸ ਸਵਾਲ ਦਾ ਜਵਾਬ ਨਹੀਂ ਮਿਲਿਆ ਹੈ।

- Advertisement -

ਸੰਪਰਕ : 9814002186

Share this Article
Leave a comment