ਨਾਗਰਿਕਤਾ ਸੋਧ ਬਿਲ ਦੇ ਹੱਕ ‘ਚ ਵੋਟ ਪਾਉਣ ਤੋਂ ਪਹਿਲਾਂ ਬਾਦਲ ਜੋੜੇ ਨੂੰ ਕਿਉਂ ਨਹੀਂ ਯਾਦ ਆਇਆ ਮੁਸਲਿਮ ਭਾਈਚਾਰਾ-ਭਗਵੰਤ ਮਾਨ

TeamGlobalPunjab
4 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਦੇ ਨਾਗਰਿਕਤਾ ਸੋਧ ਬਿਲ ‘ਚ ਮੁਸਲਿਮ ਭਾਈਚਾਰੇ ਬਾਰੇ ਬਿਆਨ ਦਾ ਸਖ਼ਤ ਨੋਟਿਸ ਲੈਂਦੇ ਹੋਏ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਕੈਬਿਨੇਟ ਮੰਤਰੀ ਧਰਮ-ਪਤਨੀ ਹਰਸਿਮਰਤ ਕੌਰ ਬਾਦਲ ‘ਤੇ ਤਿੱਖਾ ਹਮਲਾ ਬੋਲਿਆ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਨਾਗਰਿਕਤਾ ਸੋਧ ਕਾਨੂੰਨ ‘ਚ ਹੁਣ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਕੀਤੇ ਜਾਣ ਦੀ ਮੰਗ ਕੋਈ ਮਾਇਨੇ ਨਹੀਂ ਰੱਖਦੀ, ਕਿਉਂਕਿ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਬਤੌਰ ਸੰਸਦ ਮੈਂਬਰ ਇਸ ਕਾਲੇ ਅਤੇ ਫ਼ਿਰਕੂ ਕਾਨੂੰਨ ਦੇ ਹੱਕ ‘ਚ ਡਟ ਕੇ ਵੋਟ ਪਾਈ ਹੈ। ਮਾਨ ਅਨੁਸਾਰ, ” ਪਾਰਲੀਮੈਂਟ ਅੰਦਰ ਮੈਂ ਉਸ ਮਨਹੂਸ ਘੜੀ ਦਾ ਗਵਾਹ ਹਾਂ ਜਦ ਬਾਦਲ ਜੋੜੇ ਨੇ ਉਸ ਨਾਗਰਿਕਤਾ ਸੋਧ ਬਿਲ ਦੇ ਹੱਕ ‘ਚ ਵੋਟ ਪਾਈ ਜਿਸ ਨੂੰ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਫ਼ਿਰਕੂ ਭਾਵਨਾ ਤਹਿਤ ਕਾਨੂੰਨੀ ਮਾਨਤਾ ਦਿੱਤੀ ਗਈ ਅਤੇ ਇਸ ‘ਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਨਹੀਂ ਕੀਤਾ ਗਿਆ।”

ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਨੇ ਲੋਕ ਸਭਾ ਅਤੇ ਰਾਜ ਸਭਾ ਵਿਚ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਨਾਗਰਿਕਤਾ ਸੋਧ ਬਿਲ ਦੇ ਹੱਕ ‘ਚ ਵੋਟ ਪਾਉਣ ਸਮੇਂ ਮੁਸਲਿਮ ਭਾਈਚਾਰੇ ਦੀ ਥਾਂ ਸਿਰਫ਼ ਅਤੇ ਸਿਰਫ਼ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਹੀ ਯਾਦ ਸੀ। ਮੁਸਲਿਮ ਭਾਈਚਾਰੇ ਨੂੰ ਇਸ ਕਾਨੂੰਨ ਦਾ ਹਿੱਸਾ ਬਣਾਉਣ ਦੀ ਮੰਗ ਉੱਤੇ ਜੇਕਰ ਬਾਦਲ ਵੋਟ ਵਿਰੁੱਧ ਪਾਉਂਦੇ ਤਾਂ ਮੋਦੀ ਦੇ ਮੰਤਰੀ ਮੰਡਲ ‘ਚ ‘ਨੰਨ੍ਹੀ ਛਾਂ’ ਦੀ ਕੁਰਸੀ ਖੁੱਸ ਜਾਣੀ ਸੀ। ਅਸਲੀ ਤਾਕਤ ਵੋਟ ਸੀ, ਜਿਸ ਨੂੰ ਬਾਦਲ ਜੋੜੇ ਨੇ ਮੁਸਲਿਮ ਭਾਈਚਾਰੇ ਦੇ ਵਿਰੁੱਧ ਵਰਤਿਆ, ਇਸ ਲਈ ਹੁਣ ਬਿਆਨਬਾਜ਼ੀ ਰਾਹੀਂ ਮਗਰਮੱਛ ਦੇ ਹੰਝੂ ਵਹਾ ਕੇ ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ।

ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਸੰਬੋਧਿਤ ਹੁੰਦਿਆਂ ਕਿਹਾ, ”ਹੁਣ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਬਾਦਲਾਂ ਦੀ ਦੋਗਲੀ ਨੀਤੀ ਨਹੀਂ ਚੱਲਣ ਦਿਆਂਗਾ। ਪੰਜਾਬ ‘ਚ ਕੀ ਬੋਲਦੇ ਹੋ ਅਤੇ ਕੀ ਕਰਦੇ ਹੋ ਉਸ ਦਾ ਭਾਂਡਾ ਪਾਰਲੀਮੈਂਟ ‘ਚ ਭੰਨਾਂਗਾ ਅਤੇ ਦਿੱਲੀ ਜਾ ਪਾਰਲੀਮੈਂਟ ‘ਚ ਕੀ ਕਹਿੰਦੇ ਅਤੇ ਕੀ ਕਰਦੇ ਹੋ, ਉਸ ਦੀਆਂ ਸਾਰੀਆਂ ਦੋਗਲੀਆਂ ਪਰਤਾਂ ਪੰਜਾਬ ਦੇ ਲੋਕਾਂ ‘ਚ ਉਧੇੜਾਂਗਾ।”

- Advertisement -

ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਨਸੀਹਤ ਦਿੱਤੀ, ”ਹੁਣ ਰਾਜਨੀਤੀ ‘ਚ ਪ੍ਰਕਾਸ਼ ਸਿੰਘ ਬਾਦਲ ਵਾਲਾ ਦੋਹਰੇ ਚਿਹਰੇ ਵਾਲਾ ਮਾਡਲ ਨਹੀਂ ਚੱਲੇਗਾ, ਉਹ ਵਕਤ ਬੀਤ ਚੁੱਕਿਆ ਹੈ ਕਿ ਕਰਨਾ ਕੁੱਝ ਅਤੇ ਕਹਿਣਾ ਕੁੱਝ ਫਿਰ ਵੀ ਦਹਾਕਿਆਂ ਬੱਧੀ ਪਰਦੇ ਪਏ ਰਹਿਣਗੇ। ਸੰਚਾਰ-ਸਾਧਨਾਂ ਦੀ ਕ੍ਰਾਂਤੀ ਅਤੇ ਲੋਕਾਂ ਦੀ ਜਾਗਰੂਕਤਾ ਕਾਰਨ ਹੁਣ ਜੁਮਲੇਬਾਜੀ ਅਤੇ ਪਰਦੇ ਦੇ ਪਿੱਛੇ ਵਾਲੀ ਸਿਆਸਤ ਦਾ ਹੁਣ ਨਾਲ ਦੀ ਨਾਲ ਹੀ ਸੱਚ ਸਾਹਮਣੇ ਆ ਜਾਂਦਾ ਹੈ। ਇਸ ਲਈ ਹੁਣ ਦੋਗਲੀ ਸਿਆਸਤ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੋ। ਬਾਦਲ ਸਾਹਿਬ! ਇਸ ਤਰਾਂ ਦੀ ਸਿਆਸਤ ਦਾ ਉਸੇ ਤਰਾਂ ਮਜ਼ਾਕ ਉੱਡੇਗਾ ਜਿਵੇਂ ਤੁਹਾਡੇ ਵੱਲੋਂ ਰੇਤ ਮਾਫ਼ੀਆ ਖ਼ਿਲਾਫ਼ ਕੀਤੀ ਬਿਆਨਬਾਜ਼ੀ ਅਤੇ ‘ਮਾਫ਼ੀਆ ਰਾਜ’ ਵਿਰੁੱਧ ਦਿੱਤੇ ਜਾ ਰਹੇ ਰੋਸ ਧਰਨਿਆਂ ਦਾ ਉੱਡ ਰਿਹਾ ਹੈ, ਕਿਉਂਕਿ ਸੂਬੇ ‘ਚ ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਸ਼ਰਾਬ ਮਾਫ਼ੀਆ, ਡਰੱਗ ਮਾਫ਼ੀਆ, ਕੇਬਲ ਮਾਫ਼ੀਆ ਸਮੇਤ ਮਾਫ਼ੀਆ ਮਾਡਲ ਦੇ ਪਿਤਾਮਾ (ਫਾਊਂਡਰ) ਤੁਸੀਂ (ਬਾਦਲ) ਖ਼ੁਦ ਹੀ ਹੋ। ਜਿਸ ਨੂੰ ਲੋਕ ਕਦੇ ਨਹੀਂ ਭੁੱਲ ਸਕਦੇ।”

Share this Article
Leave a comment