ਸਹਿਮ ਵਿੱਚ ਕਿਉਂ ਹੈ ਅਜੋਕੀ ਔਰਤ

TeamGlobalPunjab
5 Min Read

ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

ਅੱਜ ਕੱਲ੍ਹ ਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਲੜਕੀਆਂ ਅਤੇ ਮਹਿਲਾਵਾਂ ਦੇ ਮਨ ਵਿੱਚ ਘਬਰਾਹਟ ਪੈਦਾ ਹੋ ਰਹੀ ਹੈ। ਵੱਡੀ ਗਿਣਤੀ ਲੜਕੀਆਂ ਸਕੂਲਾਂ , ਕਾਲਜਾਂ ਵਿੱਚ ਪੜ੍ਹਦੀਆਂ ਹਨ ਅਤੇ ਔਰਤਾਂ ਦਫਤਰਾਂ ਵਿੱਚ ਅਹਿਮ ਅਹੁਦਿਆਂ ‘ਤੇ ਵੀ ਬਿਰਾਜਮਾਨ ਹਨ। ਇਹ ਸਰਕਾਰੀ, ਪ੍ਰਾਈਵੇਟ ਅਤੇ ਹੋਰ ਗੈਰ-ਸਰਕਾਰੀ ਅਦਾਰਿਆਂ ਵਿੱਚ ਆਪਣੀਆਂ ਡਿਊਟੀਆਂ ਉਪਰ ਤਾਇਨਾਤ ਹੋ ਕੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾ ਰਹੀਆਂ ਹਨ। ਹਰ ਖੇਤਰ ‘ਚ ਅਹਿਮ ਭੂਮਿਕਾ ਨਿਭਾ ਕੇ ਨਾਮਣਾ ਖੱਟ ਰਹੀ ਹੈ ਅੱਜ ਦੀ ਔਰਤ ਦੇ ਦਿਲ ‘ਚ ਸਹਿਮ ਵੀ ਹੈ। ਉਹ ਹਰ ਰੁਤਬੇ ‘ਤੇ ਪਹੁੰਚ ਕੇ ਮਰਦ ਦੇ ਬਰਾਬਰ ਹਿੱਸਾ ਤਾਂ ਪਾ ਰਹੀ ਪਰ ਅੰਦਰੋਂ ਮਜ਼ਬੂਤ ਨਹੀਂ ਹੈ। ਹਰ ਘਰ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਔਰਤ ਮੌਜੂਦ ਹੈ, ਫੇਰ ਉਹ ਅਸੁਰੱਖਿਅਤ ਕਿਉਂ ਹੈ।
ਹੈਦਰਾਬਾਦ, ਉਨਾਓ, ਦਿੱਲੀ ਅਤੇ ਹੋਰ ਥਾਂਵਾਂ ਵਿੱਚ ਹੋਈਆਂ ਜਬਰ ਜਨਾਹ ਦੀਆਂ ਵਾਰਦਾਤਾਂ ਨੇ ਹਰ ਇਕ ਨੂੰ ਸ਼ਰਮਸਾਰ ਕੀਤਾ ਹੈ। ਹਾਲਾਂਕਿ ਕਾਨੂੰਨ ਵਿੱਚ ਸਖਤੀ ਵੀ ਲਿਆਂਦੀ ਗਈ। ਪਰ ਕਾਨੂੰਨ ਦੀ ਲੰਬੀ ਪ੍ਰਕਿਰਿਆ ਕਾਰਨ ਇਨਸਾਫ ਮਿਲਣ ਵਿੱਚ ਦੇਰੀ ਹੋ ਜਾਂਦੀ ਹੈ। ਪੀੜਤ ਅੱਕ ਥੱਕ ਕੇ ਹਾਰ ਜਾਂਦੀ ਹੈ।
ਰਿਪੋਰਟਾਂ ਮੁਤਾਬਿਕ ਫਰੀਦਕੋਟ ਦੇ ਮੈਡੀਕਲ ਕਾਲਜ ਦੀ ਪਿਛਲੇ ਵੀਹ ਦਿਨਾਂ ਤੋਂ ਇਨਸਾਫ਼ ਲਈ ਧਰਨੇ ’ਤੇ ਬੈਠੀ ਜਿਨਸੀ ਸ਼ੋਸ਼ਣ ਪੀੜਤ ਮਹਿਲਾ ਡਾਕਟਰ ਨੇ ਸ਼ੁੱਕਰਵਾਰ ਨੂੰ ਪੁਲੀਸ ਨੂੰ ਝਕਾਨੀ ਦੇ ਕੇ 6 ਹੋਰ ਸਾਥਣਾਂ ਨਾਲ ਮਿਲ ਕੇ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਦਾਖ਼ਲ ਹੋ ਗਈ। ਉਨ੍ਹਾਂ ਨੇ ਡੀ ਸੀ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ’ਤੇ ਬੈਠ ਗਈਆਂ। ਇਸ ਦੀ ਸੂਚਨਾ ਮਿਲਦਿਆਂ ਪੁਲੀਸ ਨੇ ਧਰਨੇ ਵਾਲੀ ਥਾਂ ਨੂੰ ਘੇਰਾ ਪਾ ਲਿਆ ਅਤੇ ਡਾਕਟਰ ਸਮੇਤ ਛੇ ਲੜਕੀਆਂ ਨੂੰ ਕਥਿਤ ਤੌਰ ’ਤੇ ਜ਼ਬਰਦਸਤੀ ਚੁੱਕ ਕੇ ਥਾਣੇ ਲੈ ਗਏ। ਪਰ ਕਰੀਬ ਦੋ ਘੰਟਿਆਂ ਬਾਅਦ ਉਨ੍ਹਾਂ ਨੂੰ ਰਿਹਾਅ ਵੀ ਕਰ ਦਿੱਤਾ ਗਿਆ। ਕਮੇਟੀ ਨੇ 2 ਦਸੰਬਰ ਤੱਕ ਜਾਂਚ ਮੁਕੰਮਲ ਕਰਨੀ ਸੀ ਪਰ ਅਜੇ ਤੱਕ ਕੁਝ ਨਹੀਂ ਬਣਿਆ। ਪੀੜਤ ਡਾਕਟਰ ਦਾ ਕਹਿਣਾ ਕਿ ਪ੍ਰਸ਼ਾਸਨ ਬਹਾਨੇ ਬਣਾ ਕੇ ਮੁਲਜ਼ਮ ਡਾਕਟਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਪੁਲੀਸ ਨੇ ਉਸ ਨੂੰ ਕਥਿਤ ਧਮਕੀ ਦਿੱਤੀ ਕਿ ਜੇ ਉਹ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਵਾਉਣ ਦੀ ਮੰਗ ਤੋਂ ਪਿੱਛੇ ਨਹੀਂ ਹਟਦੀ ਤਾਂ ਉਸ ਦੀ ਨੌਕਰੀ ਨੂੰ ਵੀ ਖ਼ਤਰਾ ਹੋ ਸਕਦਾ ਹੈ। ਹੁਣ ਜਿਨਸੀ ਸ਼ੋਸ਼ਣ ਵਿਰੁੱਧ ਐਕਸ਼ਨ ਕਮੇਟੀ ਦੇ ਆਗੁਆਂ ਨੇ ਕਿਹਾ ਕਿ ਪੀੜਤ ਔਰਤ ਡਾਕਟਰ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਭਰ ਦੀਆਂ ਜਥੇਬੰਦੀਆਂ 7 ਦਸੰਬਰ ਨੂੰ ਡੀਸੀ ਦਫ਼ਤਰ ਦਾ ਘਿਰਾਓ ਕਰਨਗੀਆਂ। ਉਧਰ ਰਿਪੋਰਟਾਂ ਅਨੁਸਾਰ ਡੀਐੱਸਪੀ ਗੁਰਪ੍ਰੀਤ ਸਿੰਘ ਨੇ ਲੜਕੀ ਨੂੰ ਗ੍ਰਿਫ਼ਤਾਰ ਕਰਨ ਤੋਂ ਇਨਕਾਰ ਵੀ ਕੀਤਾ ਹੈ। ਉਹ ਇਨਸਾਫ ਲਈ ਜੂਝ ਰਹੀ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਔਰਤਾਂ ਇਨਸਾਫ ਪ੍ਰਾਪਤੀ ਲਈ ਭਟਕ ਰਹੀਆਂ ਹਨ। ਉੱਤਰ ਪ੍ਰਦੇਸ਼ ਦੇ ਉਨਾਓ ਦੀ ਜਬਰ ਜਨਾਹ ਪੀੜਤਾ ਜੋ ਇਨਸਾਫ ਦੀ ਮੰਗ ਕਰ ਰਹੀ ਸੀ, ਨੂੰ ਸ਼ਰੇਆਮ ਜਿੰਦਾ ਸਾੜ ਦਿੱਤਾ ਗਿਆ। ਅਖੀਰ ਸ਼ਨਿਚਰਵਾਰ ਨੂੰ ਉਸ ਨੇ ਦਿੱਲੀ ਦੇ ਸਫ਼ਦਰਜੰਗ ਹਸਤਾਲ ਵਿੱਚ ਦਮ ਤੋੜ ਦਿੱਤਾ। ਸਿਆਸੀ ਸਰਪ੍ਰਸਤੀ ਹੇਠ ਹੁੰਦੇ ਅਜਿਹੇ ਕਾਰੇ ਪੀੜਤ ਨੂੰ ਧਮਕਾ ਕੇ ਅੱਗੇ ਤਕ ਪਹੁੰਚਣ ਨਹੀਂ ਦਿੰਦੇ।
ਰਿਪੋਰਟਾਂ ਮੁਤਾਬਿਕ ਅਜਿਹੇ ਮਾਹੌਲ ਨੂੰ ਧਿਆਨ ਵਿੱਚ ਰੱਖਦਿਆਂ ਹਰਿਆਣਾ ਸਰਕਾਰ ਨੇ ਸੂਬੇ ਦੀਆਂ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜ ਜ਼ਿਲਿਆਂ ਵਿੱਚ ਕੇਵਲ ਲੜਕੀਆਂ ਵਾਸਤੇ ਬੱਸਾਂ ਚਲਾਉਣ ਦੀ ਯੋਜਨਾ ਤਿਆਰ ਕੀਤੀ ਹੈ। ਪੰਚਕੂਲਾ, ਅੰਬਾਲਾ, ਕਰਨਾਲ, ਯਮੁਨਾਨਗਰ ਅਤੇ ਕੁਰੂਕਸ਼ੇਤਰ ਜ਼ਿਲਿਆਂ ਵਿਚ ‘ਛਾਤਰਾ ਪਰਿਵਹਨ ਸੁਰਕਸ਼ਾ ਯੋਜਨਾ’ ਤਹਿਤ ਇਹ ਬੱਸਾਂ ਚੱਲਣਗੀਆਂ। ਸੂਬੇ ਦੇ ਮੁੱਖ ਮੰਤਰੀ ਨੇ ਇਹ ਕਦਮ ਸਕੂਲਾਂ ਵਿੱਚ ਪੜ੍ਹ ਰਹੀਆਂ ਲੜਕੀਆਂ ਦੀ ਸੁਰੱਖਿਆ ਲਈ ਚੁੱਕਿਆ ਹੈ। ਇਹਨਾਂ ਬੱਸਾਂ ਵਿੱਚ ਗੈਰ-ਸਮਾਜੀ ਅਨਸਰਾਂ ਉਪਰ ਨਜ਼ਰ ਰੱਖਣ ਲਈ ਇਕ ਮਹਿਲਾ ਕਾਂਸਟੇਬਲ ਵੀ ਤਾਇਨਾਤ ਹੋਵੇਗੀ। ਲੜਕੀਆਂ ਲਈ ਜਿਥੇ ਬੱਸਾਂ ਨਹੀਂ ਜਾ ਸਕਦੀਆਂ ਉਥੋਂ ਲਈ ਛੋਟੀਆਂ ਗੱਡੀਆਂ ਵੀ ਉਪਲਬਧ ਕਾਰਵਾਈਆਂ ਜਾਣਗੀਆਂ। ਸਿੱਖਿਆ ਵਿਭਾਗ ਦੇ ਅਧਿਕਾਰੀ ਬੱਸਾਂ ਦੇ ਰੂਟ ਤਿਆਰ ਕਰਨਗੇ। ਹਰਿਆਣਾ ਸਰਕਾਰ ਦਾ ਇਹ ਇਕ ਵਧੀਆ ਕਦਮ ਹੈ।
ਮਰਦ ਪ੍ਰਧਾਨ ਸਮਾਜ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ। ਕਿਸੇ ਵੱਲ ਵੀ ਮਾੜੀ ਨਜ਼ਰ ਨਾਲ ਦੇਖਣ ਤੋਂ ਪਹਿਲਾਂ ਉਹ ਆਪਣੇ ਪਰਿਵਾਰ ਵਿੱਚ ਬੈਠੀਆਂ ਧੀਆਂ ਅਤੇ ਭੈਣਾਂ ਵੱਲ ਝਾਤ ਜ਼ਰੂਰ ਮਾਰ ਲਵੇ।

Share this Article
Leave a comment