ਪੰਜਾਬ ‘ਚ ਸੰਕਟ ਲਈ ਜ਼ਿੰਮੇਵਾਰ ਧਿਰਾਂ ਹੁਣ ਛੁਣਛੁਣਿਆਂ ਦੀ ਰਾਜਨੀਤੀ ‘ਤੇ ਉਤਰੀਆਂ

TeamGlobalPunjab
6 Min Read

ਜਗਤਾਰ ਸਿੰਘ ਸਿੱਧੂ

ਸੀਨੀਅਰ ਪੱਤਰਕਾਰ

ਚੰਡੀਗੜ੍ਹ : ਪੰਜਾਬ ਦੀਆਂ ਦੋ ਮੁੱਖ ਰਵਾਇਤੀ ਪਾਰਟੀਆਂ ਨੂੰ ਜਿੱਥੇ ਅੰਦਰੂਨੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਪੰਜਾਬੀਆਂ ਵਿੱਚ ਦੋਵਾਂ ਧਿਰਾਂ ਦੀ ਕਾਰਗੁਜਾਰੀ ਬਾਰੇ ਸਵਾਲ ਉੱਠ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤਿੰਨ ਸਾਲ ਪੂਰੇ ਕਰ ਰਹੀ ਹੈ ਪਰ ਪਾਰਟੀ ਅੰਦਰ ਨਿਰਾਸ਼ਤਾ ਛਾਈ ਹੋਈ ਹੈ ਅਤੇ ਪਾਰਟੀ ਅੰਦਰੋਂ ਹੀ ਬਾਗੀ ਸੁਰਾਂ ਉੱਠ ਰਹੀਆਂ ਹਨ। ਇਸ ਤੋਂ ਪਹਿਲਾਂ ਸੱਤਾ ਵਿੱਚ ਦਸ ਸਾਲ ਰਹੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਅਕਾਲੀ ਦਲ ‘ਚ ਸਥਿਤੀ ਬੇਭਰੋਸੇਗੀ ਵਾਲੀ ਬਣੀ ਹੋਈ ਹੈ। ਪੰਜਾਬ ਦੇ ਲੋਕਾਂ ਨਾਲ ਜੁੜੇ ਮੁੱਦਿਆਂ ‘ਤੇ ਦੋਹਾਂ ਧਿਰਾਂ ਦੇ ਆਗੂਆਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸ਼ੱਕ ਦੋਹਾਂ ਪਾਰਟੀਆਂ ਦੇ ਆਗੂਆਂ ਵੱਲੋਂ ਬਾਗੀ ਸੁਰਾਂ ਵਿਰੁੱਧ ਕਾਰਵਾਈ ਦੀ ਧਮਕੀ ਦਿੱਤੀ ਜਾ ਰਹੀ ਹੈ ਪਰ ਅਜਿਹੀਆਂ ਧਮਕੀਆਂ ਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਦੂਹਰੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਅੰਦਰੋਂ ਪਹਿਲਾਂ ਕੈਬਨਿਟ ਮੰਤਰੀ ਰਹੇ ਨਵਜੋਤ ਸਿੰਘ ਸਿੱਧੂ ਨਾਲ ਟੱਕਰ ਹੋਈ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਕੁਝ ਨਜ਼ਦੀਕੀ ਸਾਥੀਆਂ ਨੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਕਿ ਨਵਜੋਤ ਸਿੱਧੂ ਕੈਬਨਿਟ ਤੋਂ ਅਸਤੀਫਾ ਦੇ ਕੇ ਘਰ ਬੈਠ ਗਏ। ਹੁਣ ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜਾਰੀ ਬਾਰੇ ਸ਼ਰੇਆਮ ਮੀਡੀਆ ਵਿੱਚ ਸਵਾਲ ਖੜ੍ਹੇ ਕੀਤੇ ਹਨ। ਕੈਪਟਨ ਦੇ ਹਮਾਇਤੀਆਂ/ਮੰਤਰੀਆਂ ਨੇ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਲੇ ਦਿਨਾਂ ਵਿੱਚ ਇਸ ਮੁੱਦੇ ਨੂੰ ਲੈ ਕੇ ਪਾਰਟੀ ਹਾਈ ਕਮਾਂਡ ਨੂੰ ਮਿਲ ਰਹੇ ਹਨ।

- Advertisement -

ਸੁਭਾਵਿਕ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦੇ ਮੰਤਰੀ ਰਾਜ ਸਭਾ ਮੈਂਬਰ ਬਾਜਵਾ ਦਾ ਵਿਰੋਧ ਕਰਕੇ ਮੁੱਖ ਮੰਤਰੀ ਨਾਲ ਵਫਾਦਾਰੀ ਵਿਖਾਉਣ ਵਿੱਚ ਇੱਕ ਦੂਜੇ ਤੋਂ ਅੱਗੇ ਜਾਣਗੇ। ਬਾਜਵਾ ਕਿਉਂਕਿ ਮੁੱਖ ਮੰਤਰੀ ਦੀ ਮਾੜੀ ਕਾਰਗੁਜਾਰੀ ਨੂੰ ਲੈ ਕੇ ਅਸਤੀਫੇ ਦੀ ਮੰਗ ਕਰ ਰਿਹਾ ਹੈ ਤਾਂ ਕੈਬਨਿਟ ਮੰਤਰੀ ਬਾਜਵਾ ਦੀ ਹਮਾਇਤ ਕਿਉਂ ਕਰਨਗੇ। ਉਂਝ ਬਾਜਵਾ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਪਾਰਟੀ ਦੇ ਅੰਦਰ ਬੈਠ ਕੇ ਗੱਲ ਕਰਨ। ਬਾਜਵਾ ਨੂੰ ਰੋਸ ਹੈ ਕਿ ਤਿੰਨ ਸਾਲ ਕਾਂਗਰਸ ਸਰਕਾਰ ਦੇ ਨਿਕਲ ਗਏ ਹਨ ਤਾਂ ਹੁਣ ਤੱਕ ਤਾਂ ਕਿਸੇ ਨੇ ਸਰਕਾਰ ਦੀ ਕਾਰਗੁਜਾਰੀ ਦੀ ਅੰਦਰ ਬੈਠਕੇ ਗੱਲ ਨਹੀਂ ਕੀਤੀ ਪਰ ਹੁਣ ਚੁੱਪ ਨਹੀਂ ਰਿਹਾ ਜਾ ਸਕਦਾ।

ਕੈਪਟਨ ਸਰਕਾਰ ਦੇ ਵਿਰੋਧ ਦਾ ਮਸਲਾ ਕੀ ਹੈ? ਪੰਜਾਬੀਆਂ ਵਿੱਚ ਕੈਪਟਨ ਸਰਕਾਰ ਦੀ ਸਾਖ ਕਿਉਂ ਡਿੱਗੀ ਹੈ? ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਆਹੁਦੇ ਤੋਂ ਪਾਸੇ ਕਰਨ ਦੀ ਮੰਗ ਕਿਉਂ ਉੱਠੀ? ਇਹ ਸਾਰੇ ਸਵਾਲ ਅਜਿਹੇ ਹਨ ਜਿਹੜੇ ਕਿ ਆਮ ਲੋਕਾਂ, ਰਾਜਸੀ ਗਲਿਆਰਿਆਂ ਅਤੇ ਮੀਡੀਆ ਅੰਦਰ ਚਰਚਾ ਦਾ ਕਾਰਨ ਬਣੇ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸਤ੍ਹਾ ਵਿੱਚ ਆਉਣ ਵੇਲੇ ਪੰਜਾਬੀਆਂ ਨਾਲ ਵੱਡੇ ਵਾਅਦੇ ਕੀਤੇ। ਨਸ਼ਾ ਖਤਮ ਕਰਨ ਲਈ ਗੁਟਕਾ ਸਾਹਿਬ ਸਿਰ ‘ਤੇ ਚੁੱਕ ਕੇ ਸਹੁੰ ਖਾਧੀ। ਕਿਸਾਨਾਂ ਦੀ ਕਰਜਾ ਮਾਫੀ ਦਾ ਵਾਅਦਾ ਕੀਤਾ। ਘਰ ਘਰ ਰੁਜ਼ਗਾਰ ਦੀ ਗੱਲ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਮਾਮਲੇ ਦਾ ਕੁਝ ਨਹੀਂ ਬਣਿਆ। ਰਾਜ ਦੀਆਂ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ। ਸਿੱਖਿਆ ਦੇ ਖੇਤਰ ਵਿੱਚ ਪੰਜਾਬ ਪਛੜ ਗਿਆ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਅੰਦਾਜ਼ ਵਿੱਚ ਸ਼ੇਅਰ ਬੋਲ ਕੇ ਪੰਜਾਬੀਆਂ ਨੂੰ ਭਰੋਸਾ ਦਿੱਤਾ ਸੀ ਕਿ ਸੂਬੇ ਅਤੇ ਕੌਮ ਨੂੰ ਅੱਗੇ ਲੈ ਜਾਣ ਲਈ ਕੁਝ ਕਰਨਾ ਪੈਂਦਾ ਹੈ। ਉਨ੍ਹਾਂ ਨੇ ਤਿੰਨ ਸਾਲ ਬਾਅਦ ਪੰਜਾਬ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਦਾ ਭਰੋਸਾ ਦਿੱਤਾ ਸੀ। ਤਿੰਨ ਸਾਲ ਬੀਤ ਜਾਣ ਬਾਅਦ ਮੁਲਾਜ਼ਮ ਤਨਖਾਹਾਂ ਸਮੇਂ ਸਿਰ ਲੈਣ ਲਈ ਲੜ ਰਹੇ ਹਨ। ਪੜ੍ਹੇ ਲਿਖੇ ਨੌਜਵਾਨ ਨੌਕਰੀਆਂ ਦੀ ਮੰਗ ਨੂੰ ਲੈ ਕੇ ਟੈਂਕੀਆਂ ‘ਤੇ ਚੜ੍ਹੇ ਬੈਠੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਅਹਿਮ ਵਾਅਦੇ ਕੀਤੇ ਪੰਜਾਬੀਆਂ ਦੀ ਕਿਸੇ ਵਾਅਦਾ ਪੂਰਤੀ ਦੇ ਦਾਅਵੇ ਨਾਲ ਤਸੱਲੀ ਨਹੀਂ ਹੈ? ਹੋਰ ਤਾਂ ਹੋਰ ਬਿਜਲੀ ਦਰਾਂ ‘ਚ ਭਾਰੀ ਵਾਧੇ ਦੇ ਕਰੰਟ ਨਾਲ ਸਾਰਾ ਪੰਜਾਬ ਤੜਪ ਰਿਹਾ ਹੈ ਪਰ ਪਿਛਲੀ ਸਰਕਾਰ ਵੱਲੋਂ ਕੀਤੇ ਗਲਤ ਸਮਝੌਤਿਆਂ ਨੂੰ ਖਤਮ ਕਰਨ ਲਈ ਕੁਝ ਨਹੀਂ ਕੀਤਾ ਗਿਆ ਪਰ ਸਰਕਾਰ ਅਦਾਲਤਾਂ ਵਿੱਚ ਕੇਸ ਜਰੂਰ ਹਾਰ ਰਹੀ ਹੈ।

ਨਵੇਂ ਸਾਲ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ 16 ਜਨਵਰੀ ਤੋਂ 17 ਜਨਵਰੀ ਤੱਕ ਪੰਜਾਬ ਵਿਧਾਨ ਸਭਾ ਦਾ ਦੋ ਦਿਨ ਦਾ ਸਪੈਸ਼ਲ ਸੈਸ਼ਨ ਚੱਲ ਰਿਹਾ ਹੈ। ਸੰਸਦੀ ਨਿਯਮਾਂ ਅਨੁਸਾਰ ਪਹਿਲੇ ਦਿਨ ਰਾਜਪਾਲ ਦਾ ਪੰਜਾਬ ਵਿਧਾਨ ਸਭਾ ਵਿੱਚ ਭਾਸ਼ਨ ਸੀ। ਅਕਾਲੀ ਦਲ ਨੇ ਛੁਣਛੁਣੇ ਵਜਾ ਕੇ ਵਿਰੋਧ ਕੀਤਾ। ਬਿਜਲੀ ਦਰਾਂ ਵਿੱਚ ਵਾਧੇ ਦੇ ਮੁੱਦੇ ਤੇ ਕਾਂਗਰਸ ਅਤੇ ਅਕਾਲੀ ਦਲ ਇੱਕ ਦੂਜੇ ਤੇ ਦੋਸ਼ ਲਾ ਰਹੇ ਹਨ, ਪਰ ਦੋਨੋਂ ਧਿਰਾਂ ਨੇ ਇਸ ਮੁੱਦੇ ‘ਤੇ ਕੋਈ ਠੋਸ ਫੈਸਲਾ ਨਹੀਂ ਲਿਆ। ਆਪ ਵੱਲੋਂ ਇਹ ਮੁੱਦਾ ਸਦਨ ਦੇ ਅੰਦਰ ਅਤੇ ਬਾਹਰ ਉਠਾਇਆ ਗਿਆ। ਉਂਝ ਸਥਿਤੀ ਇਹ ਬਣੀ ਹੋਈ ਹੈ ਕਿ ਪੰਜਾਬ ਦੇ ਵੱਡੇ ਸੰਕਟ ਲਈ ਜਿੰਮੇਵਾਰ ਦੋਵਾਂ ਧਿਰਾਂ ਦੇ ਆਗੂਆਂ ਕੋਲ ਛੁਣਛੁਣੇ ਵਜਾਉਣ ਤੋਂ ਇਲਾਵਾ ਹੋਰ ਪੱਲੇ ਹੀ ਕੀ ਹੈ?

Share this Article
Leave a comment