ਸ਼੍ਰੋਮਣੀ ਕਮੇਟੀ ਦਾ ਕੌਣ ਬਣੇਗਾ ਪ੍ਰਧਾਨ!

Global Team
4 Min Read

ਜਗਤਾਰ ਸਿੰਘ ਸਿੱਧੂ

ਹੁਣ ਨਜ਼ਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਤੇ ਆ ਟਿਕੀਆਂ ਹਨ। ਕੌਣ ਹੋਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਗਲਾ ਪ੍ਰਧਾਨ? ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵਲੋਂ ਬੀਬੀ ਜਗੀਰ ਕੌਰ ਨੂੰ ਇਸ ਸਲਾਨਾ ਚੋਣ ਲਈ ਉਮੀਦਵਾਰ ਦਾ ਐਲਾਨ ਕਰ ਦਿਤਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਲੋਂ ਭਲਕੇ ਕੋਰ ਕਮੋਟੀ ਦੀ ਮੀਟਿੰਗ ਬੁਲਾ ਲਈ ਗਈ ਹੈ। ਇਸ ਮੀਟਿੰਗ ਵਿਚ ਫੈਸਲਾ ਲਿਆ ਜਾਵੇਗਾ ਕਿ ਪਾਰਟੀ ਵਲੋਂ ਸ਼੍ਰੋਮਣੀ ਕਮੇਟੀ ਦੀ ਸਲਾਨਾ ਚੋਣ ਲਈ ਪ੍ਰਧਾਨਗੀ ਦਾ ਉਮੀਦਵਾਰ ਕੌਣ ਹੋਵੇਗਾ? ਅਕਸਰ ਪਿਛਲੀ ਰਵਾਇਤ ਤਾਂ ਇਹ ਰਹੀ ਹੈ ਕਿ ਕੋਰ ਕਮੇਟੀ ਅੰਤਿਮ ਫੈਸਲੇ ਲਈ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਨੂੰ ਦੇ ਦਿੰਦੀ ਹੈ ਪਰ ਮਾਫ ਕਰਨਾ ਮੈਂ ਉਸ ਦੌਰ ਦਾ ਜ਼ਿਕਰ ਕਰ ਰਿਹਾ ਹਾਂ ਜਦੋਂ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸਨ ਅਤੇ ਫਿਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਹਨ। ਹੁਣ ਬਦਲੀਆਂ ਹੋਈਆਂ ਪ੍ਰਸਥਿਤੀਆਂ ਵਿਚ ਬਲਵਿੰਦਰ ਸਿੰਘ ਭੂੰਦੜ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਣ ਗਏ ਹਨ। ਸੁਖਬੀਰ ਸਿੰਘ ਬਾਦਲ ਨੂੰ ਸਿੰਘ ਸਾਹਿਬਾਨ ਨੇ ਤਨਖਾਹੀਆ ਕਰਾਰ ਦਿਤਾ ਹੋਇਆ ਹੈ ਅਤੇ ਉਨਾਂ ਨੂੰ ਸਿੰਘ ਸਾਹਿਬਾਨ ਨੇ ਅਜੇ ਕੋਈ ਸਜਾ ਨਹੀਂ ਸੁਣਾਈ। ਇਸ ਹਾਲਤ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਮਾਮਲੇ ਵਿਚ ਸਿੱਧੇ ਤੌਰ ਤੇ ਬਾਦਲਾਂ ਦੀ ਲੀਡਰਸ਼ਿਪ ਕੰਮ ਨਹੀਂ ਕਰ ਰਹੀ ਹੈ। ਹੁਣ ਕੋਰ ਕਮੇਟੀ ਪ੍ਰਧਾਨਗੀ ਦਾ ਕਿਸ ਤਰਾਂ ਦਾ ਫੈਸਲਾ ਕਰਦੀ ਹੈ, ਇਸ ਦਾ ਪਤਾ ਤਾਂ ਮੀਟਿੰਗ ਤੋ ਬਾਅਦ ਹੀ ਲੱਗੇਗਾ ਪਰ ਇਹ ਤੈਅ ਹੈ ਕਿ ਭਲਕੇ ਦੀ ਕੋਰ ਕਮੇਟੀ ਦੀ ਮੀਟਿੰਗ ਭੂੰਦੜ ਦੀ ਪ੍ਰਧਾਨਗੀ ਹੇਠ ਹੋਣ ਜਾ ਰਹੀ ਹੈ!

ਬੇਸ਼ਕ ਪ੍ਰਧਾਨਗੀ ਬਾਰੇ ਕੋਰ ਕਮੇਟੀ ਦੀ ਮੀਟਿੰਗ ਸਾਫ ਕਰੇਗੀ ਜਾਂ ਮਾਮਲਾ ਜਨਰਲ ਹਾਊਸ ਦੀ ਮੀਟਿੰਗ ਤੋ ਪਹਿਲਾਂ ਤੈਅ ਕੀਤਾ ਜਾਵੇਗਾ। ਮੌਜੂਦਾ ਪ੍ਰਸਥਿਤੀਆਂ ਮੁਤਾਬਿਕ ਤਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੀ ਉਮੀਦਵਾਰ ਹੋਣਗੇ ਕਿਉਂ ਜੋ ਉਨਾਂ ਬਾਰੇ ਕੋਈ ਵਿਵਾਦ ਨਹੀਂ ਹੈ । ਇਸ ਦੇ ਇਲਾਵਾ ਧਾਮੀ ਜਥੇਦਾਰ ਟੌਹੜਾ ਦੇ ਬਹੁਤ ਨਜਦੀਕੀ ਸਾਥੀ ਹਨ। ਬੇਸ਼ਕ ਬਾਦਲਾਂ ਦੀ ਲੀਡਰਸ਼ਿਪ ਵਲੋਂ ਦਿੱਤੀਆਂ ਟਿਕਟਾਂ ਨਾਲ ਜਿੱਤੇ ਉਮੀਦਵਾਰ ਵੱਡੀ ਗਿਣਤੀ ਵਿਚ ਹਨ ਪਰ ਜਥੇਦਾਰ ਟੌਹੜਾ ਦੇ ਸਮੇਂ ਦੇ ਵੀ ਬਹੁਤ ਸਾਰੇ ਮੈਂਬਰ ਅਜਿਹੇ ਹਨ ਜਿਹੜੇ ਕਿ ਜਥੇਦਾਰ ਟੌਹੜਾ ਦੇ ਬਹੁਤ ਭਰੋਸੇ ਵਾਲੇ ਸਨ। ਧਾਮੀ ਨੂੰ ਉਨਾਂ ਦੀ ਹਮਾਇਤ ਮਿਲਣੀ ਵੀ ਸੁਭਾਵਿਕ ਹੈ। ਇਕ ਹੋਰ ਅਹਿਮ ਪਹਿਲੂ ਇਹ ਹੈ ਕਿ ਬੇਸ਼ਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ , ਡੇਰਾ ਸਿਰਸਾ ਮੁੱਖੀ ਨੂੰ ਮਾਫੀ ਅਤੇ ਸਰਕਾਰਾਂ ਨਾਲ ਜੁੜੇ ਕਈ ਵਿਵਾਦਤ ਮਾਮਲਿਆਂ ਨੂੰ ਲੈ ਕੇ ਬਾਦਲਾਂ ਦੀ ਲੀਡਰਸ਼ਿਪ ਘਿਰੀ ਹੋਈ ਹੈ ਪਰ ਧਾਮੀ ਅਜਿਹੇ ਵਿਵਾਦਾਂ ਤੋ ਪਾਸੇ ਹਨ। ਇਸ ਹਾਲਤ ਵਿਚ ਕੋਰ ਕਮੇਟੀ ਦਾ ਫੈਸਲਾ ਅਹਿਮ ਹੋਵੇਗਾ ਕਿ ਕੌਣ ਹੋਵੇਗਾ ਅਕਾਲੀ ਦਲ ਵਲੋਂ ਉਮੀਦਵਾਰ! ਬੀਬੀ ਜਗੀਰ ਕੌਰ ਵੀ ਸਖਤ ਚੁਣੌਤੀ ਦੇਣਗੇ ਕਿਉਂ ਜੋ ਉਹ ਵੀ ਪ੍ਰਧਾਨ ਰਹਿ ਚੁੱਕੇ ਹਨ। ਸੁਖਬੀਰ ਬਾਦਲ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅੰਦਰ ਸੁਖਬੀਰ ਬਾਦਲ ਵਿਰੁਧ ਵੱਡੀ ਪੱਧਰ ਤੇ ਗੁੱਸਾ ਹੈ ਅਤੇ ਮੈਂਬਰਾਂ ਵਲੋਂ ਬੀਬੀ ਜਗੀਰ ਕੌਰ ਨੂੰ ਖੁੱਲਕੇ ਸਮਰਥਨ ਮਿਲੇਗਾ। ਵਿਰਸਾ ਸਿੰਘ ਵਲਟੋਹਾ ਦਾ ਮੁੱਦਾ ਵੀ ਵਿਰੋਧੀ ਲੈ ਰਹੇ ਹਨ। ਇਸੇ ਲਈ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਅਤੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਉਨਾਂ ਦਾ ਧੜਾ ਚਾਰ ਵਿਧਾਨ ਸਭਾ ਦੀਆਂ ਹੋ ਰਹੀਆਂ ਜਿਮਨੀ ਚੋਣਾਂ ਨਹੀ ਲੜੇਗਾ ਅਤੇ ਉਹ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਹੀ ਜਿੱਤਣਗੇ। ਜਿੱਤੇਗਾ ਕੌਣ? ਉਮੀਦਵਾਰਾਂ ਨੂੰ ਕਿੰਨੀ ਹਮਾਇਤ ਮਿਲਦੀ ਹੈ? ਇਸ ਵਾਰ ਦੀ ਚੋਣ ਕਈ ਸਵਾਲਾਂ ਦਾ ਦੇਵੇਗੀ ਜਵਾਬ।

ਸੰਪਰਕਃ 9814002186

- Advertisement -

Share this Article
Leave a comment