ਅਵਤਾਰ ਸਿੰਘ
ਸੀਨੀਅਰ ਪੱਤਰਕਾਰ
ਰਾਜਨੀਤੀ ਵਿੱਚ ਕਿਹਾ ਜਾਂਦਾ ਹੈ ਕਿ ਕੋਈ ਵੀ ਪੱਕਾ ਦੁਸ਼ਮਣ ਨਹੀਂ ਹੈ। ਜਿਥੇ ਰਾਸ ਆਵੇ ਉਥੇ ਸਾਂਠ-ਗਾਂਠ ਕਰ ਲੈਣ ਵਿੱਚ ਹੀ ਭਲਾਈ ਹੈ। ਇਸੇ ਤਰ੍ਹਾਂ ਭਾਜਪਾ ਅਤੇ ਜੇਜੇਪੀ ਨੇ ਚੋਣਾਂ ਦੌਰਾਨ ਹਰਿਆਣਾ ਦੇ ਲੋਕਾਂ ਨਾਲ ਚਲਾਕੀ ਖੇਡਦਿਆਂ ਦੋਵਾਂ ਨੇ ਨਤੀਜਿਆਂ ਤੋਂ ਕੁਝ ਹੀ ਘੰਟਿਆਂ ਬਾਅਦ ਹੱਥ ਮਿਲਾ ਲਏ। ਵੈਸੇ ਹਰਿਆਣਾ ਦੇ ਲੋਕਾਂ ਲਈ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਆਇਆ ਰਾਮ ਗਿਆ ਰਾਮ ਚਲਦਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਨੇਤਾ ਮਨੋਹਰ ਲਾਲ ਖੱਟਰ ਨੇ ਐਤਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁੱਕ ਲਈ ਹੈ। ਹੁਣ ਮਨੋਹਰ ਲਾਲ ਖੱਟਰ ਸਰਕਾਰੀ ਭੇਦਾਂ ਤੋਂ ਇਲਾਵਾ ਦੋਵਾਂ ਵਿਚਕਾਰ ਹੋਏ ਕਿਸੇ ਦਾ ਵੀ ਭੇਦ ਨਹੀਂ ਖੋਲ੍ਹਣਗੇ। ਉਹਨਾਂ ਦੇ ਨਾਲ ਹੀ ਦੁਸ਼ਯੰਤ ਚੌਟਾਲਾ ਨੇ ਵੀ ਉਪ ਮੁੱਖ ਮੰਤਰੀ ਦੇ ਤੌਰ ਤੇ ਸਹੁੰ ਚੁੱਕੀ। ਇਹਨਾਂ ਤੋਂ ਇਲਾਵਾ ਹੋਰ ਕਿਸੇ ਮੰਤਰੀ ਨੂੰ ਸਹੁੰ ਨਹੀਂ ਚੁਕਾਈ ਗਈ। ਦੋਵਾਂ ਨੂੰ ਸਹੁੰ ਰਾਜ ਦੇ ਗਵਰਨਰ ਸਤਿਆ ਦੇਵ ਨਾਰਾਇਣ ਆਰੀਆ ਨੇ ਚੁਕਾਈ। ਸ਼੍ਰੀ ਖੱਟਰ ਦੂਜੀ ਵਾਰ ਮੁੱਖ ਮੰਤਰੀ ਬਣ ਗਏ ਹਨ।
ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਮਿਲਣ ਕਾਰਨ ਬੀਜੇਪੀ ਤੇ ਜੇਜੇਪੀ ਨੇ ਰਲ ਕੇ ਸਰਕਾਰ ਬਣਾਉਣ ਦਾ ਫੈਸਲਾ ਕੀਤਾ ਸੀ। ਲੋਕ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਟੀਚਰ ਘੁਟਾਲੇ ਦੇ ਦੋਸ਼ ਹੇਠ ਤਿਹਾੜ ਜੇਲ ਵਿੱਚ ਸਜਾ ਕੱਟ ਰਹੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਪਿਤਾ ਅਜੈ ਚੌਟਾਲਾ ਵੀ ਸ਼ਾਮਿਲ ਹੋਏ। ਚੋਣਾਂ ਦੇ ਨਤੀਜੇ ਆਉਂਦਿਆਂ ਤੇ ਦੋਵਾਂ ਦੀਆਂ ਸੁਰਾਂ ਮਿਲਣ ਤੋਂ ਕੁਝ ਸਮਾਂ ਬਾਅਦ ਹੀ ਦੁਸ਼ਯੰਤ ਦੇ ਪਿਤਾ ਅਜੈ ਚੌਟਾਲਾ ਜੇਲ੍ਹ ਬਾਹਰ ਫਰਲੋ ‘ਤੇ ਆ ਗਏ ਸਨ।
ਸਹੁੰ ਚੁੱਕ ਸਮਾਗਮ ਵਿੱਚ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼ਾਮਿਲ ਹੋਏ ਸਨ।