ਕੌਣ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ?

TeamGlobalPunjab
4 Min Read

-ਅਮਰਜੀਤ ਸਿੰਘ ਵੜੈਚ;

ਪੰਜਾਬ ਪੁਲਿਸ ਦੇ ਸਾਬਕਾ ਆਈ ਜੀ, ਕੁੰਵਰ ਵਿਜੇ ਪ੍ਰਤਾਪ ਸਿੰਘ, ਆਈ.ਪੀ.ਐੱਸ., ਨੌਕਰੀ ਦੌਰਾਨ ਜਿਥੇ ਵੀ ਤਾਇਨਾਤ ਰਹੇ ਮੀਡੀਏ ਦੇ ਵਿੱਚ ਛਾਏ ਰਹੇ। ਉਹ ਜਿਥੇ ਲੋਕਾਂ ਵਿੱਚ ਮਕਬੂਲ ਨੇ ਓਥੇ ਬਹੁਤੇ ਨੇਤਾਵਾਂ ਦੀਆਂ ਅੱਖਾਂ ‘ਚ ਕਣ ਵਾਂਗ ਰੜਕਦੇ ਵੀ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਹੁ ਚਰਚਿਤ ਬੇਅਦਬੀ ਵਾਲ਼ੇ ਮੁੱਦੇ ਤੇ ਜਦੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਦੀ ਸਿਟ ਵਾਲ਼ੀ ਚਾਰਜਸ਼ੀਟ ਰੱਦ ਕਰਕੇ ਪੰਜਾਬ ਸਰਕਾਰ ਨੂੰ ਨਵੀ ਸਿਟ ਯਾਨੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣ ਦੇ ਹੁਕਮ ਦਿੱਤੇ ਤਾਂ ਉਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ।

ਅਸਤੀਫੇ ਮਗਰੋਂ ਉਹ ਮੀਡੀਏ ‘ਚ ਲਗਾਤਾਰ ਚਰਚਾ ਦਾ ਹਿੱਸਾ ਰਹੇ ਕਿ ਉਹ ਜਲਦੀ ਹੀ ਕਿਸੇ ਰਾਜਸੀ ਪਾਰਟੀ ਦਾ ਹਿੱਸਾ ਬਣ ਜਾਣਗੇ। ਇਹ ਅੰਦਾਜ਼ੇ 21 ਜੂਨ ,ਅੰਤਰਰਾਸ਼ਟਰੀ ਯੋਗਾ ਦਿਵਸ ਵਾਲ਼ੇ ਦਿਨ ਸੱਚ ਹੋ ਗਏ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੰਮ੍ਰਿਸਤਰ ਵਿਖੇ ਆਮ ਆਦਮੀ ਪਾਰਟੀ ਦੇ ਮੰਚ ‘ਤੇ ਕੇਜਰੀਵਾਲ ਦੀ ਹਾਜ਼ਰੀ ਵਿੱਚ ‘ਸਿਆਸੀ ਸੀਸ ਆਸਣ’ ਕਰਕੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਹਲਚਲ ਪੈਦਾ ਕਰ ਦਿਤੀ ।

- Advertisement -

ਕੋਣ ਹੈ ਇਹ ਕੁੰਵਰ ਵਿਜੇ ਪ੍ਰਤਾਪ ਸਿੰਘ ਤੁਹਾਡੇ ਅੰਦਰ ਵੀ ਇਹ ਸਵਾਲ ਤਾਂ ਪੈਦਾ ਹੋਇਆ ਹੋਵੇਗਾ ?

ਕੁੰਵਰ ਵਿਜੇ ਪ੍ਰਤਾਪ ਸਿੰਘ 1998 ਬੈਚ ਦੇ ਆਈ.ਪੀ.ਐੱਸ. , ਪੰਜਾਬ ਕਾਡਰ ਦੇ ਅਫ਼ਸਰ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਸ੍ਰੀ ਪਟਨਾ ਸਾਹਿਬ ਦੇ ਪਿਛੋਕੜ ਵਾਲ਼ੇ ਕੁੰਵਰ ਵਿਜੇ ਨੇ 1994 ਵਿੱਚ ਪਟਨਾ ਯੂਨੀਵਰਸਿਟੀ ਤੋਂ ਐੱਮ.ਏ. ਸੰਸਕ੍ਰਿਤ ਕੀਤੀ ਸੀ। ਨੌਕਰੀ ਵਿੱਚ ਆਉਣ ਤੋਂ ਮਗਰੋਂ 2010 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੁਲਿਸ ਪ੍ਰਸ਼ਾਸਨ ਵਿਸ਼ੇ ‘ਤੇ ਪੀ.ਐੱਚ.ਡੀ. , 2013 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐੱਲ.ਐੱਲ.ਬੀ. ਅਤੇ 2016 ਵਿੱਚ ਐੱਮ.ਬੀ.ਏ. ਦੀਆਂ ਡਿਗਰੀਆਂ ਹਾਸਿਲ ਕੀਤੀਆਂ।

ਕੁੰਵਰ ਵਿਜੇ ਪੰਜ ਭਾਸ਼ਾਵਾਂ ਪੰਜਾਬੀ, ਹਿੰਦੀ,ਇੰਗਲਿਸ਼,ਸੰਸਕ੍ਰਿਤ ਅਤੇ ਫਰੈਂਚ ਜਾਣਦੇ ਨੇ। ਹੁਣ ਤੱਕ ਉਹ ਛੇ ਕਿਤਾਬਾਂ ਐਂਟੀ ਡੀਫੈਕਸ਼ਨ ਲਾਅ ਐਂਡ ਔਫਿਸ ਆਫ ਪਰੌਫਿਟ, ਇੰਡੀਅਨ ਪੁਲਿਸ, ਰਾਈਟ ਟੂ ਇਨਫੋਰਮੇਸ਼ਨ, ਸਾਈਬਰ ਲਾਅ ਐਂਡ ਇਨਵੈਸਟੀਗੇਸ਼ਨ, ਯੂਨੀਵਰਸਲ ਟੀਚਿੰਗਜ਼ ਆਫ ਕਬੀਰ ਅਤੇ ਸੰਤ ਕਬੀਰ ਦੇ ਅਨਮੋਲ ਵਚਨ ਲਿਖ ਚੁੱਕੇ ਨੇ।

ਨੌਕਰੀ ਵਿੱਚ ਉਨ੍ਹਾਂ ਦਾ ਲੰਮਾ ਤਜੁਰਬਾ ਹੋ ਚੁਕਿਆ ਹੈ; ਐੱਸ.ਪੀ. ਸਿਟੀ ਅੰਮ੍ਰਿਤਸਰ, ਮੁਹਾਲੀ, ਐੱਸ.ਐੱਸ.ਪੀ. ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ, ਫਿਰੋਜ਼ਪੁਰ, ਡੀ ਆਈ ਜੀ ਸੈਂਟਰਲ ਜੇਲ੍ਹ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਬੌਰਡਰ ਰੇਂਜ, ਸਾਈਬਰ ਇੰਵੈਸਟੀਗੇਸ਼ਨ ਸੈੱਲ, ਪੁਲਿਸ ਕਮਿਸ਼ਨਰ, ਜਲੰਧਰ ਅਤੇ ਲੁਧਿਆਣਾ ਆਈ ਜੀ ਐੱਸ.ਟੀ.ਐੱਫ਼. ਅਤੇ ਏ.ਟੀ.ਐੱਸ. ਵਰਗੀਆਂ ਮਹੱਤਵਪੂਰਣ ਨਿਯੁਕਤੀਆਂ ‘ਤੇ ਕੁੰਵਰ ਡਿਊਟੀਆਂ ਨਿਭਾ ਚੁੱਕੇ ਨੇ।

ਉਨ੍ਹਾਂ ਨੂੰ 2014 ਵਿੱਚ ਰਾਸ਼ਟਰਪਤੀ ਪੁਲਿਸ ਮੈਡਲ, 2017 ਦੀਆਂ ਪੰਜਾਬ ਵਿੱਚ ਸ਼ਾਂਤੀ ਪੂਰਬਕ ਚੋਣਾਂ ਕਰਵਾਉਣ ਲਈ ਡੀ.ਜੀ.ਪੀ ਕੰਮੈਂਡੇਸ਼ਨ ਡਿਸਕ, ਬਾਬਾ ਫ਼ਰੀਦ ਸੁਸਾਇਟੀ ਵੱਲੋਂ ਬਾਬਾ ਫ਼ਰੀਦ ਸਨਮਾਨ ਅਤੇ 2006 ਵਿੱਚ ਡਾ.ਕਿਰਨ ਬੇਦੀ ਦੀ ਇੰਡੀਅਨ ਵਿਜ਼ਨ ਫਾਂਊਡੇਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ।

- Advertisement -

ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ 2003 ‘ਚ ਲਿਵਰਪੂਲ, ਯੂ.ਕੇ. ਵਿੱਚ ਅੰਤਰਰਾਸ਼ਟਰੀ ਪੁਲਿਸ ਕਾਨਫਰੰਸ ਵਿੱਚ ਵੀ ਭਾਗ ਲੈ ਚੁੱਕੇ ਨੇ। ਅਖਬਾਰਾਂ ਅਤੇ ਮੈਗਜ਼ੀਨ ਵਿੱਚ ਲਿਖਣ ਤੋਂ ਇਲਾਵਾ ਉਹ ਕਈ ਯੂਨੀਵਰਸਿਟੀਆਂ ਅਤੇ ਭਾਰਤ ਦੀਆਂ ਮਹੱਤਵਪੂਰਣ ਪੁਲਿਸ ਅਕੈਡਮੀਆਂ ਵਿੱਚ ਲੈਕਚਰ ਵੀ ਦੇਣ ਜਾਂਦੇ ਰਹੇ ਨੇ। ਡਾ: ਕੁੰਵਰ ਨੂੰ ਬਾਰ ਕੌਂਸਲ ਆਫ ਇੰਡੀਆ ਦੇ ਕਾਨੂੰਨੀ ਸਿੱਖਿਆ ਮੈਂਬਰ ਹੋਣ ਦਾ ਵੀ ਸ਼ਰਫ ਹਾਸਿਲ ਏ।

ਡਾ: ਕੁੰਵਰ ਯੋਗਾ,ਤੈਰਾਕੀ,ਚੱਪੂ-ਕਿਸ਼ਤੀ ਚਲਾਉਣ ਅਤੇ ਲੋਕ ਸੰਗੀਤ ਦੇ ਦੀਵਾਨੇ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੇ ਆਪ ਨੂੰ ਸੋਸ਼ਲ ਮੀਡੀਆ ਜਿਵੇਂ website: www.kunwar.net , ਫੇਸਬੁੱਕ, ਬਲੌਗ ਅਤੇ ਇੰਸਟਾਗਰਾਮ ‘ਤੇ ਵੀ ਲਗਾਤਾਰ ਅੱਪਡੇਟ ਕਰਦੇ ਰਹਿੰਦੇ ਨੇ।

ਪੰਜਾਬ ‘ਚ ਨੌਕਰੀ ਦੌਰਾਨ ਅੰਮ੍ਰਿਤਸਰ ਦਾ ਕਿਡਨੀ ਸਕੈਮ, ਕੇਬਲ-ਨੈੱਟ ਵਰਕ ਮਾਲਕਾਂ ਅਤੇ ਰਾਜਸੀ ਨੇਤਾਵਾਂ ਦਾ ਸੈਕਸ ਸਕੈਂਡਲ, ਦੀਨਾਨਗਰ ਦੇ ਪੁਲਿਸ ਸਟੇਸ਼ਨ ‘ਤੇ ਅੱਤਵਾਦੀ ਹਮਲਾ, ਮੈਡੀਕਲ ਕਾਲਜਾਂ ਵਿੱਚ ਪੀ.ਐੱਮ.ਟੀ. ਐਡਮਿਸ਼ਨ ਸਕੈਂਡਲ ਅਤੇ ਗੈਂਗਸਟਰਾਂ ਦੀਆਂ ਕਾਰਵਾਈਆਂ ‘ਤੇ ਨੱਥ ਪਾਉਣ ਵਰਗੀਆਂ ਘਟਨਾਵਾਂ ਨਾਲ਼ ਨਿਪਟਣ ਦੀਆਂ ਕਾਰਵਾਈਆਂ ਨੂੰ ਸਰ ਅੰਜਾਮ ਦੇਣ ਦਾ ਸਿਹਰਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਸਿਰ ਤੇ ਹੀ ਬੱਝਦਾ ਏ।

Share this Article
Leave a comment