ਸੰਕਟ ਚ ਫਸੇ ਪੰਜਾਬ ਨਾਲ ਕੌਣ ਕਰ ਰਿਹੈ ਰਾਜਨੀਤੀ!

TeamGlobalPunjab
7 Min Read

-ਜਗਤਾਰ ਸਿੰਘ ਸਿੱਧੂ

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਮਾਰੀ ਦੇ ਸੰਕਟ ‘ਚ ਸਾਰੀਆਂ ਰਾਜਸੀ ਧਿਰਾਂ ਨੂੰ ਸਿਆਸਤ ਨਾ ਕਰਨ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਬਿਪਤਾ ਦਾ ਇਕੱਠੇ ਹੋ ਕੇ ਟਾਕਰਾ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਅਕਾਲੀ ਦਲ, ਆਪ ਅਤੇ ਹੋਰਾਂ ਧਿਰਾਂ ਦੇ ਆਗੂਆਂ ਬਾਰੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਸਾਰੀਆਂ ਰਾਜਸੀ ਪਾਰਟੀਆਂ ਨੇ ਇਸ ਸੰਕਟ ‘ਚ ਸਹਿਯੋਗ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਨੇ ਵਿਰੋਧੀ ਧਿਰਾਂ ਨੂੰ ਚੇਤੇ ਕਰਾਇਆ ਹੈ ਕਿ ਪੰਜਾਬ ਦੇ ਭਵਿੱਖ ਲਈ ਹਾਂ ਪੱਖੀ ਸੋਚ ਅਪਣਾਈ ਜਾਵੇ ਤਾਂ ਜੋ ਪੰਜਾਬ ਨੂੰ ਬਿਮਾਰੀ ਤੋਂ ਬਚਾਇਆ ਜਾ ਸਕੇ। ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਦੂਜਾ ਮੁੱਦਾ ਦੂਜੇ ਰਾਜਾਂ ਤੋਂ ਵਾਪਸ ਆ ਰਹੇ ਪੰਜਾਬੀਆਂ ਬਾਰੇ ਲਿਆ ਹੈ। ਜੇਕਰ ਇਸ ਸੰਕਟ ਦੀ ਘੜੀ ‘ਚ ਸਿਆਸਤ ਕਰਨ ਦੇ ਮਾਮਲੇ ਨੂੰ ਲੈ ਕੇ ਸਮੁੱਚੀਆਂ ਰਾਜਸੀ ਧਿਰਾਂ ਦੇ ਵਤੀਰੇ ਨੂੰ ਦੇਖਿਆ ਜਾਵੇ ਤਾਂ ਲੱਗਦਾ ਹੈ ਕਿ ਇਸ ਹਮਾਮ ‘ਚ ਸਾਰੇ ਨੰਗੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ ਤਾਂ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਸੱਦੇ ‘ਤੇ ਕੇਂਦਰ ਦੇ ਨਾਹ ਪੱਖੀ ਵਤੀਰੇ ਵਿਰੁੱਧ ਪੰਜਾਬ ‘ਚ ਕਾਂਗਰਸ ਦੇ ਹਮਾਇਤੀਆਂ ਵੱਲੋਂ ਤਿੰਰਗੇ ਝੰਡੇ ਲਹਿਰਾਏ ਗਏ। ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਹੋਰਾਂ ਦਾ ਕਹਿਣਾ ਹੈ ਕਿ ਕੇਂਦਰ ਕੋਰੋਨਾ ਮਹਾਮਾਰੀ ਦਾ ਟਾਕਰਾ ਕਰਨ ਲਈ ਪੰਜਾਬ ਨੂੰ ਲੋੜੀਂਦੀ ਮਦਦ ਨਹੀਂ ਦੇ ਰਿਹਾ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਾਰ-ਵਾਰ ਕਿਹਾ ਹੈ ਕਿ ਕੇਂਦਰ ਨੇ ਕੋਰੋਨਾ ਮਹਾਮਾਰੀ ਦੇ ਟਾਕਰੇ ਲਈ ਪੰਜਾਬ ਨੂੰ 71 ਕਰੋੜ ਰੁਪਏ ਦਿੱਤੇ ਹਨ। ਪੰਜਾਬ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਸਥਿਤੀ ‘ਚ ਫੌਰੀ ਵਿੱਤੀ ਮਦਦ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਬਿਲਕੁਲ ਉਲਟ ਭਾਰਤੀ ਜਨਤਾ ਪਾਰਟੀ ਨੇ ਅੱਜ ਇਸ ਦਿਨ ਨੂੰ ਭੁੱਖ ਹੜਤਾਲ ਕਰਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨ ਲਈ ਚੁਣਿਆ ਹੈ। ਭਾਜਪਾ ਦੇ ਆਗੂਆਂ ਨੇ ਕਈ ਥਾਂ ਭੁੱਖ ਹੜਤਾਲ ਕੀਤੀ ਅਤੇ ਮੀਡੀਆ ‘ਚ ਆਪਣੀਆਂ ਤਸਵੀਰਾਂ ਲੁਹਾਈਆਂ। ਪੰਜਾਬ ਭਾਜਪਾ ਦੇ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਪੰਜਾਬ ਦੀ ਪੂਰੀ ਮਦਦ ਕਰ ਰਿਹਾ ਹੈ ਪਰ ਪੰਜਾਬ ਕੇਂਦਰ ਦੀ ਆਈ ਮਦਦ ਨੂੰ ਸਹੀ ਢੰਗ ਨਾਲ ਇਸਤੇਮਾਲ ਨਹੀਂ ਕਰ ਰਿਹਾ ਜਿਸ ਕਰਕੇ ਪੰਜਾਬ ਇਸ ਵੇਲੇ ਵੱਡੇ ਸੰਕਟ ‘ਚੋਂ ਲੰਘ ਰਿਹਾ ਹੈ। ਭਾਜਪਾ ਦੀ ਸਹਿਯੋਗੀ ਪਾਰਟੀ ਅਕਾਲੀ ਦਲ ਦੀ ਲੀਡਰਸ਼ਿਪ ਪਹਿਲਾਂ ਹੀ ਇਹ ਲਗਾਤਾਰ ਆਖ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਫਾਰਮ ਹਾਊਸ ਤੋਂ ਬਾਹਰ ਨਹੀਂ ਆ ਰਹੇ ਅਤੇ ਪੰਜਾਬ ਦੀ ਸਥਿਤੀ ਬਾਰੇ ਜਾਣਕਾਰੀ ਲਈ ਪੂਰੀ ਤਰ੍ਹਾਂ ਅਫਸਰਸ਼ਾਹੀ ‘ਤੇ ਨਿਰਭਰ ਕਰ ਰਹੇ ਹਨ। ਅਕਾਲੀ ਨੇਤਾਵਾਂ ਦਾ ਦੋਸ਼ ਹੈ ਕਿ ਕੋਰੋਨਾ ਮਹਾਮਾਰੀ ਦੇ ਟਾਕਰੇ ਲਈ ਪੰਜਾਬ ਸਰਕਾਰ ਨੇ ਪੂਰੀ ਜ਼ਿੰਮੇਵਾਰੀ ਨਾਲ ਕੰਮ ਨਹੀਂ ਕੀਤਾ ਹੈ। ਜੇਕਰ ਰਾਜ ਦੀ ਮੁੱਖ ਵਿਰੋਧੀ ਧਿਰ ਆਪ ਦੀ ਗੱਲ ਕੀਤੀ ਜਾਵੇ ਤਾਂ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਵੱਲੋਂ ਗਲ ‘ਚ ਫੱਟੀ ਪਾ ਕੇ ਮੀਡੀਆ ਲਈ ਤਸਵੀਰਾਂ ਖਿਚਵਾਈਆਂ ਗਈਆਂ ਹਨ ਇਸ ਫੱਟੀ ‘ਤੇ ਲਿਖਿਆ ਹੋਇਆ ਹੈ ਕਿ “ਮੈਂ ਮਨਜੀਤ ਸਿੰਘ ਹਾਂ।” ਮਨਜੀਤ ਸਿੰਘ ਉਹ ਬਦਕਿਸਮਤ ਡਰਾਈਵਰ ਦਾ ਨਾਮ ਹੈ ਜਿਹੜਾ ਕਿ ਨੰਦੇੜ ਸਾਹਿਬ ਦੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਵਾਲੀ ਇੱਕ ਸਰਕਾਰੀ ਬੱਸ ਦਾ ਡਰਾਈਵਰ ਸੀ। ਉਸ ਦੀ ਰਸਤੇ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਆਪ ਦੇ ਨੇਤਾ ਦਾ ਕਹਿਣਾ ਹੈ ਕਿ ਸਰਕਾਰ ਨੇ ਕੋਰੋਨਾ ਦੀ ਲੜਾਈ ‘ਚ ਲੜਨ ਵਾਲੇ ਯੋਧਿਆਂ ਲਈ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ ਪਰ ਮਨਜੀਤ ਸਿੰਘ ਦੇ ਪਰਿਵਾਰ ਕੋਲ 10 ਲੱਖ ਰੁਪਿਆ ਹੀ ਪੁਜਿਆ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਯਾਤਰੂਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ 3525 ਸ਼ਰਧਾਲੂ ਨੰਦੇੜ ਸਾਹਿਬ ਤੋਂ ਆਏ ਹਨ ਅਤੇ 3000 ਲੋਕ ਰਾਜਸਥਾਨ ਅਤੇ ਹੋਰ ਵੱਖ-ਵੱਖ ਸ਼ਹਿਰਾਂ ਤੋਂ ਆਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਪਸ ਆਉਣ ਵਾਲੇ ਲੋਕਾਂ ਲਈ ਕੋਰੋਨਾ ਵਾਇਰਸ ਦੇ ਟੈਸਟ ਅਤੇ ਇਨ੍ਹਾਂ ਦੇ ਇਕਾਂਤਵਾਸ ‘ਚ ਰਹਿਣ ਬਾਰੇ ਕੀਤੇ ਗਏ ਪ੍ਰਬੰਧਾਂ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਹੈ ਕਿ ਦੂਜੇ ਸੂਬਿਆਂ ਤੋਂ ਪੰਜਾਬੀਆਂ ਨੂੰ ਲੁਕ ਛਿਪ ਕੇ ਅਤੇ ਗਲਤ ਢੰਗ ਨਾਲ ਆਉਣ ਦੀ ਲੋੜ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਲਤ ਢੰਗ ਤਰੀਕਾ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਬਰਬਾਦੀ ਦਾ ਕਾਰਨ ਬਣ ਸਕਦਾ ਹੈ। ਪੰਜਾਬ ਸਰਕਾਰ ਦੂਜੇ ਸੂਬੇ ਤੋਂ ਆਉਣ ਵਾਲੇ ਹਰ ਵਿਅਕਤੀ ਦੀ ਨਿਯਮਾਂ ਅਨੁਸਾਰ ਹੀ ਪਰਿਵਾਰ ‘ਚ ਜਾਣ ਦੀ ਆਗਿਆ ਦੇਵੇਗੀ। ਹੁਣ ਨੰਦੇੜ ਸਾਹਿਬ ਤੋਂ ਵਾਪਸ ਆਏ ਸ਼ਰਧਾਲੂਆਂ ਦੀ ਹੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਅਤੇ ਵਿਰੋਧੀ ਧਿਰਾਂ ਵੱਲੋਂ ਪ੍ਰਬੰਧਾਂ ‘ਚ ਖਾਮੀਆਂ ਲਈ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ। ਕੇਵਨ ਇਨ੍ਹਾਂ ਹੀ ਨਹੀਂ ਸਗੋਂ ਇਹ ਸਵਾਲ ਵੀ ਉੱਠ ਰਹੇ ਹਨ ਕਿ ਨੰਦੇੜ ਸਾਹਿਬ ਦੇ ਸ਼ਰਧਾਲੂਆਂ ਨਾਲ ਅਜਿਹਾ ਕਿਉਂ ਵਾਪਰਿਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਇਸ ਮਾਮਲੇ ‘ਤੇ ਸੁਆਲ ਖੜ੍ਹੇ ਕੀਤੇ ਗਏ ਹਨ ਕਿ ਨੰਦੇੜ ਸਾਹਿਬ ਦੇ ਸ਼ਰਧਾਲੂਆਂ ਨਾਲ ਕੋਰੋਨਾ ਮਹਾਮਾਰੀ ਦੀ ਲਪੇਟ ਵਾਲੀ ਮੰਦਭਾਗੀ ਘਟਨਾ  ਕਿਵੇਂ ਵਾਪਰ ਗਈ। ਬਦਕਿਸਮਤੀ ਇਸ ਗੱਲ ਦੀ ਵੀ ਹੈ ਕਿ ਮੀਡੀਆ ਦਾ ਇੱਕ ਹਿੱਸਾ ਨੰਦੇੜ ਸਾਹਿਬ ਤੋਂ ਆਏ ਯਾਤਰੂਆਂ ‘ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਸਬੰਧੀ ਖਬਰਾਂ ਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕਰ ਰਿਹਾ ਹੈ। ਅਜਿਹੇ ਸੰਕਟ ਵਾਲੇ ਸਮੇਂ ‘ਚ ਕੀ ਪੰਜਾਬ ਨੂੰ ਕੋਰੋਨਾ ਮਹਾਮਾਰੀ ਦੀ ਮਾਰ ਤੋਂ ਬਚਾਉਣ ਦੀ ਲੜਾਈ ਲੜੀ ਜਾ ਰਹੀ ਹੈ ਜਾਂ ਰਾਜਸੀ ਧਿਰਾਂ ਇਸ ਸੰਕਟ ‘ਤੇ ਆਪਣੀਆਂ ਰਾਜਸੀ ਰੋਟੀਆਂ ਸੇਕ ਰਹੀਆਂ ਹਨ। ਇਸ ਸਥਿਤੀ ‘ਤੇ ਲੋੜ ਇਸ ਗੱਲ ਦੀ ਹੈ ਕਿ ਪੰਜਾਬ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਡਟ ਕੇ ਪੰਜਾਬੀਆਂ ਦੇ ਹਿੱਤ ‘ਚ ਖੜਿਆ ਜਾਵੇ। ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਖਾਮੀਆਂ ਨੂੰ ਦੂਰ ਕਰਨ ਲਈ ਵੀ ਦਬਾਅ ਬਣਾਇਆ ਜਾਵੇ ਪਰ ਸੰਕਟ ਨਾਲ ਜੂਝ ਰਹੇ ਸੂਬੇ ਦੀ ਮਦਦ ਲਈ ਕੇਂਦਰ ਨੂੰ ਵੀ ਜਵਾਬਦੇਹ ਬਣਾਇਆ ਜਾਵੇ। ਸਮਾਂ ਆਉਣ ‘ਤੇ ਪੰਜਾਬੀ ਆਪ ਹੀ ਫੈਸਲਾ ਕਰ ਲੈਣਗੇ ਕਿ ਇਨ੍ਹਾਂ ਬੁਰੇ ਦਿਨਾਂ ‘ਚ ਕਿਹੜੀ ਧਿਰ ਨੇ ਉਨ੍ਹਾਂ ਦੀ ਬਾਂਹ ਫੜੀ ਹੈ।

- Advertisement -

ਸੰਪਰਕ : 9814002186

Share this Article
Leave a comment