ਸਿਆਸੀ ਆਗੂ ਸਮੇਂ ਦੇ ਇਸ ਹਿੱਸੇ ‘ਚ ਕਿਹਨਾਂ ਦੀ ਅਗਵਾਈ ਕਰ ਰਹੇ ਹਨ ? ਕਿਸਾਨੀ ਘੋਲ ‘ਚ ਸੜਕਾਂ ਤੇ ਬੈਠੇ ਲੋਕ ਆਪਣੇ ਮੁੱਦਿਆਂ ਦੀ ਅਗਵਾਈ ਆਪ ਕਰ ਰਹੇ ਹਨ!

TeamGlobalPunjab
9 Min Read

ਬਿੰਦੂ ਸਿੰਘ 

-ਕਿਸਾਨੀ ਘੋਲ ਦਾ ਨਤੀਜਾ ਕੀ ਹੋਵੇਗਾ ਆਉਣ ਵਾਲਾ ਸਮਾਂ ਦੱਸੇਗਾ, ਪਰ ਨੌਜਵਾਨੀ ਨੂੰ ਨਿੱਗਰ ਪ੍ਰੋਗਰਾਮ ਦਿੱਤੇ ਜਾਣ ਦੀ ਅਸਲ ‘ਚ  ਲੋੜ ਸੀ ਜੋ ਕਿਸਾਨੀ ਘੋਲ ਚੋਂ ਇਕ ਪਹਿਲੂ ਨਿੱਤਰ ਸਾਹਮਣੇ ਆਇਆ

ਕਿਸਾਨ ਮੋਰਚੇ ‘ਚ ਦਿੱਲੀ ਦੀਆਂ ਹੱਦਾਂ ਤੇ ਬੈਠੇ ਲੱਖਾਂ ਦੀ ਤਦਾਦ ‘ਚ ਕਿਸਾਨ ਤੇ ਕਿਸਾਨ ਆਗੂ ਲਗਾਤਾਰ  ਪਿਛਲੇ ਇਕ ਮਹੀਨੇ ਤੋਂ ਖ਼ਬਰਾਂ ਦਾ ਮੁੱਖ ਕੇਂਦਰ ਬਣੇ ਹੋਏ ਹਨ। ਇਸ ਨੂੰ ਵੇਖਦੇ ਹੋਏ ਪੱਤਰਕਾਰਾਂ ਦਾ ਇਹਨਾਂ ਮੋਰਚਿਆਂ ਚੋਂ ਆਪਣੇ ਆਪਣੇ ਤਰੀਕੇ ਨਾਲ ਖ਼ਬਰਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਆਪਣੀ ਰਫਤਾਰ ‘ਚ ਚਲ ਰਹੀਆਂ ਹਨ। ਕੇਂਦਰ ਸਰਕਾਰ ਨਾਲ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਦੀਆਂ ਹੋ ਰਹੀਆਂ ਮੀਟਿੰਗ ਦੇ ਵੇਰਵੇ ਤੇ ਸਮੇਂ ਸਮੇਂ ਕਿਸਾਨ ਆਗੂਆਂ ਨਾਲ ਇੰਟਰਵਿਊ ਤੇ ਮੋਰਚੇ ਦੇ ਵੱਖ ਵੱਖ ਪੱਖ ਲਗਾਤਾਰ ਅਖਬਾਰਾਂ ਟੀ ਵੀ ‘ਤੇ ਪੜ੍ਹਨ ਸੁਨਣ ਨੂੰ  ਮਿਲ ਰਹੇ ਹਨ। ਇਕ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਨਾਲ ਲਗਦੀਆਂ ਹੱਦਾਂ ਤੇ ਸ਼ਾਂਤਮਈ ਢੰਗ ਨਾਲ ਚਲ ਰਹੇ ਇਸ ਕਿਸਾਨੀ ਘੋਲ ਤੇ ਕਿਸਾਨੀ ਮੰਗਾਂ ਦਾ ਕੀ ਬਣੇਗਾ ? ਕੇਦਰ ਸਰਕਾਰ ਨਾਲ ਕਿਸਾਨਾਂ ਦੀ   4 ਜਨਵਰੀ ਦੀ ਮੀਟਿੰਗ ਦਾ ਕੀ ਰੁਖ ਰਹੇਗਾ ? ਇਹ ਸਵਾਲ  ਤਾਂ ਅਜੇ ਸਵਾਲਾਂ ਦੇ ਘੇਰੇ ‘ਚ ਹੀ ਹਨ। ਪਰ ਇਸ ਦੌਰਾਨ ਕਿਸਾਨ ਆਗੂਆਂ ਵਲੋਂ 26 ਜਨਵਰੀ ਵਾਲੇ  ਦਿਨ ਦਿੱਲੀ ‘ਚ ਟਰੈਕਟਰ ਰੈਲੀ ਕੱਢਣ ਦਾ ਐਲਾਨ ਜ਼ਰੂਰ ਕਰ ਦਿੱਤਾ ਗਿਆ  ਹੈ।

ਇਸ ਕਿਸਾਨੀ ਘੋਲ ਦੀ ਜ਼ਮੀਨੀ ਹਕੀਕਤ ਜਾਨਣ ਪੜਤਾਲਣ ਲਈ ਜਦੋਂ ਮੈਂ ਦਿੱਲੀ ਦੀਆਂ ਬਰੂਹਾਂ ਵੱਲ ਚਾਲੇ ਪਾਏ ਸੀ ਤਾਂ ਕੁੱਛ ਵੀ ਸੋਚ ਕੇ ਸਫ਼ਰ ਸ਼ੁਰੂ ਨਹੀਂ ਕੀਤਾ ਸੀ। ਆਮ ਤੌਰ ਤੇ ਇਕ ਪੱਤਰਕਾਰ ਆਪਣਾ ਥੋੜਾ ਬਹੁਤ ਪ੍ਰੋਗਰਾਮ ਉਲੀਕ ਕੇ ਹੀ ਤੁਰਦਾ ਹੈ ਕਿ ਕਿਸ ਕਿਸ ਕਿਸਾਨ ਆਗੂ  ਜਾਂ ਫੇਰ ਸਿਆਸੀ ਆਗੂ ਨਾਲ ਗੱਲਬਾਤ ਕਰਨੀ ਹੈ ਜਾਂ ਕੀ ਖਬਰਾਂ ਕਰਨੀਆਂ ਹਨ। ਪਰ ਮੈਂ ਕੁਛ ਵੀ ਤੈਅ ਨਹੀਂ  ਕਰ ਸਕੀ ਕਿ ਕਿਹੜੀ ਖ਼ਬਰ ਕਰਨੀ ਹੈ। ਮੇਰੇ ਸਫ਼ਰ ਦੇ ਸਾਥੀ ਬਣੇ ਇਕ ਪਰਿਵਾਰ ,ਜਿਹਨਾਂ ਨੂੰ ਮੈਂ ਪਹਿਲੀ ਵਾਰੀ ਹੀ ਮਿਲੀ ਹਾਂ, ਉਹਨਾਂ ਨਾਲ ਗੱਲਬਾਤ ਕਰਨ ‘ਤੇ ਪਤਾ ਲਗਿਆ ਕਿ ਪਰਿਵਾਰ ਦੇ ਮੋਹਰੀ ਸਰਦਾਰ ਸਾਹਬ ਦਾ ਜਨਮਦਿਨ ਸੀ  ਤੇ ਪਰਿਵਾਰ ਨੇ ਦਿੱਲੀ ਚਲ ਰਹੇ ਕਿਸਾਨੀ ਮੋਰਚੇ ‘ਚ ਵਿਸ਼ੇਸ਼ ਤੌਰ ਤੇ ਯਾਦਗਾਰੀ ਜਨਮਦਿਨ ਮਨਾਉਣ ਨੂੰ ਤਰਜੀਹ ਦਿੱਤੀ।

- Advertisement -

ਮਰੂਥਲ ਦੀ ਸੜਕ  ਜਿਵੇਂ ਜਿਵੇਂ ਦਿੱਲੀ ਵੱਲ ਨੂੰ ਤੁਰਦੀ ਹੈ , ਉੱਚੇ ਉੱਚੇ ਲੱਕੜਾਂ ਦੇ ਟਾਲ ਵਾਂਗੂ ਪਿਆ ਬਾਲਣ ਤੇ ਪਾਥੀਆਂ ਦੇ ਅਣਗਿਣਤ ਢੇਰ ਕਿਸਾਨ ਮੋਰਚੇ ਦੀ ਹਾਮੀ ਭਰਨਾ ਸ਼ੁਰੂ ਕਰ ਦਿੰਦੇ ਹਨ। ਹੱਡ ਚੀਰਵੀਂ ਠੰਡ , ਇਹਨਾਂ ਦਿਨੀਂ ਪਾਰਾ ਵੀ 1 ਡਿਗਰੀ ਤੇ ਆ ਖੜਿਆ ਹੈ , ਪਰ ਟਰਾਲੀਆਂ ਨੂੰ ਘਰ ਬਣਾਈ ਬੈਠੇ ਕਿਸਾਨ ਅੰਦੋਲਨਕਾਰੀਆਂ ,  ਜਿਹਨਾਂ ‘ਚ ਹਰੇਕ ਉਮਰ ਜਾਨੀ 5 ਵਰ੍ਹੇ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਜਿਸ ‘ਚ ਆਦਮੀ ਤੇ ਵੱਡੀ ਗਿਣਤੀ ‘ਚ ਔਰਤਾਂ ਵੀ  ਸ਼ਾਮਲ ਹਨ , ਕਿਸੇ ਦੇ ਮੱਥੇ ਤੇ ਸ਼ਿਕਵਾ ਵੇਖਣ ਨੂੰ ਨਹੀਂ ਮਿਲਿਆ। ਜਿਸ ਕਿਸੇ ਨਾਲ ਵੀ ਗੱਲ ਕਰੋ ਇਕੋ ਗੱਲ ਸੁਣਨ ਨੂੰ ਮਿਲੀ ‘ਤਿੰਨੋ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਘਰ ਵਾਪਿਸ ਮੁੜਾਂਗੇ’।

ਸੱਭਿਆਚਾਰ ਤੇ ਕਦਰਾਂ ਕੀਮਤਾਂ ਦੇ  ਗੁਆਚ ਜਾਣ ਜਾਂ ਖ਼ਤਮ ਹੋ ਜਾਣ ਦਾ ਜੋ ਡਰ ਭੈਅ ਪਿੱਛਲੇ ਕੁੱਛ ਸਮੇਂ ਤੋਂ ਪੰਜਾਬੀਆਂ ਦੇ ਮਨਾਂ ‘ਚ ਘਰ ਕਰ ਗਿਆ ਸੀ  ਉਹ ਵੀ ਮੋਰਚੇ ‘ਚ ਫਿੱਕਾ ਹੀ ਨਜ਼ਰ ਆਇਆ। ਜਵਾਨੀ ਨਾਲ ਗੱਲ ਕਰਨ ਤੇ ਵਾਰ ਵਾਰ ਇਕੋ ਜਵਾਬ ਮਿਲਿਆ ਸਾਡੇ ਵੱਡੇ ਬਜ਼ੁਰਗ ਅੱਗੇ ਆ ਇੱਥੇ ਮੋਰਚੇ ‘ਚ ਬੈਠੇ ਨੇ ਤੇ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਮੋਰਚੇ ‘ਚ ਆਪਣਾ ਰੋਲ ਨਿਭਾਵਾਂਗੇ। ਉਹ ਗੱਲ ਵੱਖਰੀ ਹੈ ਕਿ  ਇਕ ਦੋ ਖ਼ਬਰਾਂ ਹੁੱਲੜਬਾਜ਼ੀ ਦੀਆਂ ਵੀ ਆਈਆਂ ਸਨ ਪਰ ਵੱਡੇ ਬਜ਼ੁਰਗਾਂ ਤੇ ਆਗੂਆਂ ਨੇ ਸਟੇਜ ਤੋਂ ਇਸ ਗੱਲ ਦਾ ਜ਼ਿਕਰ ਵੀ ਕੀਤਾ ਤੇ ਨੌਜਵਾਨੀ ਨੂੰ ਜਾਪਤੇ ‘ਚ ਰਹਿ ਕੇ ਮੋਰਚੇ ‘ਚ ਰਹਿਣ ਦੀ ਸਖ਼ਤ ਤਾੜਨਾ ਵੀ ਕੀਤੀ ਗਈ ਤੇ ਮਸਲਾ ਘਰ ‘ਚ ਬਹਿ ਕੇ ਹੀ ਸੁਲਝਾ ਲਿਆ ਗਿਆ। ਪਰ ਨਾਲ ਹੀ ਨੌਜਵਾਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ ਜਿਸ ਤਰੀਕੇ ਨਾਲ  ਵਾਲੰਟੀਅਰਾਂ ਦੇ ਰੂਪ ‘ਚ ਇਹ ਨੌਜਵਾਨ ਹੱਥਾਂ ‘ਚ ਸਪੀਕਰ ਫੜੀ ਜਿੰਮੇਵਾਰੀ ਨਾਲ ਤੇ ਹੱਥ ਜੋੜ ਕੇ ਬੇਨਤੀ ਕਰਦੇ ਹੋਏ ਟ੍ਰੈਫ਼ਿਕ ਕੰਟਰੋਲ ਕਰ ਰਹੇ ਸਨ , ਕਿਸੇ ਇਕ ਥਾਂ ਵੀ ਜਾਮ ਦੇ ਹਾਲਾਤ ਨਹੀਂ ਬਣਨ ਦਿੱਤੇ। ਇਸ ਦੇ ਨਾਲ ਹੀ ਰਾਤ ਨੂੰ ਵਾਰੋ ਵਾਰੀ ਠੀਕਰੀ ਪਹਿਰਾ ਵੀ ਦਿੰਦੇ ਨੇ ਇਹ ਵਾਲੰਟੀਅਰ।

ਜਿਸ ਪਰਾਲੀ ਨੂੰ ਲੈ ਕੇ ਸਜ਼ਾ ਤੇ ਜ਼ੁਰਮਾਨਾ ਸਰਕਾਰ ਵਲੋਂ ਲਾ ਦਿੱਤਾ ਗਿਆ ਸੀ ਪਰ ਪਿੱਛਲੀ ਮੀਟਿੰਗ ‘ਚ ਇਸ ਕਾਨੂੰਨ ਨੂੰ ਹਟਾਉਣ ਤੇ ਕੇਂਦਰ ਸਰਕਾਰ ਰਾਜ਼ੀ ਹੋ ਗਈ ਹੈ , ਉਸੇ ਪਰਾਲੀ ਨੂੰ ਵੱਡੇ ਵੱਡੇ ਬੋਰਿਆਂ ‘ਚ ਭਰ ਬੈਠਣ ਲਈ ਸੋਫੇ ਪੀਹੜੇ ਬਣਾ ਲਏ ਸੜਕ ਕਿਨਾਰੇ ਇਹਨਾਂ ਕਿਸਾਨ ਅੰਦੋਲਨਕਾਰੀਆਂ ਨੇ , ਨਾਲੇ ਲੰਗਰ ਦਾ ਸੱਦਾ ਚਾਅ ਨਾਲ ਆਵਾਜ਼ ਦੇ ਕੇ ਹਰੇਕ ਆਉਣ-ਜਾਣ ਵਾਲੇ ਨੂੰ ਦਿੰਦੇ ਹਨ।

- Advertisement -

ਇਕ ਪਾਸੇ ਜਿੱਥੇ ਕੰਵਰ ਗਰੇਵਾਲ ਦਾ ‘ਪੇਚਾ’ ਗੀਤ ਲਾ ਕੇ ਟਰੈਕਟਰ ਟਰਾਲੀ  ‘ਤੇ ਚੜ੍ਹ ਕੇ ਨੱਚਣ ਤੇ ਹੱਥਾਂ ‘ਚ ਵੱਖਰੇ ਵੱਖਰੇ ਨਾਅਰੇ ਲਿਖੇ ਬੈਨਰਾਂ ਨਾਲ ਮੋਰਚੇ ‘ਚ ਚੱਕਰ ਕੱਟਦੇ ਨੌਜਵਾਨ ਵੇਖੇ ਜਾ ਸਕਦੇ ਨੇ, ਉੱਥੇ ਹੀ ਹਰਿਆਣਾ ਦੇ ਨੌਜਵਾਨ ‘ਰਾਗਣੀਆਂ’ ਲਾ- ਵਜਾ ਕੇ ਉਸੇ ਉਤਸ਼ਾਹ ਨਾਲ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ  ਕਰਦੇ ਵੇਖੇ ਜਾ ਸਕਦੇ ਹਨ।

ਦੇਸ਼ ਦੀ ਅੱਧੀ ਆਬਾਦੀ ਅਖਵਾਉਣ ਵਾਲੀਆਂ ਔਰਤਾਂ ਦੀ ਵੀ ਸਿੰਘੂ ਤੇ ਟਿੱਕਰੀ ਬਾਰਡਰਾਂ ‘ਤੇ ਵੱਡੇ ਪੱਧਰ ਤੇ ਸ਼ਮੂਲੀਅਤ ਵੇਖਣ ਨੂੰ ਮਿਲਦੀ ਹੈ। ਗਾਜ਼ੀਪੁਰ ਬਾਰਡਰ ਵਾਲੇ ਪਾਸੇ ਤਰਾਈ ਖ਼ੇਤਰ ਜਾਨੀ ਕਿ ਉੱਤਰਾਖੰਡ , ਹਿਮਾਚਲ , ਯੂ ਪੀ ਤੇ ਕੁੱਛ ਕੁ ਰਾਜਸਥਾਨ ਤੋਂ ਕਿਸਾਨ ਪਹੁੰਚੇ ਹਨ। ਪੀਲੀਭੀਤ ਤੇ ਰਾਮਪੁਰ ਇਲਾਕੇ ਚੋਂ ਆਏ ਕਿਸਾਨਾਂ ਨੂੰ ਯੋਗੀ ਸਰਕਾਰ ਤੇ ਪ੍ਰਸ਼ਾਸਨ ਵਲੋਂ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਗਾਜ਼ੀਪੁਰ ਬਾਰਡਰ ‘ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਕੇਸ਼ ਟਿਕੇਤ ਨੇ ਹਾਈਵੇ ‘ਤੇ ਜਾਮ ਲਾ ਕੇ ਫੇਲ ਕਰ ਦਿੱਤਾ। ਇਸ ਬਾਰਡਰ ‘ਤੇ ਮੋਰਚਾ ਲਾਈ ਬੈਠੇ ਕਿਸਾਨਾਂ ਕੋਲ ਭਾਵੇਂ ਇੰਤਜ਼ਾਮਾਂ ਦੀ ਸਿੰਘੂ ਬਾਰਡਰ ਮੋਰਚੇ ਨਾਲੋਂ ਵਧੇਰੇ ਘਾਟਾਂ ਹੀ ਹਨ , ਪਰ ਉਤਸ਼ਾਹ ਤੇ ਜਜ਼ਬੇ ‘ਚ ਕੀਤੇ ਕੋਈ ਕਮੀ ਵੇਖਣ ਨੂੰ ਨਹੀਂ ਮਿਲੀ।

ਇਵੇਂ ਹੀ ਟਿੱਕਰੀ ਬਾਰਡਰ ਵੱਲ ਹੁਣ ਟਰੈਕਟਰ ਟਰਾਲੀਆਂ ਦਾ ਕਾਫ਼ਿਲਾ ਹਰਿਆਣਾ ਦੇ ਸ਼ਹਿਰ  ਰੋਹਤਕ ਨੂੰ ਜਾ ਲਗਿਆ ਹੈ। ਰੋਹਤਕ ਤੇ ਉਸਦੇ  ਨਾਲ ਲਗਵੇਂ ਪਿੰਡਾਂ ਨੇ ਦੁੱਧ ਬਾਜ਼ਾਰ ‘ਚ ਪਾਉਣਾ ਬੰਦ ਕੀਤਾ ਹੋਇਆ ਹੈ ਤੇ ਲੱਸੀ ਦੇ ਭਰੇ ਡਰੰਮ ਲਗਾਤਾਰ ਸਟੇਜ ਦੇ ਕੋਲ ਲਿਆਏ ਜਾ ਰਹੇ ਹਨ। ਇਸ ਪਾਸੇ ਹੀ ਹਿਸਾਰ ਦਾ ਰਹਿਣ ਵਾਲਾ ਇਕ ਨੌਜਵਾਨ ਆਪਣੀ ਇਨਾਮ ਜੇਤੂ ਮੱਝ ਵੇਚ ਕੇ ਦੇਸੀ ਘਿਉ ਦੇ ਪਕਵਾਨਾਂ ਦਾ ਲੰਗਰ ਲਾਈ ਬੈਠਾ ਹੈ।

ਕਿਸਾਨੀ ਘੋਲ ਨੂੰ ਹਿਮਾਇਤ ਦੇਣ ਆਏ ਦੂਜੇ ਪੇਸ਼ੇ ਨਾਲ ਜੁੜੇ ਲੋਕ ਵੀ ਵੱਡੀ ਤਾਦਾਦ ‘ਚ ਆਪਣਾ ਹਿੱਸਾ ਪਾ ਰਹੇ ਹਨ। ਦਿੱਲੀ ਦਾ ਇਕ ਐਮ ਡੀ ਮੈਡੀਸਨ ਡਾਕਟਰ ਆਪਣੇ ਡਾਕਟਰੀ ਕੋਟ ‘ਚ ਆਪ ਗੱਡੀ ਚਲਾ ਕੇ ਮੋਰਚੇ ‘ਚ ਵੱਖ ਵੱਖ ਲਗੇ ਦਵਾਈਆਂ ਦੇ ਸਟਾਲਾਂ ‘ਤੇ ਲਗਾਤਾਰ ਦਵਾਈਆਂ ਦੀ ਸਪਲਾਈ ਪਹੁਚਾਉਣ ‘ਚ ਪਿੱਛਲੇ 20 ਦਿਨਾਂ ਤੋਂ ਲਗਿਆ ਹੋਇਆ ਹੈ। ਗੱਲ ਬਾਤ ਕਰਨ ‘ਤੇ ਉਸ ਡਾਕਟਰ ਨੇ ਦੱਸਿਆ ਕਿ 6 ਦੋਸਤ ਮਿਲ ਕੇ ਆਪਣੇ ਤੌਰ ਤੇ ਇੱਥੇ ਸੇਵਾ ਨਿਭਾ ਰਹੇ ਹਨ ਤੇ ਮਰੀਜ਼ਾਂ ਦਾ ਚੈਕਅੱਪ ਵੀ ਕਰ ਰਹੇ ਹਨ । ਜਦੋਂ ਡਾਕਟਰ ਨੂੰ ਨਾਮ ਦੱਸਣ ਨੂੰ ਕਿਹਾ ਤੇ ਕੈਮਰੇ ਅੱਗੇ ਆ ਕੇ ਗੱਲ ਕਰਨ ਨੂੰ ਕਿਹਾ ਤਾਂ ਉਸ ਦਾ ਜਵਾਬ ਸੀ ‘ਹਮ  ਲਾਈਮ ਲਾਈਟ ਮੇਂ ਨਹੀਂ ਆਨਾ ਚਾਹਤੇ ਬੱਸ ਇਸ ਇਤਹਾਸਿਕ ਅੰਦੋਲਨ ਕਾ ਹਿੱਸਾ ਬਣਨਾ ਚਾਹਤੇ ਹੈ ਤਾਂਕਿ ਆਨੇ ਵਾਲੇ ਹਮਾਰੇ ਬੱਚੋਂ ਕੋ ਹਮ ਬਤਾ ਸਕੇ ‘।

ਸਮਾਜਿਕ ਤਾਣਾ ਬਾਣਾ , ਤਾਲਮੇਲ ਤੇ ਮੁੱਦੇ ਨੂੰ ਲੈ ਕੇ ਪੂਰੀ ਸਮਝ ਤੇ ਇਕ ਸੁਰ ਇਕ ਤਾਲ ਇਸ ਕਿਸਾਨੀ ਘੋਲ ਦਾ ਵਿਲੱਖਣ ਪਹਿਲੂ ਹੈ। ਹਾਲ ਦੀ ਘੜੀ ਜੋ ਕੁਛ ਵੀ ਵਾਪਰ ਰਿਹਾ ਹੈ ਇਹ ਸਾਰਾ ਵਰਤਾਰਾ ਆਉਣ ਵਾਲੇ ਸਮੇਂ ‘ਤੇ ਆਪਣੀ ਛਾਪ ਯਕੀਨਨ ਛੱਡੇਗਾ, ਪਰ  ਇਸ ਵਰਤਾਰੇ ਚੋਂ ਸਿਆਸਤਦਾਨਾਂ ਨੂੰ ਵੀ ਸਿੱਖਣ ਸਮਝਣ ਨੂੰ ਬਹੁਤ ਕੁੱਝ ਹੈ।ਹਾਲਾਂਕਿ ਅੱਜੇ ਤੱਕ ਹਰੇਕ ਸਿਆਸੀ ਪਾਰਟੀ ਤੇ ਸਿਆਸੀ ਆਗੂ ਕਿਸੇ ਨਾ ਕਿਸੇ ਹੀਲੇ ਕਿਸਾਨੀ ਘੋਲ ਨੂੰ ਆਪਣੀ ਸਰਗਰਮ ਹਿਮਾਇਤ ਦੇਣ ਲਈ ਹੀ ਘੁਲ਼ਦੇ ਨਜ਼ਰ ਆ ਰਹੇ ਹਨ ਕਿਉਂਕਿ ਕਿਸਾਨ ਜੱਥੇਬੰਦੀਆਂ ਦੀ ਸਟੇਜ ਮੱਲਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਗਈ। ਸਿਆਸੀ ਆਗੂ ਅੱਜ ਕਿਹਨਾਂ  ਦੀ ਅਗਵਾਈ ਕਰ ਰਹੇ ਹਨ ਇਹ ਸਵਾਲ ਲਗਾਤਾਰ ਬਣਿਆ ਹੋਇਆ ਹੈ। ਜਦੋਂ ਕਿ ਲੋਕ , ਕਿਸਾਨ ਤਾਂ ਇਸ ਵੇਲੇ ਦੇਸ਼ ਦੀ ਰਾਜਧਾਨੀ ਦਿੱਲੀ  ਨੂੰ  ਜਾਣ  ਵਾਲੀਆਂ ਸੜਕਾਂ ਤੇ ਬਹਿ ਕੇ ਆਪਣੇ ਮੁੱਦਿਆਂ ਦੀ ਅਗਵਾਈ ਆਪ ਕਰ ਰਹੇ ਹਨ। ਸਿਆਸਤਦਾਨਾਂ ਨੂੰ  ਸਮੇਂ ਦੇ ਇਸ ਹਿੱਸੇ ‘ਚ ‘ਸਵਾਲ’ ਕਰਨੇ ਜ਼ਰੂਰ ਬਣਦੇ ਹਨ।

Share this Article
Leave a comment