ਰਾਮ ਵਿਲਾਸ ਪਾਸਵਾਨ – ਸਿਆਸੀ ‘ਹਵਾ’ ਦਾ ਰੁਖ ਪਛਾਨਣ ਵਾਲੇ ਸਨ ਦਲਿਤ ਨੇਤਾ

TeamGlobalPunjab
3 Min Read

-ਅਵਤਾਰ ਸਿੰਘ

ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ (74) ਵੀਰਵਾਰ ਨੂੰ ਦੇਰ ਰਾਤ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਨਾਲ ਸਿਆਸੀ ਗਲਿਆਰਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਆਗੂ ਰਾਹੁਲ ਗਾਂਧੀ ਤੋਂ ਲੈ ਕੇ ਸਾਰੇ ਨੇਤਾਵਾਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਸੋਗ ਪ੍ਰਗਟਾਇਆ ਹੈ। ਮਰਹੂਮ ਪਾਸਵਾਨ ਦੀ ਮੌਤ ਦੀ ਖ਼ਬਰ ਉਨ੍ਹਾਂ ਦੇ ਪੁੱਤਰ ਚਿਰਾਗ ਪਾਸਵਾਨ ਨੇ ਆਪਣੇ ਬਚਪਨ ਦੀ ਪਾਸਵਾਨ ਮੋਢੇ ਉਪਰ ਬੈਠੇ ਦੀ ਇਕ ਭਾਵੁਕ ਫੋਟੋ ਸਾਂਝੀ ਕੀਤੀ ਹੈ। ਇਸ ਫੋਟੋ ਤੋਂ ਪਿਤਾ ਪੁੱਤਰ ਮੋਹ ਦੀ ਝਲਕ ਵੀ ਮਿਲਦੀ ਹੈ।

ਹੁਣ ਤਕ ਲਗਪਗ ਸਾਰੀਆਂ ਸਰਕਾਰਾਂ ਵਿਚ ਮੰਤਰੀ ਦੇ ਅਹੁਦੇ ਉਪਰ ਰਹਿਣ ਵਾਲੇ ਰਾਮ ਵਿਲਾਸ ਪਾਸਵਾਨ 1977 ਵਿਚ ਸਿਆਸੀ ਚਰਚਾ ਦਾ ਵਿਸ਼ਾ ਉਦੋਂ ਬਣੇ ਜਦੋਂ ਉਨ੍ਹਾਂ ਹਾਜੀਪੁਰ ਲੋਕ ਸਭਾ ਸੀਟ ਵੱਡੀ ਗਿਣਤੀ ਵੋਟਾਂ ਦੇ ਫਰਕ ਨਾਲ ਜਿੱਤੀ ਕਿ ਉਨ੍ਹਾਂ ਦਾ ਨਾਂ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਦਰਜ ਹੋ ਗਿਆ।

ਪਾਸਵਾਨ ਨੂੰ ਇਸ ਜਿੱਤ ਨੇ ਕੌਮੀ ਸਿਆਸਤ ਦੇ ਵੱਡੇ ਚਿਹਰੇ ਵਜੋਂ ਉਭਾਰ ਦਿੱਤਾ। ਉਨ੍ਹਾਂ ਦੇ ਪੰਜ ਦਹਾਕਿਆ ਦੇ ਸਿਆਸੀ ਜੀਵਨ ਵਿੱਚ ਉਨ੍ਹਾਂ ਨੂੰ ਸਾਲ 1984 ਅਤੇ 2009 ਵਿਚ ਕੇਵਲ ਦੋ ਵਾਰ ਹਾਰਨਾ ਪਿਆ। ਸਾਲ 1989 ਤੋਂ ਬਾਅਦ ਨਰਸਿਮ੍ਹਾ ਰਾਓ ਤੇ ਮਨਮੋਹਨ ਸਿੰਘ ਦੇ ਦੂਜੇ ਕਾਰਜਕਾਲ ਤੋਂ ਬਿਨਾ ਸਾਲ 2020 ਤੱਕ ਕੇਂਦਰ ਦੀ ਹਰ ਸਰਕਾਰ ਵਿਚ ਮੰਤਰੀ ਰਹੇ। ਪਾਸਵਾਨ ਨੇ ਇਕ ਵਾਰ ਕਿਤੇ ਜ਼ਿਕਰ ਕੀਤਾ ਸੀ ਕਿ 1969 ਵਿਚ ਉਹ ਬਿਹਾਰ ਪੁਲਿਸ ਵਿਚ ਡੀਐੱਸਪੀ ਬਣੇ ਤੇ ਵਿਧਾਇਕ ਵੀ ਚੁਣੇ ਗਏ। ਇੱਕ ਮਿੱਤਰ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਸਰਕਾਰ ਬਣਨ ਨਾ ਕਿ ਨੌਕਰ। ਇਸ ਤੋਂ ਬਾਅਦ ਉਨ੍ਹਾਂ ਡੀਐਸਪੀ ਦੀ ਨੌਕਰੀ ਛੱਡ ਦਿੱਤੀ।

ਮਰਹੂਮ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ 1996 ਤੋਂ ਲੈ ਕੇ ਆਪਣੀ ਜ਼ਿੰਦਗੀ ਦੇ ਅੰਤ ਤੱਕ ਕੇਂਦਰ ਵਿਚ ਬਣਨ ਵਾਲੀ ਹਰ ਗਠਜੋੜ ਸਰਕਾਰ ਵਿਚ ਮੰਤਰੀ ਬਣਦੇ ਰਹੇ। ਮੁਲਕ ਦੀ ਸਿਆਸੀ ਹਵਾ ਦੀ ਚਾਲ ਨੂੰ ਨਾਪਣ ਕਾਰਨ ਉਨ੍ਹਾਂ ਨੂੰ ਕਈ ਸਿਆਸਤਦਾਨ ਦੇਸ਼ ਦੀ ਸਿਆਸਤ ਦਾ ਮੌਸਮ ਵਿਗਿਆਨੀ ਵੀ ਕਹਿੰਦੇ ਸੀ।

ਬਿਹਾਰ ਪੁਲਿਸ ਦੇ ਡੀ ਐਸ ਪੀ ਦੇ ਅਹੁਦੇ ਨੂੰ ਠੁਕਰਾ ਕੇ ਰਾਜਨੀਤੀ ਵਿਚ ਆਏ ਰਾਮ ਵਿਲਾਸ ਪਾਸਵਾਨ ਨੇ ਬੀ ਐਸ ਪੀ ਸੁਪਰੀਮੋ ਬਾਬੂ ਕਾਂਸ਼ੀ ਰਾਮ, ਮਾਇਆਵਤੀ ਦੀ ਚੜ੍ਹਾਈ ਮੌਕੇ ਵੀ ਬਿਹਾਰ ਵਿਚ ਦਲਿਤ ਮਜ਼ਦੂਰ ਆਗੂ ਵਜੋਂ ਆਪਣੀ ਪੈਂਠ ਕਾਇਮ ਰੱਖੀ। ਦੇਸ਼ ਦੇ ਪ੍ਰਧਾਨ ਮੰਤਰੀ ਭਾਵੇਂ ਦੇਵਗੌੜਾ, ਇੰਦਰ ਕੁਮਾਰ ਗੁਜਰਾਲ ਜਾਂ ਅਟਲ ਬਿਹਾਰੀ ਵਾਜਪਈ, ਮਨਮੋਹਨ ਸਿੰਘ ਅਤੇ ਨਰਿੰਦਰ ਮੋਦੀ ਸਾਰੇ ਪ੍ਰਧਾਨ ਮੰਤਰੀਆਂ ਨੂੰ ਉਨ੍ਹਾਂ ਦੀ ਲੋੜ ਪੈਂਦੀ ਰਹੀ।

- Advertisement -

ਰਾਮ ਵਿਲਾਸ ਪਾਸਵਾਨ ਨੇ ਰਾਜਨੀਤਕ ਚਾਲਾਂ, ਜੋੜ-ਤੋੜ, ਦੋਸਤ ਤੇ ਦੁਸ਼ਮਣ ਨੂੰ ਬਦਲਣ ਦੀ ਕਲਾ ਸਮਾਜਵਾਦੀ ਸੰਘਰਸ਼ ਤੋਂ ਪ੍ਰਾਪਤ ਕੀਤੀ ਸੀ। ਉਨ੍ਹਾਂ ਆਪਣਾ ਸਿਆਸੀ ਵਾਰਸ ਆਪਣੇ ਪੁੱਤਰ ਚਿਰਾਗ ਪਾਸਵਾਨ ਨੂੰ ਪਹਿਲਾਂ ਹੀ ਥਾਪ ਦਿੱਤਾ ਸੀ।

Share this Article
Leave a comment