MLA ਦੀ ਰਿਸੈਪਸ਼ਨ ਪਾਰਟੀ ਦਾ ਕਿੱਥੇ ਲੱਗਿਆ ਮੇਲਾ

TeamGlobalPunjab
2 Min Read

ਅਵਤਾਰ ਸਿੰਘ

ਸੀਨੀਅਰ ਪੱਤਰਕਾਰ

ਹਲਕਾ ਨਵਾਂ ਸ਼ਹਿਰ ਦੇ ਸੈਣੀ ਪਰਿਵਾਰ ‘ਚ ਵਿਧਾਇਕ ਮੈਂਬਰਾਂ ਦੀ ਗਿਣਤੀ ਵਧਾਉਂਦਿਆਂ ਵਿਧਾਇਕਾ ਆਦਿਤੀ ਸਿੰਘ ਨੂੰਹ ਵਜੋਂ ਪ੍ਰਵੇਸ਼ ਹੋਈ ਹੈ। ਪਹਿਲਾਂ ਇਸ ਪਰਿਵਾਰ ਦੇ ਕਈ ਮੈਂਬਰਾਂ ਨੂੰ ਵਿਧਾਇਕ ਬਣਨ ਦਾ ਮਾਣ ਮਿਲ ਚੁਕਾ ਹੈ। ਇਸ ਵਿਧਾਇਕਾ ਦੇ ਸਥਾਨਕ ਵਿਧਾਇਕ ਅੰਗਦ ਸਿੰਘ ਨਾਲ ਹੋਏ ਵਿਆਹ ਕਾਰਜ ਦੀ ਖੁਸ਼ੀ ‘ਚ ਇੱਥੇ 25 ਨਵੰਬਰ ਨੂੰ ਰਿਸ਼ੈਪਸ਼ਨ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਸੀ। ਵਿਧਾਇਕ ਅੰਗਦ ਸਿੰਘ ਦੇ ਦਾਦਾ ਮਰਹੂਮ ਦਿਲਬਾਗ ਸਿੰਘ ਦੀ ਯਾਦਗਾਰ ‘ਤੇ ਦੋਵਾਂ ਨੇ ਨਮਨ ਕੀਤਾ। ਪਹਿਲਾਂ ਇੱਕ ਸਿਆਸੀ ਕੱਦਾਵਰਾਂ ਲਈ ਚੰਡੀਗੜ੍ਹ ‘ਚ ਵੱਖਰੀ ਪਾਰਟੀ ਰੱਖਣ ਦੀ ਵਿਉਂਤਬੰਦੀ ਬਣਾਈ ਗਈ ਸੀ ਜਿਸ ਨੂੰ ਤਬਦੀਲ ਕਰਦਿਆਂ ਇਸ ਪਾਰਟੀ ‘ਚ ਸ਼ਾਮਲ ਕਰ ਲਿਆ ਗਿਆ।
ਇਸ ਦੁਪਹਿਰੀ ਭੋਜ ‘ਚ ਵਿਧਾਇਕ ਅੰਗਦ ਸਿੰਘ ਸੈਣੀ ਅਤੇ ਉਹਨਾਂ ਦੀ ਵਿਧਾਇਕਾ ਜੀਵਨ ਸਾਥਣ ਨੂੰ ਸ਼ੁੱਭ ਕਾਮਨਾਵਾਂ ਦੇਣ ਨਵਾਂ ਸ਼ਹਿਰ ਹਲਕੇ ਨਾਲ ਸਬੰਧਤ ਵੱਖ ਵੱਖ ਪਿੰਡਾਂ ਤੋਂ ਪਾਰਟੀ ਵਰਕਰ ਅਤੇ ਪੰਚਾਇਤੀ ਨੁਮਾਇੰਦੇ ਵਹੀਰਾਂ ਘੱਤ ਕੇ ਸ਼ਾਮਲ ਹੋਏ। ਇਹਨਾਂ ‘ਚ ਕਾਹਮਾ, ਰਾਹੋਂ, ਜਾਡਲਾ, ਸੁੱਜੋਂ, ਕਰੀਹਾ, ਪੂੰਨੁਮਜਾਰਾ ਅਤੇ ਗਰਚਾ ਪਿੰਡਾਂ ਤੋਂ ਪਾਰਟੀ ਵਰਕਰਾਂ ਨੇ ਵੱਡੇ ਪੱਧਰ ‘ਤੇ ਸਮੂਲੀਅਤ ਕੀਤੀ।
ਮੀਡੀਆ ਨਾਲ ਮੁਖਾਤਿਬ ਹੁੰਦਿਆਂ ਇਸ ਵਿਧਾਇਕ ਜੋੜੀ ਨੇ ਵਿਆਹ ਮੌਕੇ ਵੱਡਿਆਂ ਛੋਟਿਆਂ ਵਲੋਂ ਮਿਲੇ ਮੋਹ ਲਈ ਧੰਨਵਾਦ ਕਰਦਿਆਂ ਆਪੋ ਆਪਣੇ ਵਿਧਾਨ ਸਭਾ ਹਲਕਿਆਂ ‘ਚ ਹੋਰ ਉਤਸ਼ਾਹ ਨਾਲ ਕਾਰਜਸ਼ੀਲ ਰਹਿਣ ਦਾ ਅਹਿਦ ਲਿਆ। ਦੱਸਣਯੋਗ ਹੈ ਕਿ ਹਲਕਾ ਨਵਾਂ ਸ਼ਹਿਰ ਤੋਂ ਸਭ ਤੋਂ ਛੋਟੀ ਉਮਰ ਦੇ ਵਿਧਾਇਕ ਅੰਗਦ ਸਿੰਘ ਸੈਣੀ ਅਤੇ ਉੱਤਰ ਪ੍ਰਦੇਸ਼ ਦੇ ਹਲਕਾ ਰਾਏਬਰੇਲੀ ਤੋਂ ਛੋਟੀ ਉਮਰ ਦੀ ਹੀ ਵਿਧਾਇਕਾ ਆਦਿੱਤੀ ਸਿੰਘ ਦੇ ਵਿਆਹ ਸਬੰਧੀ ਮੀਡੀਆ ‘ਚ ਵੱਡੇ ਪੱਧਰ ‘ਤੇ ਚਰਚਾ ਹੋ ਰਹੀ ਹੈ। ਦੋਵਾਂ ਦਾ 21 ਨਵੰਬਰ ਨੂੰ ਦਿੱਲੀ ‘ਚ ਹਿੰਦੂ ਰੀਤੀ ਰਿਵਾਜ਼ ਨਾਲ ਲਾਵਾਂ ਹੋਈਆਂ ਅਤੇ 23 ਨਵੰਬਰ ਨੂੰ ਨਵਾਂ ਸ਼ਹਿਰ ‘ਚ ਸਿੱਖ ਰਹਿਤ ਮਰਿਯਾਦਾ ਨਾਲ ਆਨੰਦ ਕਾਰਜ ਹੋਏ। ਨਵਾਂਸ਼ਹਿਰ ਹਲਕੇ ਵਿੱਚ ਚਰਚਾ ਹੈ ਕਿ ਰਿਸੈਪਸ਼ਨ ਪਾਰਟੀ ਮੇਲੇ ਵਿੱਚ ਬਦਲ ਗਈ।

ਨਵਾਂ ਸ਼ਹਿਰ ‘ਚ ਸਥਾਪਿਤ ਸਾਬਕਾ ਵਜੀਰ ਮਰਹੂਮ ਦਿਲਬਾਗ ਸਿੰਘ ਦੀ ਯਾਦਗਾਰ ‘ਤੇ ਨਮਨ ਕਰਨ ਸਮੇਂ ਵਿਧਾਇਕ ਜੋੜੀ ਅੰਗਦ ਸਿੰਘ ਅਤੇ ਆਦਿਤੀ ਸਿੰਘ।

Share this Article
Leave a comment