ਪੰਜਾਬੀ ਸਾਬਕਾ ਨੇਵੀ ਅਫਸਰ ਚੀਨ ਦੀ ਹਿਰਾਸਤ ‘ਚ!

TeamGlobalPunjab
2 Min Read

ਭਾਰਤੀ ਨੇਵੀ ਦੇ ਸਾਬਕਾ ਅਫਸਰ ਜਗਵੀਰ ਸਿੰਘ ਆਪਣੇ ਪੰਜ ਸਾਥੀਆਂ ਸਮੇਤ ਪਿਛਲੇ ਪੰਜ ਮਹੀਨਿਆਂ ਤੋਂ ਗੁਆਂਢੀ ਮੁਲਕ ਚੀਨ ਦੀ ਹਿਰਾਸਤ  ਵਿੱਚ ਹਨ। ਜਾਣਕਾਰੀ ਮੁਤਾਬਿਕ ਜਗਵੀਰ ਸਿੰਘ ਜਗਰਾਓਂ ਦੇ ਪਿੰਡ ਚੀਮਾਂ ਦਾ ਰਹਿਣ ਵਾਲਾ ਹੈ। ਦਰਅਸਲ ਕੁਝ ਮਹੀਨੇ ਪਹਿਲਾਂ ਜਗਵੀਰ ਆਪਣੀ ਸਾਥੀਆਂ ਸਮੇਤ ਮਰਵਿੰਨ ਕੰਪਨੀ ਦਾ ਜਹਾਜ਼ ਲੈ ਕੇ ਆਪਣੀ ਪਹਿਲੀ ਅਸਾਈਨਮੈਂਟ ਪੂਰੀ ਕਰਨ ਜਾ ਰਿਹਾ ਸੀ ਤਾਂ ਕੁਝ ਜਰੂਰੀ ਦਸਤਾਵੇਜਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਚੀਨੀ ਜਲ ਸੈਨਾ ਨੇ ਗ੍ਰਿਫਤਾਰ ਕਰ ਲਿਆ ਸੀ।

ਰਿਪੋਰਟਾਂ ਮੁਤਾਬਿਕ ਜਗਵੀਰ ਦੇ ਪਿਤਾ ਪਰਮਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਕਾਗਜਾਂ ਸਬੰਧੀ ਜਗਵੀਰ ਨੇ ਸੀਨੀਅਰ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਸੀ ਪਰ ਸੀਨੀਅਰ ਅਧਿਕਾਰੀਆਂ ਨੇ ਇਹ ਕਹਿ ਦਿੱਤਾ ਕਿ ਇਹ ਕਾਗਜ ਉਨ੍ਹਾਂ ਨੂੰ ਅਗਲੀ ਬੰਦਰਗਾਹ ‘ਤੇ ਮੁਹੱਈਆ ਕਰਵਾ ਦਿੱਤੇ ਜਾਣਗੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਬੰਦਰਗਾਹ ਤੱਕ ਪਹੁੰਚਣ ਤੋਂ ਪਹਿਲਾਂ ਹੀ ਜਗਵੀਰ ਨੂੰ ਚੀਨੀ ਜਲ ਸੈਨਾ ਨੇ ਗ੍ਰਿਫਤਾਰ ਕਰ ਲਿਆ ਸੀ। ਪਰਮਜੀਤ ਸਿੰਘ ਨੇ ਦਾਅਵਾ ਕੀਤਾ ਕਿ ਚੀਨ ਵੱਲੋਂ ਜਗਵੀਰ ਦੇ ਸਾਥੀਆਂ ਨੂੰ ਛੱਡ ਦਿੱਤਾ ਗਿਆ ਹੈ ਪਰ ਜਗਵੀਰ ਸਿੰਘ ਜਹਾਜ ਦਾ ਕਪਤਾਨ ਸੀ ਇਸ ਲਈ ਅਜੇ ਵੀ ਹਿਰਾਸਤ ‘ਚ ਹੈ। ਉਨ੍ਹਾਂ ਦੱਸਿਆ ਕਿ ਜਗਵੀਰ ਪਿਛਲੀ 16 ਜੁਲਾਈ ਤੋਂ ਚੀਨ ਦੀ ਹਿਰਾਸਤ ‘ਚ ਹੈ।

ਜਾਣਕਾਰੀ ਮੁਤਾਬਿਕ ਪਰਿਵਾਰ ਵੱਲੋਂ ਮਰਵਿਨ ਕੰਪਨੀ ਦੇ ਖਿਲਾਫ ਵੀ ਸ਼ਿਕਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਰਿਪੋਰਟਾਂ ਵਿੱਚ ਦਾਅਵੇ ਇਹ ਵੀ ਕੀਤੇ ਜਾ ਰਹੇ ਹਨ ਕਿ ਇਸ ਕੰਪਨੀ ਵੱਲੋਂ ਪਹਿਲਾਂ ਵੀ ਅਜਿਹੀ ਹਰਕਤ ਕੀਤੀ ਗਈ ਹੈ। ਜਿਸ ਤੋਂ ਬਾਅਦ ਡੀਜੀ ਸ਼ਿਪਿੰਗ ਵੱਲੋਂ ਕੰਪਨੀ ਖਿਲਾਫ ਮੁੰਬਈ ਦੇ ਅੰਬੋਲੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

Share this Article
Leave a comment