ਨਸ਼ਾ ਛੁਡਾਉਣ ਵਾਲੀਆਂ ਪੰਜ ਕਰੋੜ ਗੋਲੀਆਂ ਕਿੱਥੇ ਗਈਆਂ!

TeamGlobalPunjab
3 Min Read

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਇਕ ਬਹੁਤ ਹੀ ਅਹਿਮ ਅਤੇ ਸੰਵੇਦਨਸ਼ੀਲ ਮੁੱਦੇ ਬਾਰੇ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਥੋੜ੍ਹੇ ਹੀ ਸਮੇਂ ਵਿੱਚ ਨਸ਼ਾ ਖਤਮ ਕਰ ਦੇਵੇਗੀ। ਅੱਜ ਇਸ ਸਰਕਾਰ ਨੂੰ ਸਿੰਘਾਸਨ ਦਾ ਨਿੱਘ ਮਾਣਦੀ ਨੂੰ ਲਗਪਗ ਤਿੰਨ ਸਾਲ ਤੋਂ ਉਪਰ ਸਮਾਂ ਹੋ ਗਿਆ ਹੈ। ਨਸ਼ੇ ਖ਼ਤਮ ਕਰਨਾ ਤਾਂ ਇਕ ਪਾਸੇ ਨਸ਼ਿਆਂ ਨਾਲ ਜੁੜੀਆਂ ਗੱਲਾਂ ਦੇ ਨਵੇਂ ਖੁਲਾਸੇ ਹੋ ਰਹੇ ਹਨ। ਇਕ ‘ਦਿ ਟ੍ਰਿਬਿਊਨ’ ਦੀ ਇਕ ਰਿਪੋਰਟ ਵਿੱਚ ਇਕ ਅਹਿਮ ਗੱਲ ਸਾਹਮਣੇ ਆਈ ਹੈ ਕਿ ਨਸ਼ਾ ਛੁਡਾਉਣ ਵਾਲੀਆਂ ਪੰਜ ਕਰੋੜ ਗੋਲੀਆਂ ਕਿਵੇਂ ਤੇ ਕਿਥੇ ਖੁਰਦ ਬੁਰਦ ਹੋ ਗਈਆਂ, ਕਿਸੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ।

ਪੰਜਾਬ ਸਰਕਾਰ ਨੇ ਪਿਛਲੇ 11 ਮਹੀਨਿਆਂ ਵਿੱਚ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵੱਲੋਂ ਨਸ਼ਾ ਛੁਡਾਉਣ ਵਾਲੀ ਦਵਾਈ ਬੁਪਰੇਨੋਰਫਿਨ-ਨਾਲੋਕਸਨ ਦੀਆਂ ਪੰਜ ਕਰੋੜ ਗੋਲੀਆਂ ਗੈਰਕਾਨੂੰਨੀ ਤੌਰ ‘ਤੇ ਵੇਚਣ ਦੇ ਦੋਸ਼ ਹੇਠ 23 ਨਸ਼ਾ ਛੁਡਾਊ ਕੇਂਦਰਾਂ ਅਤੇ ਫਾਰਮਾ ਕੰਪਨੀਆਂ ਖਿਲਾਫ ਕੇਸ ਦਰਜ ਕਰਵਾਏ ਹਨ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਸਰਕਾਰ ਨੇ ਇਹ ਕੇਸ ਐੱਨ ਡੀ ਪੀ ਐੱਸ ਕਾਨੂੰਨ ਤਹਿਤ ਦਰਜ ਕਰਵਾਏ। ਮਾਹਿਰਾਂ ਦਾ ਕਹਿਣਾ ਹੈ ਕਿ ਬੁਪਰੇਨੋਰਫਿਨ-ਨਾਲੋਕਸਨ ਨਸ਼ੇ ਦੀ ਦਵਾਈ ਹੈ ਅਤੇ ਇਸ ਦੀ ਦੁਰਵਰਤੋਂ ਵੀ ਹੋ ਸਕਦੀ ਹੈ। ਸਰਕਾਰ ਨੇ ਪਿਛਲੇ ਸਾਲ ਸਰਕਾਰੀ ਅਤੇ ਪ੍ਰਾਈਵੇਟ ਕੇਂਦਰਾਂ ਵਿੱਚ ਇਸ ਦੀ ਸਹੀ ਵਰਤੋਂ ਤੇ ਰਿਕਾਰਡ ਆਨਲਾਈਨ ਕਰਨ ਲਈ ਹਦਾਇਤਾਂ ਕੀਤੀਆਂ ਸਨ।

ਰਿਪੋਰਟਾਂ ਤੇ ਇਕੱਤਰ ਕੀਤੇ ਡਾਟਾ ਮੁਤਾਬਿਕ ਇਸ ਦਵਾਈ ਦੇ ਜਨਵਰੀ ਤੋਂ ਨਵੰਬਰ ਤਕ ਦੇ ਅੰਕੜੇ ਸਾਹਮਣੇ ਆਏ ਹਨ। ਇਹਨਾਂ ਵਿੱਚ 8.33 ਕਰੋੜ ਬੁਪਰੇਨੋਰਫਿਨ-ਨਾਲੋਕਸਨ ਦੀਆਂ ਗੋਲੀਆਂ 70 ਕੇਂਦਰਾਂ ਵੱਲੋਂ ਖਰੀਦੀਆਂ ਗਈਆਂ ਜਦਕਿ ਆਨਲਾਈਨ 3.02 ਕਰੋੜ ਵੇਚੀਆਂ ਗਈਆਂ ਹਨ। ਇਸ ਤਰ੍ਹਾਂ 5.3 ਕਰੋੜ ਗੋਲੀਆਂ ਦਾ ਕੁਝ ਪਤਾ ਨਹੀਂ ਲਗ ਰਿਹਾ ਜਿਸ ਦਾ ਸਿੱਧਾ ਮਤਲਬ ਹੈ ਕਿ ਕੁੱਲ ਦਾ 70 ਫ਼ੀਸਦ ਹਿੱਸਾ ਖੁਰਦ ਬੁਰਦ ਹੈ। ਸਰਕਰ ਨੂੰ ਸ਼ੱਕ ਹੈ ਕਿ ਇਹ ਜਾਂ ਤਾਂ ਗ਼ਲਤ ਹੱਥਾਂ ਵਿੱਚ ਚਲੇ ਗਈਆਂ ਜਾਂ ਗੈਰਕਾਨੂੰਨੀ ਤੌਰ ‘ਤੇ ਵੇਚ ਦਿੱਤੀਆਂ ਗਈਆਂ ਹਨ। ਇਸ ਕਰਕੇ 23 ਕੇਂਦਰਾਂ ਅਤੇ ਉਤਰਾਖੰਡ ਦੀਆਂ ਦਵਾਈਆਂ ਦੀਆਂ ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਚੰਡੀਗੜ੍ਹ ਆਧਾਰਤ ਇਕ ਕੰਪਨੀ ਵਲੋਂ ਵੀ 65 ਲੱਖ ਗੋਲੀਆਂ ਵੇਚਣ ਦਾ ਪਤਾ ਲੱਗਾ ਹੈ। ਇਸਦੇ ਮੱਦੇਨਜ਼ਰ ਹੋਰ ਕੇਂਦਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ। ਇਥੇ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 75 ਕੇਂਦਰਾਂ ਨੂੰ ਇਹ ਦਵਾਈ ਵੇਚਣ ਦੇ ਲਾਇਸੈਂਸ ਜਾਰੀ ਕੀਤੇ ਹੋਏ ਹਨ।

ਉਪਰੋਕਤ ਅਨੁਸਾਰ ਸਰਕਾਰ ਦੇ ਰੱਖ ਰਖਾਅ ਹੇਠ ਚਲ ਰਹੇ ਨਸ਼ਾ ਛੁਡਾਊ ਕੇਂਦਰਾਂ ਦਾ ਇਹ ਹਾਲ ਹੈ ਫਿਰ ਪਿਛੇ ਕੀ ਰਹਿ ਗਿਆ। ਇਹ ਇਕ ਚਿੰਤਾ ਵਾਲੀ ਗੱਲ ਹੈ। ਸੂਬੇ ਦੀ ਸਰਕਾਰ ਨੂੰ ਇਸ ਵੱਲ ਚੌਕਸੀ ਵਰਤ ਕੇ ਧਿਆਨ ਦੇਣਾ ਬਣਦਾ ਹੈ। ਜੇ ਅਜੇ ਵੀ ਅਵੇਸਲੇ ਰਹਿ ਗਏ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ।

- Advertisement -

– ਅਵਤਾਰ ਸਿੰਘ

 

Share this Article
Leave a comment