ਕਣਕ ਦੀ ਵਾਢੀ ਅਤੇ ਪ੍ਰਵਾਸੀ ਮਜ਼ਦੂਰ

TeamGlobalPunjab
5 Min Read

-ਅਵਤਾਰ ਸਿੰਘ

ਪੰਜਾਬ ਵਿੱਚ ਕਣਕ ਦੀ ਕਟਾਈ ਦਾ ਮੌਸਮ ਸ਼ੁਰੂ ਹੋ ਗਿਆ ਹੈ। ਸੂਬੇ ਦੇ ਕਈ ਖਿਤਿਆਂ ਵਿੱਚ ਅਗੇਤੀ ਬੀਜੀ ਗਈ ਕਣਕ ਨੂੰ ਦਾਤੀ ਪੈ ਵੀ ਗਈ ਹੈ। ਇਕ ਪਾਸੇ ਪੰਜਾਬ ਤੋਂ ਇਲਾਵਾ ਦੇਸ਼ ਦੇ ਕਿਸਾਨ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਉਪਰ ਪਿਛਲੇ ਚਾਰ ਮਹੀਨਿਆਂ ਤੋਂ ਬੈਠੇ ਹਨ, ਦੂਜੇ ਪਾਸੇ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਗਈ ਫ਼ਸਲ ਵੱਢਣ ‘ਤੇ ਆਈ ਪਈ ਹੈ। ਪਰ ਕੇਂਦਰ ਸਰਕਾਰ ਉਨ੍ਹਾਂ ਦੇ ਇਸ ਸੰਘਰਸ਼ ਵਲ ਗੌਰ ਨਹੀਂ ਕਰ ਰਹੀ। ਇਹ ਦੇਸ਼ ਦੇ ਅੰਨਦਾਤੇ ਨਾਲ ਸਰਾਸਰ ਧੱਕਾ ਹੈ। ਉਹ ਮਸਲਾ ਹੱਲ ਕਰਨ ਦੀ ਬਜਾਇ ਉਲਝਾ ਰਹੀ ਹੈ। ਤਾਜ਼ਾ ਫਰਮਾਨ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਇਕ ਚਿਠੀ ਲਿਖ ਕੇ ਬੰਧੂਆ ਮਜ਼ਦੂਰਾਂ ਦਾ ਹਿਸਾਬ ਕਿਤਾਬ ਵੀ ਮੰਗਿਆ ਹੈ। ਸੂਬੇ ਵਿਚ ਹਰ ਸਾਲ ਪ੍ਰਵਾਸੀ ਮਜ਼ਦੂਰ ਕਿਸਾਨਾਂ ਦੀ ਕਣਕ ਅਤੇ ਝੋਨੇ ਫਸਲ ਲਾਉਣ ਅਤੇ ਕੱਟਣ ਲਈ ਆਓਂਦੇ ਹਨ। ਇਹ ਸਿਲਸਿਲਾ ਲੰਬੇ ਸਮੇ ਤੋਂ ਚੱਲ ਰਿਹਾ ਹੈ।

ਹੁਣ ਮਾਲਵੇ ਦੇ ਕਈ ਹਿੱਸਿਆਂ ਵਿੱਚ ਅਗੇਤੀ ਕਣਕ ਦੀ ਕਟਾਈ ਸ਼ੁਰੂ ਹੋ ਗਈ ਹੈ। ਮਾਲਵਾ ਖੇਤਰ ਵਿੱਚ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਹੱਥੀਂ ਵਾਢੀ ਸ਼ੁਰੂ ਹੋ ਗਈ ਹੈ। ਹਰ ਰੋਜ਼ ਮੌਸਮ ਵਿੱਚ ਆ ਰਹੀ ਤਬਦੀਲੀ ਨੂੰ ਲੈ ਕੇ ਕਿਸਾਨਾਂ ਨੂੰ ਡਰ ਹੈ ਕਿ ਕਣਕਾਂ ਧਰਤੀ ਉੱਤੇ ਵਿਛ ਨਾ ਜਾਣ। ਇਹ ਵਾਢੀ ਅਜੇ ਪੇਂਡੂ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਹੀ ਕੀਤੀ ਜਾ ਰਹੀ ਹੈ, ਜਦੋਂਕਿ ਪਰਵਾਸੀ ਮਜ਼ਦੂਰਾਂ ਦੀ ਅਜੇ ਆਮਦ ਨਹੀਂ ਹੋਈ।

ਪਤਾ ਲੱਗਿਆ ਹੈ ਕਿ ਇਸ ਵਾਰ ਤੂੜੀ ਦੇ ਰੇਟ ਵੱਧ ਹੋਣ ਦੇ ਡਰ ਕਾਰਨ ਕਿਸਾਨ ਹੱਥੀਂ ਵਾਢੀ ਨੂੰ ਤਰਜੀਹ ਦੇ ਰਹੇ ਹਨ। ਰਿਪੋਰਟਾਂ ਮੁਤਾਬਿਕ ਮਾਨਸਾ ਦੇ ਪਿੰਡ ਰੱਲਾ ਨੇੜੇ ਭਾਵੇਂ ਸਥਾਨਕ ਮਜ਼ਦੂਰਾਂ ਵੱਲੋਂ ਵਾਢੀ ਦਾ ਕਾਰਜ ਸ਼ੁਰੂ ਕੀਤਾ ਗਿਆ ਹੈ, ਪਰ ਕਿਸਾਨ ਅਜੇ ਵੀ ਪਰਵਾਸੀ ਮਜ਼ਦੂਰਾਂ ਦੀ ਉਡੀਕ ਕਰ ਰਹੇ ਹਨ।

- Advertisement -

ਪਿੰਡ ਰੱਲਾ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਅਤੇ ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਤੂੜੀ ਦੇ ਲਾਲਚ ਲਈ ਖੇਤਾਂ ਵਿੱਚ ਪੇਂਡੂ ਮਜ਼ਦੂਰਾਂ ਨੇ ਕਣਕ ਦੀ ਵਾਢੀ ਦਾ ਆਰੰਭ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਸਰਦੀ ਤੇ ਗਰਮੀ ਸਹੀ ਢੰਗ ਨਾਲ ਨਾ ਪੈਣ ਕਾਰਨ ਕਣਕ ਦੀ ਵਾਢੀ ਲੇਟ ਸ਼ੁਰੂ ਹੋ ਰਹੀ ਹੈ ਤੇ ਅਗੇਤੀ ਕਣਕ ਦੀ ਫਸਲ ਦਾ ਝਾੜ ਘੱਟ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਜੇਕਰ ਅਗਲੇ ਦਿਨਾਂ ਵਿਚ ਮੌਸਮ ਗਰਮ ਹੋ ਜਾਂਦਾ ਹੈ ਤਾਂ ਵਾਢੀ ਦਾ ਜ਼ੋਰ ਪੈ ਜਾਵੇਗਾ। ਇਕ ਕਿਸਾਨ ਆਗੂ ਨੇ ਦੱਸਿਆ ਕਿ ਇਸ ਵਾਰ ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਕਣਕ ਦੀ ਵਾਢੀ ਭਾਵੇਂ ਅਗੇਤੀ ਹੀ ਸ਼ੁਰੂ ਕਰਨੀ ਪਈ ਹੈ।

ਬੀਤੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਪੁੱਛਿਆ ਗਿਆ ਸੀ ਕਿ ਬਾਹਰਲੇ ਰਾਜਾਂ ਤੋਂ ਮਜ਼ਦੂਰਾਂ ਨੂੰ ਚੰਗੀ ਤਨਖਾਹ ਦਾ ਵਾਅਦਾ ਕਰਕੇ ਬੁਲਾਇਆ ਜਾਂਦਾ ਹੈ ਪਰ ਜਦੋਂ ਉਹ ਪੰਜਾਬ ਆਉਂਦੇ ਹਨ ਤਾਂ ਉਨ੍ਹਾਂ ਤੋਂ ‘ਬੰਧੂਆ ਮਜ਼ਦੂਰੀ’ ਕਰਵਾਈ ਜਾਂਦੀ ਹੈ। ਇਸ ਫਰਮਾਨ ਨੂੰ ਮੀਡੀਆ ਅਤੇ ਪੰਜਾਬ ਦੇ ਰਾਜਸੀ ਹਲਕਿਆਂ ਵਿੱਚ ਕਿਸਾਨਾਂ ਸੰਘਰਸ਼ ਨਾਲ ਜੋੜ ਕੇ ਦੇਖਿਆ ਗਿਆ। ਉਧਰ ਸ਼ਨਿਚਰਵਾਰ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਨੇ ਇਸ ਸੰਬੰਧੀ ਇਕ ਸਪਸ਼ਟੀਕਰਨ ਜਾਰੀ ਕੀਤਾ ਹੈ। ਮੰਤਰਾਲੇ ਨੇ ਜਾਰੀ ਚਿੱਠੀ ਨੂੰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਪਿਛਲੇ ਦੋ ਸਾਲਾਂ ਤੋਂ ਜਾਰੀ ਸਮੱਸਿਆ ਦੇ ਬਾਰੇ ਕਿਹਾ ਹੈ।

ਮੰਤਰਾਲਾ ਨੇ ਕਿਹਾ ਹੈ ਕਿ ਮੀਡੀਆ ਦੇ ਇੱਕ ਹਿੱਸੇ ਨੇ ਪੰਜਾਬ ਸਰਕਾਰ ਨੂੰ ਲਿਖੀ ਚਿੱਠੀ ਨੂੰ ਗ਼ਲਤ ਤਰੀਕੇ ਨਾਲ਼ ਪੇਸ਼ ਕੀਤਾ ਹੈ। ਇਸ ਵਿੱਚ ਸੂਬੇ ਦੇ ਕਿਸਾਨਾਂ ਖ਼ਿਲਾਫ਼ ਗੰਭੀਰ ਇਲਜ਼ਾਮ ਲਾਏ ਗਏ ਹਨ। ਇਹ ਖ਼ਬਰਾਂ ਗੁਮਰਾਹਕੁਨ ਹਨ। ਮੰਤਰਾਲਾ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਇਸ ਮੰਤਰਾਲਾ ਵੱਲੋਂ ਸੂਬਿਆਂ ਜਾਂ ਕਿਸੇ ਸੂਬੇ ਨੂੰ ਜਾਰੀ ਚਿੱਠੀ ਦਾ ਕੋਈ ਮੰਤਵ ਕਿਹਾ ਹੀ ਨਹੀਂ ਜਾ ਸਕਦਾ ਕਿਉਂਕਿ ਇਹ ਅਮਨ ਕਾਨੂੰਨ ਨਾਲ਼ ਜੁੜੇ ਮਾਮਲਿਆਂ ਬਾਰੇ ਇੱਕ ਆਮ ਪੱਤਰ ਜਾਰੀ ਕੀਤਾ ਗਿਆ ਹੈ। ਇਹ ਚਿੱਠੀ ਕੇਂਦਰ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲਾ ਦੇ ਸਕੱਤਰ ਨੂੰ ਵੀ ਭੇਜੀ ਗਈ ਸੀ ਤਾਂ ਜੋ ਉਹ ਸਾਰੇ ਸੂਬਿਆਂ ਨਾਲ ਮਿਲ ਕੇ ਜਾਗਰੂਕਤਾ ਮੁਹਿੰਮ ਚਲਾਉਣ ਤਾਂ ਜੋ ਪ੍ਰਵਾਸੀ ਮਜ਼ਦੂਰਾਂ ਨਾਲ ਧੋਖੇ ਨੂੰ ਰੋਕਿਆ ਜਾ ਸਕੇ। ਚਿੱਠੀ ਵਿੱਚ ਸਿਰਫ਼ ਅਤੇ ਸਿਰਫ਼ ਮਨੁੱਖੀ ਤਸਕਰੀ ਦੇ ਸਿੰਡੀਕੇਟ ਦਾ ਜ਼ਿਕਰ ਹੈ ਜੋ ਇਨ੍ਹਾਂ ਮਜ਼ਦੂਰਾਂ ਨੂੰ ਭਰਤੀ ਕਰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦਾ ਸ਼ੋਸ਼ਣ ਕਰਦੇ ਅਤੇ ਘੱਟ ਤਨਖ਼ਾਹ ਦਿੰਦੇ ਹਨ। ਉਨ੍ਹਾਂ ਨਾਲ ਗ਼ੈਰਮਨੁੱਖੀ ਵਤੀਰਾ ਕਰਦੇ ਅਤੇ ਮਜ਼ਦੂਰਾਂ ਨੂੰ ਨਸ਼ੇ ‘ਤੇ ਵੀ ਲਾਇਆ ਜਾਂਦਾ ਹੈ। ਇਸ ਸਮੱਸਿਆ ਦੇ ਮੱਦੇਨਜ਼ਰ ਮੰਤਰਲੇ ਨੇ ਸੂਬਿਆਂ ਦੀਆਂ ਸਰਕਾਰਾਂ ਨੂੰ ਸਿਰਫ਼ ਇਸ ਦਿਸ਼ਾ ਵਿੱਚ ਢੁਕਵੇਂ ਕਦਮ ਚੁੱਕਣ ਲਈ ਕਿਹਾ ਸੀ।

Share this Article
Leave a comment