ਬਗੈਰ ਚਿਤਾਵਨੀ ਕਈ WhatsApp ਅਕਾਊਂਟ ਹੋਏ ਬੰਦ! ਕੰਪਨੀ ਨੇ ਦੱਸਿਆ ਕਾਰਨ

Global Team
3 Min Read

ਨਿਊਜ਼ ਡੈਸਕ: Meta ਦੀ ਮਲਕੀਅਤ ਵਾਲੇ ਮੈਸੇਜਿੰਗ ਪਲੇਟਫਾਰਮ WhatsApp ਨੇ ਕਈ ਯੂਜ਼ਰਜ਼ ਦੇ ਅਕਾਊਂਟ ਰਿਵਿਊ ਲਈ ਭੇਜ ਦਿੱਤੇ ਹਨ। ਖ਼ਬਰ ਏਜੰਸੀ PTI ਮੁਤਾਬਕ, ਸੋਮਵਾਰ ਨੂੰ ਭਾਰਤ ਸਣੇ ਕਈ ਦੇਸ਼ਾਂ ਦੇ ਯੂਜ਼ਰਜ਼ ਦੇ ਅਕਾਊਂਟ 24 ਘੰਟਿਆਂ ਲਈ ਜਾਂਚ ਦੇ ਘੇਰੇ ਵਿੱਚ ਰੱਖੇ ਗਏ। ਇਸ ਦੌਰਾਨ ਪ੍ਰਭਾਵਿਤ ਅਕਾਊਂਟਾਂ ਦੇ ਕਈ ਫੀਚਰ ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ ਗਏ, ਜਿਸ ਕਾਰਨ ਯੂਜ਼ਰਜ਼ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

‘Account Under Review’ ਦਾ ਆਇਆ ਸੁਨੇਹਾ

ਯੂਜ਼ਰਜ਼ ਨੂੰ ਰਾਤ ਕਰੀਬ 8 ਵਜੇ ਇਹ ਸਮੱਸਿਆ ਮਹਿਸੂਸ ਹੋਈ, ਜਦੋਂ WhatsApp ਅਚਾਨਕ ਕੰਮ ਕਰਨਾ ਬੰਦ ਕਰ ਗਿਆ ਜਾਂ ਅਕਾਊਂਟ ਰਿਵਿਊ ਵਿੱਚ ਚਲਾ ਗਿਆ। ਸਕ੍ਰੀਨ ‘ਤੇ “Account Under Review” ਦਾ ਸੁਨੇਹਾ ਦਿਖਾਈ ਦਿੱਤਾ। ਇਸ ਵਿੱਚ ਕਿਹਾ ਗਿਆ ਕਿ ਅਕਾਊਂਟ ਦੀ ਗਤੀਵਿਧੀ ਅਤੇ ਡਿਵਾਈਸ ਨਾਲ ਜੁੜੀ ਜਾਣਕਾਰੀ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਕਾਊਂਟ ਕੰਪਨੀ ਦੀਆਂ ਸੇਵਾ ਸ਼ਰਤਾਂ ਦੀ ਪਾਲਣਾ ਕਰ ਰਿਹਾ ਹੈ। ਕੰਪਨੀ ਨੇ ਇਹ ਵੀ ਦੱਸਿਆ ਕਿ ਆਮ ਤੌਰ ‘ਤੇ 24 ਘੰਟਿਆਂ ਦੇ ਅੰਦਰ ਨਤੀਜੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।

ਮਦਦ ਲਈ ਦਿੱਤੇ ਗਏ ਵਿਕਲਪ

ਰਿਵਿਊ ਸੁਨੇਹੇ ਦੇ ਨਾਲ WhatsApp ਨੇ ਯੂਜ਼ਰਜ਼ ਨੂੰ ਅਕਾਊਂਟ ਨਾਲ ਸਬੰਧਤ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਵਿਕਲਪ ਵੀ ਦਿੱਤੇ। ਇਸ ਵਿੱਚ ਜ਼ਿੰਮੇਵਾਰੀ ਨਾਲ WhatsApp ਦੀ ਵਰਤੋਂ ਕਰਨ, ਗਾਈਡੈਂਸ ਵੇਖਣ ਅਤੇ ਚੋਰੀ ਹੋਏ ਫੋਨ ਜਾਂ ਅਕਾਊਂਟ ਸਬੰਧੀ ਮਦਦ ਵਰਗੇ ਆਪਸ਼ਨ ਸ਼ਾਮਲ ਸਨ।

Meta ਨੇ ਕੀ ਕਿਹਾ?

PTI ਮੁਤਾਬਕ, WhatsApp ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਹਮੇਸ਼ਾ ਉਨ੍ਹਾਂ ਲੋਕਾਂ ਤੋਂ ਇੱਕ ਕਦਮ ਅੱਗੇ ਰਹਿਣ ਦੀ ਕੋਸ਼ਿਸ਼ ਕਰਦੀ ਹੈ ਜੋ ਪਲੇਟਫਾਰਮ ਦਾ ਗਲਤ ਇਸਤੇਮਾਲ ਕਰਦੇ ਹਨ। ਯੂਜ਼ਰਜ਼ ਦੀ ਸੁਰੱਖਿਆ ਲਈ ਕਈ ਵਾਰ ਅਕਾਊਂਟਾਂ ‘ਤੇ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਕਈ ਵਾਰ ਗਲਤੀ ਨਾਲ ਵੀ ਅਜਿਹੀ ਕਾਰਵਾਈ ਹੋ ਸਕਦੀ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਕੰਪਨੀ ਜਲਦ ਤੋਂ ਜਲਦ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ।

ਸੋਸ਼ਲ ਮੀਡੀਆ ‘ਤੇ ਯੂਜ਼ਰਜ਼ ਦੀਆਂ ਸ਼ਿਕਾਇਤਾਂ

ਕਈ ਯੂਜ਼ਰਜ਼ ਨੇ ਸੋਸ਼ਲ ਮੀਡੀਆ ‘ਤੇ ਸਕ੍ਰੀਨਸ਼ਾਟ ਸਾਂਝੇ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੇ WhatsApp ਅਕਾਊਂਟ ਬਿਨਾਂ ਕਿਸੇ ਚਿਤਾਵਨੀ ਦੇ ਡਿਸੇਬਲ ਜਾਂ ਰਿਵਿਊ ਵਿੱਚ ਚਲੇ ਗਏ। ਕੁਝ ਯੂਜ਼ਰਜ਼ ਨੇ ਕਿਹਾ ਕਿ ਉਹ ਸਿਰਫ਼ ਅਧਿਕਾਰਤ WhatsApp ਐਪ ਦੀ ਵਰਤੋਂ ਕਰਦੇ ਹਨ ਅਤੇ ਉਨ੍ਹਾਂ ਦਾ ਕੰਮ ਵੀ ਇਸੇ ‘ਤੇ ਨਿਰਭਰ ਹੈ।

ਰਿਪੋਰਟ ਮੁਤਾਬਕ ਕੁਝ ਯੂਜ਼ਰਜ਼ ਨੂੰ ਇਹ ਸਮੱਸਿਆ ਕੁਝ ਸਮੇਂ ਲਈ ਹੀ ਆਈ ਅਤੇ ਐਪ ਨੂੰ ਦੁਬਾਰਾ ਖੋਲ੍ਹਣ ‘ਤੇ ਉਹ ਆਮ ਤਰ੍ਹਾਂ ਕੰਮ ਕਰਨ ਲੱਗ ਪਿਆ। ਫਿਲਹਾਲ ਇਹ ਦੇਖਣਾ ਬਾਕੀ ਹੈ ਕਿ ਕੀ ਹੋਰ ਯੂਜ਼ਰਜ਼ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਗੇ ਜਾਂ WhatsApp ਇਸ ਬਾਰੇ ਕੋਈ ਹੋਰ ਅਧਿਕਾਰਤ ਜਾਣਕਾਰੀ ਜਾਰੀ ਕਰੇਗਾ।

Share This Article
Leave a Comment