ਕਿਸਾਨਾਂ ਦੀ ਚਿਤਾਵਨੀ

Global Team
3 Min Read

ਜਗਤਾਰ ਸਿੰਘ ਸਿੱਧੂ

ਕਿਸਾਨ ਜਥੇਬੰਦੀਆਂ ਨੇ ਅੱਜ ਝੋਨੇ ਦੀ ਖਰੀਦ ਦੇ ਮੁੱਦੇ ਤੇ ਪੂਰਾ ਪੰਜਾਬ ਜਾਮ ਕਰਕੇ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਚਿਤਾਵਨੀ ਦਿਤੀ ਹੈ ਕਿ ਫਸਲ ਦੀ ਖਰੀਦ ਨੂੰ ਲੈ ਕੇ ਸਮੁੱਚੇ ਪੰਜਾਬ ਨੂੰ ਖੱਜਲਖੁਆਰ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਪੰਜਾਬ ਦੇ ਹਜਾਰਾਂ ਲੋਕ ਅੱਜ ਸੜਕਾਂ ਤੇ ਖੁਆਰ ਹੋਏ। ਇਨਾਂ ਵਿਚ ਕਿਸਾਨ ਵੀ ਸ਼ਾਮਿਲ ਹਨ ਜਿਹੜੇ ਕਿ ਕਈ ਦਿਨਾਂ ਤੋਂ ਮੰਡੀਆਂ ਵਿਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਸੜਕਾਂ ਤੇ ਬੈਠਕੇ ਧਰਨਾ ਦੇ ਰਹੇ ਹਨ ਅਤੇ ਬਾਕੀ ਉਹ ਜਿਹੜੇ ਬੱਸਾਂ, ਕਾਰਾਂ ਅਤੇ ਹੋਰ ਸਾਧਨਾਂ ਰਾਹੀਂ ਸਫਰ ਕਰਨ ਵਾਲੇ ਮੀਲਾਂ ਲੰਮੇ ਜਾਮਾਂ ਵਿੱਚ ਫਸੇ ਰਹੇ। ਸਵਾਲ ਤਾਂ ਇਹ ਹੈ ਕਿ ਝੋਨੇ ਦੀ ਖਰੀਦ ਦੇ ਮਾਮਲੇ ਵਿਚ ਜਿੰਮੇਵਾਰੀ ਤਾਂ ਸਰਕਾਰਾਂ ਦੀ ਹੈ ਪਰ ਸਜਾ ਪੰਜਾਬ ਭੁਗਤ ਰਿਹਾ ਹੈ। ਕਿਸਾਨ ਦੀ ਪੰਜਾਬ ਵਿਚ ਖੇਤਾਂ ਅਤੇ ਮੰਡੀਆਂ ਵਿਚ ਹਜਾਰਾਂ ਕਰੋੜ ਰੁਪਏ ਦੀ ਫਸਲ ਮੰਡੀਆਂ ਅਤੇ ਖੇਤਾਂ ਵਿਚ ਰੁਲ ਰਹੀ ਹੈ ਪਰ ਰਾਜਸੀ ਧਿਰਾਂ ਰਾਜਨੀਤੀ ਕਰ ਰਹੀਆਂ ਹਨ। ਜਾਮ ਵਿਚ ਬਿਮਾਰ, ਬੱਚੇ , ਔਰਤਾਂ ਅਤੇ ਬਜੁਰਗਾਂ ਸਮੇਤ ਹਜਾਰਾਂ ਪੰਜਾਬੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਰਹੇ। ਕਈ ਕਿਸਾਨਾਂ ਨੂੰ ਕੋਸ ਰਹੇ ਸਨ ਪਰ ਕਈ ਸਰਕਾਰਾਂ ਨੂੰ ਕੋਸ ਰਹੇ ਸਨ।

ਇਸ ਮੌਕੇ ਉੱਪਰ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨ ਨੂੰ ਇਸ ਤਰਾਂ ਪ੍ਰੇਸ਼ਾਨ ਅਤੇ ਬਰਬਾਦ ਕੀਤਾ ਜਾਵੇਗਾ ਤਾਂ ਕਿਸਾਨ ਵੀ ਦੇਸ਼ ਦੇ ਹਾਕਮਾਂ ਨੂੰ ਸਬਕ ਸਿਖਾ ਦੇਣਗੇ। ਜੇਕਰ ਪੰਜਾਬ ਨੇ ਝੋਨਾ ਨਾ ਲਾਉਣ ਦਾ ਫੈਸਲਾ ਲੈ ਲਿਆ ਤਾਂ ਕੇਂਦਟ ਸਰਕਾਰ ਨੂੰ ਦੇਸ਼ ਦੇ ਲੋਕਾਂ ਨੂੰ ਮੁਫਤ ਅਨਾਜ ਦੇਣ ਦੀ ਸਕੀਮ ਚਾਲੂ ਰੱਖਣੀ ਮੁਸ਼ਕਲ ਹੋ ਜਾਵੇਗੀ। ਜੇਕਰ ਪ੍ਰਬੰਧਾਂ ਦੀ ਘਾਟ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ ਤਾਂ ਕੇਂਦਰ ਸਰਕਾਰ ਪੰਜਾਬ ਦੇ ਗੁਦਾਮਾਂ ਵਿਚੋਂ ਅਨਾਜ ਨਾ ਚੁੱਕਣ ਲਈ ਕੇਂਦਰ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ। ਰਾਜੇਵਾਲ ਦਾ ਕਹਿਣਾ ਹੈ ਕਿ ਜੇਕਰ ਸਥਿਤੀ ਨਾ ਠੀਕ ਹੋਈ ਤਾਂ 29 ਅਕਤੂਬਰ ਨੂੰ ਪੰਜਾਬ ਦੇ ਸਾਰੇ ਜਿਲਿਆਂ ਦੇ ਡੀ ਸੀ ਦਫਤਰਾਂ ਨੂੰ ਤਾਲੇ ਮਾਰ ਦਿੱਤੇ ਜਾਣਗੇ। ਕਿਸਾਨ ਨੇਤਾ ਦਾ ਕਹਿਣਾ ਹੈ ਕਿ ਮਾਮਲਾ ਕੇਵਲ ਕਿਸਾਨ ਦਾ ਨਹੀ ਹੈ ਸਗੋਂ ਸਮੁੱਚੇ ਪੰਜਾਬ ਦੀ ਆਰਥਿਕਤਾ ਇਸ ਨਾਲ ਜੁੜੀ ਹੋਈ ਹੈ। ਜੇਕਰ ਕਿਸਾਨ ਦੀ ਜੇਬ ਵਿਚ ਫਸਲ ਦਾ ਪੈਸਾ ਆਏਗਾ ਤਾਂ ਮਾਰਕੀਟ ਵਿਚ ਕਾਰੋਬਾਰ ਚੱਲਣਗੇ।

ਦੂਜੇ ਪਾਸੇ ਰਾਜਸੀ ਧਿਰਾਂ ਬਿਆਨ ਤਾਂ ਕਿਸਾਨ ਦੇ ਹੱਕ ਵਿਚ ਦੇ ਰਹੀਆਂ ਹਨ ਪਰ ਮਾਮਲਾ ਰਾਜਨੀਤੀ ਨਾਲ ਜੁੜ ਜਾਂਦਾ ਹੈ। ਆਪ ਦੇ ਨੇਤਾ ਲਗਾਤਾਰ ਆਖ ਰਹੇ ਹਨ ਕਿ ਕੇਂਦਰ ਸਰਕਾਰ ਕਿਸਾਨਾ ਤੋਂ ਬਦਲਾ ਲੈ ਰਹੀ ਹੈ ਪਰ ਭਾਜਪਾ ਆਖ ਰਹੀ ਹੈ ਕਿ ਮਾੜੇ ਪ੍ਰਬੰਧਾਂ ਕਾਰਨ ਮੁਸ਼ਕਲ ਆਈ ਹੈ ਅਤੇ ਸਿੱਧੇ ਤੌਰ ਤੇ ਮਾਨ ਸਰਕਾਰ ਜਿੰਮੇਵਾਰ ਹੈ। ਅੱਜ ਸਾਰਾ ਪੰਜਾਬ ਪੁਛ ਰਿਹਾ ਹੈ ਕਿ ਪੰਜਾਬ ਨੂੰ ਵੱਡੇ ਸੰਕਟ ਵਿੱਚ ਧੱਕਣ ਲਈ ਕੌਣ ਜਿੰਮੇਵਾਰ ਹੈ? ਕੇਂਦਰ ਜਾਂ ਸੂਬਾ ਸਰਕਾਰ? ਪੰਜਾਬੀ ਵੱਡੇ ਸੰਕਟ ਵੀ ਹਿੰਮਤ ਨਾਲ ਪਾਰ ਕਰ ਲੈਂਦੇ ਹਨ ਪਰ ਜਵਾਬ ਲੈਣਾ ਵੀ ਜਾਣਦੇ ਹਨ!

- Advertisement -

ਸੰਪਰਕ ਃ 9814002186

Share this Article
Leave a comment