Breaking News

ਮੋਦੀ ਦੀ ਨਵੀਂ ਟੀਮ ਵਿੱਚ ਪੰਜਾਬ ਨਾਲ ਵਿਤਕਰਾ

ਅਮਰਜੀਤ ਸਿੰਘ ਵੜੈਚ 

ਕੇਂਦਰ ਸਰਕਾਰ ਦੇ ਮੰਤਰੀ-ਮੰਡਲ ਵਿੱਚ ਸੱਤ ਜੁਲਾਈ ਬੁੱਧਵਾਰ ਨੂੰ ਜੋ ਵੱਡਾ ਵਾਧਾ ਕੀਤਾ ਗਿਆ ਉਸ ਵਿੱਚੋ ਪੰਜਾਬ ਨੂੰ ਕੁਝ ਵੀ ਨਹੀਂ ਮਿਲਿਆ ਬਲਕਿ ਨਿਰਾਸ਼ਾ ਹੀ ਪੱਲੇ ਪਈ ਹੈ। ਕੁੱਲ ਸਤੱਤਰ ਮੰਤਰੀਆਂ ਦੇ ਇਸ ਕੁਨਬੇ ਵਿੱਚ ਪੰਜਾਬ ‘ਚੋਂ ਇਕ ਹੀ ਚਿਹਰਾ ਹੈ ਸ਼੍ਰੀ ਸੋਮ ਪ੍ਰਕਾਸ਼ ਅਤੇ ਉਹ ਵੀ ਰਾਜ ਮੰਤਰੀ ਦਾ । ਰਾਜ ਮੰਤਰੀ ਕੈਬਨਿਟ ਮੰਤਰੀ ਦੇ ਨਾਲ਼ ਸਿਰਫ ਸਿਖਲਾਈ ਲੈਣ ਵਾਲ਼ਾ ਮੰਤਰੀ ਹੀ ਸਮਝਿਆ ਜਾਂਦਾ ਹੈ । ਪੰਜਾਬ ਵਿੱਚੋਂ ਲੋਕ-ਸਭਾ ਲਈ ਬੀਜੇਪੀ ਦੇ ਸ਼੍ਰੀ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ, ਸ਼੍ਰੀ ਸੰਨੀ ਦਿਓਲ ,ਗੁਰਦਾਸਪੁਰ ਤੋਂ ਸਾਂਸਦ ਹਨ ਅਤੇ ਰਾਜ-ਸਭਾ ਦੀ ਇਕ ਸੀਟ ਲਈ ਸ਼੍ਰੀ ਸ਼ਵੇਤ ਮਲਿਕ ਬੀਜੇਪੀ ਦੇ ਸਾਂਸਦ ਹਨ। ਸ਼੍ਰੀ ਹਰਦੀਪ ਸਿੰਘ ਪੁਰੀ ਨੂੰ ਤਰੱਕੀ ਦੇ ਕੇ ਕੈਬਨਿਟ ਦਾ ਦਰਜਾ ਦੇ ਦਿਤਾ ਗਿਆ ਹੈ। ਸ਼੍ਰੀ ਪੁਰੀ ਸਿਖ ਚਿਹਰਾ ਹੋਣ ਕਰਕੇ ਪੰਜਾਬ ਦਾ ਹੀ ਹਿੱਸਾ ਲਗਦੇ ਹਨ ਪਰ ਦਰਅਸਲ ਉਹ ਯੂਪੀ ਤੋਂ ਰਾਜ-ਸਭਾ ਮੈਂਬਰ ਹਨ ।ਉਹ ਅੰਮ੍ਰਿਤਸਰ ਤੋਂ 2019 ਵਿੱਚ ਲੋਕ-ਸਭਾ ਲਈ ਚੋਣ ਲੜੇ ਸਨ ਪਰ ਕਾਂਗਰਸ ਦੇ ਸ਼੍ਰੀ ਗੁਰਜੀਤ ਸਿੰਘ ਔਜਲਾ ਤੋਂ ਹਾਰ ਗਏ ਸਨ । ਇਸ ਲਿਹਾਜ ਨਾਲ਼ ਕੇਂਦਰ ਸਰਕਾਰ ਵਿੱਚ ਪੰਜਾਬ ਨੂੰ ਬਣਦਾ ਹਿੱਸਾ ਨਾ ਦੇ ਕੇ ਪ੍ਰਧਾਨਮੰਤਰੀ ਨੇ ਇਹ ਇਸ਼ਾਰਾ ਕੀਤਾ ਹੈ ਕਿ ਭਾਜਪਾ ਲਈ ਪੰਜਾਬ ਦੀਆਂ 13 ਲੋਕ-ਸਭਾ ਸੀਟਾਂ ਦੀ ਕੋਈ ਖਾਸ ਅਹਿਮੀਅਤ ਨਹੀਂ ਹੈ । ਇਸ ਇਸ਼ਾਰੇ ਦੇ ਅਰਥ ਇਹ ਵੀ ਹਨ ਕਿ ਕਿਸਾਨ-ਅੰਦੋਲਨ ਤੋਂ ਮੋਦੀ ਜੀ ਕਿਨੇ ਦੁੱਖੀ ਹਨ ।

ਸਤਾਰ੍ਹਵੀਂ ਲੋਕ-ਸਭਾ ਲਈ ਦੋ ਹਜ਼ਾਰ ਉੱਨੀ ਵਿੱਚ ਹੋਈਆਂ ਚੋਣਾਂ ਸਮੇਂ ਭਾਜਪਾ ਨੇ ਅਕਾਲੀ ਦਲ ਨਾਲ਼ ਰਲ਼ਕੇ ਚੋਣਾਂ ਲੜੀਆਂ ਸਨ ਅਤੇ ਦੋਹਾਂ ਪਾਰਟੀਆਂ ਨੇ ਦੋ-ਦੋ ਸੀਟਾਂ ਜਿਤੀਆਂ ਸਨ । ਅਕਾਲੀ ਦਲ ਲਈ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ, ਬਠਿੰਡਾ ਅਤੇ ਸ਼੍ਰੀ ਸੁਖਬੀਰ ਸਿੰਘ ਬਾਦਲ, ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਚੋਣ ਜਿਤੇ ਸਨ । ਸ਼੍ਰੀਮਤੀ ਬਾਦਲ ਪਿਛਲੇ ਵਰ੍ਹੇ ਤੱਕ ਮੋਦੀ ਸਰਕਾਰ ਦੇ ਮੰਤਰੀ-ਮੰਡਲ ਦਾ ਹਿੱਸਾ ਰਹੇ ਸਨ । ਤਿੰਨ ਖੇਤੀ ਕਾਨੂੰਨਾਂ ਦਾ ਰੇੜਕਾ ਪੈਣ ਮਗਰੋਂ ਸ਼੍ਰੀਮਤੀ ਬਾਦਲ ਨੇ ਮਜਬੂਰੀ ਵਸ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿਤਾ ਸੀ । ਇੰਜ ਪੰਜਾਬ ਦੇ ਕੋਟੇ ਵਿੱਚ ਇਕ ਸੀਟ ਖਾਲੀ ਪਈ ਹੈ । ਜੇਕਰ ਮੋਦੀ ਪੰਜਾਬ ਪ੍ਰਤੀ ਸੁਹਿਰਦ ਹੁੰਦੇ ਤਾਂ ਪੰਜਾਬ ਦੇ ਕੋਟੇ ਵਿੱਚੋਂ ਇਕ ਮੰਤਰੀ ਬਣਾ ਸਕਦੇ ਸੀ ।ਵੈਸੇ ਹਾਲੇ ਵੀ ਕੇਂਦਰੀ ਮੰਤਰੀ-ਮੰਡਲ ਵਿੱਚ ਤਿੰਨ ਮੰਤਰੀਆਂ ਲਈ ਸੀਟਾਂ ਖਾਲੀ ਹਨ । ਕੇਂਦਰੀ ਕੈਬਨਿਟ ਵਿੱਚ ਪ੍ਰਧਾਨ ਮੰਤਰੀ ਸਮੇਤ 81 ਮੰਤਰੀ ਹੋ ਸਕਦੇ ਹਨ ।

ਪੰਜਾਬ ਨੂੰ ਕੇਂਦਰੀ ਸਰਕਾਰ ਵਿੱਚ ਬਣਦਾ ਹਿੱਸਾ ਨਾ ਮਿਲਣ ਕਰਕੇ ਭਵਿਖ ਵਿੱਚ ਕੇਂਦਰ ਵੱਲੋਂ ਬਣਨ ਵਾਲ਼ੀਆਂ ਸਕੀਮਾਂ ਵਿੱਚ ਵੀ ਪੰਜਾਬ ਨੂੰ ਪਿਛੇ ਰਖਿਆ ਜਾਏਗਾ ਜਿਸ ਨਾਲ਼ ਪੰਜਾਬ ਦੇ ਸੰਕਟ ਵਿੱਚ ਹੋਰ ਵਾਧਾ ਹੋਣ ਦਾ ਡਰ ਬਣਿਆ ਰਹੇਗਾ । ਪੁਰੀ ਜੀ ਨੂੰ ਬੜੇ ਮੱਤਵਪੂਰਨ ਹਾਊਸਿੰਗ,ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਮਿਲ਼ੇ ਹਨ ਪਰ ਸਵਾਲ ਇਹ ਹੈ ਕਿ ਕੀ ਉਹ ਪੰਜਾਬ ਲਈ ਕੁਝ ਨਵਾਂ ਕਰਨ ਦੇ ਸਮਰੱਥ ਹੋਣਗੇ ਕਿ ਨਹੀਂ ? ਆਸ ਤਾਂ ਘੱਟ ਹੀ ਲਗਦੀ ਹੈ ।

ਕੇਂਦਰੀ ਕੈਬਨਿਟ ਵਿੱਚ ਪੰਜਾਬ ਦੀ ਅਣਦੇਖੀ ਪੰਜਾਬ ਵਿੱਚ ਬੀਜੇਪੀ ਨੂੰ ਵੀ ਮਹਿੰਗੀ ਪਵੇਗੀ ਜੋ ਪਹਿਲਾਂ ਹੀ ਕਿਸਾਨ ਅੰਦੋਲਨ ਕਰਕੇ ਕੁੜਿਕੀ ਵਿੱਚ ਫਸੀ ਹੋਈ ਹੈ । ਪੰਜਾਬ ਵਿਚੋਂ ਕੋਈ ਨਵਾਂ ਮੰਤਰੀ ਨਾ ਸ਼ਾਮਿਲ ਹੋਣ ਦਾ ਇਹ ਵੀ ਮਤਲਬ ਹੈ ਕਿ ਪੰਜਾਬ ਭਾਜਪਾ ਦੀ ਕੇਂਦਰ ਵਿੱਚ ਵੀ ਪੁੱਛ-ਪ੍ਰਤੀਤ ਘੱਟ ਹੀ ਹੈ । ਭਾਜਪਾ ਨੇ ਅਗਲੇ ਵਰ੍ਹੇ ਪੰਜਾਬ ਵਿਧਾਨ-ਸਭਾ ਚੋਣਾਂ ਲਈ ਲੋਕਾਂ ਦੀ ਕਚਿਹਰੀ ਵਿੱਚ ਜਾਣਾ ਹੈ । ਕੇਂਦਰ ਵੱਲੋਂ ਪੰਜਾਬ ਨਾਲ ਇਹ ਵਿਤਕਰਾ ਵਿਰੋਧੀ ਪਾਰਟੀਆਂ ਲਈ ਭਾਜਪਾ ਦੇ ਵਿਰੁਧ ਇਕ ਵੱਡਾ ਹਥਿਆਰ ਸਾਬਤ ਹੋਵੇਗਾ ਜਿਸ ਦਾ ਮੁਕਾਬਲਾ ਭਾਜਪਾ ਨਹੀਂ ਕਰ ਸਕੇਗੀ ।

ਦਰਅਸਲ ਕੇਂਦਰੀ ਮੰਤਰੀ ਮੰਡਲ ਵਿੱਚ ਵਾਧਾ ਅਗਲੇ ਵਰ੍ਹੇ ਪੰਜ ਰਾਜਾਂ ਪੰਜਾਬ, ਉੱਤਰਪ੍ਰਦੇਸ, ਉਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਹੋਣ ਵਾਲ਼ੀਆਂ ਵਿਧਾਨ ਸਭਾਵਾਂ ਦੀ ਚੋਣਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ। ਇਸ ਵਿੱਚ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਹੈ ਕਿ ਜਾਤ-ਬਰਾਦਰੀ ਦਾ ਵੀ ਸੰਤੁਲਨ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ । ਮੌਜੁਦਾ ਮੰਤਰੀ-ਮੰਡਲ ਵਿੱਚ 27 ਓ ਬੀ ਸੀ,12 ਦਲਿਤ ਅਤੇ 8 ਕਬਾਇਲੀ ਚਿਹਰੇ ਅਤੇ 11 ਔਰਤਾਂ ਵੀ ਸਾਮਿਲ ਹਨ । ਮੌਜੂਦਾ ਮੰਤਰੀ ਮੰਡਲ ਵਿੱਚ, ਪ੍ਰਧਾਨ ਮੰਤਰੀ ਸਮੇਤ 78 (1+77) ਚਿਹਰੇ ਹਨ । ਮੌਜੂਦਾ ਵਾਧਾ 36 ਮੰਤਰੀਆਂ ਨਾਲ ਕੀਤਾ ਹੈ ਜਿਸ ਵਿੱਚੋਂ 25 ਮੰਤਰੀ ਤਾਂ ਯੂਪੀ, ਮਹਾਰਾਸ਼ਟਰ, ਪੱਛਮੀਬੰਗਾਲ, ਕਰਨਾਟਕਾ ਅਤੇ ਗੁਜਰਾਤ ਵਿੱਚੋਂ ਹਨ ਜਿਥੇ ਲੋਕ-ਸਭਾ ਦੀਆਂ 200 ਸੀਟਾਂ ਹਨ। ਇਸਦਾ ਮਤਲਬ ਇਹ ਵੀ ਹੈ ਕਿ 2024 ਦੀ ਵੀ ਤਿਆਰੀ ਹੋਣੀ ਸ਼ੁਰੂ ਹੋ ਗਈ ਹੈ ।

Check Also

ਕੋਟਕਪੂਰਾ ਗੋਲੀਕਾਂਡ; ਸੁਖਬੀਰ ਨੂੰ ਲੱਗਾ ਵੱਡਾ ਝਟਕਾ

ਜਗਤਾਰ ਸਿੰਘ ਸਿੱਧੂ ਮੈਨੇਜਿੰਗ ਐਡੀਟਰ ਫ਼ਰੀਦਕੋਟ ਅਦਾਲਤ ਵੱਲੋਂ ਕੋਟਕਪੂਰਾ ਗੋਲੀਕਾਂਡ ਵਿੱਚ ਅਕਾਲੀ ਦਲ ਦੇ ਪ੍ਰਧਾਨ …

Leave a Reply

Your email address will not be published. Required fields are marked *