ਕਿਸਾਨਾਂ ਲਈ ਜਾਣਕਾਰੀ – ਸ਼ਹਿਦ ਮੱਖੀਆਂ ਦੀਆਂ ਪ੍ਰਜੀਵੀ ਚਿਚੜੀਆਂ ਦੀ ਰੋਕਥਾਮ

TeamGlobalPunjab
14 Min Read

-ਭਾਰਤੀ ਮੋਹਿੰਦਰੂ;

ਸ਼ਹਿਦ ਮੱਖੀਆਂ ਦੇ ਕਟੁੰਬਾਂ ਤੇ ਹੋਰ ਮੱਖੀ ਦੁਸ਼ਮਣਾਂ ਅਤੇ ਬੀਮਾਰੀਆਂ ਤੋਂ ਇਲਾਵਾ, ਪ੍ਰਜੀਵੀ ਚਿਚੜੀਆਂ (ਮਾਈਟ) ਦੀਆਂ ਕੁਝ ਪ੍ਰਜਾਤੀਆਂ ਵੀ ਹਮਲਾ ਕਰਦੀਆਂ ਹਨ। ਸ਼ਹਿਦ ਮੱਖੀਆਂ ਨੂੰ ਲੱਗਣ ਵਾਲੀਆਂ ਚਿਚੜੀਆਂ (ਮਟਿੲਸ)/ ਚਿੱਚੜੀਆਂ ਨੂੰ ਮੁੱਖ ਤੌਰ ਤੇ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ: ਬਾਹਰੀ ਪ੍ਰਜੀਵੀ ਚਿਚੜੀਆਂ ਅਤੇ ਅੰਦਰੂਨੀ ਪ੍ਰਜੀਵੀ ਚਿਚੜੀਆਂ। ਬਾਹਰੀ ਪ੍ਰਜੀਵੀ ਚਿਚੜੀਆਂ ਦੀ ਸ਼੍ਰੇਣੀ ਵਿੱਚ ਬਰੂਡ ਚਿਚੜੀਆਂ (ਟ੍ਰੋਪੀਲੇਲੈਪਸ ਕਲੇਰੀ) ਅਤੇ ਵਰੋਆ ਚਿਚੜੀਆਂ, ਅਤੇ ਅੰਦਰੂਨੀ ਪ੍ਰਜੀਵੀ ਸ਼੍ਰੇਣੀ ਵਿੱਚ ਅਕਰੇਪਿਸ ਚਿਚੜੀਆਂ (ਅਕਰੇਪਿਸ ਵੁਡੀ) ਮੁੱਖ ਹਾਨੀਕਾਰਕ ਚਿਚੜੀਆਂ ਹਨ । ਪੰਜਾਬ ਵਿੱਚ ਇਟਾਲੀਅਨ ਸ਼ਹਿਦ ਮੱਖੀ ਤੇ ਮੁੱਖ ਹਮਲਾ ਬਾਹਰੀ ਪ੍ਰਜੀਵੀ ਚਿਚੜੀਆਂ ਦਾ ਹੁੰਦਾ ਹੈ। ਇਸ ਲੇਖ ਰਾਹੀਂ ਤੁਸੀਂ ਚਿਚੜੀਆਂ ਦੀਆਂ ਪ੍ਰਜਾਤੀਆਂ ਦੀ ਪਛਾਣ, ਨੁਕਸਾਨ ਅਤੇ ਰੋਕਥਾਮ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ।

(ੳ) ਬਰੂਡ ਚਿਚੜੀ (ਟ੍ਰੋਪੀਲੇਲੈਪਸ ਕਲੇਰੀ) ਅਤੇ ਇਸ ਦੇ ਹਮਲੇ ਦੀ ਪਹਿਚਾਣ
ਇਹ ਬਾਹਰੀ ਪ੍ਰਜੀਵੀ ਚਿਚੜੀਆਂ ਬਹੁਤ ਹੀ ਛੋਟੇ ਆਕਾਰ ਦੀ ਹੁੰਦੀ ਹੈ ਪਰੰਤੂ ਛੱਤੇ ਦੇ ਸੈੱਲਾਂ ਦੇ ਕਿਨਾਰਿਆਂ ਉੱਪਰ ਤੁਰੀ ਫਿਰਦੀ ਸੌਖਿਆਂ ਹੀ ਦਿਸ ਜਾਂਦੀ ਹੈ। ਮਾਦਾ ਚਿਚੜੀ ਲੰਬੂਤਰੀ ਅਤੇ ਭੂਰੇ-ਸੰਤਰੀ ਰੰਗ ਦੀ ਹੁੰਦੀ ਹੈ (ਚਿੱਤਰ 1)। ਨਰ ਚਿਚੜੀ ਮਾਦਾ ਨਾਲੋਂ ਛੋਟੇ ਆਕਾਰ ਦੀ ਅਤੇ ਹਲਕੇ ਪੀਲੇ ਰੰਗ ਦੀ ਹੋਣ ਕਾਰਨ ਆਸਾਨੀ ਨਾਲ ਨਜ਼ਰ ਨਹੀਂ ਆਉਂਦੀ । ਗਰਭਤ ਚਿਚੜੀ ਬੰਦ ਹੋਣ ਵਾਲੇ ਬਰੂਡ ਸੈੱਲਾਂ ਵਿੱਚ ਦਾਖਲ ਹੋ ਜਾਂਦੀ ਹੈ ਅਤੇ ਬਰੂਡ ਸੈੱਲ ਬੰਦ ਹੋਣ ਤੋਂ ਬਾਅਦ ਅੰਡੇ ਦੇਣੇ ਸ਼ੁਰੂ ਕਰਦੀ ਹੈ । ਇਨ੍ਹਾਂ ਅੰਡਿਆਂ ਵਿੱਚੋਂ ਇਸ ਚਿਚੜੀ ਦੇ ਨਿੱਕਲੇ ਬੱਚੇ ਮੱਖੀ ਦੇ ਪਿਊਪੇ ਦਾ ਖ਼ੂਨ ਚੂਸਦੇ ਹਨ । ਮਾਦਾ ਚਿਚੜੀ ਬੰਦ ਬਰੂਡ ਵਿੱਚ ਹੀ ਜਵਾਨ ਹੋ ਕੇ ਅੰਦਰ ਪੈਦਾ ਹੋਏ ਨਰ ਨਾਲ ਮਿਲਾਪ ਕਰਦੀ ਹੈ। ਜਵਾਨ ਚਿਚੜੀਆਂ ਸੈੱਲ ਵਿੱਚੋਂ ਸ਼ਹਿਦ ਮੱਖੀ ਦੇ ਨਿਕਲਣ ਸਮੇਂ ਨਾਲ ਹੀ ਸੈੱਲ ਵਿੱਚੋਂ ਬਾਹਰ ਆ ਜਾਂਦੀਆਂ ਹਨ ਜਾਂ ਸੈੱਲ ਵਿੱਚ ਬਰੀਕ ਮੋਰੀ ਕਰਕੇ ਪਹਿਲਾਂ ਹੀ ਨਿਕਲ ਆਉਂਦੀਆਂ ਹਨ। ਜਦੋਂ ਕਟੁੰਬ ਵਿੱਚ ਮੱਖੀਆਂ ਦਾ ਜ਼ਿਆਦਾ ਬਰੂਡ ਪੈਣਾ ਸ਼ੁਰੂ ਹੁੰਦਾ ਹੈ, ਇਸ ਚਿਚੜੀ ਦੇ ਹਮਲੇ ਦੀ ਸੰਭਾਵਨਾ ਵਧ ਜਾਂਦੀ ਹੈ।

ਚਿਚੜੀਆਂ ਦੇ ਹਮਲੇ ਵਾਲੇ ਕਟੁੰਬ ਦੇ ਬੰਦ ਬਰੂਡ ਦੀਆਂ ਟੋਪੀਆਂ ਕੁਝ ਹਲਕਾ ਜਿਹਾ ਹੇਠਾਂ ਵੱਲ ਧਸ ਜਾਂਦੀਆਂ ਹਨ। ਕਈ ਵਾਰ ਧਸੀ ਹੋਈ ਟੋਪੀ ਦੇ ਵਿਚਕਾਰ ਇੱਕ ਬਰੀਕ ਜਿਹੀ ਮੋਰੀ ਵੀ ਦਿਖਾਈ ਦਿੰਦੀ ਹੈ। ਜ਼ਿਆਦਾ ਹਮਲਾ ਹੋਵੇ ਤਾਂ ਬੰਦ ਬਰੂਡ ਇੱਕਸਾਰ ਨਾ ਹੋ ਕੇ ਛਿੱਦਾ ਅਤੇ ਉੱਘੜ-ਦੁੱਘੜਾ ਵਿਖਾਈ ਦਿੰਦਾ ਹੈ। ਜ਼ਿਆਦਾ ਹਮਲੇ ਕਾਰਨ ਪਿਊਪੇ ਮਰ ਜਾਂਦੇ ਹਨ ਅਤੇ ਬਰੂਡ ਬੰਦ ਹੀ ਰਹਿ ਜਾਂਦਾ ਹੈ। ਜੇਕਰ ਹਮਲਾ ਘੱਟ ਹੋਵੇ ਤਾਂ ਬੰਦ ਬਰੂਡ ਵਿੱਚੋਂ ਸੁਕੜੇ/ਛੋਟੇ ਖੰਭਾਂ ਅਤੇ ਲੱਤਾਂ ਵਾਲੀਆਂ ਛੋਟੇ ਸਾਈਜ਼ ਦੀਆਂ ਮੱਖੀਆਂ ਨਿਕਲਦੀਆਂ ਹਨ। ਜ਼ਿਆਦਾ ਹਮਲਾ ਹੋਣ ਦੀ ਸੂਰਤ ਵਿੱਚ ਕਟੁੰਬ ਦੇ ਗੇਟ ਸਾਹਮਣੇ ਮਰੇ ਹੋਏ ਪਿਊਪੇ ਅਤੇ ਸੁਕੜੇ ਖੰਭਾਂ ਵਾਲੀਆਂ ਮੱਖੀਆਂ ਦੇ ਢੇਰ ਲੱਗੇ ਹੁੰਦੇ ਹਨ। ਇਸ ਤਰ੍ਹਾਂ ਬਾਹਰੀ ਪ੍ਰਜੀਵੀ ਚਿਚੜੀਆਂ ਦੇ ਹਮਲੇ ਨਾਲ ਮੱਖੀਆਂ ਦਾ ਕਟੁੰਬ ਕਮਜ਼ੋਰ ਹੁੰਦਾ ਹੈ।

- Advertisement -

ਇਸ ਚਿਚੜੀ ਦੀ ਰੋਕਥਾਮ ਲਈ ਬਰੀਕ ਪੀਸੀ ਹੋਈ ਗੰਧਕ (ਸਲਫਰ) ਨੂੰ ਮਲਮਲ ਦੇ ਕੱਪੜੇ ਦੀ ਪੋਟਲੀ ਜਿਹੀ ਨਾਲ, ਅੰਦਰਲਾ ਢੱਕਣ ਚੁੱਕਣ ਤੋਂ ਬਾਅਦ, ਛੱਤਿਆਂ ਦੇ ਕੇਵਲ ਉੱਪਰਲੇ ਡੰਡਿਆਂ ੳੱੁਪਰ ਹੀ ਇੱਕ ਗ੍ਰਾਮ ਪ੍ਰਤੀ ਛੱਤੇ ਦੇ ਹਿਸਾਬ ਨਾਲ ਧੂੜਨਾ ਚਾਹੀਦਾ ਹੈੇ। ਜ਼ਿਆਦਾ ਜਾਂ ਸਿੱਧਾ ਬਰੂਡ ਉੱਪਰ ਗੰਧਕ ਧੂੜਨ ਨਾਲ ਬਰੂਡ ਨੂੰ ਨੁਕਸਾਨ ਹੋ ਸਕਦਾ ਹੈ । ਸਿਫ਼ਾਰਸ਼ ਕੀਤੀ ਮਿਕਦਾਰ ਵਿੱਚ ਵਰਤੋਂ ਨਾਲ ਗੰਧਕ ਦਾ ਮਾਦਾ ਸ਼ਹਿਦ ਵਿੱਚ ਵੀ ਨਹੀਂ ਆਉਂਦਾ। ਬਰੂਡ ਪੈਣ ਦੇ ਮੌਸਮ ਵਿੱਚ ਦੋ ਵਾਰ ਗੰਧਕ ਦਾ ਧੂੜਾ 2-3 ਹਫਤੇ ਦੇ ਵਕਫੇ ਤੇ ਵਰਤਣ ਨਾਲ ਕਟੁੰਬ ਨੂੰ ਇਸ ਚਿਚੜੀ ਦੇ ਹਮਲੇ ਤੋਂ ਰਹਿਤ ਰੱਖਿਆ ਜਾ ਸਕਦਾ ਹੈ।

ਇਸ ਚਿਚੜੀ ਦਾ ਹਮਲਾ ਫਾਰਮਿਕ ਏਸਿਡ ਦੀ ਧੂਣੀ ਨਾਲ ਵੀ ਰੋਕਿਆ ਜਾ ਸਕਦਾ ਹੈ। ਸ਼ੀਸ਼ੀ ਵਿੱਚ 5 ਮਿਲੀਲਿਟਰ ਫਾਰਮਿਕ ਏਸਿਡ (85%) ਪ੍ਰਤੀ ਪਾ ਕੇ ਹਾਈਵ ਦੇ ਅੰਦਰ ਬਾਟਮ ਬੋਰਡ ਉੱਤੇ ਹਰ ਰੋਜ ਲਗਾਤਾਰ ਦੋ ਹਫਤੇ ਰੱਖੋ। ਸ਼ੀਸ਼ੀ ਵਿੱਚ ਰੂੰ ਦੀ ਇਕ ਮੋਟੀ ਪਰ ਢਿੱਲੀ ਬੱਤੀ ਜਿਸ ਦਾ ਇੱਕ ਸਿਰਾ ਸ਼ੀਸ਼ੀ ਵਿੱਚ ਡੁੱਬਾ ਹੋਵੇ ਅਤੇ ਦੂਜਾ ਬਾਹਰ ਹੋਵੇ ਪਾਉਣ ਨਾਲ ਸ਼ੀਸ਼ੀ ਵਿੱਚ ਮੱਖੀਆਂ ਨਹੀਂ ਡਿਗਣਗੀਆਂ ਅਤੇ ਏਸਿਡ ਦਾ ਵਾਸ਼ਪੀਕਰਨ (evaporation) ਵੀ ਜਲਦੀ ਹੋਵੇਗੀ। ਫਾਰਮਿਕ ਏਸਿਡ ਦੀ ਇਸ ਤਰ੍ਹਾਂ ਵਰਤੋਂ ਕਰਨ ਨਾਲ ਵਰੋਆ ਚਿਚੜੀਆਂ ਅਤੇ ਅੰਦਰੂਨੀ ਚਿਚੜੀਆਂ (Acarapis woodi) ਦੀ ਵੀ ਰੋਕਥਾਮ ਹੋ ਜਾਵੇਗੀ।

(ਅ) ਵਰੋਆ ਚਿਚੜੀ (ਮਾਈਟ) ਅਤੇ ਇਸ ਦੇ ਹਮਲੇ ਦੀ ਪਹਿਚਾਣ

ਵਰੋਆ ਚਿਚੜੀ (ਵਰੋਆ ਡੈਸਟਰਕਟਰ ) ਦੇ ਹਮਲੇ ਵਾਲੇ ਕਟੁੰਬ ਵਿਚ ਬਰੂਡ ਦੇ ਮਰਨ ਨਾਲ ਬਲਤਾ ਦਾ ਵਾਧਾ ਰੁਕ ਜਾਂਦਾ ਹੈ । ਬੰਦ ਬਰੂਡ ਵਿੱਚ ਕਈ ਥਾਵਾਂ ਤੇ ਅਣਢਕੇ ਪਿਊਪੇ ਨਜ਼ਰ ਆਉਂਦੇ ਹਨ (ਚਿੱਤਰ 2)। ਹਮਲੇ ਵਾਲੇ ਕਟੁੰਬਾਂ ਵਿੱਚੋਂ ਬੰਦ ਡਰੋਨ ਜ਼ਾਂ ਕਾਮਾ ਬਰੂਡ ਵਰੋਆ ਕੰਘੇ (ਵਰੋਆ ਫੋਰਕ) ਨਾਲ ਕੱਢ ਕੇ ਵੇਖਣ ਤੇ ਗੂੜ੍ਹੇ-ਭੂਰੇ ਰੰਗ ਦੀਆਂ ਮਾਦਾ ਵਰੋਆ ਚਿਚੜੀਆਂ ਚਿੱਟੇ ਰੰਗ ਦੇ ਬਰੂਡ ਉੱਪਰ ਆਸਾਨੀ ਨਾਲ ਨਜ਼ਰ ਆ ਜਾਂਦੀਆਂ ਹਨ। ਕਈ ਵਾਰ ਸੁੰਡੀਆਂ ਇਸ ਚਿਚੜੀ ਦੇ ਜ਼ਿਆਦਾ ਹਮਲੇ ਕਾਰਨ ਸੈਲਾਂ ਦੀਆਂ ਕੰਧਾਂ ਨਾਲ ਲੱਗ ਕੇ ਵੀ ਮਰ ਜਾਂਦੀਆਂ ਹਨ, ਪਰ ਇਨ੍ਹਾਂ ਦਾ ਰੰਗ ਆਮ ਕਰਕੇ ਚਿੱਟਾ ਭੱਦਾ ਹੋਣ ਤੋਂ ਜ਼ਿਆਦਾ ਨਹੀਂ ਬਦਲਦਾ ਅਤੇ ਸਰੀਰਕ ਧਾਰੀਆਂ ਬਰਕਰਾਰ ਰਹਿੰਦੀਆਂ ਹਨ। ਇਸ ਮਰੇ ਹੋਏ ਬਰੂਡ ਉੱਪਰ ਸਲੇਟੀ ਜਾਂ ਕਾਲੇ ਜਿਹੇ ਨਿਸ਼ਾਨ ਨਜ਼ਰ ਆਉਂਦੇ ਹਨ। ਕਈ ਵਾਰ ਪਿਊਪੇ ਦੇ ਸਿਰ ਵਾਲੇ ਪਾਸੇ ਦੇ ਕੁਝ ਸਰੀਰਕ ਅੰਗ ਟੁੱਟੇ ਜਾਂ ਗਾਇਬ ਹੁੰਦੇ ਹਨ।

ਬਾਲਗ ਮਾਦਾ ਵਰੋਆ ਚਿਚੜੀ ਲੰਬਾਈ ਵਿਚ ਘੱਟ (1.0-1.7 ਮਿਲੀਮੀਟਰ) ਅਤੇ ਚੌੜਾਈ ਵਿਚ ਜ਼ਿਆਦਾ (1.8-1.9 ਮਿਲੀਮੀਟਰ), ਉੱਪਰੋ ਹੇਠਾਂ ਚਪੇਤਲੀ ਅਤੇ ਇਕ ਮਹੀਨ ਕੇਕੜੇ ਵਰਗੀ ਹੁੰਦੀ ਹੈ (ਚਿੱਤਰ 3)। ਇਹ ਚਿਚੜੀ ਕਈ ਵਾਰ ਕਾਮਾ ਮੱਖੀਆਂ ਉੱਪਰ ਬੈਠੀ ਨਜ਼ਰ ਆਉੰਦੀ ਹੈ ਜਿੱਥੇ ਉਹ ਸ਼ਹਿਦ ਮੱਖੀਆਂ ਦਾ ਖੂਨ ਚੂਸਦੀ ਹੈ। ਬੰਦ ਬਰੂਡ ਵਾਲੇ ਛੱਤਿਆਂ ਉੱਪਰ ਵੀ ਵਰੋਆ ਚਿਚੜੀ ਤੁਰੀ ਫਿਰਦੀ ਨਜ਼ਰ ਆਉਦੀਂ ਹੈ। ਹਮਲਾ-ਗ੍ਰਸਤ ਮੱਖੀਆਂ ਛੋਟੇ ਆਕਾਰ ਦੀਆਂ ਅਤੇ ਵਿਗੜੇ ਖੰਬਾਂ (ਚਿੱਤਰ 4), ਲੱਤਾਂ ਅਤੇ ਸਰੀਰ ਵਾਲੀਆਂ ਹੋ ਸਕਦੀਆਂ ਹਨ, ਜਿੰਨ੍ਹਾਂ ਨੂੰ ਕਾਮਾ ਮੱਖੀਆਂ ਹਾਈਵ ਤੋਂ ਬਾਹਰ ਸੁੱਟ ਦਿੰਦੀਆਂ ਹਨ। ਇਸ ਚਿਚੜੀ ਦਾ ਹਮਲਾ ਡਰੋਨ ਬਰੂਡ ਤੇ ਜ਼ਿਆਦਾ ਹੁੰਦਾ ਹੈ। ਕਟੁੰਬਾਂ ਵਿਚ ਸ਼ਹਿਦ ਅਤੇ ਪੋਲਣ ਦੇ ਜ਼ਖੀਰੇ ਅਤੇ ਬਰੂਡ ਪੈਣਾ ਘੱਟ ਜਾਂਦੇ ਹਨ। ਇਸ ਚਿਚੜੀ ਦੀ ਰੋਕਥਾਮ ਨਾ ਕਰਨ ਨਾਲ ਕਟੁੰਬ ਕਮਜ਼ੋਰ ਹੋ ਜਾਂਦੇ ਹਨ ਅਤੇ ਤਕੜੇ ਕਟੁੰਬ ਇਨ੍ਹਾਂ ਕਟੁੰਬਾਂ ਵਿੱਚੋਂ ਖੁਰਾਕ ਚੋਰੀ (ਰੌਬਿੰਗ) ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਦੇ ਨਤੀਜੇ ਵਜੋਂ ਇਹ ਚਿਚੜੀ ਹੋਰ ਕਟੁੰਬਾਂ ਵਿਚ ਫੈਲ ਜਾਂਦੀ ਹੈ। ਅਖੀਰ ਵਿਚ ਕਈ ਕਮਜ਼ੋਰ ਕਟੁੰਬ ਖਤਮ ਹੋ ਜਾਂਦੇ ਹਨ । ਇਸ ਚਿਚੜੀ ਦਾ ਸ਼ਹਿਦ ਮੱਖੀ ਫਾਰਮ ਤੇ ਫੈਲਾਅ ਰੌਬਿੰਗ, ਡਰਿਫਟਿੰਗ ਅਤੇ ਮੱਖੀਆਂ ਦੇ ਛੱਤਿਆਂ ਦੇ ਕਟੁੰਬਾਂ ਵਿੱਚ ਆਦਾਨ-ਪ੍ਰਦਾਨ ਦੁਆਰਾ ਹੁੰਦਾ ਹੈ। ਇਸ ਤੋਂ ਇਲਾਵਾ ਬਰੂਡ ਵਾਲੇ ਛੱਤਿਆਂ ਵਿੱਚੋਂ ਸ਼ਹਿਦ ਕੱਢਣਾ ਵੀ ਇਸ ਚਿਚੜੀ ਦੇ ਫੈਲਾਅ ਵਿੱਚ ਸਹਾਈ ਹੁੰਦਾ ਹੈ।

- Advertisement -

ਵਰੋਆ ਚਿਚੜੀ ਦੀ ਗੈਰ-ਰਸਾਇਣਿਕ ਤਰੀਕਿਆਂ ਦੁਆਰਾ ਰੋਕਥਾਮ
1. ਡਰੋਨ ਬਰੂਡ ਟਰੈਪ: ਇਹ ਚਿਚੜੀ ਹਮਲੇ ਲਈ ਡਰੋਨ ਬਰੂਡ ਨੂੰ ਬਹੁਤ ਪਸੰਦ ਕਰਦੀ ਹੈ। ਚਿਚੜੀ ਦੇ ਹਮਲੇ ਵਾਲੇ ਕਟੁੰਬ ਦੇ ਬਰੂਡ ਵਾਲੇ ਛੱਤਿਆਂ ਦੇ ਵਿਚਕਾਰ, ਕਟੁੰਬ ਦੀ ਬਲਤਾ ਅਨੁਸਾਰ ਇੱਕ ਜਾਂ ਦੋ ਡਰੋਨ ਸੈਲਾਂ ਵਾਲੇ ਖਾਲੀ ਛੱਤੇ ਪਾਉ। ਰਾਣੀ ਮੱਖੀ ਇੰਨ੍ਹਾਂ ਵਿੱਚ ਡਰੋਨ ਅੰਡੇ ਦੇ ਦੇਵੇਗੀ। ਡਰੋਨ ਬਰੂਡ ਬਨਣ ਤੇ ਕਟੁੰਬ ਵਿੱਚਲੀਆਂ ਬਹੁਤੀਆਂ ਵਰੋਆ ਚਿਚੜੀਆਂ ਅੰਡੇ ਦੇਣ ਲਈ ਡਰੋਨ ਵਾਲੇ ਸੈਲਾਂ ਵਿੱਚ ਵੜ ਜਾਣਗੀਆਂ। ਡਰੋਨ ਬਰੂਡ ਸੀਲ ਹੋਣ ਤੇ ਮੱਖੀਆਂ ਝਾੜ ਦਿੳ ਅਤੇ ਡਰੋਨ ਬਰੂਡ ਵਾਲੇ ਛੱਤੇ ਕੱਢ ਕੇ ਬਰੂਡ ਨਸ਼ਟ ਕਰ ਦਿਉ। ਇਸ ਤਰ੍ਹਾਂ ਕਰਨ ਨਾਲ ਬਹੁਤ ਸਾਰੀਆਂ ਵਰੋਆ ਚਿਚੜੀਆਂ ਨਸ਼ਟ ਕੀਤੇ ਡਰੋਨ ਬਰੂਡ ਨਾਲ ਹੀ ਮਰ ਜਾਣਗੀਆਂ । ਯਾਦ ਰਹੇ ਜੇਕਰ ਸੀਲ ਡਰੋਨ ਬਰੂਡ ਨਸ਼ਟ ਨਾ ਕੀਤੀ ਤਾਂ ਵਰੋਆ ਚਿਚੜੀਆਂ ਦੀ ਗਿਣਤੀ ਹੋਰ ਵੀ ਵਧ ਜਾਵੇਗੀ।

2. ਰਾਣੀ ਮੱਖੀ ਨੂੰ ਰਾਣੀ ਪਿੰਜਰੇ ਵਿੱਚ ਬੰਦ ਕਰਕੇ ਕਟੁੰਬ ਨੂੰ ਬਰੂਡ-ਰਹਿਤ ਕਰਨਾ: ਹਮਲੇ ਵਾਲੇ ਕਟੁੰਬ ਦੀ ਰਾਣੀ ਮੱਖੀ ਨੂੰ ਦੋ ਹਫਤਿਆਂ ਲਈ ਰਾਣੀ-ਪਿੰਜਰੇ ਵਿਚ ਬੰਦ ਕਰਕੇ ਕਟੁੰਬ ਵਿੱਚ ਕਿਸੇ ਬਰੂਡ ਵਾਲੇ ਛੱਤੇ ਵਿੱਚ ਇਸ ਤਰ੍ਹਾਂ ਲਗਾਉ ਕਿ ਪਿੰਜਰੇ ਦੇ ਸੁਰਾਖ ਬੰਦ ਨਾ ਹੋਣ ਅਤੇ ਕਾਮਾ ਮੱਖੀਆਂ ਰਾਣੀ ਨੂੰ ਖ਼ੁਰਾਕ ਦੇ ਸਕਣ । ਇਸ ਤਰ੍ਹਾਂ ਰਾਣੀ ਮੱਖੀ ਨਵੇਂ ਅੰਡੇ ਨਹੀਂ ਦੇ ਸਕੇਗੀ ਅਤੇ ਪੁਰਾਣਾ ਬਰੂਡ ਖੁਲ੍ਹਣ ਤੋ ਬਆਦ ਕੁੱਝ ਚਿਰ ਲਈ ਕਟੁੰਬ ਬਰੂਡ ਰਹਿਤ ਹੋ ਜਾਵੇਗਾ। ਇਸ ਬਰੂਡ-ਰਹਿਤ ਸਮੇਂ ਬਰੂਡ ਦੀ ਅਨਹੋਂਦ ਕਾਰਨ ਵਰੋਆ ਦਾ ਵਾਧਾ ਬਹੁਤ ਹੱਦ ਤਕ ਰੁਕ ਜਾਵੇਗਾ।

3. ਸ਼ੂਕ ਸਵਾਰਮ ਢੰਗ: ਵਰੋਆ ਚਿਚੜੀ ਗ੍ਰਸਤ ਕਟੁੰਬ ਦੀ ਸਾਰੀ ਮੱਖੀ ਨਵੇਂ ਹਾਈਵ ਵਿੱਚ ਝਾੜ ਕੇ ਇਸ ਦੇ ਸਾਰੇ ਛੱਤੇ ਕੱਢ ਦਿਉ ।ਫਰੇਮਾਂ ਵਿੱਚ ਮੋਮ ਸ਼ੀਟਾਂ ਲਗਾ ਕੇ ਮੱਖੀਆਂ ਨੂੰ ਦੇ ਦਿਉ। ਖੰਡ ਦਾ ਘੋਲ ਫੀਡਰ ਵਿੱਚ ਭਰ ਕੇ ਖੁਰਾਕ ਵਜੋਂ ਦਿਉ।

4. ਮਹੀਨ ਪੀਸੀ ਖੰਡ ਦਾ ਧੂੜਾ ਦੇਣਾ: ਬਰੀਕ ਪੀਸੀ ਖੰਡ (1.5 ਗਰਾਮ ਪ੍ਰਤੀ ਛੱਤਾ) ਦੋ ਛੱਤਿਆਂ ਦੇ ਵਿਚਕਾਰ ਦੇਰ ਸ਼ਾਮ ਨੂੰ ਧੂੜਣ ਨਾਲ ਇੰਨ੍ਹਾਂ ਦੇ ਕਣ ਚਿਚੜੀਆਂ ਦੇ ਪੈਰਾਂ ਵਿੱਚ ਫਸ ਜਾਂਦੇ ਹਨ ਅਤੇ ਚਿਚੜੀਆਂ ਨੂੰ ਤੁਰਨ ਜਾਂ ਸ਼ਹਿਦ ਮੱਖੀ ਦੇ ਸਰੀਰ ਨਾਲ ਚਿਮੜਨਾ ਔਖਾ ਹੋ ਜਾਂਦਾ ਹੈ ਅਤੇ ਉਹ ਬਾਟਮ ਬੋਰਡ ਤੇ ਡਿਗ ਜਾਂਦੀਆਂ ਹਨ।

5. ਜਾਲੀਦਾਰ ਬਾਟਮ ਬੋਰਡ ਅਤੇ ਚੇਪੂ ਕਾਗਜ਼ (ਸਟਚਿਕੇ ਪੳਪੲਰ) ਦੀ ਵਰਤੋਂ: ਵਰੋਆ ਚਿਚੜੀਆਂ ਤੋ ਛੁਟਕਾਰਾ ਪਾਉਣ ਲਈ ਮੱਖੀਆਂ ਆਪਣੀਆਂ ਲੱਤਾਂ ਨਾਲ ਖ਼ੁਰਕ ਜਿਹੀ (grooming) ਕਰਕੇ ਵੀ ਚਿਚੜੀਆਂ ਨੂੰ ਹੇਠਾਂ ਸੁੱਟਣ ਦੀ ਕੋਸ਼ਿਸ਼ ਕਰਦੀਆਂ ਹਨ। ਇਹ ਚਿਚੜੀ ਬਹੁਤ ਹੀ ਤੇਜ਼ ਤੁਰਦੀ ਹੈ ਅਤੇ ਇਸ ਲਈ ਦੁਬਾਰਾ ਮੱਖੀਆਂ ਵਾਲੇ ਛੱਤਿਆਂ ਤੇ ਚੜ੍ਹ ਸਕਦੀ ਹੈ। ਜੇਕਰ ਹਾਈਵ ਦੇ ਬਾਟਮ ਬੋਰਡ ਜਾਲੀਦਾਰ ਹੋਣ ਤਾਂ ਵਰੋਆ ਚਿਚੜੀ ਬਾਟਮ ਬੋਰਡ ਦੀ ਇਸ ਜਾਲੀ ਰਾਹੀਂ ਜ਼ਮੀਨ ਤੇ ਡਿੱਗ ਪਵੇਗੀ ਅਤੇ ਅੰਦਰ ਨਹੀਂ ਵੜ ਸਕੇਗੀ ਅਤੇ ਹਾਈਵ ਦੇ ਬਾਹਰ ਹੀ ਮਰ ਜਾਵੇਗੀ।

ਬਾਟਮ ਬੋਰਡ ਤੇ ਉਸੇ ਆਕਾਰ ਦੇ ਚੇਪੂ ਕਾਗਜ਼ ਲਗਾਉਣ ਨਾਲ ਹੇਠਾਂ ਡਿਗਣ ਵਾਲੀਆਂ ਚਿਚੜੀਆਂ ਚੇਪੂ ਕਾਗਜ ਉਪਰ ਚਿਪਕ ਜਾਣਗੀਆਂ।

6. ਸਵੱਛਤਾ ਵਿਹਾਰ: ਸਵੱਛਤਾ ਵਿਹਾਰ ਸ਼ਹਿਦ ਮੱਖੀਆਂ ਵਿੱਚ ਵਰੋਆ ਮਾਈਟ ਦੇ ਵਿਰੁੱਧ ਪਾਇਆ ਜਾਣ ਵਾਲਾ ਮੁੱਖ ਗੁਣ ਹੈ। ਇਸ ਵਿਹਾਰ ਨੂੰ ਵਰੋਆ ਮਾਈਟ ਦੇ ਵਿਰੁੱਧ ਸੁਰੱਖਿਆ ਵਿਧੀ ਵਜੋਂ ਵਰਤਿਆ ਜਾ ਸਕਦਾ ਹੈ। ਇਸ ਨਾਲ ਵਰੋਆ ਦਾ ਵਾਧਾ ਘਟਾਇਆ ਜਾ ਸਕਦਾ ਹੈ। ਵਧੀਆ ਸਵੱਛਤਾ ਵਿਹਾਰ ਵਾਲੇ ਕਟੁੰਬਾਂ ਦੀਆਂ ਮੱਖੀਆਂ, ਮਾਈਟ ਪ੍ਰਭਾਵਿਤ ਬਰੂਡ/ ਪਿਊਪੇ ਨੂੰ ਸੈੱਲਾਂ ਤੋਂ ਬਾਹਰ ਕੱਢ ਦਿੰਦੀਆਂ ਹਨ ਜਿਸ ਕਾਰਨ ਉਸ ਉੱਪਰ ਪਲ ਰਹੇ ਚਿਚੜੀ ਦੇ ਬੱਚੇ ਭੋਜਨ ਅਤੇ ਅਨੁਕੂਲ ਵਾਤਾਵਰਣ ਨਾ ਮਿਲਨ ਕਾਰਨ ਮਰ ਜਾਂਦੇ ਹਨ। ਜਿਸ ਨਾਲ ਇੱਕ ਚਿਚੜੀ ਤੋਂ ਘੱਟ ਗਿਣਤੀ ਵਿੱਚ ਉਸਦੇ ਬੱਚੇ ਪੂਰੀ ਤਰ੍ਹਾਂ ਵਿਕਸਿਤ ਹੋ ਪਾਉਂਦੇ ਹਨ।
ਵਰੋਆ ਚਿਚੜੀਆਂ ਦੀ ਰਸਾਇਣਿਕ ਤਰੀਕਿਆਂ ਦੁਆਰਾ ਰੋਕਥਾਮ
ਵਰੋਆ ਦੀ ਰੋਕਥਾਮ ਲਈ ਹੇਠ ਲਿਖੇ ਰਸਾਇਣ ਦੱਸੇ ਗਏ ਤਰੀਕਿਆਂ ਨਾਲ ਵਰਤੋ :

1 ਫਾਰਮਿਕ ਏਸਿਡ: ਫਾਰਮਿਕ ਏਸਿਡ (85 %) ਦੀ ਵਰਤੋਂ ਦੋ ਹਫਤੇ ਲਗਾਤਾਰ 5 ਮਿਲੀ ਲੀਟਰ ਪ੍ਰਤੀ ਦਿਨ ਪ੍ਰਤੀ ਕਟੁੰਬ ਦੇ ਹਿਸਾਬ ਨਾਲ ਟੀਕੇ ਵਾਲੀ ਛੋਟੀ ਪਰ ਚੌੜੇ ਮੂੰਹ ਵਾਲੀ ਖ਼ਾਲੀ ਸ਼ੀਸ਼ੀ ਵਿਚ ਪਾ ਕੇ ਕਟੁੰਬ ਦੇ ਅੰਦਰ ਬੌਟਮ ਬੋਰਡ ਉੱਪਰ ਮੱਖੀਆਂ ਵਾਲੇ ਛੱਤਿਆਂ ਵੱਲ ਲਗਾਤਾਰ ਦੋ ਹਫਤਿਆਂ ਲਈ ਰੱਖ ਕੇ ਕਰੋ ।
2 ਅੋਗਜ਼ੈਲਿਕ ਏਸਿਡ: ਖੰਡ ਦੇ ਪਾਣੀ ਵਿੱਚ 60 ਪ੍ਰਤੀਸ਼ਤ ਘੋਲ ਵਿੱਚ ਅੋਗਜ਼ੈਲਿਕ ਏਸਿਡ ਦਾ 4.2 % ਘੋਲ ਬਣਾ ਕੇ ਮੱਖੀਆਂ ਵਾਲੇ ਛੱਤਿਆਂ ਉੱਪਰ ਛਿੜਕਾ ਕਰਨ ਨਾਲ ਵੀ ਵਰੋਆ ਦੀ ਰੋਕਥਾਮ ਕੀਤੀ ਜਾ ਸਕਦੀ ਹੈ । ਇੱਕ ਲਿਟਰ ਖੰਡ ਦੇ 60% ਘੋਲ ਵਿੱਚ 42 ਗਰਾਮ ਅੋਗਜ਼ੈਲਿਕ ਏਸਿਡ ਪਾ ਕੇ ਇਸ ਦਾ ਲੋੜੀਂਦਾ 4.2 % ਘੋਲ ਤਿਆਰ ਹੋ ਜਾਂਦਾ ਹੈ । ਇਸ ਦਾ 5 ਮਿਲੀਲਿਟਰ ਘੋਲ ਪ੍ਰਤੀ ਛੱਤਾ ਵਰੋਆ ਦੇ ਹਮਲੇ ਵਾਲੇ ਕਟੁੰਬ ਦੀਆਂ ਮੱਖੀਆਂ ਵਾਲੇ ਛੱਤਿਆਂ ਦੇ ਦੋਵੇਂ ਪਾਸੇ ਦੇਰ ਸ਼ਾਮ ਨੂੰ ਹਫਤੇ-ਹਫਤੇ ਦੇ ਵਕਫੇਤੇ ਤਿੰਨ ਵਾਰ ਸਪਰੇ ਕਰੋ ਜਾਂ ਮੋਰੀਆਂ ਕੀਤੇ ਢੱਕਣ ਵਾਲੀ ਬੋਤਲ ਵਿੱਚ ਪਾ ਕੇ ਇਹ ਘੋਲ ਹਰੇਕ ਦੋ ਛੱਤਿਆਂ ਵਿਚਕਾਰ ਪਾਉ।

(ੲ) ਅਕਰੈਪਿਸ ਵੁੱਡੀ (ਸਾਹ ਨਾਲੀਆਂ ਵਾਲੀ ਅੰਦਰੂਨੀ ਪ੍ਰਜੀਵੀ ਚਿਚੜੀ/ਮਾਈਟ)
ਇਹ ਸਾਹ ਨਾਲੀਆਂ ਵਾਲੀ ਪ੍ਰਜੀਵੀ ਚਿਚੜੀ (ਅਕਰੈਪਿਸ ਵੁੱਡੀ) ਬਾਲਗ ਸ਼ਹਿਦ ਮੱਖੀ ਦੀ ਧੌਣ ਦੀਆਂ ਸਾਹ-ਮੋਰੀਆਂ (Spiracles) ਵਿੱਚੋਂ ਦੀ ਦਾਖ਼ਲ ਹੁੰਦੀ ਹੈ। ਮਾਦਾ ਚਿਚੜੀਆਂ, ਮੱਖੀ ਅੰਦਰ ਦਾਖਲ ਹੋ ਕੇ ਸਾਹ ਨਾਲੀਆਂ ਵਿੱਚ ਅੰਡੇ ਦੇ ਦਿੰਦੀ ਹੈ। ਇਹ ਚਿਚੜੀ ਸਾਹ-ਨਾਲੀਆਂ ਰਾਹੀਂ ਸ਼ਹਿਦ ਮੱਖੀ ਦਾ ਖੁਨ ਚੂਸਦੀ ਹੈ। ਚਿਚੜੀਆਂ ਦੀ ਗਿਣਤੀ ਵਧਣ ਨਾਲ ਸਾਹ ਨਾਲੀਆਂ ਬੰਦ ਵੀ ਹੋ ਸਕਦੀਆਂ ਹਨ ਅਤੇ ਮੱਖੀਆਂ ਦਮ ਘੁੱਟਣ ਨਾਲ ਗ੍ਰਸਤ ਹੋ ਜਾਦੀਆਂ ਹਨ। ਬਹਾਰ ਮੌਸਮ ਵਿੱਚ ਇਹ ਸਮੱਸਿਆ ਜਿਆਦਾ ਹੋ ਸਕਦੀ ਹੈ। ਪੰਜਾਬ ਵਿੱਚ ਇਟੈਲੀਅਨ ਸ਼ਹਿਦ ਮੱਖੀਆਂ ਇਸ ਰੋਗ ਦੇ ਨੁਕਸਾਨ ਤੋਂ ਕਾਫੀ ਹੱਦ ਤੱਕ ਬਚੀਆਂ ਹੋਈ ਹੈ। ਰੋਗੀ ਮੱਖੀਆਂ ਦੇ ਖੰਭ ਆਪਸ ਵਿੱਚੋਂ ਨਿੱਖੜ ਕੇ ਅੰਗਰੇਜ਼ੀ ਦੇ ਅੱਖਰ ‘ਕੇ (ਖ)’ ਤਰ੍ਹਾਂ ਅੱਡੋ-ਅੱਡੀ ਹੋ ਜਾਂਦੇ ਹਨ ਭਾਵ ਉੱਡਣ ਲਈ ਜੋੜੀ ਨਹੀਂ ਬਣਦੀ। ਇਹ ਮੱਖੀਆਂ ਉੱਡ ਨਹੀਂ ਸਕਦੀਆਂ ਅਤੇ ਰੀਂਗ ਕੇ ਜਾਂ ਘਿਸਰ ਕੇ ਕਟੁੰਬਾਂ ਤੋਂ ਦੂਰ ਚਲੀਆਂ ਜਾਂਦੀਆਂ ਹਨ ਅਤੇ ਬਾਅਦ ਵਿੱਚ ਮਰ ਜਾਦੀਆਂ ਹਨ।

ਰੋਗੀ ਮੱਖੀਆਂ ਘਾਹ ਦੇ ਤਣਿਆਂ ਤੇ ਬਾਰ-ਬਾਰ ਚੜ੍ਹਦੀਆਂ ਅਤੇ ਡਿੱਗਦੀਆਂ ਰਹਿੰਦੀਆਂ ਹਨ। ਅੰਤ ਵਿੱਚ ਰੋਗੀ ਮੱਖੀਆਂ ਮਰ ਜਾਦੀਆਂ ਹਨ।
ਵਰੋਆ ਚਿਚੜੀਆਂ ਦੀ ਰੋਕਥਾਮ ਲਈ ਵਰਤੇ ਤਰੀਕੇ ਅਨੁਸਾਰ ਫਾਰਮਿਕ ਏਸਿਡ ਦੀ 21 ਦਿਨ ਵਰਤੋਂ ਨਾਲ ਸਾਹ-ਨਾੜੀਆਂ ਵਿਚਲੀ ਅੰਦਰੂਨੀ (ਅਕਰੈਪਿਸ ਵੁੱਡੀ) ਚਿਚੜੀਆਂ ਦੀ ਰੋਕਥਾਮ ਵੀ ਹੋ ਜਾਂਦੀ ਹੈ।

Share this Article
Leave a comment