Home / ਓਪੀਨੀਅਨ / ਸੁਮੇਧ ਸੈਣੀ ਨਾਲ ਬੈਠਕੇ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਰਤਾਰਪੁਰ ਲਾਂਘੇ ਦਾ ਕੰਮ ਬੰਦ ਹੋਵੇ, ਲਾਂਘਾ ਖੁੱਲ੍ਹਣਾ ਦੇਸ਼ ਦੀ ਸੁਰੱਖਿਆ ਲਈ ਖ਼ਤਰਾ! 

ਸੁਮੇਧ ਸੈਣੀ ਨਾਲ ਬੈਠਕੇ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਰਤਾਰਪੁਰ ਲਾਂਘੇ ਦਾ ਕੰਮ ਬੰਦ ਹੋਵੇ, ਲਾਂਘਾ ਖੁੱਲ੍ਹਣਾ ਦੇਸ਼ ਦੀ ਸੁਰੱਖਿਆ ਲਈ ਖ਼ਤਰਾ! 

ਚੰਡੀਗੜ੍ਹ : ਅਕਸਰ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਹੁਣ ਇੱਕ ਹੋਰ ਵਿਵਾਦਿਤ ਬਿਆਨ ਦੇ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਸਵਾਮੀ ਦਾ ਕਹਿਣਾ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਭਾਰਤ ਨਾਲ ਜੋੜਦੇ ਲਾਂਘੇ ਦੀ ਉਸਾਰੀ ਦਾ ਕੰਮ ਕੇਂਦਰ ਸਰਕਾਰ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਲਾਂਘੇ ਦਾ ਖੁੱਲ੍ਹਣਾ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਹੋਵੇਗਾ। ਸਵਾਮੀ ਦੇ ਇਸ ਬਿਆਨ ਤੋਂ ਬਾਅਦ ਜਿੱਥੇ ਅਕਾਲੀ ਦਲ ਨੇ ਇਸ ਨੂੰ ਉਨ੍ਹਾਂ ਦੇ ਨਿੱਜੀ ਵਿਚਾਰ ਕਰਾਰ ਦਿੰਦਿਆਂ ਇਹ ਕਿਹਾ ਹੈ ਕਿ ਇਹ ਪਾਕਿਸਤਾਨ ਪ੍ਰਤੀ ਸਵਾਮੀ ਦੇ ਮਨ ਅੰਦਰ ਵਸੀ ਨਫਰਤ ਹੈ, ਜੋ ਬਿਆਨ ਦੇ ਰੂਪ ‘ਚ ਬਾਹਰ ਆਈ ਹੈ, ਉੱਥੇ ਦੂਜੇ ਪਾਸੇ ਪੰਜਾਬ ਕਾਂਗਰਸ ਨੇ ਇਹ ਮੰਗ ਕੀਤੀ ਹੈ ਕਿ ਸਵਾਮੀ ਬੀਜੇਪੀ ਦਾ ਬੁਲਾਰਾ ਹੈ, ਤੇ ਇਸ ‘ਤੇ ਬੀਜੇਪੀ ਨੂੰ ਸਫਾਈ ਦਿੰਦਿਆਂ ਸਵਾਮੀ ਨੂੰ ਪਾਰਟੀ ‘ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ।
ਦੱਸ ਦਈਏ ਕਿ ਸਵਾਮੀ ਚੰਡੀਗੜ੍ਹ ਦੇ ਸੈਕਟਰ-10 ‘ਚ ਸੰਸਕ੍ਰਿਤੀ ਗੌਰਵ ਸੰਸਥਾ ਵੱਲੋਂ ਕਾਰਵਾਈ ਗਈ ਕੌਮੀ ਵਿਚਾਰ ਗੋਸ਼ਟੀ ‘ਵੋਕੇਸ਼ਨ ਆਫ ਪੀਓਕੇਜ਼’ ਵਿੱਚ ਆਪਣੇ ਵਿਚਾਰ ਰੱਖਣ ਆਏ ਹੋਏ ਸਨ।ਇਸ ਗੋਸ਼ਟੀ ‘ਚ ਸਵਾਮੀ ਤੋਂ ਇਲਾਵਾ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਤੇ ਭਾਰਤੀ ਫੌਜ ਦੇ ਸੇਵਾ ਮੁਕਤ ਜਰਨਲ ਕੇ ਜੇ ਸਿੰਘ ਨੇ ਵੀ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਸੀ।
ਇਸ ਮੌਕੇ ਸਵਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਉਹ ਸਮਾਂ ਹੈ ਜਦੋਂ ਪਾਕਿਸਤਾਨ ਨੂੰ ਗੱਲਬਾਤ ਕਰਨ ਦਾ ਕੋਈ ਮੌਕਾ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਰੋਕਿਆ ਜਾਣਾ ਦੇਸ਼ ਹਿੱਤ ਵਿੱਚ ਹੋਵੇਗਾ, ਕਿਉਂਕਿ ਪਾਕਿਸਤਾਨ ਨੇ ਅਜੇ ਤੱਕ ਭਾਰਤ ਵਿਰੋਧੀ ਅੱਤਵਾਦ ਨੂੰ ਸ਼ਹਿ ਦੇਣੀ ਬੰਦ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਦੇਸ਼ ਹਿੱਤ ਵਿੱਚ ਪਾਕਿਸਤਾਨ ਦੀ ਇਸ ਚਾਲ ਨੂੰ ਸਮਝਣਾ ਚਾਹੀਦਾ ਹੈ ਕਿਉਂਕਿ ਪਾਕਿ ਇਸ ਲਾਂਘੇ ਰਾਹੀਂ ਆਲਮੀ ਭਾਈਚਾਰੇ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਉਹ ਤਾਂ ਆਪਸੀ ਸਬੰਧ ਸੁਖਾਂਵੇ ਬਣਾਉਣ ਲਈ ਸੁਹਿਰਦ ਹੈ ਤੇ ਗੱਲਬਾਤ ਵੀ ਚਾਹੁੰਦਾ ਹੈ ਪਰ ਭਾਰਤ ਹੀ ਅਜਿਹਾ ਨਹੀਂ ਚਾਹੁੰਦਾ। ਸਵਾਮੀ ਅਨੁਸਾਰ ਬੇਸ਼ੱਕ ਇਹ ਮਾਮਲਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੈ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਸਿੱਖ ਇਸ ਗੱਲ ਨੂੰ ਸਮਝਣਗੇ ਕਿਉਂਕਿ ਸਿੱਖ ਭਾਈਚਾਰੇ ਨੇ ਇਸ ਤੋਂ ਪਹਿਲਾਂ ਵੀ ਰਾਸ਼ਟਰ ਹਿੱਤ ਵਿੱਚ ਕਈ ਬਲੀਦਾਨ ਦਿੱਤੇ ਹਨ।
ਇੱਧਰ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਬੁਲਾਰੇ ਤੇ ਕੈਬਨਿਟ ਮੰਤਰੀ ਡਾ. ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਇਹ ਨਾ ਸਿਰਫ ਪੰਜਾਬ, ਬਲਕਿ ਦੇਸ਼ ਵਿਰੋਧੀ ਬਿਆਨ ਹੈ ਜਿਸ ਲਈ ਬੀਜੇਪੀ ਨੂੰ ਸਫਾਈ ਦਿੰਦਿਆਂ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੁਬਰਾਮਨੀਅਮ ਸਵਾਮੀ ਵੀ ਇਹ ਸਾਫ ਕਰਨ ਕਿ ਉਹ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਛ ਕੇ ਆਏ ਹਨ ਕਿ ਅਮਿਤ ਸ਼ਾਹ ਨੂੰ। ਉਨ੍ਹਾਂ ਮੰਗ ਕੀਤੀ ਕਿ ਬੀਜੇਪੀ ਸਵਾਮੀ ਨੂੰ ਪਾਰਟੀ ਚੋਂ ਬਾਹਰ ਕੱਢੇ ਨਹੀਂ ਤਾਂ ਪੰਜਾਬ ਕਾਂਗਰਸ ਅਜਿਹੇ ਸਵਾਮੀ ਨੂੰ ਕਿਤੇ ਵੀ ਵੜਨ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਸਵਾਮੀ ਬੀਜੇਪੀ ਦੇ ਬੁਲਾਰੇ ਹਨ ਲਿਹਾਜ਼ਾ  ਬੀਜੇਪੀ ਇਸ ‘ਤੇ ਸਫਾਈ ਦੇਵੇ ਨਹੀਂ ਤਾਂ ਪਾਰਟੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।
ਸਵਾਮੀ ਦੀਆਂ ਇਹ ਵਿਵਾਦਿਤ ਟਿੱਪਣੀਆਂ ਤੋਂ ਬਾਅਦ ਅਕਾਲੀ ਦਲ ਨੇ ਇਸ ਨੂੰ ਸਵਾਮੀ ਦੇ ਨਿੱਜੀ ਵਿਚਾਰ ਕਰਾਰ ਦਿੰਦਿਆਂ ਕਿਹਾ ਹੈ ਕਿ ਸਵਾਮੀ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ ਕਿਉਂਕਿ ਉਨ੍ਹਾਂ ਨੂੰ ਆਪਣੀ ਪਾਰਟੀ ਦੀਆਂ ਨੀਤੀਆਂ ਅਨੁਸਾਰ ਹੀ ਚਲਣਾ ਚਾਹੀਦਾ ਹੈ ‘ਤੇ ਬੀਜੇਪੀ ਦੀ ਨੀਤੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਨੂੰ ਲੈਕੇ ਬੜੀ ਸਾਫ ਸੁਥਰੀ ਹੈ।

Check Also

ਤਰਨ ਤਾਰਨ ਵਿਖੇ ਪੁਲਿਸ ਤੇ ਲੁਟੇਰਿਆਂ ਵਿਚਾਲੇ ਹੋਈ ਮੁਠਭੇੜ ‘ਚ 1 ਦੀ ਮੌਤ, 4 ਗੰਭੀਰ ਜ਼ਖਮੀ

ਤਰਨ ਤਾਰਨ: ਤਰਨ ਤਾਰਨ ਪੱਟੀ ਰੋਡ ‘ਤੇ ਮਾਹੀ ਰਿਜ਼ਾਰਟ ਨਜ਼ਦੀਕ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ …

Leave a Reply

Your email address will not be published. Required fields are marked *