ਵੋਟ ਅਤੇ ਵੋਟਰ ਦਾ ਅਧਿਕਾਰ !

TeamGlobalPunjab
8 Min Read

-ਸੁਬੇਗ ਸਿੰਘ;

ਮਨੁੱਖ ਜਦੋਂ ਵੀ ਜਨਮ ਲੈਂਦਾ ਹੈ, ਤਾਂ ਉਹਦੇ ਜਨਮ ਲੈਣ ਸਾਰ ਹੀ ਬਹੁਤ ਸਾਰੇ ਰਿਸ਼ਤੇ ਨਾਤੇ, ਰੀਤੀ ਰਿਵਾਜ, ਸਮਾਜਿਕ ਪ੍ਰੰਪਰਾਵਾਂ ਅਤੇ ਉਸ ਦੇਸ਼ ਦਾ ਕਨੂੰਨ ਵੀ ਉਸ ਮਨੁੱਖ ਤੇ ਲਾਗੂ ਹੋ ਜਾਂਦੇ ਹਨ। ਇਹ ਵੱਖਰੀ ਗੱਲ ਹੈ ਕਿ ਉਮਰ ਦੇ ਲਿਹਾਜ਼ ਨਾਲ, ਇਹ ਰੀਤੀ ਰਿਵਾਜ, ਸਮਾਜਿਕ ਪ੍ਰੰਪਰਾਵਾਂ ਤੇ ਕਾਨੂੰਨ ਵੱਖੋ ਵੱਖਰੇ ਰੂਪ ‘ਚ ਉਸਨੂੰ ਪ੍ਰਭਾਵਿਤ ਕਰਦੇ ਹਨ। ਪਰ ਹਰ ਮਨੁੱਖ ਨੂੰ ਕਾਫੀ ਹੱਦ ਤੱਕ ਇਨ੍ਹਾਂ ਪਰਿਵਾਰਕ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਰੀਤੀ ਰਿਵਾਜਾਂ ਤੇ ਪ੍ਰੰਪਰਾਵਾਂ ਦਾ ਪਾਲਣ ਤਾਂ ਕਰਨਾ ਹੀ ਪੈਂਦਾ ਹੈ। ਇਹਦੇ ਨਾਲ ਹੀ,ਹਰ ਮਨੁੱਖ ਨੂੰ ਦੇਸ਼ ਦੇ ਸੰਵਿਧਾਨ ‘ਚ ਦਰਜ ਕੀਤੇ ਹੋਏ ਕਾਨੂੰਨਾਂ ਦਾ ਪਾਲਣ ਵੀ ਹਰ ਹਾਲਤ ਵਿੱਚ ਕਰਨਾ ਹੀ ਪੈਂਦਾ ਹੈ।

ਅਸਲ ਵਿੱਚ, ਹਰ ਕਿਸੇ ਪਰਿਵਾਰ,ਸਮਾਜ ਜਾਂ ਦੇਸ਼ ਦੇ ਕੁੱਝ ਆਪਣੇ ਰੀਤੀ ਰਿਵਾਜ ਤੇ ਕਾਨੂੰਨ ਹੁੰਦੇ ਹਨ।ਭਾਵੇਂ ਪਰਿਵਾਰ ਜਾਂ ਸਮਾਜ ਦੇ ਰੀਤੀ ਰਿਵਾਜਾਂ ਤੇ ਪ੍ਰੰਪਰਾਵਾਂ ਨੂੰ ਤਾਂ ਕੋਈ ਮਨੁੱਖ ਕਿਸੇ ਹੱਦ ਤੱਕ ਅਣਡਿੱਠ ਵੀ ਕਰ ਦਿੰਦਾ ਹੈ। ਪਰ ਦੇਸ਼ ਦੇ ਕਾਨੂੰਨ ਨੂੰ, ਕੋਈ ਵੀ ਮਨੁੱਖ ਕਿਸੇ ਵੀ ਕੀਮਤ ਤੇ ਮੰਨਣ ਤੋਂ ਇਨਕਾਰੀ ਨਹੀਂ ਹੋ ਸਕਦਾ। ਅਜਿਹਾ ਕਰਨ ਦੀ ਸੂਰਤ ‘ਚ ਉਹ ਵਿਅਕਤੀ ਸ਼ਜਾ ਦਾ ਹੱਕਦਾਰ ਵੀ ਬਣ ਜਾਂਦਾ ਹੈ। ਕਿਉਂਕਿ ਕਾਨੂੰਨ ਦੀ ਪਾਲਣਾ ਕਰਨ ਦੇ ਇਵਜ ਵਜੋਂ, ਦੇਸ਼ ਦੀ ਸਰਕਾਰ ਉਸ ਵਿਅਕਤੀ ਨੂੰ ਕੁੱਝ ਅਧਿਕਾਰ ਵੀ ਦਿੰਦੀ ਹੈ। ਵੈਸੇ ਵੀ, ਬਿਨਾਂ ਕਿਸੇ ਕਾਇਦੇ ਕਾਨੂੰਨ ਦੇ ਤਾਂ ਹਨੇਰ ਗਰਦੀ ਹੀ ਮੱਚ ਜਾਵੇਗੀ। ਫਿਰ ਭਾਵੇਂ ਇਹ ਪਰਿਵਾਰ, ਸਮਾਜ ਜਾਂ ਕੋਈ ਦੇਸ਼ ਹੀ ਕਿਉਂ ਨਾ ਹੋਵੇ।

ਕਿਸੇ ਵੀ ਦੇਸ਼ ਦੇ ਇਨ੍ਹਾਂ ਕਾਨੂੰਨਾਂ ਦੇ ਤਹਿਤ ਹੀ, ਦੇਸ਼ ਦੀਆਂ ਸਰਕਾਰਾਂ ਨੇ ਆਪਣੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਹੋਇਆ ਹੈ। ਜਿਸਦੇ ਰਾਹੀਂ, ਦੇਸ਼ ਦੀ ਜਨਤਾ ਅਕਸਰ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੀ ਮਨ ਪਸੰਦ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਸਰਕਾਰ ਦੀ ਚੋਣ ਕਰਦੀ ਹੈ। ਇਸੇ ਨੂੰ ਤਾਂ ਲੋਕ ਰਾਜੀ ਪ੍ਰਣਾਲੀ ਜਾਂ ਲੋਕਤੰਤਰਿਕ ਪ੍ਰਣਾਲੀ ਕਿਹਾ ਜਾਂਦਾ ਹੈ। ਜਿਸਦੀ ਮਿਆਦ ਪੰਜ ਜਾਂ ਚਾਰ ਸਾਲਾਂ ਲਈ ਹੁੰਦੀ ਹੈ। ਇਹ ਸਮਾਂ ਚੁਣੇ ਹੋਏ ਨੁਮਾਇੰਦਿਆਂ ਲਈ ਵੱਧ ਘੱਟ ਵੀ ਹੋ ਸਕਦਾ ਹੈ। ਇਹ ਚੁਣੇ ਹੋਏ ਨੁਮਾਇੰਦਿਆਂ ਚੋਂ ਬਹੁ ਸੰਮਤੀ ਵਾਲੀ ਪਾਰਟੀ ਜਾਂ ਪਾਰਟੀਆਂ ਹੀ,ਆਪਣੀ ਸਰਕਾਰ ਬਣਾਉਂਦੀ ਜਾਂ ਬਣਾਉਂਦੀਆਂ ਹਨ ਅਤੇ ਦੇਸ਼ ਦੇ ਲੋਕਾਂ ਲਈ ਨਵੇਂ 2 ਕਾਨੂੰਨ ਵੀ ਬਣਾਉਂਦੀਆਂ ਹਨ।

- Advertisement -

ਦੇਸ਼ ਦੇ ਹਰ ਨਾਗਰਿਕ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੀ ਮਨ ਪਸੰਦ ਦੀ ਸਰਕਾਰ ਬਣਾਉਣ ਦਾ ਹੱਕ ਹੈ। ਭਾਵੇਂ ਇਸ ਪ੍ਰਣਾਲੀ ਚ ਬਹੁਤ ਸਾਰੀਆਂ ਖਾਮੀਆਂ ਵੀ ਹਨ।ਪਰ ਫੇਰ ਵੀ, ਇਹ ਲੋਕਤੰਤਰਿਕ ਪ੍ਰਣਾਲੀ ਹੀ ਆਪਣੀ ਸਰਕਾਰ ਬਨਾਉਣ ਲਈ, ਦੁਨੀਆਂ ਦੀ ਸਭ ਤੋਂ ਵਧੀਆ ਚੋਣ ਪ੍ਰਣਾਲੀ ਹੈ। ਅਜੇ ਵੀ ਸੰਸਾਰ ਦੇ ਕਾਫੀ ਮੁਲਕ ਅਜਿਹੇ ਹਨ,ਜਿੱਥੇ ਦੇਸ਼ ਦੇ ਨਾਗਰਿਕਾਂ ਨੂੰ ਆਪਣੀ ਵੋਟ ਦੇ ਰਾਹੀਂ ਆਪਣੀ ਮਰਜੀ ਦੀ ਸਰਕਾਰ ਚੁਣਨ ਦਾ ਕੋਈ ਹੱਕ ਨਹੀਂ ਹੈ।ਇਸ ਲਈ, ਭਾਰਤ ਦੇਸ਼ ਦਾ ਸਮੁੱਚਾ ਨਾਗਰਿਕ ਤੇ ਵੋਟਰ ਇਸ ਗੱਲੋਂ ਵਧਾਈ ਦਾ ਹੱਕਦਾਰ ਹੈ।ਜਿਹੜਾ ਆਪਣੇ ਦੇਸ਼ ਦੀ ਸਰਕਾਰ ਬਨਾਉਣ ਜਾਂ ਬਦਲਣ ਲਈ ਕਾਫੀ ਹੱਦ ਤੱਕ ਸਿੱਧੇ ਜਾਂ ਅਸਿੱਧੇ ਰੂਪ ਚ ਸਾਮਲ ਹੁੰਦਾ ਹੈ।

ਸਾਡੇ ਦੇਸ਼ ਭਾਰਤ ਵਿੱਚ ਵੀ, ਆਜਾਦੀ ਤੋਂ ਪਹਿਲਾਂ ਰਾਜਿਆਂ ਮਹਾਂਰਾਜਿਆਂ ਦਾ ਹੀ ਰਾਜ ਹੁੰਦਾ ਸੀ। ਉਨ੍ਹਾਂ ਵਕਤਾਂ ‘ਚ ਦੇਸ਼ ਦੇ ਕਿਸੇ ਨਾਗਰਿਕ ਨੂੰ ਵੋਟ ਪਾਉਣ ਦਾ ਕੋਈ ਹੱਕ ਨਹੀਂ ਸੀ ਹੁੰਦਾ। ਸਗੋਂ ਕਿਸੇ ਰਾਜੇ ਦੀ ਮੌਤ ਤੋਂ ਪਿੱਛੋਂ, ਉਸਦਾ ਪੁੱਤਰ ਹੀ ਰਾਜ ਭਾਗ ਚਲਾਉਂਦਾ ਸੀ। ਭਾਰਤੀ ਨਾਗਰਿਕਾਂ ਨੂੰ ਇਹ ਹੱਕ, ਦੇਸ਼ ਆਜਾਦ ਹੋਣ ਤੋਂ ਬਾਅਦ 26 ਜਨਵਰੀ 1950 ‘ਚ ਮਿਲਿਆ, ਜਦੋਂ ਦੇਸ਼ ਦਾ ਸੰਵਿਧਾਨ ਦੇਸ਼ ਵਿੱਚ ਲਾਗੂ ਹੋਇਆ। ਜਿੱਥੇ ਦੇਸ਼ ਦਾ ਸੰਵਿਧਾਨ ਲਾਗੂ ਹੋਣ ਨਾਲ,ਦੇਸ਼ ਦੇ ਨਾਗਰਿਕਾਂ ਨੂੰ ਹੋਰ ਬਹੁਤ ਸਾਰੇ ਅਧਿਕਾਰ ਵੀ ਮਿਲੇ, ਉੱਥੇ ਦੇਸ਼ ਦੀ ਜਨਤਾ ਨੂੰ ਵੋਟ ਪਾਉਣ ਦਾ, ਸਭ ਤੋਂ ਵਡਮੁੱਲਾ ਅਧਿਕਾਰ ਵੀ ਮਿਲਿਆ। ਜਿਸਦੇ ਅਨੁਸਾਰ ਦੇਸ਼ ਦਾ,ਹਰ 18 ਸਾਲ ਦਾ ਨਾਗਰਿਕ ਆਪਣੀ ਵੋਟ ਦਾ ਇਸਤੇਮਾਲ ਕਰਕੇ ਦੇਸ਼ ‘ਚ ਆਪਣੀ ਮਨ ਪਸੰਦ ਸਰਕਾਰ ਬਨਾਉਣ ਚ ਆਪਣਾ ਬਣਦਾ ਯੋਗਦਾਨ ਪਾਉਂਦਾ ਹੈ।

ਭਾਵੇਂ ਸਾਡਾ ਦੇਸ਼ ਇੱਕ ਲੋਕਤੰਤਰਿਕ ਦੇਸ਼ ਹੈ।ਦੇਸ਼ ਦੀ ਜਨਤਾ ਆਪਣੇ ਵੋਟ ਦੇ ਹੱਕ ਰਾਹੀਂ ਦੇਸ਼ ਦੀ ਸਰਕਾਰ ਬਣਾਉਂਦੀ ਹੈ,ਜਿੰਨ੍ਹਾਂ ਨੂੰ ਲੋਕਾਂ ਦੀ ਭਲਾਈ ਤੇ ਲੋਕ ਹਿੱਤਾਂ ਲਈ ਹੀ ਕਾਨੂੰਨ ਬਣਾਉਣੇ ਚਾਹੀਦੇ ਹਨ।ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਲੋਕਾਂ ਦੀਆਂ ਵੋਟਾਂ ਦੇ ਰਾਹੀਂ ਚੁਣੀਆਂ ਹੋਈਆਂ ਸਰਕਾਰਾਂ ਹੀ ਲੋਕਾਂ ਦੇ ਵਿਰੁੱਧ ਧੜਾਧੜ ਕਾਨੂੰਨ ਬਣਾਈ ਜਾ ਰਹੀਆਂ ਹਨ। ਇਹੋ ਕਾਰਨ ਹੈ ਕਿ ਚਾਰੋਂ ਪਾਸੇ, ਅਫਰਾ ਤਫਰੀ ਦਾ ਮਹੌਲ ਹੈ। ਮਹਿੰਗਾਈ, ਬੇਰੁਜ਼ਗਾਰੀ, ਫਿਰਕਾ ਪ੍ਰਸਤੀ, ਭਾਈ ਭਤੀਜਾਵਾਦ, ਜਾਤ ਪਾਤ,ਧਾਰਮਿਕ ਕੱਟੜਤਾ ਸਿਖਰਾਂ ‘ਤੇ ਹੈ।ਦੇਸ਼ ਦੀ ਸਰਕਾਰ ਨੇ ਖੇਤੀ ਸਵੰਧੀ ਕਾਲੇ ਕਾਨੂੰਨ, ਕਿਰਤ ਕਾਨੂੰਨ ਚ ਸੋਧਾਂ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਜਿਹੇ ਅਨੇਕਾਂ ਹੀ ਲੋਕ ਵਿਰੋਧੀ ਕਾਨੂੰਨ ਬਣਾ ਕੇ ਜਨਤਾ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਜਿਸਦਾ ਖਮਿਆਜ਼ਾ ਆਮ ਜਨਤਾ ਨੂੰ ਆਪੇ ਚੁਣੀਆਂ ਹੋਈਆਂ ਸਰਕਾਰਾਂ ਦੇ ਹੱਥੋਂ ਹੀ ਝੱਲਣਾ ਪੈ ਰਿਹਾ ਹੈ।

ਅਜੋਕੇ ਦੌਰ ‘ਚ ਇਹੋ ਗੱਲ ਹੀ ਸੋਚਣ ਤੇ ਵਿਚਾਰਨ ਵਾਲੀ ਇਹ ਹੈ ਕਿ ਦੇਸ਼ ਦੀ ਜਨਤਾ ਦਾ ਆਪਣੀਆਂ ਹੀ ਸਰਕਾਰਾਂ ਹੱਥੋਂ ਐਨਾ ਬੁਰਾ ਹਾਲ ਕਿਉਂ ਹੋਇਆ ਪਿਆ ਹੈ। ਭਾਵੇਂ ਦੇਸ਼ ਦੀਆਂ ਸਰਕਾਰਾਂ ਦੇ ਨੁਮਾਇੰਦਿਆਂ ਦੀ ਚੋਣ ਪ੍ਰਣਾਲੀ ਬੜੀ ਮਹਿੰਗੀ ਹੈ ਅਤੇ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਖਾਮੀਆਂ ਹਨ। ਪਰ ਸਭ ਤੋਂ ਵੱਡੀ ਖਾਮੀ ਦੇਸ਼ ਦੀ ਜਨਤਾ ਦੀ ਆਪਣੀ ਵਿਕਾਊ ਪ੍ਰਵਿਰਤੀ ਵੀ ਤਾਂ ਹੈ।ਕਿਉਂਕਿ ਵੋਟਾਂ ਦੇ ਵਕਤ, ਦੇਸ਼ ਦੀ ਜਨਤਾ ਰਾਜਨੀਤਕ ਪਾਰਟੀਆਂ ਵੱਲੋਂ ਵਿਖਾਏ ਹੋਏ ਸ਼ਬਜਬਾਗ ਅਤੇ ਲਾਰਿਆਂ ‘ਚ ਆ ਕੇ ਬਿਨਾਂ ਸੋਚੇ ਸਮਝੇ ਹੀ ਕਿਸੇ ਗਲਤ ਪਾਰਟੀ ਜਾਂ ਗਲਤ ਉਮੀਦਵਾਰ ਨੂੰ ਵੋਟ ਪਾ ਦਿੰਦੀ ਹੈ। ਦੂਸਰਾ ਕਾਫੀ ਹੱਦ ਤੱਕ ਦੇਸ਼ ਦੀ ਜਨਤਾ ਗਰੀਬੀ ਤੇ ਅਨਪੜ੍ਹਤਾ ਦੇ ਕਾਰਨ ਵੀ ਲਾਲਚ ‘ਚ ਆ ਕੇ ਅਤੇ ਗੁਮਰਾਹ ਹੋ ਕੇ ਗਲਤ ਉਮੀਦਵਾਰ ਨੂੰ ਆਪਣੀ ਵੋਟ ਪਾ ਦਿੰਦੀ ਹੈ। ਜਿਸਦਾ ਖਮਿਆਜ਼ਾ ਦੇਸ਼ ਦੀ ਜਨਤਾ ਨੂੰ ਕੰਗਾਲੀ, ਭੁੱਖਮਰੀ, ਮਹਿੰਗਾਈ ਅਤੇ ਬੇਰੁਜ਼ਗਾਰੀ ਜਿਹੇ ਤਰੀਕਿਆਂ ਨਾਲ ਪੰਜ ਸਾਲ ਤੱਕ ਭੁਗਤਣਾ ਪੈਂਦਾ ਹੈ।ਇਸ ਤੋਂ ਬਿਨਾਂ ਦੇਸ਼ ਦੀ ਮਹਿੰਗੀ ਚੋਣ ਪ੍ਰਣਾਲੀ ਤੇ ਭ੍ਰਿਸ਼ਟ ਸਿਸਟਮ ਵੀ ਗਲਤ ਸਰਕਾਰਾਂ ਦੇ ਗਠਨ ਲਈ ਕਾਫੀ ਹੱਦ ਤੱਕ ਜਿੰਮੇਵਾਰ ਹੈ।

ਪਰ ਹੁਣ ਵੇਖਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ,ਕਿ ਦੇਸ਼ ਦੀ ਜਨਤਾ ਨੂੰ ਇਸ ਦਲਦਲ ਚੋਂ ਬਾਹਰ ਨਿੱਕਲਣ ਲਈ ਕਿਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਆਪਣੀ ਵੋਟ ਦਾ ਆਪ ਹੀ ਗਲਤ ਇਸਤੇਮਾਲ ਕਰਕੇ ਗਲਤ ਨੁਮਾਇੰਦੇ ਚੁਣ ਲੈਣਾ, ਇਹ ਕਿਸੇ ਹੋਰ ਦੀ ਗਲਤੀ ਨਹੀਂ, ਸਗੋਂ ਦੇਸ਼ ਦੇ ਲੋਕਾਂ ਦੀ ਆਪਣੀ ਹੀ ਗਲਤੀ ਹੀ ਤਾਂ ਹੈ। ਜਿਹੜੇ ਵੋਟਾਂ ਦੇ ਵਕਤ ਦੇਸ਼ ਦੀ ਤਰੱਕੀ ਤੇ ਵਿਕਾਸ ਦੀ ਥਾਂ ਤੇ ਆਪਣੀ ਪਾਰਟੀ, ਧਰਮ, ਜਾਤ, ਨਸਲ ਅਤੇ ਬੋਲੀ ਨੂੰ ਤਰਜੀਹ ਦੇ ਦਿੰਦੇ ਹਨ ਅਤੇ ਥੋੜ੍ਹੇ ਜਿਹੇ ਲਾਲਚ ਪਿੱਛੇ, ਆਪਣੀ ਕੀਮਤੀ ਵੋਟ ਨੂੰ ਨਿਗੂਣਾ ਜਿਹਾ ਸਮਝ ਕੇ, ਗਲਤ ਉਮੀਦਵਾਰ ਨੂੰ ਵੋਟ ਪਾ ਦਿੰਦੇ ਹਨ।ਜਿਸਦਾ ਖਮਿਆਜ਼ਾ ਪੂਰੇ ਦੇਸ਼ ਦੀ ਜਨਤਾ ਨੂੰ ਪੰਜ ਸਾਲਾਂ ਤੱਕ ਹੀ ਭੁਗਤਣਾ ਨਹੀਂ ਪੈਂਦਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਭੁਗਤਣਾ ਪੈਂਦਾ ਹੈ।

- Advertisement -

ਸੋ, ਜੇ ਤੁਸੀਂ ਆਪਣੀ,ਆਪਣੇ ਪਰਿਵਾਰ, ਸਮਾਜ ਜਾਂ ਦੇਸ਼ ਦੀ ਸੱਚਮੁੱਚ ਹੀ ਭਲਾਈ ਚਾਹੁੰਦੇ ਹਾਂ,ਤਾਂ ਭਾਈ ਭਤੀਜਾਵਾਦ, ਧਰਮ, ਜਾਤ ਅਤੇ ਨਸਲ ਤੋਂ ਉੱਪਰ ਉੱਠ ਕੇ ਆਪਣੀ ਕੀਮਤੀ ਵੋਟ ਦਾ ਸਹੀ ਇਸਤੇਮਾਲ ਕਰੋ। ਆਪਣੀ ਵੋਟ ਨੂੰ ਕਦੇ ਵੀ ਨਿਗੂਣਾ ਨਾ ਸਮਝੋ ਕਿਉਂਕਿ ਇਹ ਵੋਟ, ਤੁਹਾਡੀ ਅਤੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਜਿੰਦਗੀ ਬਦਲਣ ਦੀ ਸਮਰੱਥਾ ਰੱਖਦੀ ਹੈ।ਇਸ ਵੋਟ ਦਾ ਹੱਕ ਪ੍ਰਾਪਤ ਕਰਨ ਲਈ ਸਾਡੇ ਬਜੁਰਗਾਂ ਨੇ ਬੇਸੁਮਾਰ ਕੁਰਬਾਨੀਆਂ ਕੀਤੀਆਂ ਹਨ ਅਤੇ ਬੜੀਆਂ ਘਾਲਣਾਵਾਂ ਘਾਲੀਆਂ ਹਨ। ਇਸ ਲਈ ਇਸਨੂੰ ਪਾਉਣ ਵੇਲੇ,ਐਵੇਂ ਹੀ ਰੱਦੀ ਕਾਗਜ ਦਾ ਟੁੱਕੜਾ ਸਮਝ ਕੇ ਹਰ ਐਰੇ ਗੈਰੇ ਦੇ ਹੱਕ ਚ ਨਾ ਪਾ ਦੇਵੋ।ਇਸੇ ਲਈ ਤਾਂ ਇਸ ਵੋਟ ਨੂੰ ਸਿਆਣਿਆਂ ਨੇ ਬੜੀ ਅਮੋਲਕ ਕਿਹਾ ਹੈ। ਬਿਨਾਂ ਸੋਚੇ ਸਮਝੇ ਕੀਤਾ ਗਿਆ ਵੋਟ ਦਾ ਗਲਤ ਇਸਤੇਮਾਲ, ਤੁਹਾਨੂੰ ਇੱਕ ਦਿਨ ਗੁਲਾਮੀ ਦੀਆਂ ਬਰੂਹਾਂ ਤੱਕ ਲੈ ਜਾਵੇਗਾ।

ਸੰਪਰਕ: 93169 10402

Share this Article
Leave a comment