ਜਗਤਾਰ ਸਿੰਘ ਸਿੱਧੂ;
ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਵੱਡੀ ਕਾਰਵਾਈ ਕਰਦਿਆਂ ਇਹ ਸੁਨੇਹਾ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਜੀਲੈਂਸ ਦੀ ਟੀਮ ਨੇ ਰਮਨ ਅਰੋੜਾ ਦੇ ਘਰ ਸਵੇਰੇ ਛਾਪਾ ਮਾਰਿਆ। ਅਰੋੜਾ ਉੱਤੇ ਦੋਸ਼ ਹੈ ਕਿ ਨਗਰ ਨਿਗਮ ਦੇ ਅਧਿਕਾਰੀਆਂ ਰਾਹੀਂ ਲ਼ੋਕਾਂ ਨੂੰ ਨੋਟਿਸ ਭੇਜਦੇ ਸਨ ਜੋਕਿ ਝੂਠੇ ਹੁੰਦੇ ਸਨ। ਉਸ ਦੇ ਬਦਲ ਵਿੱਚ ਪੈਸੇ ਲੈ ਕੇ ਕੇਸ ਖਤਮ ਕਰ ਦਿੱਤਾ ਜਾਂਦਾ ਸੀ। ਇਸ ਬਾਰੇ ਸ਼ਿਕਾਇਤਾਂ ਤਾਂ ਮਿਲ ਰਹੀਆਂ ਸਨ ਪਰ ਵਿਜੀਲੈਂਸ ਨੇ ਤੱਥਾਂ ਦੇ ਅਧਾਰ ਤੇ ਕਾਰਵਾਈ ਕੀਤੀ ਹੈ ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਫ ਤੌਰ ਤੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।ਜਾਣਕਾਰੀ ਅਨੁਸਾਰ ਮੁੱਖ ਮੰਤਰੀ ਮਾਨ ਹਰ ਪੱਧਰ ਤੇ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਕਾਰਵਾਈ ਦੀ ਆਪ ਨਿਗਰਾਨੀ ਕਰਦੇ ਹਨ।
ਰਮਨ ਅਰੋੜਾ ਜਲੰਧਰ ਕੇਂਦਰੀ ਤੋਂ 2022 ਦੀ ਚੋਣ ਵਿੱਚ ਭਾਜਪਾ ਦੇ ਵੱਡੇ ਨੇਤਾ ਮਨੋਰੰਜਨ ਕਾਲੀਆ ਨੂੰ ਹਾਰ ਦੇਕੇ ਜਿੱਤੇ ਸਨ। ਅਸਲ ਵਿੱਚ ਨਗਰ ਨਿਗਮ ਜਲੰਧਰ ਦੇ ਇਕ ਅਸਿਸਟੈਂਟ ਟਾਊਨ ਪਲੈਨਰ ਨੂੰ ਕੁਝ ਦਿਨ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਪੁੱਛਗਿੱਛ ਦੌਰਾਨ ਅਧਿਕਾਰੀ ਨੇ ਮੰਨਿਆ ਕਿ ਉਹ ਆਪ ਦੇ ਵਿਧਾਇਕ ਰਮਨ ਅਰੋੜਾ ਨੂੰ ਪੈਸੇ ਦਿੰਦੇ ਸਨ। ਕੁਝ ਦਿਨ ਪਹਿਲਾਂ ਹੀ ਰਮਨ ਅਰੋੜਾ ਦੀ ਸਕਿਊਰਿਟੀ ਵੀ ਵਾਪਸ ਲੈ ਲਈ ਗਈ ਸੀ। ਇਸ ਤੋਂ ਪਹਿਲਾਂ ਆਪ ਦੇ ਇਕ ਸਾਬਕਾ ਕੈਬਨਿਟ ਮੰਤਰੀ ਅਤੇ ਮਾਲਵੇ ਦੇ ਇੱਕ ਵਿਧਾਇਕ ਵਿਰੁੱਧ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਕਾਰਵਾਈ ਹੋ ਚੁੱਕੀ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਨੂੰ ਕੇਵਲ ਪ੍ਰਸ਼ਾਸਕੀ ਸਿਸਟਮ ਨੂੰ ਦਰੁਸਤ ਕਰਨ ਵਜੋਂ ਹੀ ਨਹੀਂ ਦੇਖਿਆ ਜਾ ਰਿਹਾ ਸਗੋਂ ਰਾਜਸੀ ਪੱਧਰ ਉਤੇ ਵੀ ਵੱਡਾ ਸੁਨੇਹਾ ਹੈ। ਹਾਲਾਂਕਿ ਵਿਰੋਧੀ ਧਿਰਾਂ ਸਰਕਾਰ ਦੀਆਂ ਅਜਿਹੀਆਂ ਕਾਰਵਾਈਆਂ ਉਤੇ ਵੀ ਸਵਾਲ ਚੁੱਕ ਰਹੀਆਂ ਹਨ ਪਰ ਇਹ ਵੀ ਸਾਫ ਹੈ ਕਿ ਪਿਛਲੀਆਂ ਸਰਕਾਰਾਂ ਵੇਲੇ ਭ੍ਰਿਸ਼ਟਾਚਾਰ ਦੇ ਮਾਮਲੇ ਤਾਂ ਉੱਠਦੇ ਰਹੇ ਹਨ ਪਰ ਸ਼ਾਇਦ ਪਿਛਲੀਆਂ ਸਰਕਾਰਾਂ ਦੀ ਇਕ ਵੀ ਅਜਿਹੀ ਮਿਸਾਲ ਨਹੀਂ ਹੈ ਜਦੋਂ ਹਾਕਮ ਧਿਰ ਦੇ ਕਿਸੇ ਵਿਧਾਇਕ ਜਾਂ ਮੰਤਰੀ ਵਿਰੁੱਧ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਰਵਾਈ ਹੋਈ ਹੋਵੇ। ਇਹ ਤਾਂ ਹੋ ਸਕਦਾ ਹੈ ਕਿ ਰਵਾਇਤੀ ਪਾਰਟੀਆਂ ਵਲੋਂ ਲੀਡਰਸ਼ਿਪ ਵਿਰੁੱਧ ਬਗਾਵਤ ਕਰਨ ਵਾਲੇ ਕਿਸੇ ਆਗੂ ਵਿਰੁੱਧ ਕਾਰਵਾਈ ਕੀਤੀ ਗਈ ਹੋਵੇ। ਅਜਿਹਾ ਕਦੇ ਨਹੀਂ ਹੋਇਆ ਸੀ ਕਿ ਹਾਕਮ ਧਿਰ ਦੇ ਕਿਸੇ ਵਿਧਾਇਕ ਜਾਂ ਮੰਤਰੀ ਦੇ ਘਰ ਭ੍ਰਿਸ਼ਟਾਚਾਰ ਨੂੰ ਲੈ ਕੇ ਵਿਜੀਲੈਂਸ ਦੀ ਟੀਮ ਨੇ ਛਾਪਾ ਮਾਰਿਆ ਹੋਵੇ।
ਇਹ ਸਹੀ ਹੈ ਕਿ ਕਈ ਅਹਿਮ ਖੇਤਰਾਂ ਵਿੱਚ ਆਪ ਦੀ ਸਰਕਾਰ ਨੇ ਰਵਾਇਤੀ ਧਿਰਾਂ ਨਾਲੋਂ ਵੱਖਰੀ ਪਹਿਚਾਣ ਬਣਾਈ ਹੈ । ਜੇਕਰ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਹੀ ਗੱਲ ਕਰੀਏ ਤਾਂ ਇਕ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਵਿੱਚ ਸਮਾਗਮ ਦੌਰਾਨ ਲੋਕਾਂ ਦੀ ਸ਼ਕਾਇਤ ਦਾ ਮੌਕੇ ਤੇ ਨਿਪਟਾਰਾ ਕਰਦਿਆਂ ਆਦੇਸ ਦਿੱਤਾ ਕਿ ਜਿਸ ਠੇਕੇਦਾਰ ਦੇ ਕੰਮ ਵਿੱਚ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਏ ਤਾਂ ਉਸ ਦੀ ਤੁਰੰਤ ਅਦਾਇਗੀ ਰੋਕੀ ਜਾਵੇ ।ਇਹ ਸ਼ਿਕਾਇਤ ਸੜਕ ਵਿੱਚ ਠੇਕੇਦਾਰ ਵਲੋਂ ਮਾੜਾ ਮਟੀਰੀਅਲ ਲਾਉਣ ਦੇ ਦੋਸ਼ ਬਾਰੇ ਸੀ । ਮੁੱਖ ਮੰਤਰੀ ਅਕਸਰ ਨੌਕਰੀਆਂ ਦੇਣ ਦੇ ਮਾਮਲੇ ਵਿੱਚ ਆਖਦੇ ਹਨ ਕਿ ਹੁਣ ਕਿਸੇ ਨੂੰ ਨੌਕਰੀ ਲੈਣ ਲਈ ਇਕ ਰੁਪਈਆ ਨਹੀਂ ਦੇਣਾ ਪੈਂਦਾ । ਪਹਿਲਾਂ ਇਹ ਧਾਰਨਾ ਰਹੀ ਹੈ ਕਿ ਨੌਕਰੀ ਪੈਸੇ ਜਾਂ ਸਿਫਾਰਸ਼ ਬਗੈਰ ਨਹੀਂ ਮਿਲਦੀ।
ਸੰਪਰਕ 9814002186