ਚੋਣ ਸਰਵੇਖਣਾਂ ‘ਚ ‘ਆਪ’ ਨੇ ਮਾਰੀ ਬਾਜ਼ੀ, ‘ਅਸਲ’ ਨਤੀਜਿਆਂ ਨੂੰ ਇੱਕ ਦਿਨ ਬਾਕੀ।

TeamGlobalPunjab
4 Min Read

ਬਿੰਦੂ ਸਿੰਘ

ਉੱਤਰ ਪ੍ਰਦੇਸ਼ ਚ ਆਖ਼ਰੀ ਗੇੜ ਦੀਆਂ ਚੋਣਾਂ ਖਤਮ ਹੁੰਦੇ ਹੀ ਛੇ ਵਜੇ ਤੋਂ ਬਾਅਦ  ਟੀਵੀ ਸਕਰੀਨਾਂ ਤੇ ਵੱਖ ਵੱਖ ਚੋਣ ਸਰਵੇਖਣ ਯਾਨੀ  ਐਗਜ਼ਿਟ ਪੋਲ (Exit Poll) ਦੇ ਅੰਕੜੇ  ਇੱਕ ਇੱਕ ਕਰਕੇ ਆਉਣੇ  ਸ਼ੁਰੂ ਹੋ ਗਏ। ਪੰਜਾਬ ਨੂੰ ਮਿਲਾ ਕੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਹਨ  ਤੇ ਇੱਕ ਦਿਨ ਬਾਅਦ  ਯਾਨੀ 10  ਮਾਰਚ ਨੂੰ ਈਵੀਐਮ ਮਸ਼ੀਨਾਂ ਦੀ ਗਿਣਤੀ ਸ਼ੁਰੂ ਹੋਵੇਗੀ ਤੇ ਅਸਲੀ ਨਤੀਜੇ ਬਾਹਰ ਆਉਣਗੇ। ਪਰ ਉਸ ਤੋਂ ਪਹਿਲਾਂ ਲੋਕਾਂ ਦੀ ਦਿਲਚਸਪੀ ਚੋਣ ਸਰਵੇਖਣ ਵੀ ਰਾਹੀਂ ਕੁੱਝ ਅੰਦਾਜ਼ੇ ਲਾਉਣ ਦੀ ਵੀ ਹੇੈ, ਤਾਂ ਜੋ ਪਤਾ ਲੱਗ ਸਕੇ ਕਿ ਚੋਣਾਂ ਦੇ ਨਤੀਜੇ ਕਿੱਧਰ ਨੂੰ ਜਾ ਸਕਦੇ ਹਨ।
ਪੰਜਾਬ ਦੇ ਲੋਕਾਂ ਨੂੰ  ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਉਤਸੁਕਤਾ ਹੈ, ਪਰ ਸਿਆਸੀ ਲੀਡਰ ਭਾਵੇਂ ਕਿੰਨਾ ਵੀ ਆਤਮ ਵਿਸ਼ਵਾਸ ਵਿਖਾਉਣ ‘ਚ ਲਗੇ ਹਨ ਪਰ ਇਸ ਵਾਰ ਹਾਲਾਤ ਪਹਿਲੀਆਂ ਸਾਰੀਆਂ ਚੋਣਾਂ ਨਾਲੋਂ ਕੁਝ ਵੱਖਰੇ ਹੀ ਹਨ। ਜੇਕਰ ਚੋਣ ਸਰਵੇਖਣਾਂ ਦੀ ਗੱਲ ਕਰੀਏ ਤਾਂ ਇੰਡੀਆ ਟੂਡੇ ਐਕਸਿਸ  ਦਾ ਸਰਵੇਖਣ  ਆਮ ਆਦਮੀ ਪਾਰਟੀ ਨੂੰ  76-90 ਸੀਟਾਂ ਦੇ ਕੇ  ਵਾਧੂ ਬਹੁਮਤ ਨਾਲ ਜੇਤੂ ਦੱਸ   ਰਿਹਾ ਹੈ। ਕਾਂਗਰਸ ਪਾਰਟੀ ਨੂੰ  19 -31 ਸੀਟਾਂ , ਭਾਰਤੀ ਜਨਤਾ ਪਾਰਟੀ ਨੁੂੰ 1-4 ਸੀਟਾਂ  ਤੇ ਅਕਾਲੀ ਦਲ ਨੂੰ  7-11 ਸੀਟਾਂ ਦੇ ਵਿਚਕਾਰ ਅੰਕੜੇ ਵਿਖਾ ਰਿਹਾ ਹੈ। ਨਿਊਜ਼ ਐਕਸ ਦੇ ਚੋਣ ਸਰਵੇਖਣ ‘ਚ  ਆਮ ਆਦਮੀ ਪਾਰਟੀ ਨੂੰ  56-61 ਸੀਟਾਂ, ਕਾਂਗਰਸ ਨੂੰ  24-29, ਭਾਰਤੀ ਜਨਤਾ ਪਾਰਟੀ ਨੂੰ  1- 6, ਸ਼੍ਰੋਮਣੀ ਅਕਾਲੀ ਦਲ ਨੂੰ  22-26 ਸੀਟਾਂ ਦਿੱਤੀਆਂ ਜਾ ਰਹੀਆਂ।
ਇਸੇ ਤਰ੍ਹਾਂ ਜ਼ਿਆਦਾਤਰ  ਚੋਣ ਸਰਵੇ  ਆਮ ਆਦਮੀ ਪਾਰਟੀ ਨੂੰ  ਵੱਡੇ ਆਂਕੜੇ ਨਾਲ ਜੇਤੂ ਵਿਖਾ ਰਹੇ ਹਨ । ਏਬੀਪੀ ਨਿਊਜ਼ ਸੀਵੋਟਰ  ਕਾਂਗਰਸ ਪਾਰਟੀ ਨੂੰ  22-28 , ਆਮ ਆਦਮੀ ਪਾਰਟੀ ਨੂੰ  51-61, ਅਕਾਲੀ ਦਲ ਨੂੰ  20-26 ਉੱਥੇ ਹੀ ਨਿਊਜ਼ 24 ਟੁੱਡੇ ਚੋਣ ਸਰਵੇ  ਕਾਂਗਰਸ ਪਾਰਟੀ ਨੂੰ  3-17, ਆਮ ਆਦਮੀ ਪਾਰਟੀ ਨੂੰ  89-111 , ਅਕਾਲੀ ਦਲ ਨੂੰ  1-11ਸੀਟਾਂ ਆਉਂਦੀਆਂ ਵਿਖਾ ਰਿਹਾ ਹੈ। ਟਾਈਮਜ਼ ਨਾਓ ਵੀਤੋ ਚੋਣ ਸਰਵੇਖਣ  ਕਾਂਗਰਸ ਪਾਰਟੀ ਨੂੰ  22, ਆਮ ਆਦਮੀ ਪਾਰਟੀ ਨੂੰ  70, ਅਕਾਲੀ ਦਲ ਨੂੰ 19 ਸੀਟਾਂ ਦੇ ਰਿਹਾ ਹੈ। ਰਿਪਬਲਿਕ ਪੀ ਮਾਰਕ  ਕਾਂਗਰਸ ਪਾਰਟੀ ਨੂੰ  21-31, ਆਮ ਆਦਮੀ ਪਾਰਟੀ ਨੂੰ 62 ਤੋੰ 70, ਅਕਾਲੀ ਦਲ ਨੂੰ 16-24  ਸੀਟਾਂ ਦੇ ਰਿਹਾ ਹੈ।
ਜੇਕਰ 2017 ਦੀਆਂ ਪੰਜਾਬ ਵਿਧਾਨ ਸਭਾ  ਚੋਣ ਸਰਵੇਖਣ ਤੇ ਪੰਛੀ ਝਾਤ ਮਾਰੀ ਜਾਵੇ ਤਾਂ  ਇੰਡੀਆ ਟੂਡੇ ਐਕਸਿਸ, ਐਸ ਐਲ ਪੀ (ਸੀਐਸਡੀਐੱਸ), ਜਾਇੰਟ ਐਸਐਲਪੀ ਵਿਦ ਆਪ (Chanakya MRC)   ਨੇ ਕਾਂਗਰਸ ਨੂੰ ਜੇਤੂ ਦੱਸਿਆ ਸੀ ਤੇ ਨਤੀਜਿਆਂ ਤੋਂ ਬਾਅਦ  ਕਾਂਗਰਸ ਪਾਰਟੀ ਨੇ  77 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। ਜਦੋਂ ਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਨੁੂੰ ਸੀ ਵੋਟਰ, ਜੌਇੰਟ ਐਸਐਲਪੀ (Chanakya MRC) ਨੇ ਚੋਣ ਸਰਵੇਖਣਾਂ ‘ਚ  ਜੇਤੂ ਵਿਖਾਇਆ ਸੀ।ਇਸੇ ਤਰ੍ਹਾਂ ਸੀਐਨਬੀਸੀ ਟੀਵੀ -18 ਦੇ ਚੋਣ ਸਰਵੇਖਣ ਮੁਤਾਬਕ  ਕਾਂਗਰਸ  18-31, ਆਮ ਆਦਮੀ ਪਾਰਟੀ  69-84,ਅਕਾਲੀ ਦਲ  12-19  ਅਤੇ ਬੀਜੇਪੀ  3-7 ਸੀਟਾਂ ਆਉਣ ਦੀ ਉਮੀਦ ਵਿਖਾ ਰਿਹਾ ਹੈ।
ਮੌਜੂਦਾ ਮੁੱਖ ਮੰਤਰੀ  ਤੇ ਚਮਕੌਰ ਤੇ ਭਦੌੜ  ਦੋ ਸੀਟਾਂ ਤੋਂ  ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ  ਨੇ ਚੋਣ ਸਰਵੇਖਣ ਆਉਣ ਤੋਂ ਬਾਅਦ ਕਿਹਾ ਕਿ ਅਜੇ 10 ਮਾਰਚ ਦਾ ਇੰਤਜ਼ਾਰ ਕਰੋ ਤੇ ਤੇ ਡੱਬੇ ਖੁੱਲ੍ਹਣ ਤੇ ਹੀ ਪਤਾ ਲੱਗੇਗਾ ਕਿ ਅਸਲ ਨਤੀਜੇ ਕੀ ਹੋਣਗੇ। ਜੇਕਰ ਨਤੀਜੇ  ਇਨ੍ਹਾਂ ਚੋਣ ਸਰਵੇਖਣਾਂ ਦੇ ਨੇੜੇ ਤੇੜੇ ਹੀ ਰਹਿੰਦੇ ਹਨ ਤੇ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਆਸਾਰ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਅਕਾਲੀ ਦਲ ਤੇ ਕਾਂਗਰਸ ਦੋਨੋਂ ਹੀ ਵਿਰੋਧੀ ਧਿਰ ਦੀ ਭੂਮਿਕਾ ਚ ਆ ਸਕਦੇ ਹਨ। ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਆਗੂ  ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ  ਉਨ੍ਹਾਂ ਦੀ ਪਾਰਟੀ ਅਤੇ ਉਨ੍ਹਾਂ ਦੀ ਭਾਈਵਾਲ ਪਾਰਟੀਆਂ ਨੇ  ਚੋਣਾਂ ਚ  ਵਧੀਆ ਪ੍ਰਦਰਸ਼ਨ ਕੀਤਾ ਹੈ।

Share this Article
Leave a comment