ਬਰਸਾਤ ਰੁੱਤ ਦੀਆਂ ਸਬਜ਼ੀਆਂ ਦੀਆਂ ਬਿਮਾਰੀਆਂ ਅਤੇ ਰੋਕਥਾਮ

TeamGlobalPunjab
14 Min Read

-ਹਰਪਾਲ ਸਿੰਘ ਭੁੱਲਰ

ਜੇਠ-ਹਾੜ ਦੀ ਗਰਮੀ ਤੋਂ ਬਾਅਦ ਸਾਉਣ ਮਹੀਨੇ ਦੀਆਂ ਬਰਸਾਤਾਂ ਜਿੱਥੇ ਖੇਤਾਂ ਵਿੱਚ ਰੌਣਕ ਲੈ ਕੇ ਆਉਂਦੀਆਂ ਹਨ, ਉਥੇ ਹੀ ਇਹ ਸਿੱਲ੍ਹ ਭਰਿਆ ਮੌਸਮ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ। ਬਰਸਾਤੀ ਮੌਸਮ ਵਿੱਚ ਮਿਰਚਾਂ ਅਤੇ ਬੈਂਗਣਾਂ ਦਾ ਗਾਲ਼ਾ, ਸਬਜ਼ੀਆਂ ਦਾ ਉਖੇੜਾ ਰੋਗ, ਜੜ੍ਹ ਗੰਢ ਰੋਗ, ਵਿਸ਼ਾਣੂ ਰੋਗ ਜਿਵੇਂ ਕਿ ਭਿੰਡੀ ਦਾ ਪੀਲੀਆ ਰੋਗ, ਟਮਾਟਰ ਅਤੇ ਮਿਰਚਾਂ ਦਾ ਪੱਤਾ ਮਰੋੜ ਰੋਗ ਅਤੇ ਚਿੱਤਕਬਰਾ ਰੋਗ ਹਮਲਾ ਕਰਦੇ ਹਨ। ਕੁੱਝ ਉਲੀ ਨਾਲ ਲੱਗਣ ਵਾਲੀਆਂ ਬਿਮਾਰੀਆਂ ਸਬਜ਼ੀਆਂ ਦੀ ਖੜ੍ਹੀ ਫ਼ਸਲ ਉਤੇ ਹਮਲਾ ਕਰਦੀਆਂ ਹਨ, ਪਰ ਕੁੱਝ ਸਬਜ਼ੀਆਂ ਦੀ ਤੁੜਾਈ ਤੋਂ ਬਾਅਦ ਢੋਆ-ਢੋਆਈ ਅਤੇ ਮੰਡੀਕਰਨ ਦੌਰਾਨ ਹਮਲਾ ਕਰਕੇ ਇਨ੍ਹਾਂ ਦੀ ਗੁਣਵੱਤਾ ਨੂੰ ਘਟਾ ਦਿੰਦੀਆਂ ਹਨ। ਸਬਜ਼ੀਆਂ ਵਿੱਚ ਜੜ੍ਹ-ਗੰਢ ਨੀਮਾਟੋਡ ਰੋਗ ਵੀ ਇੱਕ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਜੇਕਰ ਇਸ ਦੀ ਸਮੱਸਿਆ ਕਿਸੇ ਖੇਤ ਵਿੱਚ ਪੱਕੇ ਤੌਰ ਤੇ ਸਥਾਪਿਤ ਹੋ ਜਾਵੇ ਤਾਂ ਇਸ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਸਬਜ਼ੀਆਂ ਤੋਂ ਚੰਗਾ ਝਾੜ ਲੈਣ ਲਈ ਸ਼ੁਰੂ ਤੋਂ ਹੀ ਵਿਸ਼ਾਣੂੰ ਰੋਗਾਂ ਵਾਲੇ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰ ਦੇਣ ਨਾਲ ਇਨ੍ਹਾਂ ਰੋਗਾਂ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕਦਾ ਹੈ। ਜੇਕਰ ਸਾਡੇ ਸਬਜ਼ੀ ਉਤਪਾਦਕ ਭਰਾ ਇਨ੍ਹਾਂ ਉਲੀ ਅਤੇ ਵਿਸ਼ਾਣੂ ਰੋਗਾਂ ਦੀ ਸਮੇਂ ਸਿਰ ਪਹਿਚਾਣ ਕਰ ਲੈਣ ਤਾਂ ਉਹ ਸਹੀ ਸਮੇਂ ਤੇ ਇਨ੍ਹਾਂ ਰੋਗਾਂ ਦੀ ਬੜੀ ਆਸਾਨੀ ਨਾਲ ਰੋਕਥਾਮ ਕਰਕੇ ਬਰਸਾਤੀ ਰੁੱਤ ਵਿੱਚ ਲੱਗਣ ਵਾਲੀਆਂ ਇਨ੍ਹਾਂ ਬਿਮਾਰੀਆਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾ ਸਕਦੇ ਹਨ।

ਬਿਮਾਰੀਆਂ

ਮਿਰਚਾਂ ਦਾ ਟਾਹਣੀਆਂ ਸੁੱਕਣ ਅਤੇ ਗਲਣ ਦਾ ਰੋਗ: ਇਹ ਬਿਮਾਰੀ ਪੌਦੇ ਦੇ ਸਾਰੇ ਹਿੱਸਿਆਂ ਤੇ ਹਮਲਾ ਕਰਦੀ ਹੈ। ਬੂਟੇ ਦੀਆਂ ਫਲ਼ਾਂ ਵਾਲੀਆਂ ਟਾਹਣੀਆਂ ਸਿਰੇ ਤੋਂ ਸੁੱਕਣੀਆਂ ਅਤੇ ਸਲੇਟੀ ਰੰਗ ਦੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਮਿਰਚਾਂ ਤੇ ਧੱਸੇ ਹੋਏ ਲੰਬੂਤਰੇ ਘਸਮੈਲੇ ਰੰਗ ਦੇ ਧੱਬੇ ਪੈ ਜਾਂਦੇ ਹਨ। ਬਾਅਦ ਵਿੱਚ ਇਨ੍ਹਾਂ ਉਤੇ ਬਹੁਤ ਸਾਰੇ ਕਾਲੇ ਰੰਗ ਦੇ ਟਿਮਕਣੇ ਦਿਖਾਈ ਦਿੰਦੇ ਹਨ। ਇਹ ਉਲੀ ਬੀਜ ਉਤੇ ਪਲਦੀ ਰਹਿੰਦੀ ਹੈ ਜਿੱਥੋਂ ਕਿ ਮੁੱਢਲੀ ਲਾਗ ਲਗਦੀ ਹੈ ਅਤੇ ਬਾਅਦ ਵਿੱਚ ਹਵਾ ਰਾਹੀਂ ਅੱਗੇ ਫੈਲ ਜਾਂਦੀ ਹੈ। ਇਸ ਲਈ ਬੀਜ ਹਮੇਸ਼ਾ ਰੋਗ ਰਹਿਤ ਮਿਰਚਾਂ ਤੋਂ ਲਵੋ ਅਤੇ 2 ਗ੍ਰਾਮ ਥੀਰਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਬਿਜਾਈ ਕਰੋ। ਜੁਲਾਈ ਦੇ ਪਹਿਲੇ ਹਫਤੇ ਤੋਂ ਸ਼ੁਰੂ ਕਰਕੇ, 250 ਮਿ.ਲੀ. ਫੋਲੀਕਰ ਜਾਂ 750 ਗ੍ਰਾਮ ਇੰਡੋਫਿਲ ਐਮ-45 ਜਾਂ ਬਲਾਈਟੌਕਸ ਨੂੰ 250 ਲਿਟਰ ਪਾਣੀ ਵਿੱਚ ਘੋਲ ਕੇ 3-4 ਛਿੜਕਾਅ 10 ਦਿਨਾਂ ਦੇ ਵਕਫੇ ਤੇ ਕਰਨੇ ਚਾਹੀਦੇ ਹਨ।

- Advertisement -

ਮਿਰਚਾਂ ਦੇ ਸਲ੍ਹਾਬ ਦਾ ਗਾਲ਼ਾ: ਇਹ ਬਿਮਾਰੀ ਸਿੱਲ੍ਹੇ ਮੌਸਮ ਦੌਰਾਨ ਜ਼ਿਆਦਾ ਹਮਲਾ ਕਰਦੀ ਹੈ। ਇਸ ਦਾ ਹਮਲਾ ਨਵੀਆਂ ਟਾਹਣੀਆਂ, ਫੁੱਲਾਂ ਅਤੇ ਫਲ਼ਾਂ ਤੇ ਹੁੰਦਾ ਹੈ, ਜਿਸ ਕਾਰਣ ਇਹ ਗਲਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਗਲੇ ਹੋਏ ਹਿੱਸਿਆਂ ਤੇ ਉਲੀ ਦੇ ਕਾਲੇ-ਕਾਲੇ ਬਾਰੀਕ ਰੇਸ਼ੇ ਵੀ ਦਿਖਾਈ ਦਿੰਦੇ ਹਨ, ਜਿਸ ਨਾਲ ਮਿਰਚਾਂ ਪੋਲੀਆਂ ਹੋ ਜਾਂਦੀਆਂ ਹਨ।ਇਸਦੀ ਰੋਕਥਾਮ ਵੀ ਉਪਰ ਦੱਸੇ ਉਪਾਅ ਨਾਲ ਹੋ ਜਾਂਦੀ ਹੈ।

ਬੈਂਗਣ ਦਾ ਝੁਲਸ ਰੋਗ ਅਤੇ ਫਲ਼ਾਂ ਦਾ ਗਾਲ਼ਾ: ਇਹ ਬੈਂਗਣ ਦੀ ਇੱਕ ਆਮ ਬਿਮਾਰੀ ਹੈ, ਜਿਸ ਨਾਲ ਪੱਤਿਆਂ ਉਤੇ ਛੋਟੇ-ਛੋਟੇ ਕਾਲੇ ਕਿਨਾਰਿਆਂ ਵਾਲੇ ਬੇਢਬੇ ਧੱਬੇ ਪੈ ਜਾਂਦੇ ਹਨ। ਫਲਾਂ ਉਤੇ ਧੱਸੇ ਹੋਏ ਘਸਮੈਲੇ ਦਾਗ ਪੈ ਜਾਂਦੇ ਹਨ, ਜੋ ਬਾਅਦ ‘ਚ ਆਪਸ ਵਿੱਚ ਮਿਲ ਜਾਂਦੇ ਹਨ ਅਤੇ ਫਲ਼ ਗਲ਼ ਜਾਂਦਾ ਹੈ। ਇਸ ਬਿਮਾਰੀ ਦੀ ਉਲੀ ਜ਼ਮੀਨ, ਬੂਟਿਆਂ ਦੀ ਰਹਿੰਦ-ਖੂੰਹਦ ਅਤੇ ਬੀਜ ਉਤੇ ਪਲਦੀ ਰਹਿੰਦੀ ਹੈ। ਇਸ ਲਈ ਬੀਜ ਹਮੇਸ਼ਾ ਰੋਗ ਰਹਿਤ ਫ਼ਲਾਂ ਤੋਂ ਹੀ ਲੈਣਾ ਚਾਹੀਦਾ ਹੈ ਅਤੇ ਕੈਪਟਾਨ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਸੋਧਣਾ ਚਾਹੀਦਾ ਹੈ।ਫ਼ਸਲ Àੁੱਤੇ 200 ਗ੍ਰਾਮ ਇਡੋਫਿਲ ਅੇਮ-45 ਜਾਂ ਇਡੋਫਿਲ ਜ਼ੈਡ 78 ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਹਫ਼ਤੇ ਦੇ ਵਕਫ਼ੇ ਤੇ ਛਿੜਕਾਅ ਕਰੋ।

ਬੈਂਗਣਾਂ ਦੇ ਛੋਟੇ ਪੱਤਿਆਂ ਦਾ ਰੋਗ (ਲਿਟਲ ਲੀਫ): ਇਹ ਫ਼ਾਈਟੋਪਲਾਜ਼ਮਾ ਦਾ ਰੋਗ ਹੈ ਜੋ ਕਿ ਤੇਲੇ ਨਾਲ ਫੈਲਦਾ ਹੈ।ਇਸ ਕਾਰਨ ਪੱਤੇ ਛੋਟੇ ਆਕਾਰ ਦੇ ਰਹਿ ਜਾਂਦੇ ਹਨ ਅਤੇ ਪੌਦੇ ਝਾੜੀਆਂ ਵਾਂਗ ਲਗਦੇ ਹਨ। ਕਈ ਵਾਰ ਫੁੱਲ ਵੀ ਹਰੇ ਰਹਿ ਜਾਂਦੇ ਹਨ ਅਤੇ ਮੁਕੁਲ ਵੀ ਵੱਡੇ ਆਕਾਰ ਦੇ ਹੋ ਜਾਂਦੇ ਹਨ।ਅਜਿਹੇ ਬੂਟੇ ਨੂੰ ਫਲ ਨਹੀਂ ਲੱਗਦੇ ਅਤੇ ਜੇ ਲੱਗਦੇ ਹਨ ਤਾਂ ਛੋਟੇ ਅਤੇ ਬੇਢਵੇ ਹੁੰਦੇ ਹਨ। ਬਿਮਾਰੀ ਵਾਲੇ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰ ਦਿਓ ਅਤੇ ਤੇਲੇ ਦੀ ਰੋਕਥਾਮ ਕਰੋ।

ਭਿੰਡੀ ਦਾ ਪੀਲੀਆ ਰੋਗ (ਯੈਲੋ ਵੇਨ ਮੋਜ਼ੇਕ): ਬਰਸਾਤੀ ਮੌਸਮ ਦੀ ਭਿੰਡੀ ਦੀ ਕਾਸ਼ਤ ਵਿੱਚ ਚਿੱਟੀ ਮੱਖੀ ਦੁਆਰਾ ਫਲਾਏ ਜਾਣ ਵਾਲੇ ਇਸ ਰੋਗ ਦੀ ਬਹੁਤ ਗੰਭੀਰ ਸਮੱਸਿਆ ਆਉਂਦੀ ਹੈ। ਜੇਕਰ 30 ਦਿਨ ਦੀ ਫ਼ਸਲ ਤੇ ਹਮਲਾ ਹੋ ਜਾਵੇ ਤਾਂ ਨੁਕਸਾਨ ਬਹੁਤ ਵਧੇਰੇ ਹੁੰਦਾ ਹੈ। ਇਸ ਨਾਲ ਪੱਤਿਆਂ ਦੀਆਂ ਨਾੜੀਆਂ ਪੀਲੀਆਂ ਅਤੇ ਮੋਟੀਆਂ ਹੋ ਜਾਂਦੀਆਂ ਹਨ ਅਤੇ ਜ਼ਿਆਦਾਤਰ ਪੱਤੇ ਪੀਲੇ ਪੈ ਜਾਂਦੇ ਹਨ, ਜੋ ਬਾਅਦ ਵਿੱਚ ਸੁੱਕ ਕੇ ਹੇਠਾਂ ਡਿੱਗ ਜਾਂਦੇ ਹਨ। ਅਜਿਹੇ ਬੂਟਿਆਂ ਨੂੰ ਫਲ ਨਹੀਂ ਪੈਂਦਾ, ਜੇਕਰ ਬਿਮਾਰੀ ਦਾ ਹਮਲਾ ਲੇਟ ਸ਼ੁਰੂ ਹੋਵੇ ਤਾਂ ਫਲ ਪੀਲੇ, ਬੇਢਵੇ ਅਤੇ ਸਖ਼ਤ ਹੁੰਦੇ ਹਨ। ਬਿਮਾਰੀ ਵਾਲੇ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰਨਾ ਚਾਹੀਦਾ ਹੈ। ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਜਿਵੇਂ ਕਿ ਪੰਜਾਬ ਸੁਹਾਵਨੀ ਦੀ ਕਾਸ਼ਤ ਕਰੋ ਅਤੇ ਚਿੱਟੀ ਮੱਖੀ ਦੀ ਰੋਕਥਾਮ ਕਰੋ।

ਠੂਠੀ ਰੋਗ ਜਾਂ ਗੁੱਛਾ-ਮੁੱਛਾ ਰੋਗ (ਲੀਫ ਕਰਲ): ਮਿਰਚ ਅਤੇ ਟਮਾਟਰ ਦੀ ਫ਼ਸਲ ਤੇ ਇਹ ਵਿਸ਼ਾਣੂ ਰੋਗ ਆਮ ਵੇਖਣ ਨੂੰ ਮਿਲਦਾ ਹੈ, ਜੋ ਕਿ ਚਿੱਟੀ ਮੱਖੀ ਨਾਲ ਫੈਲਦਾ ਹੈ। ਪੱਤੇ ਆਕਾਰ ਵਿੱਚ ਛੋਟੇ ਰਹਿ ਜਾਂਦੇ ਹਨ ਅਤੇ ਬਾਅਦ ਵਿੱਚ ਪੀਲੇ ਹੋ ਜਾਂਦੇ ਹਨ। ਬੂਟੇ ਮਧਰੇ ਰਹਿ ਜਾਂਦੇ ਹਨ ਅਤੇ ਫਲ਼ ਵੀ ਘੱਟ ਲੱਗਦੇ ਹਨ, ਜੋ ਛੋਟੇ ਅਤੇ ਬੇਢਵੇ ਹੁੰਦੇ ਹਨ ਜਾਂ ਫਲ਼ ਲੱਗਦਾ ਹੀ ਨਹੀਂ। ਰੋਕਥਾਮ ਲਈ ਬੀਜ ਹਮੇਸ਼ਾ ਰੋਗ ਰਹਿਤ ਫਸਲ ਤੋਂ ਹੀ ਲਵੋ। ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਜਿਵੇਂ ਕਿ ਮਿਰਚ ਦੀਆਂ ਪੰਜਾਬ ਸੰਧੂਰੀ, ਪੰਜਾਬ ਤੇਜ ਅਤੇ ਟਮਾਟਰ ਦੀਆਂ ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ-2, ਪੰਜਾਬ ਵਰਖਾ ਬਹਾਰ-4 ਦੀ ਕਾਸ਼ਤ ਕਰੋ। ਰੋਗੀ ਬੂਟੇ ਪੁੱਟ ਕੇ ਨਸ਼ਟ ਕਰ ਦਿਓ ਅਤੇ ਖੇਤ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਓ।

- Advertisement -

ਜੜ੍ਹ-ਗੰਢ ਨੀਮਾਟੋਡ: ਜੜ੍ਹ ਗੰਢ ਨੀਮਾਟੋਡ ਬੈਂਗਣ, ਭਿੰਡੀ, ਟਮਾਟਰ, ਪੇਠਾ ਆਦਿ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਹਨ। ਜੜ੍ਹ-ਗੰਢ ਨੀਮਾਟੋਡ ਮਿੱਟੀ ਵਿੱਚ ਪੱਲਦੇ ਰਹਿੰਦੇ ਹਨ ਅਤੇ ਸਬਜ਼ੀਆਂ ਦੀਆਂ ਜੜ੍ਹਾਂ ਉਤੇ ਹਮਲਾ ਕਰਕੇ ਗੰਢਾਂ ਬਣਾ ਲੈਂਦੇ ਹਨ। ਜਿਸ ਕਰਕੇ ਬੂਟੇ ਦੀਆਂ ਜੜ੍ਹਾਂ ਜ਼ਮੀਨ ਵਿੱਚੋਂ ਖੁਰਾਕ ਅਤੇ ਪਾਣੀ ਲੈਣ ਤੋਂ ਅਸਮਰੱਥ ਹੋ ਜਾਂਦੀਆਂ ਹਨ। ਬਿਮਾਰੀ ਵਾਲੀ ਫ਼ਸਲ ਦੇ ਪੱਤੇ ਪੀਲੇ ਪੈ ਕੇ ਮਰ ਜਾਂਦ ਹਨ ਅਤੇ ਬੂਟਿਆਂ ਦਾ ਵਾਧਾ ਰੁੱਕ ਜਾਂਦਾ ਹੈ। ਟਮਾਟਰਾਂ ਦੇ ਜਿਨ੍ਹਾਂ ਖੇਤਾਂ ਵਿੱਚ ਇਹ ਬਿਮਾਰੀ ਲੱਗਦੀ ਹੋਵੇ ਉਤੇ ਰੋਗ ਦਾ ਟਾਕਰਾ ਕਰਨ ਵਾਲੀ ਕਿਸਮ ਪੰਜਾਬ ਐਨ ਆਰ 7 ਦੀ ਕਾਸ਼ਤ ਕਰੋ। ਮਈ-ਜੂਨ ਦੇ ਮਹੀਨੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਵਾਲੀ ਜ਼ਮੀਨ ਨੂੰ ਭਰਵਾਂ ਪਾਣੀ ਲਾ ਕੇ 50 ਮਾਈਕ੍ਰੋਨ ਪਲਾਸਟਿਕ ਦੀ ਚਾਦਰ (ਸ਼ੀਟ) ਨਾਲ ਚੰਗੀ ਤਰ੍ਹਾਂ ਢੱਕ ਕੇ 40 ਦਿਨਾਂ ਵਾਸਤੇ ਧੁੱਪ ਲਵਾਓ। ਨੀਮਾਟੋਡ ਪ੍ਰਭਾਵਿਤ ਖੇਤਾਂ ਵਿੱਚ ਤੋਰੀਆ ਜਾਂ ਤਾਰਾਮੀਰਾ (40 ਦਿਨ) ਜਾਂ ਸਣ (50 ਦਿਨ) ਜਾਂ ਗੇਂਦੇ (60 ਦਿਨ) ਦੀ ਹਰੀ ਖਾਦ ਕਰਕੇ ਇਸ ਨੂੰ ਘਟਾਇਆ ਜਾ ਸਕਦਾ ਹੈ। ਇੱਕ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਜੜ੍ਹ-ਗੰਢ੍ਹ ਨੀਮਾਟੋਡ ਤੋਂ ਪ੍ਰਭਾਵਿਤ ਜ਼ਮੀਨਾਂ ਵਿੱਚ ਢੈਂਚੇ ਦੀ ਹਰੀ ਖਾਦ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਨੀਮਾਟੋਡ ਦੀ ਮਿਕਦਾਰ ਵਿੱਚ ਵਾਧਾ ਹੋ ਜਾਂਦਾ ਹੈ। ਜੜ੍ਹ-ਗੰਢ ਨੀਮਾਟੋਡ ਰੋਗੀ ਜ਼ਮੀਨਾਂ ਵਿੱਚ ਸਬਜ਼ੀਆਂ ਦੇ ਫ਼ਸਲੀ ਚੱਕਰ ਵਿੱਚ ਲਸਣ ਜਾਂ ਪਿਆਜ਼ ਦੀ ਕਾਸ਼ਤ ਕਰਨ ਨਾਲ ਵੀ ਨੀਮਾਟੋਡ ਦੇ ਹਮਲੇ ਨੂੰ ਘਟਾਇਆ ਜਾ ਸਕਦਾ ਹੈ।

ਕੀੜੇ-ਮਕੌੜੇ

ਬੈਂਗਣ ਫਲ ਅਤੇ ਲਗਰਾਂ ਦੀ ਸੁੰਡੀ: ਇਸ ਦੇ ਹਮਲੇ ਕਾਰਨ ਲਗਰਾਂ ਕੁਮਲਾ ਜਾਂਦੀਆਂ ਹਨ ਅਤੇ ਬਾਅਦ ਵਿੱਚ ਥੱਲ੍ਹੇ ਨੂੰ ਡਿੱਗ ਪੈਂਦੀਆਂ ਹਨ। ਇਹ ਸੁੰਡੀ ਫੁੱਲਾਂ ਅਤੇ ਬੈਂਗਣਾਂ ਦੇ ਫਲਾਂ ਤੇ ਵੀ ਹਮਲਾ ਕਰਕੇ ਉਨ੍ਹਾਂ ਨੂੰ ਕਾਣੇ ਕਰ ਦਿੰਦੀ ਹੈ।

ਤੇਲਾ (ਜੇਸਿਡ): ਇਸ ਕੀੜੇ ਦੇ ਬਾਲਗ ਅਤੇ ਬੱਚੇ ਪੱਤਿਆਂ ਦੇ ਹੇਠੋਂ ਰਸ ਚੂਸਦੇ ਹਨ ਅਤੇ ਪੱਤੇ ਪਹਿਲਾਂ ਕਿਨਾਰਿਆਂ ਤੋਂ ਪੀਲੇ ਅਤੇ ਬਾਅਦ ਵਿੱਚ ਤਾਂਬੇ ਰੰਗ ਦੇ ਹੋ ਕੇ ਝੜ ਜਾਂਦੇ ਹਨ।

ਹੱਡਾ ਭੂੰਡੀ: ਇਸ ਕੀੜੇ ਦੇ ਬੱਚੇ ਅਤੇ ਬਾਲਗ ਪੱਤੇ ਨੂੰ ਖੁਰਚ ਕੇ ਹਰਾ ਮਾਦਾ ਖਾ ਜਾਂਦੇ ਹਨ ਜੋ ਬਾਅਦ ਵਿੱਚ ਸੁੱਕ ਡਿੱਗ ਜਾਂਦੇ ਹਨ।

ਚਿੱਟੀ ਮੱਖੀ: ਚਿੱਟੀ ਮੱਖੀ ਦੇ ਬਾਲਗ ਅਤੇ ਬੱਚੇ ਪੱਤਿਆਂ ਦੇ ਹੇਠਲੇ ਪਾਸੋਂ ਰਸ ਚੂਸਦੇ ਹਨ ਜਿਸ ਦੇ ਸਿੱਟੇ ਕਾਰਨ ਪੱਤਿਆਂ ਤੇ ਪੀਲੇ ਰੰਗ ਦੇ ਧੱਬੇ ਪੈ ਜਾਂਦੇ ਹਨ ਅਤੇ ਬੂਟੇ ਕੁਮਲਾ ਜਾਂਦੇ ਹਨ। ਇਸ ਦੇ ਹਮਲੇ ਕਾਰਨ ਪੱਤਿਆਂ ਉਤੇ ਕਾਲੇ ਰੰਗ ਦੀ ਉਲੀ ਲੱਗ ਜਾਂਦੀ ਹੈ ਜਿਸ ਕਾਰਨ ਪੱਤੇ ਦੀ ਭੋਜਨ ਬਣਾਉਣ ਦੀ ਤਾਕਤ ਘੱਟ ਜਾਂਦੀ ਹੈ।

ਰੋਕਥਾਮ ਦੇ ਢੰਗ: ਬੈਂਗਣ ਦੇ ਫਲ ਅਤੇ ਲਗਰਾਂ ਵਿੱਚ ਮੋਰੀਆਂ ਕਰਨ ਵਾਲੀ ਸੁੰਡੀ ਦੀ ਰੋਕਥਾਮ ਲਈ, ਜਿਉਂ ਹੀ ਕੀੜੇ ਦਾ ਹਮਲਾ ਹੋਵੇ ਤਾਂ 100-125 ਲਿਟਰ ਪਾਣੀ ਵਿੱਚ 80 ਮਿਲੀਲਿਟਰ ਕੋਰਾਜ਼ਨ 18.5 ਐਸ ਸੀ (ਕਲੋਰਐਂਟਰਾਨੀਲੀਪਰੋਲ) ਜਾਂ 80 ਗ੍ਰਾਮ ਪ੍ਰੋਕਲੇਮ 5 ਐਸ ਜੀ (ਐਮਾਮੈਕਟਿਨ ਬੈਂਜੋਏਟ) ਜਾਂ 100 ਮਿਲੀਲਿਟਰ ਸੁਮੀਸੀਡੀਨ 20 ਈ ਸੀ (ਫੈਨਵਲਰੇਟ) ਜਾਂ 200 ਮਿਲੀਲਿਟਰ ਰਿਪਕਾਰਡ 10 ਈ ਸੀ (ਸਾਈਪਰਮੈਥਰਿਨ) ਜਾਂ 160 ਮਿਲੀਲਿਟਰ ਡੈਸਿਸ 2.8 ਈ ਸੀ (ਡੈਲਟਾਮੈਥਰਿਨ) ਦੇ 3-4 ਛਿੜਕਾਅ 14 ਦਿਨ ਦੇ ਵਕਫੇ ਤੇ ਕਰੋ।

ਭਿੰਡੀ

ਤੇਲਾ (ਜੇਸਿਡ): ਇਸ ਦੇ ਬਾਲਗ ਅਤੇ ਬੱਚੇ ਪੱਤਿਆਂ ਦਾ ਰਸ ਚੂਸਦੇ ਹਨ ਜਿਸ ਕਾਰਨ ਪੱਤੇ ਕਿਨਾਰਿਆਂ ਤੋਂ ਪੀਲੇ ਹੋ ਜਾਂਦੇ ਹਨ ਅਤੇ ਉਪਰ ਵੱਲ ਮੁੜ ਕੇ ਠੂਠੀ ਬਣ ਜਾਂਦੇ ਹਨ ਜੋ ਬਾਅਦ ਵਿੱਚ ਸੁੱਕ ਕੇ ਡਿੱਗ ਜਾਂਦੇ ਹਨ।

ਚਿੱਟੀ ਮੱਖੀ: ਚਿੱਟੀ ਮੱਖੀ ਦੇ ਹਮਲੇ ਕਾਰਨ ਪੱਤਿਆਂ ਤੇ ਪੀਲੇ ਰੰਗ ਦੇ ਧੱਬੇ ਪੈ ਜਾਂਦੇ ਹਨ। ਇਹ ਮੱਖੀ ਭਿੰਡੀ ਵਿੱਚ ਪੀਲੀਆ (ਵਿਸ਼ਾਣੂ) ਰੋਗ ਫੈਲਾਉਂਦੀ ਹੈ ਜਿਸ ਕਾਰਨ ਪੱਤਿਆਂ ਦੀ ਨਾੜਾਂ ਪੀਲੀਆਂ ਪੈ ਜਾਂਦੀਆਂ ਹਨ ਅਤੇ ਪੱਤੇ ਹਰੇ ਮਾਦੇ ਤੋਂ ਰਹਿਤ ਹੋ ਜਾਂਦੇ ਹਨ।

ਚਿਤਕਬਰੀ ਸੁੰਡੀ: ਇਸ ਸੁੰਡੀ ਦੇ ਹਮਲੇ ਕਾਰਨ ਲਗਰਾਂ ਕੁਮਲਾ ਜਾਂਦੀਆਂ ਹਨ ਅਤੇ ਸੁੱਕ ਕੇ ਡਿੱਗ ਪੈਂਦੀਆਂ ਹਨ। ਇਸ ਦੀ ਸੁੰਡੀ ਫਲਾਂ ਤੇ ਹਮਲਾ ਕਰਕੇ ਉਨ੍ਹਾਂ ਵਿੱਚ ਮੋਰੀਆਂ ਕਰ ਦਿੰਦੀਆਂ ਹਨ।

ਫਲਾਂ ਦੀ ਸੁੰਡੀ: ਇਸ ਸੁੰਡੀ ਦੇ ਹਮਲੇ ਕਾਰਨ ਫਲਾਂ ਵਿੱਚ ਗੋਲ ਅਕਾਰ ਦੀਆਂ ਮੋਰੀਆਂ ਹੋ ਜਾਂਦੀਆਂ ਹਨ ਅਤੇ ਇਹ ਸੁੰਡੀ ਹਮਲੇ ਦੇ ਸਮੇਂ ਆਪਣੇ ਸਰੀਰ ਦਾ ਅੱਧਾ ਹਿੱਸਾ ਫਲ ਦੇ ਵਿੱਚ ਰਹਿ ਕੇ ਹਰਾ ਮਾਦਾ ਖਾਂਦੀਆਂ ਹਨ।

ਰੋਕਥਾਮ ਦੇ ਢੰਗ: ਰਸ ਚੂਸਣ ਵਾਲੇ ਕੀੜਿਆਂ ਤੋਂ ਬਚਾਅ ਲਈ 15 ਦਿਨ ਦੇ ਵਕਫੇ ਨਾਲ ਇੱਕ ਜਾਂ ਦੋ ਵਾਰ 40 ਮਿਲੀਲਿਟਰ ਕੋਨਫੀਡੋਰ 17.8 ਐਸ ਐਲ (ਇਮੀਡਾਕਲੋਪਰਿਡ) ਜਾਂ 40 ਗ੍ਰਾਮ ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) ਜਾਂ 560 ਮਿਲੀਲਿਟਰ ਮੈਲਾਥੀਆਨ 50 ਈ ਸੀ ਨੂੰ 100-125 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕੋ।

ਸੁੰਡੀਆਂ ਦੀ ਰੋਕਥਾਮ ਲਈ ਜਿਉਂ ਹੀ ਫੁੱਲ ਪੈਣੇ ਸ਼ੁਰੂ ਹੋਣ, 15 ਦਿਨ ਦੇ ਵਕਫੇ ਨਾਲ ਤਿੰਨ ਛਿੜਕਾਅ 70 ਗ੍ਰਾਮ ਪ੍ਰੋਕਲੇਮ 5 ਐਸ ਜੀ (ਐਮਾਮੈਕਟਿਨ ਬੈਂਜੋਏਟ) ਜਾਂ 100 ਮਿਲੀਲਿਟਰ ਸੁਮੀਸੀਡੀਨ 20 ਈ ਸੀ (ਫੈਨਵਲਰੇਟ) ਜਾਂ 80 ਮਿਲੀਲਿਟਰ ਸਿੰਬੁਸ਼ 25 ਈ ਸੀ (ਸਾਈੋਪਰਮੈਥਰਿਨ) ਨੂੰ 100-125 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕੋ।

ਟਮਾਟਰ

ਫਲ ਦਾ ਗੜੂੰਆ: ਸੁੰਡੀਆਂ ਪਹਿਲਾਂ ਪੱਤਿਆਂ ਤੇ ਹਮਲਾ ਕਰਦੀਆਂ ਹਨ ਅਤੇ ਬਾਅਦ ਵਿੱਚ ਫਲ ਵਿੱਚ ਛੇਦ ਕਰਕੇ ਫਲ ਨੂੰ ਨਸ਼ਟ ਕਰ ਦਿੰਦੀਆਂ ਹਨ ਜੋ ਬਰਸਾਤ ਦੇ ਮੌਸਮ ਵਿੱਚ ਗਲ ਜਾਂਦਾ ਹੈ।

ਚਿੱਟੀ ਮੱਖੀ: ਚਿੱਟੀ ਮੱਖੀ ਦੇ ਹਮਲੇ ਕਾਰਨ ਪੱਤੇ ਤੇ ਪੀਲੇ ਰੰਗ ਦੇ ਧੱਬੇ ਪੈ ਜਾਂਦੇ ਹਨ ਅਤੇ ਬੂਟੇ ਕੁਮਲਾ ਜਾਂਦੇ ਹਨ। ਇਸ ਦੇ ਹਮਲੇ ਕਾਰਨ ਪੱਤਿਆਂ ਉਤੇ ਕਾਲੇ ਰੰਗ ਦੀ ਉਲੀ ਲੱਗ ਜਾਂਦੀ ਹੈ ਜਿਸ ਕਾਰਨ ਪੱਤੇ ਦੀ ਭੋਜਨ ਬਣਾਉਣ ਦੀ ਤਾਕਤ ਘੱਟ ਜਾਂਦੀ ਹੈ।

ਰੋਕਥਾਮ ਦੇ ਢੰਗ: ਚਿੱਟੀ ਮੱਖੀ ਦੀ ਰੋਕਥਾਮ ਲਈ 400 ਮਿਲੀਲਿਟਰ ਮੈਲਾਥੀਆਨ 50 ਈ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਫਲ ਪੈਣ ਤੋਂ ਪਹਿਲਾਂ ਛਿੜਕੋ।

ਫਲ ਦਾ ਗੜੁੰਏ ਦੀ ਰੋਕਥਾਮ ਲਈ 60 ਮਿਲੀਲਿਟਰ ਕੋਰਾਜ਼ਨ 18.5 ਐਸ ਸੀ (ਕਲੋਰਐਂਟਰਾਨੀਲੀਪਰੋਲ) ਜਾਂ 200 ਮਿਲੀਲਿਟਰ ਇੰਡੋਕਸਾਕਾਰਬ 14.5 ਐਸ ਸੀ ਜਾਂ 30 ਮਿਲੀਲਿਟਰ ਫੇਮ 480 ਐਸ ਐਲ (ਫਲੂਬੈਂਡੀਆਮਾਈਡ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਤਿੰਨ ਛਿੜਕਾਅ 2 ਹਫਤਿਆਂ ਦੇ ਫਰਕ ਨਾਲ ਕਰੋ।
ਕੱਦੂ ਜਾਤੀਆਂ ਦੀਆਂ ਸਬਜ਼ੀਆਂ

ਫਲ ਦੀ ਮੱਖੀ: ਇਹ ਮੱਖੀ ਨਰਮ ਫਲ ਵਿੱਚ ਮੋਰੀਆਂ ਕਰਕੇ ਉਸ ਨੂੰ ਖਰਾਬ ਕਰ ਦਿੰਦੀ ਹੈ ਅਤੇ ਬਰਸਾਤ ਦੀ ਰੁੱਤ ਵਿੱਚ ਇਸ ਦਾ ਹਮਲਾ ਬਹੁਤ ਵੱਧ ਜਾਂਦਾ ਹੈ।
ਫਲ ਦੀ ਮੱਖੀ ਦੀ ਰੋਕਥਾਮ ਲਈ ਪੀ ਏ ਯੂ ਫਰੂਟ ਫਲਾਈ ਟ੍ਰੈਪ 16 ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਓ। ਇਹ ਟ੍ਰੈਪ ਨਾਲ ਇਸ ਕੀੜੇ ਦੀ ਕੀਟਨਾਸ਼ਕ ਦੀ ਵਰਤੋਂ ਤੋਂ ਬਿਨਾਂ ਸੁਚੱਜੀ ਰੋਕਥਾਮ ਕੀਤੀ ਜਾ ਸਕਦੀ ਹੈ।

ਸੰਪਰਕ : 93566-62522

Share this Article
Leave a comment