ਕਿਸਾਨਾਂ ਲਈ ਮੁੱਲਵਾਨ ਜਾਣਕਾਰੀ – ਕਣਕ ਦੀ ਫਸਲ ਪੀਲੀ ਪੈਣ ਦੇ ਕਾਰਨ ਅਤੇ ਇਲਾਜ

TeamGlobalPunjab
11 Min Read

-ਅਮਰਜੀਤ ਸਿੰਘ;

ਕਣਕ ਪੰਜਾਬ ਵਿੱਚ ਹਾੜ੍ਹੀ ਦੀ ਮੁੱਖ ਫਸਲ ਹੈ। ਪਿਛਲੇ ਸਾਲ ਇਸ ਦੀ ਕਾਸ਼ਤ ਤਕਰੀਬਨ 80.00 ਲੱਖ ਏਕੜ ਰਕਬੇ ਉੱਪਰ ਕੀਤੀ ਗਈ ਜਿਸ ਤੋਂ ਲੱਗਭਗ 176.2 ਲੱਖ ਟਨ ਪੈਦਾਵਾਰ ਮਿਲੀ ਅਤੇ ਇਸ ਦਾ ਔਸਤ ਝਾੜ 20.3 ਕੁਇੰਟਲ ਪ੍ਰਤੀ ਏਕੜ ਪ੍ਰਾਪਤ ਹੋਇਆ। ਕਣਕ ਦੀ ਬਿਜਾਈ ਤੋਂ ਬਾਅਦ ਆਮ ਤੌਰ ਤੇ ਕਿਸਾਨਾਂ ਵੱਲੋਂ ਫਸਲ ਦੇ ਪੀਲੇ ਪੈਣ ਦੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ ਜਿਸ ਨੂੰ ਦੂਰ ਕਰਨ ਲਈ ਉਹ ਕਈ ਵਾਰ ਇੱਧਰੋਂ-ਓਧਰੋਂ ਸਲਾਹ ਮਸ਼ਵਰੇ ਲੈ ਕੇ ਕੁਝ ਉਪਰਾਲੇ ਕਰਕੇ ਫਸਲ ਦੇ ਇਸ ਪੀਲੇਪਣ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਕਈ ਵਾਰੀ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਣਕ ਦਾ ਪੀਲਾਪਣ ਦੂਰ ਨਹੀਂ ਹੁੰਦਾ ਅਤੇ ਇਹ ਕਿਸਾਨਾਂ ਲਈ ਇੱਕ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ ।ਢੁੱਕਵਾਂ ਇਲਾਜ ਨਾ ਹੋਣ ਕਰਕੇ ਉਨ੍ਹਾਂ ਦਾ ਖੇਤੀ ਖਰਚਾ ਤਾਂ ਵੱਧਦਾ ਹੀ ਹੈ, ੳੱਥੇ ਇਸ ਦੇ ਨਾਲ-ਨਾਲ ਫਸਲ ਤੇ ਆਈ ਅਲਾਮਤ ਦਾ ਸਹੀ ਇਲਾਜ ਨਾ ਹੋਣ ਕਰਕੇ ਕਣਕ ਦੇ ਝਾੜ ਤੇ ਵੀ ਬਹੁਤ ਮਾੜਾ ਅਸਰ ਪਂੈਦਾ ਹੈ। ਕਿਸਾਨ ਵੀਰੋਂ ਜਦੋਂ ਤੱਕ ਕਿਸੇ ਅਲਾਮਤ ਜਾਂ ਬਿਮਾਰੀ ਦੇ ਕਾਰਨਾਂ ਦਾ ਸਹੀ ਪਤਾ ਨਹੀਂ ਲੱਗਦਾ ਉਦੋਂ ਤੱਕ ਉਸਦਾ ਢੁੱਕਵਾਂ ਇਲਾਜ ਕਰਨਾ ਅਸੰਭਵ ਹੋ ਜਾਂਦਾ ਹੈ ।ਇਸ ਲਈ ਤੁਹਾਡੇ ਵਾਸਤੇ ਇਸ ਲੇਖ ਵਿੱਚ ਕਣਕ ਦੇ ਪੀਲੇ ਪੈਣ ਦੇ ਕਾਰਨ ਬਾਰੇ ਜਿਵੇਂ ਕਿ ਲੋੜ ਤੋਂ ਵੱਧ ਪਾਣੀ ਦਾ ਲੱਗਣਾ, ਮੈਂਗਨੀਜ ਜਾਂ ਗੰਧਕ ਦੀ ਘਾਟ ਹੋਣਾ ਜਾਂ ਪੀਲੀ ਕੁੰਗੀ ਦੇ ਹਮਲੇ ਦਾ ਹੋਣਾ ਆਦਿ ਅਤੇ ਇਨ੍ਹਾਂ ਵੱਖੋ- ਵੱਖਰੀਆਂ ਅਲਾਮਤਾਂ ਦੇ ਇਲਾਜ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਜੋ ਸਹੀ ਉਪਰਾਲਾ ਕਰਕੇ ਘੱਟ ਖਰਚ ਵਿੱਚ ਕਣਕ ਦੇ ਇਸ ਪੀਲੇਪਣ ਨੂੰ ਸਮੇਂ ਸਿਰ ਦੂਰ ਕਰਦਿਆਂ ਹੋਇਆ ਪੂਰਾ ਝਾੜ ਲਿਆ ਜਾ ਸਕੇ ।
ਖੇਤ ਨੂੰ ਪਾਣੀ ਦਾ ਵੱਧ ਲੱਗਣਾ

ਵੇਖਣ ਵਿੱਚ ਆਇਆ ਹੈ ਕਿ ਕਈ ਵਾਰੀ ਕਿਸਾਨ ਵੀਰਾਂ ਵੱਲੋਂ ਝੋਨੇ ਵਾਲੇ ਰਕਬੇ ਹੇਠ ਬੀਜੀ ਕਣਕ ਵਿੱਚ ਲੋੜ ਨਾਲੋਂ ਵੱਧ ਪਾਣੀ ਲੱਗ ਜਾਂਦਾ ਹੈ ਜਾਂ ਫਿਰ ਪਾਣੀ ਲੱਗਣ ਤੋਂ ਬਾਅਦ ਭਾਰੀ ਬਰਸਾਤ ਹੋ ਜਾਂਦੀ ਹੈ ਤਾਂ ਅਜਿਹੀ ਹਾਲਤ ਵਿੱਚ ਫਸਲ ਦੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ।ਜਿਹੜੇ ਖੇਤਾਂ ਵਿੱਚ ਵੱਖ- ਵੱਖਰੇ ਢੰਗ ਤਰੀਕਿਆਂ ਨਾਲ ਪਰਾਲ ਦੀ ਸੰਭਾਲ ਤੋਂ ਬਾਅਦ ਕਣਕ ਦੀ ਬਿਜਾਈ ਕੀਤੀ ਗਈ ਉੱਥੇ ਮੌਸਮ ਦੀ ਨਜਾਕਤ ਨੂੰ ਦੇਖਦਿਆ ਹੋਇਆ ਵੱਧ ਕਿਆਰੇ ਪਾ ਕੇ ਹਲਕੇ ਪਾਣੀ ਲਗਾਉਣੇ ਚਾਹੀਦੇ ਹਨ ਤਾਂ ਜੋ ਖੇਤ ਵਿੱਚ ਪਾਣੀ ਜਿਆਦਾ ਚਿਰ ਨਾ ਖੜੇ।ਜਿਹੜੇ ਖੇਤਾਂ ਵਿੱਚ ਖਾਸ ਤੌਰ ਤੇ ਭਾਰੀਆਂ ਜਮੀਨਾਂ ਵਿੱਚ ਵੱਡੇ ਕਿਆਰੇ ਬਣਾ ਕੇ ਪਾਣੀ ਲੱਗਦਾ ਹੈ ਉਨ੍ਹਾਂ ਖੇਤਾਂ ਵਿੱਚ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ।ਅਜਿਹੇ ਹਾਲਾਤਾਂ ਦੌਰਾਨ ਬੂਟਿਆਂ ਦੀਆਂ ਜੜ੍ਹਾਂ ਵਿੱਚ ਪਾਣੀ ਜਿਆਦਾ ਦੇਰ ਖੜਨ ਕਰਕੇ ਫਸਲ ਦੀਆਂ ਜੜ੍ਹਾਂ ਨੂੰ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਜਿਸ ਨਾਲ ਫਸਲ ਤੇ ਮਾੜਾ ਅਸਰ ਪੈਂਦਾ ਹੈ।ਇਸ ਤੋਂ ਇਲਾਵਾ ਨਵੰਬਰ-ਦਸੰਬਰ ਮਹੀਨਿਆਂ ਵਿੱਚ ਮੀਂਹ ਪੈਣ ਅਤੇ ਲੰਮੇ ਸਮੇਂ ਤੱਕ ਬੱਦਲਵਾਈ ਰਹਿਣ ਦੌਰਾਨ ਮੌਸਮ ਖੁੱਲਦਾ ਨਹੀਂ ਜਿਸ ਕਰਕੇ ਫਸਲ ਪੀਲੀ ਪੈ ਜਾਂਦੀ ਹੈ।ਅਜਿਹੇ ਹਾਲਾਤਾਂ ਦੌਰਾਨ ਫਸਲ ਤੇ 0.3 ਪ੍ਰਤੀਸ਼ਤ ਯੂਰੀਆ ਦਾ ਛਿੜਕਾਅ ਕਰਨਾ ਕਾਫੀ ਸਹਾਇਕ ਸਿੱਧ ਹੁੰਦਾ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਣਕ ਦੀ ਫਸਲ ਨੂੰ ਪਾਣੀ ਲਾਉਣ ਸਮੇਂ ਮੌਸਮ ਦੀ ਨਜਾਕਤ ਨੂੰ ਧਿਆਨ ਵਿੱਚ ਰੱਖਦੇ ਹੀ ਲੋੜ ਅਨੁਸਾਰ ਪਾਣੀ ਲਾਓ ।ਇਸ ਤੋਂ ਇਲਾਵਾ ਪੰਜਾਬ ਵਿੱਚ ਤਕਰੀਬਨ 40 ਪ੍ਰਤੀਸ਼ਤ ਰਕਬੇ ਵਿੱਚ ਹੇਠਲੇ ਪਾਣੀ ਲੂਣੇ ਜਾਂ ਖਾਰੇ ਹਨ। ਅਜਿਹੇ ਪਾਣੀਆਂ ਦੀ ਵਰਤੋਂ ਕਰਨ ਨਾਲ ਵੀ ਕਈ ਵਾਰ ਫਸਲ ਤੇ ਮਾੜਾ ਅਸਰ ਪੈਂਦਾ ਹੈ ਅਤੇ ਪੱਤੇ ਪੀਲੇ ਪੈ ਜਾਂਦੇ ਹਨ । ਟਿਊਬਵੈੱਲਾਂ ਦੇ ਮਾੜੇ ਪਾਣੀ ਦੀ ਪਰਖ ਕਰਾ ਕੇ ਸਿਫਾਰਿਸ਼ ਮੁਤਾਬਿਕ ਜਿਪਸਮ ਦੀ ਵਰਤੋਂ ਕਰੋ ਜਾਂ ਫਿਰ ਚੰਗੇ ਪਾਣੀ ਨਾਲ ਰਲਾ ਕੇ ਜਾਂ ਅਦਲ-ਬਦਲ ਕੇ ਵਰਤੋਂ ਕੀਤੀ ਜਾ ਸਕਦੀ ਹੈ।

ਫਸਲ ਵਿੱਚ ਮੈਗਨੀਜ਼ ਦੀ ਘਾਟ ਦਾ ਹੋਣਾ

- Advertisement -

ਜੇਕਰ ਕਣਕ ਵਿੱਚ ਮੈਂਗਨੀਜ਼ ਦੀ ਘਾਟ ਹੋਵੇ ਤਾਂ ਵੀ ਕਣਕ ਦੇ ਬੂਟੇ ਪੀਲੇ ਪੈ ਜਾਂਦੇ ਹਨ । ਮੈਂਗਨੀਜ਼ ਦੀ ਘਾਟ ਨਾਲ ਹੋਣ ਵਾਲੀ ਪਲੱਤਣ ਅਕਸਰ ਵਿਚਕਾਰਲੇ ਪੱਤਿਆਂ ਉੱਪਰ ਨਜ਼ਰ ਆਉਂਦੀ ਹੈ ਜਿਸ ਕਰਕੇ ਇਹ ਪੱਤੇ ਨਾੜੀਆਂ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਪਰ ਇਨ੍ਹਾਂ ਦੀਆਂ ਨਾੜੀਆਂ ਹਰੀਆਂ ਹੀ ਰਹਿੰਦੀਆਂ ਹਨ। ਇਸ ਪੀਲੇ ਪਏ ਹਿੱਸੇ ਤੇ ਸਲੇਟੀ ਤੋਂ ਗੁਲਾਬੀ ਰੰਗ ਦੇ ਛੋਟੇ-ਛੋਟੇ ਧੱਬੇ ਬਣ ਜਾਂਦੇ ਹਨ, ਜੋ ਕਿ ਬਾਅਦ ਵਿੱਚ ਆਪਸ ਵਿੱਚ ਮਿਲ ਕੇ ਗੁਲਾਬੀ ਰੰਗ ਦੀਆਂ ਧਾਰੀਆਂ ਦਾ ਰੂਪ ਧਾਰਨ ਕਰ ਲੈਂਦੇ ਹਨ ।ਜਿਆਦਾਤਰ ਮੈਂਗਨੀਜ਼ ਦੀ ਘਾਟ ਰੇਤਲੀਆਂ ਜ਼ਮੀਨਾਂ ਜਿਨ੍ਹਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਝੋਨਾ ਲੱਗ ਰਿਹਾ ਹੋਵੇ, ਉੱਥੇ ਵੇਖਣ ਨੂੰ ਮਿਲਦੀ ਹੈ।ਮੈਂਗਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੇ ਫਸਲ ਉੱਪਰ ਇੱਕ ਕਿੱਲੋ ਮੈਂਗਨੀਜ਼ ਸਲਫੇਟ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇੇ ਧੁੱਪ ਵਾਲੇ ਦਿਨ ਹਫਤੇ-ਹਫਤੇ ਦੇ ਵਕਫੇ ਤੇ ਤਿੰਨ ਤੋਂ ਚਾਰ ਛਿੜਕਾਅ ਕਰਕੇ ਇਸ ਅਲਾਮਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਪਰ ਹਾਂ ਜਿਹੜੈ ਖੇਤਾਂ ਵਿੱਚ ਪਿਛਲੇ ਸਾਲਾਂ ਵਿੱਚ ਵੀ ਮੈਂਗਨੀਜ਼ ਦੀ ਘਾਟ ਵੇਖਣ ਨੂੰ ਮਿਲਦੀ ਹੈ ਉਨ੍ਹਾਂ ਖੇਤਾਂ ਵਿੱਚ ਇਹ ਛਿੜਕਾਅ ਪਹਿਲਾ ਪਾਣੀ ਲਾਉਣ ਤੋਂ 3-4 ਦਿਨ ਪਹਿਲਾਂ ਹੀ ਕਰ ਦਿਓ।
ਫਸਲ ਵਿੱਚ ਗੰਧਕ ਦੀ ਘਾਟ ਦਾ ਹੋਣਾ

ਵੇਖਣ ਵਿੱਚ ਆਇਆ ਹੈ ਕਿ ਕਈ ਵਾਰ ਰੇਤਲੀਆਂ ਜ਼ਮੀਨਾਂ ਵਿੱਚ ਬੀਜੀ ਕਣਕ ਦੇ ਨਵੇਂ ਨਿਕਲ ਰਹੇ ਪੱਤੇ ਪੀਲੇ ਪੈ ਜਾਂਦੇ ਹਨ, ਜਦੋਂ ਕਿ ਹੇਠਲੇ ਪੁਰਾਣੇ ਪੱਤੇ ਹਰੇ ਹੀ ਰਹਿੰਦੇ ਹਨ ।ਇਹ ਸਮੱਸਿਆ ਕਣਕ ਦੀ ਫਸਲ ਨੂੰ ਅਕਸਰ ਗੰਧਕ ਦੀ ਘਾਟ ਹੋਣ ਕਰਕੇ ਆਉਂਦੀ ਹੈ । ਗੰਧਕ ਦੀ ਘਾਟ ਆਉਣ ਕਰਕੇ ਕਣਕ ਦੇ ਬੂਟੇ ਛੋਟੇ ਰਹਿ ਜਾਂਦੇ ਹਨ ਅਤੇ ਚੰਗੀ ਤਰ੍ਹਾਂ ਜਾੜ ਨਹੀਂ ਮਾਰਦੇ । ਫਸਲ ਦੇ ਮੁੱਢਲੇ ਵਾਧੇ ਵੇਲੇ ਲੰਬੇ ਸਮੇਂ ਲਈ ਬੱਦਲਵਾਈ ਅਤੇ ਵਰਖਾ ਪੈਣ ਨਾਲ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ । ਗੰਧਕ ਦੀ ਪੂਰਤੀ ਵਾਸਤੇ ਜਿਪਸਮ ਸਭ ਤੋਂ ਚੰਗਾ ਸਾਧਨ ਹੈ, ਭਾਵੇਂ ਇਸ ਦੀ ਵਰਤੋਂ ਬਿਜਾਈ ਤੋਂ ਪਹਿਲਾਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਰ ਫਿਰ ਵੀ ਘਾਟ ਆਉਣ ਤੇ ਖੜ੍ਹੀ ਫਸਲ ਤੇ ਵੀ ਜਿਪਸਮ ਦੀ ਵਰਤੋਂ ਕੀਤੀ ਜਾ ਸਕਦੀ ਹੈ । ਗੰਧਕ ਦੀ ਘਾਟ ਵਾਲੀ ਫਸਲ ਨੂੰ 100 ਕਿੱਲੋ ਜਿਪਸਮ ਜਾਂ 18 ਕਿੱਲੋ ਬੈਂਟੇਨਾਈਟ ਸਲਫਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਕੇ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ।
ਫਸਲ ਤੇ ਪੀਲੀ ਕੁੰਗੀ ਦਾ ਹਮਲਾ ਹੋਣਾ

ਕਣਕ ਤੇ ਪੀਲੀ ਕੁੰਗੀ ਦਾ ਹਮਲਾ ਹੋਣ ਨਾਲ ਵੀ ਫਸਲ ਪੀਲੀ ਪੈ ਜਾਂਦੀ ਹੈ । ਇਸ ਰੋਗ ਦੇ ਹਮਲੇ ਨਾਲ ਪੱਤਿਆਂ ਉੱਤੇ ਹਲਦੀ-ਨੁਮਾ ਪੀਲੇ ਤੋਂ ਸੰਤਰੀ ਰੰਗ ਦੀਆਂ ਧੂੜੇਦਾਰ ਧਾਰੀਆਂ ਪੈ ਜਾਂਦੀਆਂ ਹਨ ਅਤੇ ਜੇਕਰ ਬਿਮਾਰੀ ਵਾਲੇ ਪੱਤੇ ਨੂੰ ਹੱਥ ਨਾਲ ਛੂਹਿਆ ਜਾਵੇ ਤਾਂ ਪੀਲਾ ਧੂੜਾ ਹੱਥਾਂ ਨੂੰ ਲੱਗ ਜਾਂਦਾ ਹੈ । ਇਹ ਹੀ ਇੱਕ ਅਜਿਹੀ ਨਿਸ਼ਾਨੀ ਹੈ ਜਿਸ ਨਾਲ ਅਸੀਂ ਪੀਲੀ ਕੁੰਗੀ ਨੂੰ ਕਣਕ ਦੇ ਪੀਲੇਪਣ ਬਾਰੇ ਉੱਪਰ ਦੱਸੇ ਦੂਜੇ ਕਾਰਨਾਂ ਤੋਂ ਵੱਖਰਾ ਕਰ ਸਕਦੇ ਹਾਂ ।ਇਸ ਪੀਲੇ ਧੂੜੇ ਵਿੱਚ ਉੱਲੀ ਦੇ ਕਣ ਹੁੰਦੇ ਹਨ ਜੋ ਕਿ ਹਵਾ ਨਾਲ ਉੱਡ ਕੇ ਸਾਰੇ ਖੇਤ ਵਿੱਚ ਫੈਲ ਜਾਂਦੇ ਹਨ ਅਤੇ ਮੌਸਮ ਦੀਆਂ ਅਨੁਕੂਲ ਹਾਲਤਾਂ ਵਿੱਚ ਦੂਜੇ ਬੂਟਿਆਂ ਤੇ ਜਾ ਕੇ ਬਿਮਾਰੀ ਲਗਾ ਦਿੰਦੇ ਹਨ । ਇਸ ਤਰ੍ਹਾਂ ਬਿਮਾਰੀ ਸਾਰੇ ਖੇਤ ਵਿੱਚ ਫੈਲ ਜਾਂਦੀ ਹੈ ।

ਇਹ ਬਿਮਾਰੀ ਸਭ ਤੋਂ ਪਹਿਲਾਂ ਨੀਂਮ ਪਹਾੜੀ ਇਲਾਕਿਆਂ ਵਿੱਚ ਅੱਧ ਦਸੰਬਰ ਤੋਂ ਬਾਅਦ ਧੌੜੀਆਂ ਵਿੱਚ ਆਉਂਦੀ ਹੈ ਅਤੇ ਅੱਧ ਜਨਵਰੀ ਤੋਂ ਬਾਅਦ ਇਹ ਬਿਮਾਰੀ ਮੈਦਾਨੀ ਇਲਾਕਿਆਂ ਵਿੱਚ ਫੈਲ਼ ਜਾਂਦੀ ਹੈ । ਇਸ ਲਈ ਨੀਂਮ ਪਹਾੜੀ ਇਲਾਕਿਆਂ ਦੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖਾਸ ਤੌਰ ਤੇ ਆਪਣੇ ਇਲਾਕਿਆਂ ਵਿੱਚ ਪੀਲੀ ਕੁੰਗੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਬੀ ਡਬਲਯੂ 725, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 752, ਡਬਲਯੂ ਐਚ ਡੀ 943, ਪੀ ਬੀ ਡਬਲਯੂ 991 ਅਤੇ ਪੀ ਬੀ ਡਬਲਯੂ 660 ਆਦਿ ਦੀ ਕਾਸ਼ਤ ਕਰਨ ਅਤੇ ਇਨ੍ਹਾਂ ਇਲਾਕਿਆਂ ਵਿੱਚ ਕਣਕ ਦੀ ਬਿਜਾਈ ਨਵੰਬਰ ਮਹੀਨੇ ਕਰਨ ਨੂੰ ਤਰਜ਼ੀਹ ਦੇਣ ਗੈਰ ਸਿਫਾਰਿਸ਼ੀ ਅਤੇ ਪੀਲੀ ਕੁੰਗੀ ਦਾ ਟਾਕਰਾ ਨਾ ਕਰਨ ਵਾਲੀਆਂ ਕਿਸਮਾਂ ਜਿਵੇਂ ਕਿ ਐੱਚ ਡੀ 2733, ਐੱਚ ਡੀ 2894, ਐਚ ਡੀ 2932, ਡਬਲਯੂ ਐੱਚ 711, ਪੀ ਬੀ ਡਬਲਯੂ 343, ਸੁਪਰ 152, ਸੁਪਰ 172 ਅਤੇ ਬਰਬਟ ਆਦਿ ਦੀ ਕਾਸ਼ਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਮੈਦਾਨੀ ਇਲਾਕਿਆਂ ਵਿੱਚ ਉੱਪਰ ਦੱਸੀਆ ਕਿਸਮਾਂ ਤੋਂ ਇਲਾਵਾ ਪੀ ਬੀ ਡਬਲਯੂ 824, ਪੀ ਬੀ ਡਬਲਯੂ 803, ਪੀ ਬੀ ਡਬਲਯੂ 776, ਪੀ ਬੀ ਡਬਲਯੂ 1 ਚਪਾਤੀ, ਡੀ ਬੀ ਡਬਲਯੂ 222, ਡੀ ਬੀ ਡਬਲਯੂ 187, ਐੱਚ ਡੀ 3226, ਉੱਨਤ ਪੀ ਬੀ ਡਬਲਯੂ 343, ਪੀ ਬੀ ਡਬਲਯੂ 1 ਜ਼ਿੰਕ ਅਤੇ ਪੀ ਬੀ ਡਬਲਯੂ 677 ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ । । ਇਸ ਤੋਂ ਇਲਾਵਾ ਕਿਸਾਨ ਆਪਣੀ ਫਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਜਦੋਂ ਹੀ ਪੀਲੀ ਕੁੰਗੀ ਦੀਆਂ ਨਿਸ਼ਾਨੀਆਂ ਧੌੜੀਆਂ ਵਿੱਚ ਦਿਖਾਈ ਦੇਣ ਤਾਂ ਸਿਫਾਰਿਸ਼ ਕੀਤੇ ਕਿਸੇ ਇੱਕ ਉੱਲੀਨਾਸ਼ਕ ਕੈਵੀਅਟ 25 ਡਬਲਯੂ ਜੀ, ਉਪੇਰਾ 18.3 ਐਸ ਈ ਜਾਂ ਕਸਟੋਡੀਆ 320 ਐਸ ਈ ਜਾਂ ਟਿਲਟ 25 ਈ ਸੀ ਜਾਂ ਬੰਪਰ 25 ਈ ਸੀ ਜਾਂ ਸ਼ਾਇਨ 25 ਈ ਸੀ ਜਾਂ ਮਾਰਕਜ਼ੋਲ 25 ਈ ਸੀ ਜਾਂ ਕੰਮਪਾਸ 25 ਈ ਸੀ ਜਾਂ ਸਟਿਲਟ 25 ਈ ਸੀ (1 ਮਿ.ਲਿ. ਇੱਕ ਲਿਟਰ ਪਾਣੀ ਦੇ ਹਿਸਾਬ ਨਾਲ) ਦਾ ਛਿੜਕਾਅ ਕਰ ਦੇਣ ਤਾਂ ਜੋ ਇਸ ਬਿਮਾਰੀ ਦੇ ਫੈਲਾਅ ਨੂੰ ਸਮੇਂ ਸਿਰ ਰੋਕਿਆ ਜਾ ਸਕੇ ।

ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਸੇਵਾਵਾਂ ਅਤੇ ਖੇਤਰੀ ਖੋਜ ਕੇਂਦਰ ਉਪਲਬਧ ਹਨ, ਜਿੱਥੇ ਕਿਸਾਨ ਭਰਾ ਆਪਣੀ ਫਸਲ ਤੇ ਆਈ ਕਿਸੇ ਵੀ ਸਮੱਸਿਆ ਸੰਬੰਧੀ ਢੁੱਕਵੇਂ ਇਲਾਜ ਬਾਰੇ ਜਾਣਕਾਰੀ ਲੈ ਸਕਦੇ ਹਨ ।ਇਸ ਲਈ ਕਿਸਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਫਸਲ ਉੱਪਰ ਕਿਸੇ ਕਿਸਮ ਦੀ ਸਮੱਸਿਆ ਆਉਣ ਤੇ ਖੇਤੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਢੁੱਕਵਾਂ ਇਲਾਜ ਕਰੋ ਤਾਂ ਜੋ ਸਹੀ ਇਲਾਜ ਹੋਣ ਨਾਲ ਘੱਟ ਖਰਚੇ ਵਿੱਚ ਫਸਲ ਤੇ ਆਈ ਸਮੱਸਿਆ ਨਾਲ ਨਜਿੱਠਿਆ ਜਾ ਸਕੇ।

- Advertisement -
Share this Article
Leave a comment