ਵਿਸਾਖੀ ‘ਤੇ ਵਿਸ਼ੇਸ਼: ਵੈਸਾਖ ਧੀਰਨਿ ਕਿਉ ਵਾਢੀਆ ਜਿਨਾ ਪਰੇਮ ਬਿਛੋਹ

TeamGlobalPunjab
8 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਅੱਜ ਸਮੁੱਚਾ ਵਿਸ਼ਵ ਕਰੋਨਾ ਸੰਕਟ ਨਾਲ ਜੂਝ ਰਿਹਾ ਹੈ ਤੇ ਪੰਜਾਬ ਦੇ ਲੋਕ ਤੇ ਖ਼ਾਸ ਕਰਕੇ ਪੰਜਾਬ ਦੇ ਕਿਸਾਨ ਬੜੀ ਹੀ ਬਹਾਦਰੀ ਨਾਲ ਇਸ ਅਚਨਚੇਤ ਹੀ ਟੁੱਟ ਪਏ ਵੈਰੀ ਦਾ ਡਟ ਕੇ ਟਾਕਰਾ ਕਰ ਰਹੇ ਹਨ। ਅੱਜ ਵਿਸਾਖੀ ਮੌਕੇ ਬੇਸ਼ੱਕ ਕਿਸਾਨਾਂ ਦੇ ਸਾਹਮਣੇ ਕਣਕ ਦੀ ਵਾਢੀ ਤੇ ਵਿਕਰੀ ਦੀ ਸਮੱਸਿਆ ਫਨ ਫ਼ੈਲਾਏ ਖੜੀ ਹੈ ਪਰ ਉਨ੍ਹਾ ਨੂੰ ਪੂਰਾ ਯਕੀਨ ਹੈ ਕਿ ਗੁਰੂ ਪਾਤਸ਼ਾਹ ਦੀ ਬਖ਼ਸ਼ਿਸ਼ ਸਦਕਾ ਇਹ ਸੰਕਟ ਛੇਤੀ ਹੀ ਮਿਟ ਜਾਵੇਗਾ ਤੇ ਸਮੁੱਚਾ ਵਿਸ਼ਵ ਇਸ ਬਿਪਤਾ ਤੋਂ ਮੁਕਤੀ ਹਾਸਿਲ ਕਰ ਲਵੇਗਾ। ਸਾਨੂੰ ਆਸਵੰਦ ਹੋਣਾ ਚਾਹੀਦਾ ਹੈ ਕਿ ਪਰਮਾਤਮਾ ਦੀ ਕਿਰਪਾ ਸਦਕਾ ਸਾਡੇ ਕਿਸਾਨ ਵੀਰ ਛੇਤੀ ਹੀ ਫ਼ਸਲਾਂ ਵੱਢ ਕੇ ਮੰਡੀਆਂ ‘ਚ ਸੁੱਟ ਲੈਣਗੇ ਤੇ ਆਪਣੀ ਮਿਹਨਤ ਦਾ ਮੁੱਲ ਲੈ ਕੇ ਦਮਾਮੇ ਮਾਰਦੇ ਹੋਏ ਪਹਿਲਾਂ ਵਾਂਗ ਹੱਸਦੇ-ਟੱਪਦੇ ਆਪਣੇ ਪਰਿਵਾਰਾਂ ਤੇ ਖੇਤਾਂ ਵਿੱਚ ਵਿਚਰਨਗੇ।

ਵਿਸਾਖੀ ਅਸਲ ਵਿੱਚ ਗੁਰੂ ਸਾਹਿਬ ਦੁਆਰਾ ਮੁਸ਼ਕਿਲਾਂ ਦੇ ਤੂਫ਼ਾਨਾਂ ਤੇ ਮੁਸੀਬਤਾਂ ਦੇ ਪਰਬਤਾਂ ਨਾਲ ਟਕਰਾਉਣ ਹਿਤ ਤਿਆਰ ਕਰਨ ਵਾਲੀ ਅੰਮ੍ਰਿਤ ਰੂਪੀ ਗੁੜ੍ਹਤੀ ਤਿਆਰ ਕਰਨ ਵਾਲਾ ਦਿਨ ਹੈ। ਇਹ ਉਹ ਦਿਨ ਹੈ ਜਦੋਂ ਸੇਵਾ, ਸਿਮਰਨ ਅਤੇ ਸੂਰਬੀਰਤਾ ਦਾ ਲੜ ਫੜ ਕੇ ਹਰੇਕ ਸਿੱਖ ਜ਼ੁਲਮ ਖ਼ਿਲਾਫ਼ ਜੰਗ ਲੜਨ ਲਈ ਤਿਆਰ ਹੋ ਗਿਆ ਸੀ ਤੇ ਸੰਨ 1699 ਦੀ ਵਿਸਾਖੀ ਨੂੰ ਦਸਮ ਪਾਤਸ਼ਾਹ ਨੇ ਖੰਡੇ ਦੀ ਪਾਹੁਲ ਦੇ ਕੇ ਚਿੜੀਆਂ ਨੂੰ ਬਾਜਾਂ ਨਾਲ ਟਕਰਾਉਣ ਦੇ ਹੌਸਲੇ ਬਖ਼ਸ਼ ਦਿੱਤੇ ਸਨ। ਗੁਰੂ ਜੀ ਨੇ ਧਰਮਾਂ, ਜ਼ਾਤਾਂ, ਨਸਲਾਂ ਤੇ ਫ਼ਿਰਕਿਆਂ ‘ਤੇ ਇੱਕ ਵੱਢਿਉਂ ਕਿਰਪਾਨ ਫੇਰ ਕੇ ਭਾਈ ਦਇਆ, ਭਾਈ ਮੋਹਕਮ,ਭਾਈ ਧਰਮ,ਭਾਈ ਸਾਹਿਬ ਅਤੇ ਭਾਈ ਹਿੰਮਤ ਨੂੰ ‘ ਸਿੰਘ ‘ ਦਾ ਦਰਜਾ ਦੇ ਕੇ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦੇ ਗੁਰੂ ਸੰਕਲਪ ਨੂੰ ਅਮਲੀ ਜਾਮਾ ਪਹਿਨਾਇਆ ਸੀ। ਉਨ੍ਹਾ ਖ਼ਾਲਸਾ ਗ਼ਰੀਬ ਤੇ ਮਜ਼ਲੂਮ ਦੀ ਰਾਖੀ ਲਈ ਸਾਜਿਆ ਸੀ ਤੇ ਖ਼ਾਲਸੇ ਨੂੰ ਭਗਤੀ ਤੇ ਸ਼ਕਤੀ ਦਾ ਸੁਮੇਲ ਬਣਾ ਕੇ ਔਗੁਣਾਂ, ਪਾਪਾਂ, ਨਫ਼ਰਤਾਂ ਤੇ ਕੁਰਹਿਤਾਂ ਤੋਂ ਨਿਰਲੇਪ ਹੋ ਕੇ ਖ਼ਾਲਸ ਰਹਿਣ ਦੀ ਤਾਕੀਦ ਕੀਤੀ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤੁਖ਼ਾਰੀ ਰਾਗ ਵਿੱਚ ਉਚਾਰਨ ਕੀਤੇ ਬਾਰਹਮਾਹ ਤੋਂ ਇਲਾਵਾ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖ਼ਾਰਬਿੰਦ ‘ਚੋਂ ਨਿੱਕਲਿਆ ਬਾਰਹਮਾਹ ਵੀ ਦਰਜ ਹੈ ਜਿਸ ਵਿੱਚ ਵੈਸਾਖ ਮਹੀਨੇ ਸਬੰਧੀ ਫ਼ੁਰਮਾਨ ਹੈ-

- Advertisement -

ਵੈਸਾਖ ਧੀਰਨਿ ਕਿਉ ਵਾਢੀਆ ਜਿਨਾ ਪਰੇਮ ਬਿਛੋਹ।

ਹਰਿ ਸਾਜਨ ਪੁਰਖ ਵਿਸਾਰ ਕੈ ਲਗੀ ਮਾਇਆ ਧੋਹ।

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਮਹੀਨੇ ਦਾ ਮਹੱਤਵ ਦੱਸਦਿਆਂ ਫ਼ੁਰਮਾਨ ਕਰਦੇ ਹਨ ਕਿ ਵੈਸਾਖ ਦਾ ਇਹ ਮਹੀਨਾ ਆਪਣੇ ਪ੍ਰਭੂ-ਪ੍ਰੀਤਮ ਤੋਂ ਵਿੱਛੜੀ ਤੇ ਉਸਨੂੰ ਭੁਲਾ ਚੁੱਕੀ ਰੂਹ ਨੂੰ ਮੁੜ ਉਸ ਪਰਮੇਸ਼ਰ ਨਾਲ ਇੱਕਮਿੱਕ ਕਰਨ ਦਾ ਮਹੀਨਾ ਹੈ। ਗੁਰੂ ਸਾਹਿਬ ਆਖ਼ਦੇ ਹਨ ਕਿ ਮਨੁੱਖ ਮਾਇਆ ਦੇ ਲੋਭ ਤੇ ਧੀਆਂ-ਪੁੱਤਾਂ ਦੇ ਮੋਹ ਵੱਸ ਹੋ ਕੇ ਆਪਣੇ ਅਸਲ ਮਾਲਕ ਤੋਂ ਦੂਰ ਹੋ ਗਿਆ ਹੈ ਪਰ ਪ੍ਰਭੂ ਦੇ ਸੱਚੇ ਨਾਮ ਦਾ ਜਾਪ ਤੇ ਉਸਦੇ ਗੁਣਾਂ ਦਾ ਗਾਨ ਕਰਕੇ ਉਹ ਮੁੜ ਤੋਂ ਆਪਣੇ ਮਾਲਕ ਦਾ ਪਿਆਰ ਹਾਸਿਲ ਕਰ ਸਕਦਾ ਹੈ।

ਗੁਰੂ ਸਾਹਿਬ ਉਸ ਸਰਬਸ਼ਕਤੀਮਾਨ ਪਰਮਾਤਮਾ ਦੇ ਚਰਨਾਂ ਵਿੱਚ ਜੋਦੜੀ ਕਰਦੇ ਹਨ ਕਿ ਇਸ ਪਾਵਨ ਮਹੀਨੇ ਵਿੱਚ ਉਹ ਸਭ ਮਨੁੱਖਾਂ ‘ਤੇ ਆਪਣੀਆਂ ਬਖ਼ਸ਼ਿਸ਼ਾਂ ਦਾ ਮੀਂਹ ਵਰ੍ਹਾ ਕੇ ਉਨ੍ਹਾ ਨੂੰ ਆਪਣੇ ਵਿੱਚ ਅਭੇਦ ਕਰ ਲਵੇ।

ਸਿੱਖ ਪੰਥ ਵਿੱਚ ਚੱਲਦਾ ਨਾਨਕਸ਼ਾਹੀ ਕੈਲੰਡਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੇ ਦੇਸੀ ਮਹੀਨੇ ਚੇਤ ਤੋਂ ਸ਼ੁਰੂ ਹੁੰਦਾ ਹੈ ਤੇ ਵੈਸਾਖ ਇਸ ਦੇਸੀ ਸਾਲ ਦਾ ਦੂਜਾ ਤੇ ਅਤਿ ਮਹੱਤਵਪੂਰਨ ਮਹੀਨਾ ਹੈ। ਸਿੱਖ ਇਤਿਹਾਸ ਅਨੁਸਾਰ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਵੀ ਸਿੱਖ ਪੰਥ ਵਿੱਚ ਤਿੰਨ ਅਜਿਹੇ ਦਿਵਸ ਮਨਾਏ ਜਾਂਦੇ ਸਨ ਜਦੋਂ ਨਾਨਕ ਨਾਮਲੇਵਾ ਸੰਗਤਾਂ ਦੇ ਵਿਸ਼ਾਲ ਇਕੱਠ ਹੋਇਆ ਕਰਦੇ ਸਨ ਤੇ ਉਹ ਦਿਵਸ ਸਨ- ਵੈਸਾਖੀ,ਦੀਵਾਲੀ ਅਤੇ ਮਾਘੀ। 12 ਅਪ੍ਰੈਲ, ਸੰਨ 1801 ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਤਖ਼ਤ ਦਾ ਮਾਲਕ ਐਲਾਨਿਆ ਗਿਆ ਸੀ ਤੇ ਅਗਲੇ ਦਿਨ 13 ਅਪ੍ਰੈਲ ਨੂੰ ਭਾਵ ਵਿਸਾਖੀ ਦੇ ਪਾਵਨ ਦਿਹਾੜੇ ‘ਤੇ ਇਸ ਮਹਾਨ ਮਹਾਰਾਜਾ ਤੇ ਸਿੱਖ ਜਰਨੈਲ ਨੂੰ ਤਖ਼ਤ ‘ਤੇ ਸੁਭਾਇਮਾਨ ਕੀਤਾ ਗਿਆ ਸੀ।

- Advertisement -

ਗੁਰੂ ਨਾਨਕ ਪਾਤਸ਼ਾਹ ਜੀ ਦੇ ਵੰਸ਼ਜ ਬਾਬਾ ਸਾਹਿਬ ਸਿੰਘ ਬੇਦੀ ਜੀ ਨੇ ਮਹਾਰਾਜੇ ਦਾ ਰਾਜਤਿਲਕ ਕਰਨ ਦੀ ਰਸਮ ਅਦਾ ਕੀਤੀ ਸੀ।
13 ਅਪ੍ਰੈਲ ਦਾ ਦਿਹਾੜਾ ਪੰਜਾਬ ਦੇ ਅਤੇ ਭਾਰਤ ਦੇ ਇਤਿਹਾਸ ਵਿੱਚ ਅੰਗਰੇਜ਼ ਹਾਕਮਾਂ ਦੇ ਜ਼ੁਲਮੋ-ਸਿਤਮ ਦੀ ਇੰਤਹਾ ਨੂੰ ਬਿਆਨ ਕਰਨ ਵਾਲਾ ਦਿਹਾੜਾ ਵੀ ਹੈ।

ਇਸ ਦਿਨ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਸਥਿਤ ਜੱਲ੍ਹਿਆਂਵਾਲਾ ਬਾਗ ਵਿਖੇ ਇਕੱਤਰ ਹੋਏ ਨਿਹੱਥੇ, ਨਿਰਦੋਸ਼ ਅਤੇ ਮਾਸੂਮ ਦੇਸ਼ ਭਗਤਾਂ ਨੂੰ ਚਾਰੇ ਪਾਸਿਉਂ ਘੇਰ ਕੇ ਅੰਗਰੇਜ਼ ਅਫ਼ਸਰ ਮਾਈਕਲ ਓ’ ਡਾਇਰ ਨੇ ਅੰਨ੍ਹੇਵਾਹ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਸੀ ਤੇ ਇਸ ਹੱਤਿਆਕਾਂਡ ਨੇ ਭਗਤ ਸਿੰਘ ਅਤੇ ਊਧਮ ਸਿੰਘ ਜਿਹੇ ਸੂਰਮਿਆਂ ਦੇ ਅੰਦਰ ਅੰਗਰੇਜ਼ ਹਾਕਮਾਂ ਖ਼ਿਲਾਫ਼ ਖ਼ੌਲ੍ਹਦੇ ਖ਼ੂਨ ਨੂੰ ਹੋਰ ਗਰਮਾ ਦਿੱਤਾ ਸੀ ਇਹ ਸੂਰਮੇ ਜਾਨ ਤਲੀ ‘ਤੇ ਧਰ ਕੇ ਦੇਸ਼ ਦੇ ਦੁਸ਼ਮਣਾਂ ਤੋਂ ਬਦਲਾ ਲੈਣ ਲਈ ਮੈਦਾਨੇ-ਜੰਗ ਵਿੱਚ ਕੁੱਦ ਪਏ ਸਨ ਤੇ ਅੰਗਰੇਜ਼ ਅਫ਼ਸਰਾਂ ਤੋਂ ਇਸ ਜ਼ੁਲਮ ਦਾ ਬਦਲਾ ਲੈ ਕੇ ਹੀ ਪਰਤੇ ਸਨ।

ਹਿੰਦੂ ਧਰਮ ਦੀਆਂ ਮਾਨਤਾਵਾਂ ਅਨੁਸਾਰ ਵੈਸਾਖ ਦਾ ਇਹ ਮਹੀਨਾ ਸੂਰਜੀ ਕੈਲੰਡਰ ਦਾ ਪਹਿਲਾ ਮਹੀਨਾ ਭਾਵ ਨਵੇਂ ਸਾਲ ਦਾ ਮਹੂਰਤ ਹੈ। ਸਾਡੇ ਦੇਸ਼ ਵਿੱਚ ਅਸਾਮ, ਬਿਹਾਰ, ਬੰਗਾਲ, ਉਡੀਸ਼ਾ, ਹਰਿਆਣਾ, ਹਿਮਾਚਲ ਪ੍ਰਦੇਸ਼, ਕੇਰਲਾ,ਤਾਮਿਲਨਾਡੂ, ਉੱਤਰ ਪ੍ਰਦੇਸ਼, ਉੱਤਰਾਖੰਡ ਆਦਿ ਰਾਜਾਂ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਪਹਿਲੀ ਵੈਸਾਖ ਨੂੰ ਨਵੇਂ ਸਾਲ ਦਾ ਸ਼ੁਭ ਅਰੰਭ ਮੰਨਿਆ ਜਾਂਦਾ ਹੈ ਪਰ ਗੁਜਰਾਤ ਵਿਖੇ ਦੀਵਾਲੀ ਮੌਕੇ ਨਵੇਂ ਸਾਲ ਦੀ ਅਰੰਭਤਾ ਮੰਨੀ ਜਾਦੀ ਹੈ। ਕੇਰਲਾ ਵਿੱਚ ਇਸ ਦਿਹਾੜੇ ਨੂੰ ‘ ਵਿਸ਼ੂ ‘ ਜਾਂ ‘ ਵਿਸ਼ੂ ਕਨੀ ‘ ਦੇ ਨਾਂ ਹੇਠ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਪਾਵਨ ਸਰੋਵਰਾਂ ‘ਚ ਇਸ਼ਨਾਨ ਕਰਦੇ ਹਨ, ਨਵੇਂ ਕੱਪੜੇ ਪਹਿਨਦੇ ਹਨ, ਮਠਿਆਈਆਂ ਖਾਂਦੇ ਤੇ ਵੰਡਦੇ ਹਨ ਤੇ ਮੇਲਿਆਂ ਵਿੱਚ ਸ਼ਰੀਕ ਹੁੰਦੇ ਹਨ।

ਅਸਾਮ ਪ੍ਰਾਂਤ ਵਿੱਚ ਇਹ ਦਿਵਸ ‘ ਬੋਹਾਗ ਬਿਹੂ ‘ ਅਤੇ ਬੰਗਾਲ ਵਿੱਚ ‘ ਪੋਹਿਲਾ ਬੈਸ਼ਾਖ਼ ‘ ਦੇ ਨਾਂ ਹੇਠ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉੜੀਸਾ ਵਿੱਚ ਇਸ ਦਿਹਾੜੇ ਨੂੰ ‘ ਮਹਾਂ ਵਿਸ਼ੂ ਸੰਕ੍ਰਾਂਤੀ ‘ ਆਖ਼ਿਆ ਜਾਂਦਾ ਹੈ।

ਪਾਕਿਸਤਾਨ ਵਿਖੇ ਸੰਨ 1970 ਵਿੱਚ ਫ਼ੌਜੀ ਜਰਨਲ ਜ਼ਿਆ-ਉਲ-ਹੱਕ ਦੇ ਸੱਤਾ ‘ਤੇ ਕਾਬਜ਼ ਹੋਣ ਤੋਂ ਪਹਿਲਾਂ ਸਿੱਖਾਂ ਤੇ ਮੁਸਲਮਾਨਾਂ ਵੱਲੋਂ ਵਿਸਾਖੀ ਦਾ ਤਿਉਹਾਰ ਮਿਲਜੁਲ ਕੇ ਤੇ ਪੂਰੇ ਜੋਸ਼ੋ-ਖ਼ਰੋਸ਼ ਨਾਲ ਮਨਾਇਆ ਜਾਂਦਾ ਸੀ ਪਰ ਜ਼ਿਆ-ਉਲ-ਹੱਕ ਦੇ ਪ੍ਰਭਾਵ ਕਰਕੇ ਇਸ ਦਿਵਸ ਨੂੰ ਸਾਂਝੇ ਤਿਉਹਾਰ ਵਜੋਂ ਵੱਡੇ ਪੱਧਰ ‘ਤੇ ਮਨਾਏ ਜਾਣ ਦੀ ਪ੍ਰੰਪਰਾ ਖ਼ਤਮ ਹੋ ਗਈ ਸੀ ਪਰ ਅੱਜ ਵੀ ਪਾਕਿਸਤਾਨ ਸਮੇਤ ਕਨੇਡਾ ਇੰਗਲੈਂਡ, ਅਮਰੀਕਾ, ਇਟਲੀ, ਫ਼ਰਾਂਸ ਅਤੇ ਦੁਨੀਆਂ ਦੇ ਹੋਰ ਮੁਲਕਾਂ ਵਿੱਚ ਜਿੱਥੇ ਪੰਜਾਬੀ ਵੱਸਦੇ ਹਨ, ਵਿਸਾਖੀ ਦਾ ਦਿਹਾੜਾ ਇੱਕ ਤਿਉਹਾਰ ਵਜੋਂ ਪੂਰੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਕਿੰਨੇ ਮਾਣ ਦੀ ਗੱਲ ਹੈ ਕਿ ਸੰਨ 2018 ਦੀ 13 ਅਪ੍ਰੈਲ ਨੂੰ ਕੈਨੇਡਾ ਵਿੱਚ ਸਵਾ ਪੰਜ ਲੱਖ ਭਾਰਤੀਆਂ ਦਾ ਇਕੱਠ ਵਿਸਾਖੀ ਮਨਾਉਣ ਲਈ ਹੋਇਆ ਸੀ। ਸੋ ਵਿਸਾਖੀ ਦੇਸ਼-ਵਿਦੇਸ਼ ਵਿੱਚ ਵੱਸਦੇ ਸਮੂਹ ਭਾਰਤੀਆਂ ਤੇ ਖ਼ਾਸ ਕਰਕੇ ਪੰਜਾਬੀਆਂ ਲਈ ਵਿਸ਼ੇਸ਼ ਮਹੱਤਵ ਵਾਲਾ ਦਿਨ ਹੈ ਜੋ ਸਾਡੇ ਇਤਿਹਾਸ, ਵਿਰਸੇ ਅਤੇ ਸੱਭਿਆਚਾਰ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ।

ਸੰਪਰਕ: 97816-46008

Share this Article
Leave a comment