ਨਿਊਜ਼ ਡੈਸਕ: ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਵਿਰੁੱਧ ਲਾਸ ਏਂਜਲਸ ਵਿੱਚ ਚਾਰ ਦਿਨਾਂ ਦੀ ਹਿੰਸਾ ਤੋਂ ਬਾਅਦ ਮੰਗਲਵਾਰ ਨੂੰ ਟਰੰਪ ਦੇ ਹੁਕਮਾਂ ‘ਤੇ 700 ਮਰੀਨਾਂ ਦੇ ਨਾਲ 2,000 ਵਾਧੂ ਨੈਸ਼ਨਲ ਗਾਰਡ ਸੈਨਿਕ ਸ਼ਹਿਰ ਵਿੱਚ ਦਾਖਲ ਹੋਏ ਹਨ। ਜਿਸ ਤੋਂ ਬਾਅਦ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਿਰੁੱਧ ਸੰਘੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਉਸਨੇ ਇੱਕ ਐਮਰਜੈਂਸੀ ਬੇਨਤੀ ਦਾਇਰ ਕੀਤੀ ਹੈ ਜਿਸ ਵਿੱਚ ਲਾਸ ਏਂਜਲਸ ਵਿੱਚ ਨੈਸ਼ਨਲ ਗਾਰਡ ਅਤੇ ਮਰੀਨ ਫੌਜਾਂ ਨੂੰ ਤਾਇਨਾਤ ਕਰਨ ਦੇ ਆਦੇਸ਼ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ।
ਕੈਲੀਫੋਰਨੀਆ ਦੇ ਗਵਰਨਰ ਨਿਊਸਮ ਨੇ ਅਦਾਲਤ ਨੂੰ ਦੱਸਿਆ ਕਿ ਇਮੀਗ੍ਰੇਸ਼ਨ ਕਾਰਵਾਈ ਵਿੱਚ ਫੌਜਾਂ ਦੀ ਵਰਤੋਂ ਕਰਨਾ ਅਣਉਚਿਤ ਹੈ ਅਤੇ ਸਥਿਤੀ ਨੂੰ ਹੋਰ ਵਧਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਜ ਨੂੰ ਇਸ ਫੈਸਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਅਤੇ ਇਹ ਕੈਲੀਫੋਰਨੀਆ ਦੀ ਖੁਦਮੁਖਤਿਆਰੀ ਦੀ ਉਲੰਘਣਾ ਹੈ।
ਪਿਛਲੇ ਚਾਰ ਦਿਨਾਂ ਵਿੱਚ ਭਾਰੀ ਹਿੰਸਾ ਦੇ ਕਾਰਨ ਟਰੰਪ ਨੇ ਲਾਸ ਏਂਜਲਸ ਵਿੱਚ ਮਰੀਨ ਅਤੇ ਵਾਧੂ ਨੈਸ਼ਨਲ ਗਾਰਡ ਭੇਜਣ ਦਾ ਫੈਸਲਾ ਕੀਤਾ। ਟਰੰਪ ਨੇ ਕਿਹਾ ਕਿ ਇੱਥੇ ਹੋਏ ਦੰਗਿਆਂ ‘ਤੇ ਸਖ਼ਤ ਕਾਰਵਾਈ ਜ਼ਰੂਰੀ ਹੈ। ਜਦੋਂ ਕਿ ਮੇਅਰ ਕੈਰਨ ਬਾਸ ਅਤੇ ਗਵਰਨਰ ਨਿਊਸਮ ਨੇ ਕਿਹਾ ਕਿ ਇਹ ਸੱਚਾਈ ਦੇ ਉਲਟ ਹੈ। ਉਨ੍ਹਾਂ ਨੇ ਟਰੰਪ ‘ਤੇ ਫੌਜੀ ਕਰਮਚਾਰੀਆਂ ਨੂੰ ਸ਼ਾਮਿਲ ਕਰਕੇ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਮਦਦ ਦੀ ਲੋੜ ਨਹੀਂ ਹੈ।
ਦੱਸ ਦਈਏ ਕਿ ਟਰੰਪ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਲਾਸ ਏਂਜਲਸ ਵਿੱਚ 4,000 ਨੈਸ਼ਨਲ ਗਾਰਡ ਅਤੇ 700 ਮਰੀਨ ਤਾਇਨਾਤ ਕੀਤੇ ਹਨ। ਇਸ ਮਾਮਲੇ ਵਿੱਚ, ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਤਾਇਨਾਤੀ ਸੰਘੀ ਇਮਾਰਤਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਲਈ ਹੈ। ਪਰ ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਉਨ੍ਹਾਂ ਨੂੰ ਹੁਣ ਇਮੀਗ੍ਰੇਸ਼ਨ ਛਾਪਿਆਂ ਵਿੱਚ ਸਹਾਇਤਾ ਕਰਨ ਦਾ ਹੁਕਮ ਦਿੱਤਾ ਗਿਆ ਹੈ, ਜਿਸ ਨਾਲ ਤਣਾਅ ਅਤੇ ਅਸਥਿਰਤਾ ਵਧਣ ਦਾ ਖ਼ਤਰਾ ਹੈ।