ਅਮਰੀਕਾ: ਮਹੱਤਵਪੂਰਣ ਅਹੁਦਿਆਂ ‘ਤੇ ਹੋਈ ਭਾਰਤੀਆਂ ਦੀ ਨਿਯੁਕਤੀ

TeamGlobalPunjab
2 Min Read

ਵਰਲਡ ਡੈਸਕ: ਅਮਰੀਕਾ ਦੇ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਤਿੰਨ ਮਹੱਤਵਪੂਰਣ ਅਹੁਦਿਆਂ ‘ਤੇ ਭਾਰਤੀਆਂ ਦੀ ਨਿਯੁਕਤੀ ਕੀਤੀ ਹੈ। ਬਾਇਡਨ ਪ੍ਰਸ਼ਾਸਨ ਨੇ ਸੋਨਾਲੀ ਨਿਝਾਵਨ ਨੂੰ ਕਮਿਊਨਿਟੀ ਪੱਧਰ ‘ਤੇ ਕੰਮ ਕਰਨ ਵਾਲੇ ਸਰਕਾਰੀ ਸੰਗਠਨ ਅਮੇਰੀਕਾਰਪਸ ਦਾ ਡਾਇਰੈਕਟਰ ਬਣਾਇਆ ਹੈ। ਇਸੇ ਸੰਗਠਨ ‘ਚ ਸ਼੍ਰੀ ਪ੍ਰੈਸਟਨ ਕੁਲਕਰਨੀ ਨੂੰ ਵਿਦੇਸ਼ੀ ਮਾਮਲਿਆਂ ਦਾ ਮੁਖੀ ਬਣਾਇਆ ਗਿਆ ਹੈ। ਰੋਹਿਤ ਚੋਪੜਾ ਨੂੰ ਕੰਜ਼ਿਊਮਰ ਫਾਇਨੈਂਸ਼ੀਅਲ ਪ੍ਰਰੋਟੈਕਸ਼ਨ ਬਿਊਰੋ ਦੇ ਪ੍ਰਮੁੱਖ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ।

ਅਮੇਰੀਕਾਰਪਸ ਨੇ ਬਿਆਨ ਜਾਰੀ ਕੀਤਾ ਹੈ ਕਿ ਨਿਝਾਵਨ ਤੇ ਕੁਲਕਰਨੀ ਜੋਅ ਬਾਇਡਨ ਪ੍ਰਸ਼ਾਸਨ ਦੀਆਂ ਯੋਜਨਾਵਾਂ ਨੂੰ ਰੂਪ ਦੇਣ ‘ਚ ਸਹਿਯੋਗ ਕਰਨਗੇ। ਕੋਰੋਨਾ ਮਹਾਮਾਰੀ, ਆਰਥਿਕ ਵਿਵਸਥਾ ਨੂੰ ਚੰਗੀ ਸਥਿਤੀ ‘ਚ ਲਿਆਉਣਾ, ਨਸਲੀ ਸਮਾਨਤਾ ਤੇ ਜਲਵਾਯੂ ਪਰਿਵਰਤਨ ਵਰਗੇ ਮੁੱਦਿਆਂ ‘ਤੇ ਕੰਮ ਕਰਨ ਲਈ ਇਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਸ਼੍ਰੀ ਪ੍ਰਰੈਸਟਨ ਕੁਲਕਰਨੀ ਸਮਾਜਿਕ ਰੂਪ ਤੋਂ ਸਰਗਰਮ ਰਹਿੰਦੇ ਹਨ ਤੇ ਦੋ ਵਾਰ ਸੰਸਦ ਦੀ ਚੋਣ ਲੜ ਚੁੱਕੇ ਹਨ। ਇਨ੍ਹਾਂ ਨੂੰ ਸਮਾਜਿਕ ਜੀਵਨ ਦਾ ਲੰਬਾ ਅਨੁਭਵ ਹੈ ਤੇ 14 ਸਾਲ ਵਿਦੇਸ਼ ਸੇਵਾ ‘ਚ ਅਫਸਰ ਰਹੇ ਹਨ। ਅੰਤਰਰਾਸ਼ਟਰੀ ਮਸਲਿਆਂ ‘ਤੇ ਉਨ੍ਹਾਂ ਦਾ ਚੰਗਾ ਗਿਆਨ ਹੈ। ਸੋਨਾਲੀ ਨਿਝਾਵਨ ਨੂੰ ਵੀ ਕਮਿਊਨਿਟੀ ਪੱਧਰ ‘ਤੇ ਕੰਮ ਕਰਨ ਦਾ ਲੰਬਾ ਅਨੁਭਵ ਹੈ। ਸੋਨਾਲੀ ਨੇ ਛੇ ਸਾਲ ਸਟੋਕਟਨ ਸਰਵਿਸ ਕਾਰਪਸ ‘ਚ ਕਾਰਜਕਾਰੀ ਡਾਇਰੈਕਟਰ ਦੇ ਰੂਪ ‘ਚ ਕੰਮ ਕੀਤਾ ਹੈ।

ਉਧਰ, ਰੋਹਿਤ ਚੋਪੜਾ ਨੂੰ ਜੋਅ ਬਾਇਡਨ ਪ੍ਰਸ਼ਾਸਨ ਨੇ ਕੰਜ਼ਿਊਮਰ ਫਾਇਨੈਂਸ਼ੀਅਲ ਪ੍ਰਰੋਟੈਕਸ਼ਨ ਬਿਊਰੋ ਦੇ ਪ੍ਰਮੁੱਖ ਅਹੁਦੇ ਲਈ ਨਾਮਜ਼ਦ ਕੀਤਾ ਹੈ। ਇਸ ਅਹੁਦੇ ‘ਤੇ ਨਿਯੁਕਤੀ ਦੀ ਮੋਹਰ ਸੈਨੇਟ ਦੀ ਮਨਜ਼ੂਰੀ ਪਿੱਛੋਂ ਲੱਗੇਗੀ। ਚੋਪੜਾ ਦਾ ਕਾਰਜਕਾਲ ਪੰਜ ਸਾਲ ਦਾ ਹੋਵੇਗਾ। ਚੋਪੜਾ ਅਮਰੀਕਾ ਦੇ ਸਿੱਖਿਆ ਵਿਭਾਗ ‘ਚ ਵਿਸ਼ੇਸ਼ ਸਲਾਹਕਾਰ ਦੇ ਰੂਪ ‘ਚ ਕੰਮ ਕਰ ਚੁੱਕੇ ਹਨ।

TAGGED: ,
Share this Article
Leave a comment