ਕੋਰੋਨਾ ਸੰਕਟ ਦੌਰਾਨ ਭਾਰਤ ਦੀ ਮਦਦ ਲਈ ਅੱਗੇ ਆਇਆ ਅਮਰੀਕਾ

TeamGlobalPunjab
2 Min Read

ਵਾਸ਼ਿੰਗਟਨ/ਨਵੀਂ ਦਿੱਲੀ: ਅਮਰੀਕਾ ਤੋਂ ਬਾਅਦ ਹੁਣ ਭਾਰਤ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ਮਾਮਲੇ ਵਧ ਰਹੇ ਹਨ। ਦੂਸਰੀ ਲਹਿਰ ਨੇ ਭਾਰਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਫਰਾਂਸ, ਰੂਸ, ਬ੍ਰਿਟੇਨ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਭਾਰਤ ਦੀ ਮਦਦ ਕਰਨ ਦੇ ਲਈ ਅੱਗੇ ਹੱਥ ਵਧਾਇਆ ਹੈ। ਜਿਸ ਦੇ ਤਹਿਤ ਸੋਮਵਾਰ ਨੂੰ ਅਮਰੀਕਾ ਤੋਂ 318 ਆਕਸੀਜਨ ਕੰਸਨਟ੍ਰੇਟਰ ਦਿੱਲੀ ਏਅਰਪੋਰਟ ਪਹੁੰਚੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਾਇਡੇਨ ਨੇ ਐਲਾਨ ਕੀਤਾ ਸੀ ਕਿ ਮਹਾਂਮਾਰੀ ਦੀ ਸ਼ੁਰੂਆਤ ‘ਚ ਭਾਰਤ ਨੇ ਸਾਡੇ ਹਸਪਤਾਲਾਂ ‘ਚ ਸਹਾਇਤਾ ਪਹੁੰਚਾਈ ਸੀ। ਹੁਣ ਭਾਰਤ ਨੂੰ ਮਦਦ ਦੀ ਜ਼ਰੂਰਤ ਹੈ ਤਾਂ ਅਮਰੀਕਾ ਉਨ੍ਹਾਂ ਦਾ ਪੂਰਾ ਸਹਿਯੋਗ ਕਰੇਗਾ।

ਇਸ ਤੋਂ ਇਲਾਵਾ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਕਿ ਕੋਰੋਨਾ ਦੀ ਇਸ ਲਹਿਰ ਦੇ ਦੌਰਾਨ ਭਾਰਤ ਨੂੰ ਜਲਦ ਤੋਂ ਜਲਦ ਮੱਦਦ ਅਤੇ ਹੋਰ ਲੋੜੀਂਦਾ ਸਾਮਾਨ ਭੇਜਿਆ ਜਾ ਸਕੇ।

ਅਮਰੀਕਾ ਨੇ ਵੈਕਸੀਨ ਦੇ ਕੱਚੇ ਮਾਲ ‘ਤੇ ਰੋਕ ਹਟਾਉਂਦੇ ਹੋਏ ਭਾਰਤ ਨੂੰ ਤੁਰੰਤ ਰਾਅ ਮਟੀਰੀਅਲ ਸਪਲਾਈ ਕਰਨ ਦਾ ਫ਼ੈਸਲਾ ਲਿਆ ਹੈ। ਦੁਨੀਆ ਦੀ ਸਭ ਤੋਂ ਵੱਡੀ ਮੈਡੀਸਨ ਬਣਾਉਣ ਵਾਲੀ ਕੰਪਨੀ ਸਿਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਆਦਰ ਪੂਨਾਵਾਲਾ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੂੰ ਕਿਹਾ ਸੀ ਕਿ ਜੇਕਰ ਉਹ ਕੋਰੋਨਾ ਦੇ ਖ਼ਿਲਾਫ਼ ਸੱਚੀ ਕੋਈ ਮਦਦ ਕਰਨਾ ਚਾਹੁੰਦੇ ਹਨ ਤਾਂ ਉਹ ਕੱਚੇ ਮਾਲ ਦੀ ਸਪਲਾਈ ਤੋਂ ਰੋਕ ਹਟਾ ਦੇਣ। ਜਿਸ ਤੋਂ ਬਾਅਦ ਅਮਰੀਕਾ ਨੇ ਇਸ ਰੋਕ ਨੂੰ ਹਟਾ ਦਿੱਤਾ ਸੀ।

Share this Article
Leave a comment