ਅਮਰੀਕਾ ਨੇ ਪੁਤਿਨ ਦੀਆਂ ਦੋ ਬੇਟੀਆਂ ‘ਤੇ ਲਗਾਈ ਪਾਬੰਦੀ, ਬਿਡੇਨ ਨੇ ਕਿਹਾ- ਚੁਕਾਉਣੀ ਪਵੇਗੀ ਕੀਮਤ

TeamGlobalPunjab
3 Min Read

ਵਾਸ਼ਿੰਗਟਨ- ਰੂਸ ਅਤੇ ਯੂਕਰੇਨ ਵਿਚਾਲੇ 40 ਦਿਨਾਂ ਤੋਂ ਵੱਧ ਸਮੇਂ ਤੋਂ ਜੰਗ ਚੱਲ ਰਹੀ ਹੈ। ਬੁੱਚਾ ਕਾਂਡ ਤੋਂ ਬਾਅਦ ਪੱਛਮੀ ਦੇਸ਼ ਇੱਕ ਵਾਰ ਫਿਰ ਰੂਸ ਖਿਲਾਫ਼ ਆਵਾਜ਼ ਉਠਾਉਣ ਲੱਗੇ ਹਨ। ਹੁਣ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਅਮਰੀਕਾ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਦੋ ਬੇਟੀਆਂ ‘ਤੇ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਹਨ। ਪੁਤਿਨ ਦੀਆਂ ਦੋ ਬੇਟੀਆਂ ਤੋਂ ਇਲਾਵਾ ਵ੍ਹਾਈਟ ਹਾਊਸ ਨੇ ਰੂਸ ਦੇ ਕਈ ਵੱਡੇ ਨੇਤਾਵਾਂ ਅਤੇ ਕਈ ਬੈਂਕਾਂ ਅਤੇ ਕਾਰੋਬਾਰੀਆਂ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।

ਅਮਰੀਕਾ ਨੇ ਰੂਸ ਦੇ ਚੋਟੀ ਦੇ ਸਰਕਾਰੀ ਅਤੇ ਨਿੱਜੀ ਬੈਂਕਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਵ੍ਹਾਈਟ ਹਾਊਸ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਦੋ ਬੇਟੀਆਂ ਮਾਰੀਆ ਵੋਰੋਨਤਸੋਵਾ ਅਤੇ ਕੈਟਰੀਨਾ ਤਿਖੋਨੋਵਾ ‘ਤੇ ਪਾਬੰਦੀਆਂ ਲਗਾਈਆਂ ਹਨ। ਪੁਤਿਨ ਦੀਆਂ ਇਹ ਦੋਵੇਂ ਧੀਆਂ ਸਾਬਕਾ ਪਤਨੀ ਲਿਊਡਮਿਲਾ ਸ਼ਕਰੇਬਨੇਵਾ ਦੀਆਂ ਹਨ। ਪਾਬੰਦੀਆਂ ਦਾ ਦਾਇਰਾ ਵਧਾਉਂਦੇ ਹੋਏ ਅਮਰੀਕਾ ਨੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਾਰੋਵ ਅਤੇ ਰੂਸ ਦੇ ਸਾਬਕਾ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ ਅਤੇ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਤੀਨ ਸਮੇਤ ਰੂਸੀ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ‘ਤੇ ਵੀ ਪਾਬੰਦੀਆਂ ਲਗਾਈਆਂ ਹਨ।

ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ, “ਇਨ੍ਹਾਂ ਵਿਅਕਤੀਆਂ ਨੇ ਰੂਸੀ ਲੋਕਾਂ ਦੀ ਕੀਮਤ ‘ਤੇ ਆਪਣੇ ਆਪ ਨੂੰ ਅਮੀਰ ਬਣਾਇਆ ਹੈ, ਜਿਨ੍ਹਾਂ ਵਿਚੋਂ ਕੁਝ ਯੂਕਰੇਨ ਦੇ ਵਿਰੁੱਧ ਜੰਗ ਵਿੱਚ ਪੁਤਿਨ ਦਾ ਸਮਰਥਨ ਵੀ ਕਰ ਰਹੇ ਹਨ।” ਅਮਰੀਕਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪੁਤਿਨ ਦੀ ਜ਼ਿਆਦਾਤਰ ਜਾਇਦਾਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕੋਲ ਛੁਪੀ ਹੋਈ ਹੈ। ਇਹੀ ਕਾਰਨ ਹੈ ਕਿ ਹੁਣ ਅਸੀਂ ਉਨ੍ਹਾਂ ਦੇ ਪਰਿਵਾਰਾਂ ‘ਤੇ ਪਾਬੰਦੀਆਂ ਦਾ ਘੇਰਾ ਵਧਾਉਣਾ ਚਾਹੁੰਦੇ ਹਾਂ।

ਵ੍ਹਾਈਟ ਹਾਊਸ ਨੇ ਇੱਕ ਬਿਆਨ ‘ਚ ਇਹ ਵੀ ਕਿਹਾ ਕਿ ਰੂਸ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਬਰਬੈਂਕ ਅਤੇ ਨਿੱਜੀ ਬੈਂਕ ਅਲਫਾ ਬੈਂਕ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਇਨ੍ਹਾਂ ਦੋਵਾਂ ਬੈਂਕਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਨਿਵੇਸ਼ ਅਮਰੀਕਾ ਵਿੱਚ ਨਹੀਂ ਕੀਤਾ ਜਾ ਸਕੇਗਾ। ਵ੍ਹਾਈਟ ਹਾਊਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵੀਰਵਾਰ ਨੂੰ ਰੂਸੀ ਰਾਜ ਕੰਪਨੀਆਂ ਅਤੇ ਸੰਸਥਾਵਾਂ ‘ਤੇ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਜਾਵੇਗਾ। ਇਨ੍ਹਾਂ ਕੰਪਨੀਆਂ ‘ਤੇ ਪਾਬੰਦੀ ਲਗਾਉਣ ਦਾ ਮਕਸਦ ਉਨ੍ਹਾਂ ਦੀ ਵਿਸ਼ਵ ਵਿੱਤੀ ਪ੍ਰਣਾਲੀ ਦੀ ਸਮਰੱਥਾ ਨੂੰ ਪੂਰੀ ਤਰ੍ਹਾਂ ਤਬਾਹ ਕਰਨਾ ਹੈ।

- Advertisement -

ਰੂਸ ਵਿਰੁੱਧ ਪਾਬੰਦੀਆਂ ਦਾ ਘੇਰਾ ਵਧਾਉਣ ਨੂੰ ਬੁਚਾ ਕੀਲਿੰਗ ਘਟਨਾ ਨਾਲ ਜੋੜਿਆ ਜਾ ਰਿਹਾ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਪਾਬੰਦੀਆਂ ਦੇ ਵਾਧੇ ਨੂੰ ਸਿੱਧੇ ਤੌਰ ‘ਤੇ ਸਬੂਤਾਂ ਨਾਲ ਜੋੜਿਆ ਹੈ ਜੋ ਸੁਝਾਅ ਦਿੰਦੇ ਹਨ ਕਿ ਰੂਸੀ ਬਲਾਂ ਨੇ ਕੀਵ ਦੇ ਨਾਲ ਲੱਗਦੇ ਕਸਬੇ ਬੁਚਾ ਸ਼ਹਿਰ ਵਿੱਚ ਜਾਣਬੁੱਝ ਕੇ ਨਾਗਰਿਕਾਂ ਨੂੰ ਮਾਰਿਆ ਹੈ। ਬੁਚਾ ਕਾਂਡ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਕਾਫੀ ਨਾਰਾਜ਼ ਹੋ ਗਏ ਹਨ। ਬਾਇਡਨ ਨੇ ਟਵੀਟ ‘ਚ ਲਿਖਿਆ, ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਰੂਸ ਬੁਚਾ ‘ਚ ਹੋਏ ਬੇਰਹਿਮ ਕਤਲ ਦੀ ਤੁਰੰਤ ਭਾਰੀ ਕੀਮਤ ਚੁਕਾਏਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment