ਵਾਸ਼ਿੰਗਟਨ : ਅਮਰੀਕਾ ਵਿੱਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ‘ਚ ਡੈਮੋਕਰੇਟਸ ਅਤੇ ਰਿਪਬਲਿਕਨਾਂ ਵਿਚਾਲੇ ਕਰੀਬੀ ਮੁਕਾਬਲਾ ਹੁੰਦਾ ਨਜ਼ਰ ਆ ਰਿਹਾ ਹੈ। ਦੋਵੇਂ ਪਾਰਟੀਆਂ ਦੇ ਆਗੂ ਪ੍ਰਚਾਰ ਵਿਚ ਆਪਣੀ ਪੂਰੀ ਤਾਕਤ ਲਗਾ ਰਹੇ ਹਨ। ਇਸ ਦੌਰਾਨ ਚੋਣਾਂ ਤੋਂ ਪਹਿਲਾਂ ਵੀ ਵੱਡੇ ਪੱਧਰ ‘ਤੇ ਵੋਟਿੰਗ ਹੋ ਰਹੀ ਹੈ। ਪਰ, ਕਈ ਸੂਬਿਆਂ ਵਿੱਚ ਬੈਲਟ ਬਾਕਸ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਸ਼ੱਕ ਦੀ ਸਥਿਤੀ ਪੈਦਾ ਹੋ ਗਈ ਹੈ।
ਅਮਰੀਕਾ ਦੇ ਓਰੇਗਨ ਸੂਬੇ ਦੇ ਪੋਰਟਲੈਂਡ ਇਲਾਕੇ ਅਤੇ ਵਾਸ਼ਿੰਗਟਨ ਦੇ ਵੈਨਕੂਵਰ ਸ਼ਹਿਰ ਵਿੱਚ ਬੈਲਟ ਡਰਾਪ ਬਾਕਸਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਬੈਲਟ ਬਾਕਸ ਚੋਣਾਂ ਤੋਂ ਪਹਿਲਾਂ ਲਈ ਵਰਤੇ ਗਏ ਸਨ, ਜੋ ਕਿ ਵੋਟਾਂ ਨਾਲ ਭਰੇ ਹੋਏ ਸਨ। ਅੱਗ ਲੱਗਣ ਕਾਰਨ ਡੱਬੇ ਸੜ ਕੇ ਸੁਆਹ ਹੋ ਗਏ ਹਨ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਬੁਲਾਰੇ ਸਟੀਵ ਬਰਨਡਟ ਨੇ ਕਿਹਾ ਕਿ ਸੰਘੀ ਅਧਿਕਾਰੀ ਰਾਜ ਅਤੇ ਸਥਾਨਕ ਪੁਲਿਸ ਦੀ ਮਦਦ ਨਾਲ ਘਟਨਾਵਾਂ ਦੀ ਜਾਂਚ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵਾਇਰਲ ਹੋ ਰਹੇ ਹਨ, ਜਿਨ੍ਹਾਂ ‘ਚ ਵਾਸ਼ਿੰਗਟਨ ਦੇ ਪੋਲਿੰਗ ਬੂਥ ‘ਤੇ ਕਈ ਬੈਲਟ ਬਾਕਸਾਂ ‘ਚੋਂ ਧੂੰਆਂ ਨਿਕਲਦਾ ਦੇਖਿਆ ਜਾ ਸਕਦਾ ਹੈ। ਵੈਨਕੂਵਰ ਪੁਲਿਸ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਬੈਲਟ ਬਾਕਸ ‘ਚ ਅੱਗ ਲੱਗਣ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਟੀਮ ਮੌਕੇ ‘ਤੇ ਪਹੁੰਚੀ। ਪੋਰਟਲੈਂਡ ਪੁਲਿਸ ਵਿਭਾਗ ਦੀ ਅਸਿਸਟੈਂਟ ਚੀਫ਼ ਅਮਾਂਡਾ ਮੈਕਮਿਲਨ ਨੇ ਕਿਹਾ ਕਿ ਬੈਲਟ ਬਾਕਸ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅੱਗ ਜਾਣ ਬੁੱਝ ਕੇ ਲਗਾਈ ਗਈ ਜਾਂ ਕੋਈ ਹਾਦਸਾ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਅਜਿਹੀ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਵਾਸ਼ਿੰਗਟਨ ਅਤੇ ਓਰੇਗਨ ਵਿੱਚ ਬੈਲਟ ਬਕਸਿਆਂ ਦੇ ਬਾਹਰ ਇੱਕ ਸ਼ੱਕੀ ਯੰਤਰ ਲਗਾਇਆ ਗਿਆ ਸੀ ਜਿਸ ਨੂੰ ਅੱਗ ਲੱਗ ਗਈ ਸੀ।
- Advertisement -
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।