ਚੰਡੀਗੜ੍ਹ :ਅਕਾਲੀ ਆਗੂ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਦੇ ਮਾਮਲੇ ਨੇ ਸਿਆਸਤ ਨੂੰ ਪੂਰੀ ਤਰ੍ਹਾਂ ਗਰਮਾ ਦਿੱਤਾ ਹੈ। ਇਸ ਮਾਮਲੇ ‘ਤੇ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਅਕਾਲੀ ਦਲ ਆਗੂਆਂ ਵਿਚਕਾਰ ਬਿਆਨੀ ਜੰਗ ਵੀ ਇਸ ਕਦਰ ਭਖ ਉਠੀ ਹੈ ਕਿ ਇੱਕ ਦੂਜੇ ‘ਤੇ ਉਨ੍ਹਾਂ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ। ਇਸੇ ਸਿਲਸਿਲੇ ‘ਚ ਅੱਜ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੋਂ ਅਸਤੀਫਾ ਲੈ ਕੇ ਮਾਮਲੇ ਦੀ ਜਾਂਚ ਸੀ ਬੀ ਆਈ ਤੋ ਕਰਵਾਉਣ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲ੍ਹੋਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ।
ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਸੂਬੇ ਵਿੱਚ ਹਾਲਾਤ ਕਾਬੂ ਤੋਂ ਬਾਹਰ ਹੋ ਚੁੱਕੇ ਹਨ ਅਤੇ ਗੈਗਸਟਰ ਜ਼ੇਲ੍ਹਾਂ ਵਿੱਚ ਬੈਠ ਕੇ ਲੋਕਾਂ ਤੋ ਫਿਰੋਤੀਆਂ ਮੰਗ ਰਹੇ ਹਨ। ਸੁਖਬੀਰ ਨੇ ਇਥੋ ਤੱਕ ਕਹਿ ਦਿੱਤਾ ਹੈ ਕਿ ਗੈਗਸਟਰ ਜੱਗੂ ਭਗਵਾਨਪੁਰੀਆ ਕੈਬਨਿਟ ਮੰਤਰੀ ਸੁੱਖੀ ਰੰਧਾਵਾ ਦਾ ਸ਼ੂਟਰ ਹੈ। ਇਸੇ ਦੌਰਾਨ ਕਤਲ ਕੀਤੇ ਗਏ ਅਕਾਲੀ ਆਗੂ ਦਲਬੀਰ ਸਿੰਘ ਢਿੱਲਵਾਂ ਦੀ ਬੇਟੀ ਨਵਨੀਤ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਹਾਲੇ ਵੀ ਫੇਸਬੁੱਕ ‘ਤੇ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਅਤੇ ਜਦੋ ਉਹ ਇਸਦੀ ਸ਼ਿਕਾਇਤ ਲੈਕੇ ਐਸ ਐਸ ਪੀ ਕੋਲ ਪਹੁੰਚੇ ਤਾਂ ਉਹਨਾਂ ਧਮਕੀਆਂ ਵਾਲੀ ਸਾਰੀ ਚੈਟ ਹੀ ਡੀਲੀਟ ਕਰ ਦਿੱਤੀ।
ਨਵਨੀਤ ਕੌਰ ਨੇ ਦੱਸਿਆ ਕਿ ਚੈਟ ਦੌਰਾਨ ਉਨ੍ਹਾਂ ਦੇ ਭਰਾ ਨੂੰ ਧਮਕੀ ਦਿੱਤੀ ਗਈ ਸੀ ਕਿ “ਅਜੇ ਤੱਕ ਤਾਂ ਇੱਕ ਸਿਵਾ ਹੀ ਠੰਡਾ ਨਹੀਂ ਹੋਇਆ ਅਜੇ ਤਾਂ ਹੋਰ ਬਾਲਾਂਗੇ” ਉਨ੍ਹਾਂ ਦਾਅਵਾ ਕੀਤਾ ਕਿ ਇਹ ਚੈਟ ਜਦੋਂ ਜਾ ਕੇ ਉਨ੍ਹਾਂ ਨੇ ਐਸਐਸਪੀ ਨੂੰ ਪੜ੍ਹਾਈ ਤਾਂ ਉਨ੍ਹਾਂ ਨੇ ਚੈਟ ਹੀ ਡਿਲੀਟ ਕਰ ਦਿੱਤੀ।