ਨਿਊਜ਼ ਡੈਸਕ: ਉੱਤਰ ਪ੍ਰਦੇਸ਼ ਦੇ ਬਾਂਦਾ ਦੀ ਧੀ ਨੂੰ ਦੁਬਈ, ਸੰਯੁਕਤ ਅਰਬ ਅਮੀਰਾਤ ਵਿੱਚ ਫਾਂਸੀ ਦਿੱਤੀ ਜਾਣ ਵਾਲੀ ਹੈ। ਲੜਕੀ ਦੁਬਈ ਦੀ ਜੇਲ੍ਹ ਵਿੱਚ ਬੰਦ ਹੈ। ਪਿਤਾ ਮੁਤਾਬਕ ਉਨ੍ਹਾਂ ਨੂੰ ਦੁਬਈ ਤੋਂ ਫੋਨ ਆਇਆ ਹੈ। ਇਸ ਵਿੱਚ ਦੱਸਿਆ ਗਿਆ ਕਿ ਤੁਹਾਡੀ ਬੇਟੀ ਜੇਲ੍ਹ ਵਿੱਚ ਹੈ। ਉਸ ਨੂੰ 20 ਸਤੰਬਰ ਤੋਂ ਬਾਅਦ ਕਿਸੇ ਵੀ ਸਮੇਂ ਫਾਂਸੀ ਦਿੱਤੀ ਜਾ ਸਕਦੀ ਹੈ। ਦੁਬਈ ਵਿੱਚ ਫਸੀ ਬਾਂਦਾ ਦੀ ਇਸ ਕੁੜੀ ਦਾ ਨਾਂ ਸ਼ਹਿਜ਼ਾਦੀ ਹੈ।
ਮਾਪਿਆਂ ਨੇ ਸਰਕਾਰ ਨੂੰ ਕੀਤੀ ਅਪੀਲ
ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਬੇਕਸੂਰ ਹੈ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਧੀ ਨੂੰ ਦੇਸ਼ ਵਾਪਸ ਲਿਆਂਦਾ ਜਾਵੇ। ਅੱਠ ਸਾਲ ਦੀ ਉਮਰ ਵਿੱਚ ਸ਼ਹਿਜ਼ਾਦੀ ਦਾ ਚਿਹਰਾ ਖਾਣਾ ਪਕਾਉਂਦੇ ਸਮੇਂ ਬੁਰੀ ਤਰ੍ਹਾਂ ਸੜ ਗਿਆ ਸੀ। ਉਹ ਰੋਟੀ ਬੈਂਕ ਵਿੱਚ ਕੰਮ ਕਰਦੀ ਸੀ। ਇਸੇ ਦੌਰਾਨ ਉਸਦਾ ਸੰਪਰਕ ਫੇਸਬੁੱਕ ਰਾਹੀਂ ਆਗਰਾ ਦੇ ਰਹਿਣ ਵਾਲੇ ਉਜ਼ੈਰ ਨਾਲ ਹੋਇਆ। ਸ਼ਹਿਜ਼ਾਦੀ ਉਸਦੇ ਪ੍ਰੇਮ ਜਾਲ ਵਿੱਚ ਫਸ ਗਈ। ਇਸ ਤੋਂ ਬਾਅਦ ਉਸ ਨੇ ਸ਼ਹਿਜ਼ਾਦੀ ਨੂੰ ਆਗਰਾ ਬੁਲਾਇਆ।
ਮਾਪਿਆਂ ਮੁਤਾਬਕ ਉਜ਼ੈਰ ਨੇ ਸ਼ਹਿਜ਼ਾਦੀ ਨੂੰ ਕਿਹਾ ਕਿ ਉਸ ਦੇ ਚਿਹਰੇ ਦਾ ਇਲਾਜ ਦੁਬਈ ਵਿੱਚ ਕਰਵਾਇਆ ਜਾਵੇਗਾ। ਇਸ ਬਹਾਨੇ ਉਸ ਨੇ ਸ਼ਹਿਜ਼ਾਦੀ ਨੂੰ ਦੁਬਈ ‘ਚ ਰਹਿਣ ਵਾਲੇ ਫੈਜ਼ ਅਤੇ ਨਾਦੀਆ ਜੋੜੇ ਨੂੰ ਵੇਚ ਦਿੱਤਾ। ਇੱਥੇ ਸ਼ਹਿਜ਼ਾਦੀ ਘਰੇਲੂ ਕੰਮ ਕਰਦੀ ਸੀ। ਕਈ ਵਾਰ ਉਸ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ।
ਇਸ ਮਾਮਲੇ ‘ਚ ਸ਼ਹਿਜ਼ਾਦੀ ਨੂੰ ਸੁਣਾਈ ਗਈ ਮੌਤ ਦੀ ਸਜ਼ਾ
ਸ਼ਹਿਜ਼ਾਦੀ ਦੇ ਮਾਤਾ-ਪਿਤਾ ਮੁਤਾਬਕ ਫੈਜ਼ ਜੋੜੇ ਦਾ ਬੱਚਾ ਦੁਬਈ ‘ਚ ਬੀਮਾਰ ਸੀ। ਟੀਕਾ ਲਗਾਉਣ ਤੋਂ ਬਾਅਦ ਉਸਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਆਪਣੇ ਬੱਚੇ ਦੇ ਕਤਲ ਦਾ ਦੋਸ਼ ਸ਼ਹਿਜ਼ਾਦੀ ‘ਤੇ ਲਗਾਇਆ। ਦੁਬਈ ਦੀ ਅਦਾਲਤ ਨੇ ਸ਼ਹਿਜ਼ਾਦੀ ਨੂੰ ਚਾਰ ਮਹੀਨੇ ਪਹਿਲਾਂ ਬੱਚੇ ਦਾ ਕਤਲ ਕਰਨ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ।
- Advertisement -
ਇਸ ਦੌਰਾਨ ਮਾਪਿਆਂ ਨੇ ਮੁਲਜ਼ਮਾਂ ਖ਼ਿਲਾਫ਼ ਬਾਂਦਾ ਵਿੱਚ ਮਨੁੱਖੀ ਤਸਕਰੀ ਅਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਵਾ ਦਿੱਤਾ ਹੈ। ਮਾਪੇ ਕਹਿ ਰਹੇ ਹਨ ਕਿ ਉਨ੍ਹਾਂ ਦੀ ਧੀ ਬੇਕਸੂਰ ਹੈ। ਉਸ ਨੂੰ ਫਸਾਇਆ ਗਿਆ ਹੈ। ਉਨ੍ਹਾਂ ਨੇ ਪੀਐਮ ਮੋਦੀ ਅਤੇ ਸੀਐਮ ਯੋਗੀ ਨੂੰ ਵੀ ਅਪੀਲ ਕੀਤੀ ਹੈ।