ਭੁੱਲ ਜਾਓ ‘ਆਪ’ ‘ਚ ਏਕਾ? ਆਹ ਦੇਖੋ ਤਾਜ਼ੇ ਹਾਲਾਤ! ਬਚੀ ਖੁਚੀ ਆਸ ਵੀ ਜਾਂਦੀ ਰਹੀ!

TeamGlobalPunjab
4 Min Read

 ਜਗਤਾਰ ਸਿੰਘ ਸਿੱਧੂ (ਸੀਨੀਅਰ ਪੱਤਰਕਾਰ)

ਆਮ ਆਦਮੀ ਪਾਰਟੀ ਵਿੱਚ ਏਕੇ ਨੂੰ ਲੈ ਕੇ ਇਕਵਾਰ ਮੁੜ ਘਮਸਾਨ ਨਜ਼ਰ ਆ ਰਿਹਾ ਹੈ। ਇਸ ਵਾਰ ਪਾਰਟੀ ਦੇ ਬਾਹਰ ਖਿਲਾਰਾ ਘੱਟ ਅਤੇ ਅੰਦਰ ਵਧੇਰੇ ਹੈ। ਆਮ ਆਦਮੀ ਪਾਰਟੀ ਵਿੱਚ ਏਕਤਾ ਦਾ ਝੰਡਾ ਚੁੱਕਣ ਵਾਲਾ ਕੋਈ ਹੋਰ ਨਹੀਂ ਸਗੋਂ ਪਾਰਟੀ ਦੇ ਵਿਧਾਇਕ ਅਤੇ ਸੀਨੀਅਰ ਨੇਤਾ ਅਮਨ ਅਰੋੜਾ ਹਨ। ਅਮਨ ਅਰੋੜਾ ਦੀ ਸਪਸ਼ਟ ਰਾਇ ਹੈ ਕਿ ਆਪ ਨੂੰ ਮਜ਼ਬੂਤ ਕਰਨ ਦੀ ਬਹੁਤ ਜਰੂਰਤ ਹੈ ਅਤੇ ਇਸ ਮੰਤਵ ਲਈ ਪਹਿਲਾਂ ਆਪ ਦਾ ਘਰ ਕਿਸੇ ਇੱਕ ਸੂਤਰ ਵਿਚ ਬੱਝਿਆ ਹੋਣਾ ਚਾਹੀਦਾ ਹੈ। ਇਸ ਕੰਮ ਵਾਸਤੇ ਉਨ੍ਹਾਂ ਨੇ ਆਪ ਦੇ ਬਾਗੀ ਵਿਧਾਇਕਾਂ ਨਾਲ ਗੱਲਬਾਤ ਵੀ ਕੀਤੀ ਹੈ। ਇਸ ਗੱਲਬਾਤ ਦਾ ਫੌਰੀ ਕਾਰਨ ਪੰਜਾਬ ਵਿੱਚ ਬੇਅਦਬੀ ਦੇ ਮੁੱਦੇ ‘ਤੇ ਸਿੱਟ ਦੇ ਮੁਖੀ ਵੱਲੋਂ ਸੀਬੀਆਈ ਨੂੰ ਪੱਤਰ ਲਿਖਣਾ ਸੀ। ਅਰੋੜਾ ਨੇ ਇਸ ਪੱਤਰ ਦਾ ਮੀਡੀਆ ਵਿੱਚ ਵਿਰੋਧ ਕੀਤਾ ਅਤੇ ਮੰਗ ਪੱਤਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਦੇਣ ਲਈ ਬਾਗੀ ਵਿਧਾਇਕਾਂ ਸਮੇਤ ਪਾਰਟੀ ਦੇ  ਸਾਰੇ ਵਿਧਾਇਕਾਂ ਨਾਲ ਫੋਨ ਕਰਕੇ ਵੀ ਸੰਪਰਕ ਕੀਤਾ। ਮੰਗ ਪੱਤਰ ਦੇਣ ਨਾਲ ਹੀ ਅਸਲ ਵਿੱਚ ਏਕੇ ਦੀ ਚਰਚਾ ਸ਼ੁਰੂ ਹੋਈ। ਇਹ ਵੱਖਰੀ ਗੱਲ ਹੈ ਕਿ ਪਾਰਟੀ ਦੇ ਸੁਪਰੀਮੋਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਸਦਨ ਵਿੱਚ ਪਾਰਟੀ ਨੇਤਾ ਹਰਪਾਲ ਸਿੰਘ ਚੀਮਾਂ ਅਤੇ ਕਿਸੇ ਹੋਰ ਸੀਨੀਅਰ ਆਗੂ ਵਲੋਂ ਸੰਪਰਕ ਨਹੀਂ ਕੀਤਾ ਗਿਆ। ਇਸ ਮੌਕੇ ‘ਤੇ ਅਮਨ ਅਰੋੜਾ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਸ ਨੇ ਬੇਅਦਬੀ ਦੇ ਮੁੱਦੇ ‘ਤੇ ਸਾਥ ਦਿੱਤਾ। ਇਨ੍ਹਾਂ ਵਿੱਚੋਂ ਵੀ ਕੰਵਰ ਸੰਧੂ ਨੂੰ ਪਾਰਟੀ ਨੇ ਮੁਅੱਤਲ ਕੀਤਾ ਹੋਇਆ ਹੈ। ਸੁਖਪਾਲ ਖਹਿਰਾ  ਨੇ ਪਾਰਟੀ ਵੱਖਰੀ ਬਣਾ ਲਈ ਹੈ। ਐਚਐਸ ਫੂਲਕਾ ਅਸਤੀਫਾ ਦੇ ਕੇ ਸਿਆਸੀ ਮੈਦਾਨ ਵਿੱਚੋਂ ਹਾਲ ਦੀ ਘੜੀ ਬਾਹਰ ਹੋ ਗਏ ਹਨ।

ਦੂਜੇ ਪਾਸੇ ਹਰਪਾਲ ਸਿੰਘ ਚੀਮਾਂ ਦਾ ਕਹਿਣਾ ਹੈ ਕਿ ਬਾਗੀ ਵਿਧਾਇਕਾਂ ਨਾਲ ਪਾਰਟੀ ਸੰਪਰਕ ਵਿੱਚ ਹੈ ਪਰ ਕੁਝ ਗੱਲਾਂ ਰਿਕਾਰਡ ‘ਤੇ ਨਹੀਂ ਕਹੀਆਂ ਜਾ ਸਕਦੀਆਂ। ਇਸ ਮਾਮਲੇ ਵਿੱਚ ਅਮਨ ਅਰੋੜਾ ਦਾ ਕਹਿਣਾ ਹੈ ਕਿ ਏਕੇ ਬਾਰੇ ਕੋਈ ਵੀ ਅੰਤਿਮ ਫੈਸਲਾ ਤਾਂ ਪਾਰਟੀ ਹਾਈ ਕਮਾਂਡ ਨੇ ਲੈਣਾ ਹੈ ਪਰ ਏਕੇ ਦੀ ਗੱਲ ਕਰਕੇ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ। ਪਾਰਟੀ ਦੀ ਅਨੁਸਾਸ਼ਨੀ ਕਮੇਟੀ ਨੇ ਇਸੇ ਦੌਰਾਨ ਨੋਟਿਸ ਦੇ ਕੇ ਨਵੀਂ ਹਲਚੱਲ ਪੈਦਾ ਕਰ ਦਿੱਤੀ ਸੀ ਪਰ ਪਾਰਟੀ ਦੇ ਕਈ  ਵਿਧਾਇਕਾਂ ਅਤੇ ਆਗੂਆਂ ਨੇ ਪਾਰਟੀ ਅੰਦਰ ਕੋਈ ਨਵਾਂ ਕਲੇਸ ਖੜ੍ਹਾ ਕਰਨ ਦਾ ਵਿਰੋਧ ਕੀਤਾ ਹੈ। ਪਿਛਲੇ ਦਿਨੀਂ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਲੋਕਾਂ ਦੇ ਹਿੱਤਾਂ ਲਈ ਆਮ ਆਦਮੀ ਆਰਮੀ ਖੜ੍ਹੀ ਕਰਕੇ ਇਕ ਨਵਾਂ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕਿ ਜ਼ਮੀਨੀ ਹਕੀਕਤਾਂ ‘ਤੇ ਪਾਰਟੀ ਕਿੰਨਾ  ਪੂਰਾ ਉੱਤਰਦੀ ਹੈ। ਪਾਰਟੀ ਦੇ ਆਗੂਆਂ ਦੇ ਦਾਅਵਿਆਂ ਦੇ ਬਾਵਜੂਦ ਪੰਜਾਬੀਆਂ ਵਿੱਚ ਆਪ ਬਾਰੇ ਕੋਈ ਬਹੁਤਾ ਹੁੰਗਾਰਾ ਵਿਖਾਈ ਨਹੀਂ ਦੇ ਰਿਹਾ। ਪਾਰਟੀ ਵੱਲੋਂ ਬਿਜਲੀ ਦੀਆਂ ਕੀਮਤਾਂ ਵਿੱਚ ਵਾਧੇ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਹੈ ਪਰ ਇਹ ਕੋਈ ਲਹਿਰ ਦਾ ਰੂਪ ਨਹੀਂ ਬਣ ਸਕਿਆ। ਇਹੋ ਜਿਹੀ ਹਾਲਤ ਵਿੱਚ ਪਾਰਟੀ ਅੰਦਰ ਅਮਨ ਅਰੋੜਾ ਅਤੇ ਹੋਰਾਂ ਨੇ ਏਕੇ ਲਈ ਪਹਿਲ ਕਦਮੀਂ ਕੀਤੀ ਹੈ। ਪਾਰਟੀ ਅੰਦਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਖਪਾਲ ਖਹਿਰਾ ਪਾਰਟੀ ਤੋਂ ਬਹੁਤ ਦੂਰ ਚਲੇ ਗਏ ਹਨ। ਕੰਵਰ ਸੰਧੂ ਪਾਰਟੀ ਵਿੱਚੋਂ ਮੁਅੱਤਲ ਹਨ। ਇਹ ਸਾਰੇ ਮਾਮਲੇ ਨਿਬੇੜਨੇ ਭਗਵੰਤ ਮਾਨ ਦੀ ਲੀਡਰਸ਼ਿੱਪ ਲਈ ਵੱਡੀ ਚੁਣੌਤੀ ਹਨ। ਪੰਜਾਬੀ ਰਵਾਇਤੀ ਧਿਰਾਂ ਦੀ ਥਾਂ ਤੀਜਾ ਬਦਲ ਚਾਹੁੰਦੇ ਹਨ ਪਰ ਕੀ ਆਮ ਆਦਮੀ ਪਾਰਟੀ ਆਪਣੀ ਗਲਤੀਆਂ ਸੁਧਾਰ ਕੇ ਲੋਕਾਂ ਦਾ ਭਰੋਸਾ ਜਿੱਤ ਸਕੇਗੀ? ਇਹ ਸਵਾਲ ਦਾ ਜਵਾਬ ਆਉਣ ਵਾਲੇ ਦਿਨਾਂ ‘ਚ ਹੀ ਮਿਲੇਗਾ?

Share this Article
Leave a comment