ਪੜ੍ਹੇ-ਲਿਖੇ ਨੌਜਵਾਨਾਂ ਦੇ ਹੱਕ ਵਿੱਚ ਹੋਣ ਫੈਸਲੇ

TeamGlobalPunjab
4 Min Read

ਅਵਤਾਰ ਸਿੰਘ

 

ਦੇਸ਼ ਵਿੱਚ ਫੈਲੀ ਬੇਰੁਜ਼ਗਾਰੀ ਕਾਰਨ ਪੜ੍ਹੇ ਲਿਖੇ ਨੌਜਵਾਨਾਂ ਨੂੰ ਆਪਣੀ ਲਿਆਕਤ ਤੋਂ ਹੇਠਲੇ ਪੱਧਰ ਦੇ ਕੰਮ ਕਰਨੇ ਪੈ ਰਹੇ ਹਨ। ਕਈ ਐੱਮ ਏ, ਬੀ ਏ ਤੇ ਐੱਮ ਬੀ ਏ, ਬੀ ਟੈਕ ਪੜ੍ਹਾਈ ਕਰਨ ਵਾਲੇ ਮੁੰਡਿਆਂ ਨੂੰ ਸਕਿਓਰਿਟੀ ਗਾਰਡ ਜਾਂ ਓਲਾ, ਉਬਰ ਦੇ ਡਰਾਈਵਰ ਵਜੋਂ ਨੌਕਰੀ ਕਰਨੀ ਪੈ ਰਹੀ ਹੈ।

ਇਸ ਤੋਂ ਵੀ ਅਗਾਂਹ ਕਈ ਪੜ੍ਹੇ ਲਿਖੇ ਨੌਜਵਾਨਾਂ ਨੂੰ ਮਿਉਂਸਿਪਲ ਕਮੇਟੀ ਦੇ ਦਫਤਰਾਂ ਵਿੱਚ ਸਫਾਈ ਦਾ ਕੰਮ ਕਰਨਾ ਪੈਂਦਾ ਹੈ। ਦੇਸ਼ ਦੇ ਇਨ੍ਹਾਂ ਪੜ੍ਹੇ ਲਿਖੇ ਨੌਜਵਾਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ। ਉਨ੍ਹਾਂ ਕੋਲ ਦੋ ਹੀ ਬਦਲ ਹਨ ਜਾਂ ਉਹ ਕਰਜ਼ਾ ਚੁੱਕ ਕੇ ਵਿਦੇਸ਼ ਉਡਾਰੀ ਮਾਰ ਜਾਣ ਜਾਂ ਆਪਣੀ ਪੜ੍ਹਾਈ ਭੁਲਾ ਕੇ ਹੇਠਲੇ ਪੱਧਰ ਦਾ ਕੰਮ ਕਰੀ ਜਾਣ। ਪਰ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਵਲੋਂ ਕੀਤੀ ਹਦਾਇਤ ਮੁੱਲਵਾਨ ਹੈ।

- Advertisement -

ਹੁਣ ਫ਼ਰੀਦਕੋਟ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਪੜ੍ਹੇ-ਲਿਖੇ ਸਫ਼ਾਈ ਕਰਮਚਾਰੀਆਂ ਤੋਂ ਦਫ਼ਤਰੀ ਕੰਮ ਕਰਾਉਣ ਦੀ ਹਦਾਇਤ ਕੀਤੀ ਹੈ।
ਸਫ਼ਾਈ ਕਰਮਚਾਰੀਆਂ ਲਈ ਤਿਆਰ ਸਕੀਮਾਂ ਅਤੇ ਲਾਭ ਪ੍ਰਾਪਤ ਕਰਨ ਅਤੇ ਉਨ੍ਹਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਅਤੇ ਸਫ਼ਾਈ ਕਰਮਚਾਰੀਆਂ ਦੇ ਨੁਮਾਇੰਦਿਆਂ ਨਾਲ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਵਾਲਮੀਕਿ ਨੇ ਇਕ ਮੀਟਿੰਗ ਕੀਤੀ।

ਮੀਟਿੰਗ ਵਿੱਚ ਡੀ. ਸੀ. ਕੁਮਾਰ ਸੌਰਭ ਰਾਜ ਵੀ ਸ਼ਾਮਲ ਹੋਏ।
ਇਸ ਮੌਕੇ ਚੇਅਰਮੈਨ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਗੰਦਗੀ ਚੁੱਕ ਕੇ ਆਮ ਨਾਗਰਿਕਾਂ ਨੂੰ ਬਿਮਾਰੀਆਂ ਤੋਂ ਸੁਰੱਖਿਅਤ ਰੱਖ ਰਹੇ ਹਨ। ਉਨ੍ਹਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲਣਾ ਚਾਹੀਦਾ ਹੈ। ਉਨ੍ਹਾਂ ਸਫ਼ਾਈ ਕਰਮਚਾਰੀਆਂ ਨੂੰ ਦਿੱਤੀਆਂ ਜਾਂਦੀਆਂ ਸਕੀਮਾਂ ਅਤੇ ਉਨ੍ਹਾਂ ਦੀ ਮੌਤ ਉਪਰੰਤ ਪਰਿਵਾਰਕ ਮੈਂਬਰਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸਹੂਲਤਾਂ ਬਾਰੇ ਵੀ ਗੱਲਬਾਤ ਕੀਤੀ।

ਚੇਅਰਮੈਨ ਨੇ ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਵਧੀਆ ਕੰਮ ਕਰਨ ਵਾਲੇ ਦਸ ਸਫ਼ਾਈ ਕਰਮਚਾਰੀਆਂ ਦਾ ਸਨਮਾਨ ਕਰਨ। ਚੇਅਰਮੈਨ ਨੇ ਸਫ਼ਾਈ ਕਰਮਚਾਰੀਆਂ ਦੀ ਈਪੀਐੱਫ ਰਕਮ ਨਾ ਮੁਹੱਈਆ ਕਰਵਾਉਣ ਵਾਲੇ ਜ਼ਿਲ੍ਹੇ ਦੇ ਸਾਲ 2019 ਤੋਂ ਪਹਿਲਾਂ ਦੇ ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ ਉੱਪਰ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਤੇ ਮੌਜੂਦਾ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਸਫ਼ਾਈ ਕਰਮਚਾਰੀਆਂ ਦਾ ਬਣਦਾ ਹੱਕ ਸਮੇਂ ਸਿਰ ਦੇਣ।

ਸ਼੍ਰੀ ਗੇਜਾ ਰਾਮ ਨੇ ਕਿਹਾ ਕਿ ਜੋ ਕਰਮਚਾਰੀ ਦਸਵੀਂ ਜਾਂ 12ਵੀਂ ਤਕ ਪਾਸ ਹਨ, ਉਨ੍ਹਾਂ ਤੋਂ ਦਫ਼ਤਰੀ ਕੰਮ ਕਰਵਾਇਆ ਜਾਵੇ। 5ਵੀਂ ਜਾਂ 8ਵੀਂ ਜਮਾਤ ਤੱਕ ਪੜ੍ਹੇ ਨੂੰ ਸੈਨੇਟਰੀ ਇੰਸਪੈਕਟਰ ਦੇ ਨਾਲ ਕੱਚਾ ਰਜਿਸਟਰ ਤਿਆਰ ਕਰਨ ਲਈ ਲਗਾਇਆ ਜਾਵੇ।

ਇਹ ਚੋਣ ਸੀਨੀਆਰਤਾ ਦੇ ਆਧਾਰ ’ਤੇ ਕੀਤੀ ਜਾਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਸਫ਼ਾਈ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਵੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ। ਚੇਅਰਮੈਨ ਸਫ਼ਾਈ ਕਮਿਸ਼ਨਰ ਨੇ ਐਸਸੀ ਕਾਰਪੋਰੇਸ਼ਨ/ਕਿਰਤ ਵਿਭਾਗ/ਉਦਯੋਗ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਫ਼ਾਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਵੈ-ਰੁਜ਼ਗਾਰ, ਉਚੇਰੀ ਵਿਦਿਆ ਲਈ ਵੱਧ ਤੋਂ ਵੱਧ ਸਬਸਿਡੀ ‘ਤੇ ਕਰਜ਼ੇ ਮੁਹੱਈਆ ਕਰਵਾਏ ਜਾਣ। ਉਨ੍ਹਾਂ ਸਫ਼ਾਈ ਕਰਮਚਾਰੀ ਯੂਨੀਅਨਾਂ ਦੇ ਨੁਮਾਇੰਦਿਆਂ ਅਤੇ ਸਫਾਈ ਕਰਮਚਾਰੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ।

- Advertisement -

ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਲੋਂ ਅਧਿਕਾਰੀਆਂ ਨੂੰ ਕੀਤੀ ਗਈ ਹਦਾਇਤ ਸ਼ਲਾਘਾਯੋਗ ਹੈ। ਇਸ ਨਾਲ ਜਿਥੇ ਪੜ੍ਹੇ ਲਿਖੇ ਮੁਲਾਜ਼ਮਾਂ ਦਾ ਮਾਣ ਸਨਮਾਨ ਵਧੇਗਾ ਉਥੇ ਉਹ ਉਤਸ਼ਾਹ ਨਾਲ ਕੰਮ ਕਰਨਗੇ ਅਤੇ ਸੰਸਥਾ ਦੇ ਵਿਕਾਸ ਵਿੱਚ ਵਾਧਾ ਹੋਵੇਗਾ। ਸਾਰੀਆਂ ਸੰਸਥਾਵਾਂ ਨੂੰ ਅਜਿਹੇ ਫੈਸਲੇ ਲੈਣੇ ਚਾਹੀਦੇ ਹਨ।

Share this Article
Leave a comment