ਵਿਸ਼ਵ ਮਲੇਰੀਆ ਦਿਵਸ – ਸਮੇਂ ਸਿਰ ਇਲਾਜ਼ ਜ਼ਰੂਰੀ

TeamGlobalPunjab
11 Min Read

-ਅਵਤਾਰ ਸਿੰਘ

ਸਾਲ 1638 ਵਿੱਚ ਜਦੋਂ ਦੱਖਣੀ ਅਮਰੀਕੀ ਦੇਸ਼ ਪੀਰੂ ਦੇ ਰਾਜੇ ਦੀ ਪਤਨੀ ਨੂੰ ਬੁਖਾਰ ਹੋਇਆ ਤਾਂ ਕਿਸੇ ਹਕੀਮ ਨੇ ਇਕ ਰੁੱਖ ਦੇ ਤਣੇ ਦਾ ਛਿੱਲੜ ਲਾਹ ਕੇ ਇਲਾਜ ਕਰ ਦਿਤਾ, ਉਹ ਠੀਕ ਹੋ ਗਈ।

1640 ਵਿੱਚ ਇਹ ਇਲਾਜ ਯੂਰਪ ਵਿੱਚ ਪਹੁੰਚ ਗਿਆ। 1820 ਤੱਕ ਛਿੱਲ ਤੋਂ ਕੁਨੀਨ ਵੱਖ ਨਹੀਂ ਹੋਈ ਸੀ। ਫਿਰ ਫਰਾਂਸੀਸੀ ਵਿਗਿਆਨੀ ਪਿਏਰ ਜੋਸ਼ਨ ਪੇਲੇਤੀਏ ਅਤੇ ਜੋਸਫ ਬਿਆਨੇਮੇ ਕਵੈਂਤੂ ਨੇ ਇਸ ਨੂੰ ਅੱਡ ਕਰਕੇ ਕੁਨੀਨ ਦਾ ਨਾਮ ਦਿਤਾ।ਬਾਅਦ ਵਿੱਚ ਇਸ ਰੁੱਖ ਨੂੰ ਸਿਨਕੋਨਾ (ਕੁਨੀਨ) ਦਾ ਨਾਂ ਦਿਤਾ ਗਿਆ।

1899 ਨੂੰ ਇਟਲੀ ਵਿਗਿਆਨੀ ਨੇ ਇਸ ਬੁਖਾਰ ਦਾ ਨਾਂ ਮਲੇਰੀਆ MAL-AREA ਭਾਵ ਗੰਦਾ ਖੇਤਰ ਜਾਂ ਭੈੜੀ ਹਵਾ ਰੱਖਿਆ। ਡਾ ਚਾਰਲਸ ਲੂਈ ਅਲਫੋਂਸ ਲੈਵਰਨ ਜਿਸ ਨੂੰ 1907 ਵਿੱਚ ਨੋਬਲ ਇਨਾਮ ਮਿਲਿਆ ਸੀ ਨੇ ਅਲਜੇਰੀਆ ਵਿਖੇ ਕੰਮ ਕਰਦਿਆਂ ਪਹਿਲੀ ਵਾਰ ਲਾਲ ਰਕਤ ਕੋਸ਼ਿਕਾਂ ਦੇ ਅੰਦਰ ਪਰਜੀਵੀ ਨੂੰ ਵੇਖਿਆ ਤੇ ਉਦੋਂ ਉਸਨੇ ਕਿਹਾ ਕਿ ਮਲੇਰੀਆ ਦਾ ਕਾਰਨ ਪਰੋਟੋਜੋਆ ਪਰਜੀਵੀ ਹੁੰਦਾ ਹੈ ਜਿਸਨੂੰ ਖੁਰਦਬੀਨ ਨਾਲ ਵੇਖਿਆ ਜਾ ਸਕਦਾ ਹੈ।

- Advertisement -

ਇਹ ਜੀਵਤ ਪਸ਼ੂ, ਪੰਛੀਆਂ ਦੇ ਸਰੀਰਾਂ ਉਤੇ ਰਹਿੰਦਾ ਹੈ ਅਤੇ ਖੂਨ ਦੇ ਨਾਲ ਰਕਤਾਣੂਆਂ ਨਾਲ ਸਰੀਰ ਵਿਚ ਚਲਾ ਜਾਂਦਾ ਹੈ। ਇਟਲੀ ਦੇ ਹੋਰ ਵਿਗਿਆਨੀ ਨੇ ਦੱਸਿਆ ਕਿ ਮਲੇਰੀਆ ਬੁਖਾਰ ਸਿਰਫ ਮਾਦਾ ਐਨਾਫਲੀਜ ਮੱਛਰ ਦੇ ਕਟਣ ਨਾਲ ਫੈਲਦਾ ਹੈ। ਜਿਥੋਂ ਦਾ ਮੌਸਮ ਸਲਾਭਾ ਜਾਂ ਤਾਪਮਾਨ ਗਰਮ ਹੋਵੇ, ਉਥੇ ਮੱਛਰ ਪਲਦਾ ਹੈ।

ਨੈਪੋਲੀਅਨ ਬੋਨਾਪਾਰਟ ਦੀਆਂ ਫੌਜਾਂ ਦੀ ਹਾਰ ਦਾ ਕਾਰਨ ਵੀ ਮਲੇਰੀਆ ਬੁਖਾਰ ਸੀ। 1908 ਨੂੰ ਅਣਵੰਡੇ ਪੰਜਾਬ ਵਿਚ ਦੋ ਕਰੋੜ ਦੀ ਆਬਾਦੀ ‘ਚੋਂ ਤਿੰਨ ਮਹੀਨਿਆਂ ਵਿਚ ਤਿੰਨ ਲੱਖ ਮੌਤਾਂ ਹੋਈਆਂ।

ਭਾਰਤ ਸਰਕਾਰ ਵੱਲੋਂ 1909 ਵਿੱਚ ਸੈਂਟਰਲ ਮਲੇਰੀਆ ਬਿਉਰੋ ਕਸੌਲੀ ਖੋਲਿਆ ਗਿਆ ਤੇ 1-1-1927 ਨੂੰ ਇਸਦਾ ਨਾਂ ਬਦਲ ਕੇ ਮਲੇਰੀਆ ਸਰਵੇ ਆਫ ਇੰਡੀਆ ਰੱਖ ਦਿੱਤਾ।

1938 ‘ਚ ਇਸ ਨੂੰ ਦਿੱਲੀ ਸਿਫਟ ਕਰਕੇ ਇਸਦਾ ਨਾਂ ਮਲੇਰੀਆ ਇੰਸਟੀਚਿਉਟ ਆਫ ਇੰਡੀਆ ਰੱਖ ਦਿੱਤਾ ਗਿਆ। 1947 ਵਿੱਚ ਦੇਸ਼ ਦੀ 34 ਕਰੋੜ ਅਬਾਦੀ ਵਿੱਚੋਂ ਸਾਢੇ ਸਤ ਕਰੋੜ ਕੇਸ ਹੋਏ ਜਿਨਾਂ ‘ਚੋਂ 8 ਲੱਖ ਮੌਤਾਂ ਹੋਈਆਂ। 1953 ਵਿੱਚ ਕੌਮੀ ਮਲੇਰੀਆ ਕੰਟਰੋਲ ਪ੍ਰੋਗਰਾਮ NMCP ਤੇ 1958 ਕੌਮੀ ਮਲੇਰੀਆ ਖਾਤਮਾ ਪ੍ਰੋਗਰਾਮ NMEP ਸ਼ੁਰੂ ਹੋਏ।

1966 ਵਿੱਚ ਦੇਸ਼ ਅੰਦਰ ਇਕ ਲੱਖ ਤੋਂ ਘੱਟ ਕੇਸ ਹੋਏ ਸਨ ਤੇ ਮਲੇਰੀਏ ਬੁਖਾਰ ਨਾਲ ਕੋਈ ਮੌਤ ਨਹੀਂ ਹੋਈ ਸੀ। 1976 ਵਿੱਚ 64 ਲੱਖ ਕੇਸ ਹੋ ਗਏ।1977 ਵਿੱਚ ਮੋਡੀਫਾਈਡ ਮਲੇਰੀਆ ਅਪ੍ਰੇਸ਼ਨ ਸ਼ੁਰੂ ਹੋਇਆ, ਕੇਸਾਂ ਦੀ ਗਿਣਤੀ ਘੱਟਣੀ ਸ਼ੁਰੂ ਹੋਈ।ਦੇਸ਼ ਵਿੱਚ 2007 ਵਿੱਚ 18000 ਕੇਸ ਹੋਏ।

- Advertisement -

ਭਾਰਤ ‘ਚ ਮਲੇਰੀਆ ਪੀ ਵਾਈਵੈਕਸ, ਪੀ ਫੈਲਸੀਪਰਮ, ਪੀ ਮਲੇਰੀ ਕਾਰਣ ਹੁੰਦਾ ਹੈ, ਜਿਆਦਾ ਕੇਸ ਪਹਿਲੀ ਕਿਸਮ ਦੇ ਹਨ। ਪੰਜਾਬ ਵਿੱਚ 2010 ਵਿੱਚ ਪੀ ਵਾਈਵੈਕਸ ਦੇ 3476 ਤੇ ਫੈਲਸੀਪਰਮ (ਦਿਮਾਗੀ ਬੁਖਾਰ) ਦੇ 70 ਕੇਸ ਸਨ ਤੇ 2014 ਵਿਚ ਇਹ ਗਿਣਤੀ ਘਟ ਕੇ ਕਰਮਵਾਰ 1036 ਤੇ 14 ਰਹਿ ਗਈ।

2012 ਨੂੰ ਸੰਸਾਰ ਦੇ 106 ਦੇਸ਼ਾਂ ਵਿੱਚ 3 ਕਰੋੜ 3 ਲੱਖ ਲੋਕ ਮਲੇਰੀਆ ਤੋਂ ਪ੍ਰਭਾਵਤ ਹੋਏ ਤੇ 6,27,000 ਮੌਤਾਂ ਹੋਈਆਂ। 2015 ਵਿੱਚ 91 ਦੇਸ਼ਾਂ ਅੰਦਰ 2 ਕਰੋੜ 11 ਲੱਖ ਮਰੀਜਾਂ ਵਿੱਚੋਂ 44,6,00 ਮੌਤਾਂ ਹੋਈਆਂ।

2016 ਵਿੱਚ 2 ਕਰੋੜ 16 ਲਖ ਮਰੀਜ ਵਿਚੋਂ 44500 ਮੌਤਾਂ ਹੋਈਆ। 2013 ਵਿੱਚ 53 ਦੇਸਾਂ ਵਿੱਚ ਕੋਈ ਮਲੇਰੀਏ ਦਾ ਕੇਸ ਨਹੀਂ ਹੋਇਆ। 2010 ਤੋਂ 2015 ਦੌਰਾਨ ਮਲੇਰੀਆ ਕੇਸਾਂ ਵਿੱਚ 21% ਤੇ ਮੌਤਾਂ ਵਿੱਚ 29% ਕਮੀ ਆਈ ਹੈ।90% ਕੇਸ ਅਫਰੀਕਾ ਮਹਾਂਦੀਪ ਵਿੱਚ ਹੁੰਦੇ ਹਨ। 2012 ਵਿੱਚ ਛੇ ਦੇਸ਼ਾਂ ਸ਼੍ਰੀਲੰਕਾ, ਮਾਲਦੀਵ, ਮਰਾਕੋ,ਕਿਰਗਸਤਾਨ,ਤੁਰਕਸਤਾਨ ਤੇ ਅਰਮੀਨੀਆ ਨੂੰ ਮਲੇਰੀਆ ਮੁਕਤ ਕਰਾਰ ਦਿੱਤਾ ਗਿਆ।

ਮਲੇਰੀਆ ਦੇ ਲੱਛਣ: ਇਸ ਦੇ ਆਮ ਲੱਛਣ ਬੁਖ਼ਾਰ, ਸਿਰ ਦਰਦ, ਉਲਟੀ ਅਤੇ ਹੋਰ ਫ਼ਲੂ ਵਰਗੇ ਲੱਛਣ (ਬੁਖਾਰ ਜੋ ਚਾਰ ਤੋਂ ਅੱਠ ਘੰਟੇ ਦੇ ਚੱਕਰ ਵਿੱਚ ਹੁੰਦਾ ਹੈ।) ਪੈਰਾਸਾਈਟ ਲਾਲ ਖ਼ੂਨ ਦੇ ਸੈੱਲ ਨੂੰ ਸੰਕ੍ਰਮਿਤ ਅਤੇ ਨਸ਼ਟ ਕਰਦਾ ਹੈ ਨਤੀਜੇ ਵੱਜੋਂ ਥਕਾਵਟ, ਡੋਬ/ਕੜਵੱਲ ਅਤੇ ਚੇਤਨਾ ਦਾ ਨੁਕਸਾਨ ਹੁੰਦਾ ਹੈ। ਜੇਕਰ ਮਲੇਰੀਆ ਦੇ ਲੱਛਣਾਂ ਦੀ ਪਛਾਣ ਸਮੇਂ ਰਹਿੰਦੇ ਨਾ ਹੋਵੇ ਤਾਂ, ਇਸ ਦਾ ਨਤੀਜਾ ਘਾਤਕ ਹੋ ਸਕਦਾ ਹੈ।

ਜਾਂਚ ਅਤੇ ਇਲਾਜ ਮਲੇਰੀਆ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਬੁਖਾਰ ਹੋਣ ਤੇ ਜਿਨਾਂ ਛੇਤੀ ਹੋ ਸਕੇ ਡਾਕਟਰ ਦੀ ਸਲਾਹ ਨਾਲ ਖੂਨ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਤਾਂ ਕਿ ਮਲੇਰੀਆ ਹੋਣ ਦੀ ਪੁਸ਼ਟੀ ਹੋਣ ਤੇ ਇਲਾਜ 24 ਘੰਟਿਆਂ ਦੇ ਅੰਦਰ ਸ਼ੁਰੂ ਹੋ ਜਾਵੇ।

ਬੁਖਾਰ ਦੌਰਾਨ ਮਰੀਜ਼ ਨੂੰ ਕੰਬਲਾਂ ਨਾਲ ਢੱਕ ਕੇ ਅਰਾਮ ਕਰਨਾ ਚਾਹੀਦਾ ਹੈ। ਧਿਆਨ ਦੇਣ ਯੋਗ ਹੈ ਕਿ ਜੇ ਫੈਲਸੀਪੈਰਮ ਮਲੇਰੀਆ ਦੀ ਸ਼ਨਾਖਤ ਹੋ ਜਾਵੇ ਤਾਂ ਬਹੁਤ ਚੌਕਸੀ ਵਰਤਣ ਦੀ ਲੋੜ ਪੈਂਦੀ ਹੈ ਕਿਉਂਕਿ ਇਸ ਵਿੱਚ ਮਰੀਜ਼ ਦੀ ਹਾਲਤ ਤੇਜ਼ੀ ਨਾਲ ਵਿਗੜਨ ਤੋਂ ਰੋਕਣ ਲਈ ਤੁਰੰਤ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ।

ਰੋਕਥਾਮ ਤੇ ਉਪਾਅ: ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਲੇਰੀਆ ਦਾ ਵਾਹਕ ਮਾਦਾ ਮੱਛਰ ਐਨੋਫਲੀਜ਼ ਹੈ ਜੋ ਕਿ ਸਾਫ ਖੜੇ ਪਾਣੀ ਤੇ ਪੈਦਾ ਹੁੰਦਾ ਹੈ। ਪਹਿਲੀ ਗੱਲ ਤਾਂ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਘਰਾਂ ਵਿੱਚ ਅਤੇ ਆਲੇ-ਦੁਆਲੇ ਪਾਣੀ ਨਾ ਖੜਨ ਦਿੱਤਾ ਜਾਵੇ।

ਪਾਣੀ ਦੀਆਂ ਟੈਂਕੀਆਂ ਢੱਕ ਕੇ ਰੱਖੀਆਂ ਜਾਣ। ਪਾਣੀ ਦੀਆਂ ਟੂਟੀਆਂ ਆਦਿ ਲੀਕ ਨਾ ਹੋਣ। ਕੂਲਰਾਂ ਵਿਚਲਾ ਪਾਣੀ ਹਫਤੇ ਦੇ ਅੰਦਰ ਨਿਯਮਤ ਬਦਲਿਆ ਜਾਵੇ। ਛੱਤਾਂ ਤੇ ਵਾਧੂ ਕਬਾੜ ਭਾਂਡੇ, ਟਇਰ ਆਦਿ ਨਾ ਰੱਖੇ ਜਾਣ। ਘਰ ਵਿੱਚ ਸਾਫ ਸਫਾਈ ਦਾ ਖਾਸ ਧਿਅਨ ਰੱਖਿਆ ਜਾਵੇ।

ਮੱਛਰ ਦੇ ਕੱਟਣ ਤੋਂ ਬਚਾਅ ਲਈ ਮੱਛਰਦਾਨੀਆਂ ਦੀ ਵਰਤੋਂ, ਕਮਰਿਆਂ ਦੀਆਂ ਖਿੜਕੀਆਂ ਤੇ ਜਾਲੀ ਲਗਵਾਉਣੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ, ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਹਿਨਣਾ, ਘਰ ਵਿੱਚ ਸਮੇਂ ਸਮੇਂ ਤੇ ਕੀਟਨਾਸਕ ਦਵਾਈਆਂ ਦਾ ਛਿੜਕਾਅ ਬਹੁਤ ਜਰੂਰੀ ਹੈ। ਮਲੇਰੀਆ ਵਾਲੇ ਖੇਤਰਾਂ ਵਿੱਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਇਸ ਤੋਂ ਇਲਾਵਾ ਵੱਡੀ ਪੱਧਰ ਤੇ ਲੋਕਾਂ ਵਿੱਚ ਮਲੇਰੀਆ ਬਾਰੇ ਜਾਗਰੁਕਤਾ ਅਤੇ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਕਿ ਜਾਣਕਾਰੀ ਵਿੱਚ ਹੀ ਇਸਦਾ ਬਚਾਅ ਹੈ ਜਿਸ ਨਾਲ ਇਸਦੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮਲੇਰੀਏ ਦੇ ਖਾਤਮੇ ਲਈ ਪੁਰਜੋਰ ਯਤਨ ਕਰ ਰਿਹਾ ਹੈ। ਨੈਸਨਲ ਵੈਕਟਰ ਬੌਰਨ ਡਜੀਜ਼ ਕੰਟਰੋਲਰ ਪ੍ਰੋਗਰਾਮ ਦੇ ਅੰਡਰ ਸਿਹਤ ਕਰਮਚਾਰੀ ਅੈਕਟਿਵ ਸਰਵੇ ਕਰਕੇ ਕੇਸਾਂ ਦੀ ਭਾਲ ਕਰਕੇ ਇਲਾਜ਼ ਮੁਹੱਈਆ ਕਰਵਾਉਦੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਹਨ।

***

ਸਾਵਧਾਨੀ ਹੈ ਮਲੇਰੀਆ ਤੋਂ ਬਚਣ ਦਾ ਸੌਖਾ ਤਰੀਕਾ

ਸਾਡਾ ਭਾਰਤੀਆਂ ਦਾ ਸੁਭਾਅ ਹੈ ਕਿ ਅਸੀਂ ਕੈਂਸਰ, ਦਿਲ ਦੀ ਬਿਮਾਰੀ, ਫੇਫੜਿਆਂ ਜਾਂ ਗੁਰਦਿਆਂ ਦੀ ਬਿਮਾਰੀ ਨੂੰ ਤਾਂ ਵੱਡੀ ਬਿਮਾਰੀ ਸਮਝਦੇ ਹਾਂ ਪਰ ਮਲੇਰੀਆ ਤੇ ਚਿਕਨਗੁਨੀਆ ਜਿਹੀਆਂ ਬਿਮਾਰੀਆਂ ਨੂੰ ਬਹੁਤ ਹੀ ਹਲਕੇ ‘ਚ ਲੈਂਦੇ ਹਾਂ ਜਦੋਂ ਕਿ ਕੌੜਾ ਸੱਚ ਇਹ ਹੈ ਕਿ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੁਨੀਆ ਭਰ ਦੇ 106 ਮੁਲਕਾਂ ਵਿੱਚ 3.3 ਬਿਲੀਅਨ ਲੋਕ ਮਲੇਰੀਆ ਦੀ ਜਕੜ ਵਿੱਚ ਆਉਣ ਦੇ ਮੁਹਾਣੇ ‘ਤੇ ਖੜੇ ਹਨ। ਹੈਰਾਨੀਜਨਕ ਅੰਕੜੇ ਦੱਸਦੇ ਹਨ ਕਿ ਸਾਲ 2012 ਵਿੱਚ ਮਲੇਰੀਏ ਕਰਕੇ ਦੁਨੀਆ ਭਰ ਵਿੱਚ 6,27000 ਮੌਤਾਂ ਹੋਈਆਂ ਸਨ ਜਿਨ੍ਹਾ ਵਿੱਚੋਂ ਅਧਿਕਤਰ ਅਫ਼ਰੀਕਾ,ਲਾਤੀਨੀ ਅਮਰੀਕਾ,ਮੱਧ ਪੂਰਬ ਦੇ ਦੇਸ਼ਾਂ ਅਤੇ ਯੂਰਪ ਦੇ ਕੁਝ ਹਿੱਸਿਆਂ ਵਿੱਚ ਹੋਈਆਂ ਸਨ ਜਦੋ ਕਿ ਸਾਲ 2015 ਵਿੱਚ ਵਧੀਆ ਸਿਹਤ ਸਹੁਲਤਾਂ ਉਪਲਬਧ ਹੋਣ ਦੇ ਬਾਵਜੂਦ ਮਲੇਰੀਆ ਕਾਰਨ ਹੋਈਆਂ ਮੌਤਾਂ ਦਾ ਅੰਕੜਾ 4,29000 ਸੀ।

ਮਲੇਰੀਆ ਜਿਹੀ ਬਿਮਾਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਸੰਨ 2007 ਵਿੱਚ ਸੰਯੁਕਤ ਰਾਸ਼ਟਰ ਸੰਘ ਦੀ ‘ ਵਰਲਡ ਹੈਲਥ ਅਸੈਂਬਲੀ ’ ਭਾਵ ਵਿਸ਼ਵ ਸਿਹਤ ਸਭਾ ਦੇ 60ਵੇਂ ਸੈਸ਼ਨ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਹਰ ਸਾਲ 25 ਅਪ੍ਰੈਲ ਨੂੰ ਦੁਨੀਆ ਭਰ ਵਿੱਚ ਮਲੇਰੀਆ ਦਿਵਸ ਮਨਾਇਆ ਜਾਵੇਗਾ। ਇਸ ਦਿਵਸ ਨੂੰ ਮਨਾਉਣ ਹਿਤ ਉਕਤ ਮਿਤੀ ਇਸ ਕਰਕੇ ਚੁਣੀ ਗਈ ਸੀ ਕਿਉਂਕਿ ਮਲੇਰੀਆ ਕਰਕੇ ਭਾਰੀ ਤਬਾਹੀ ਝੱਲ ਰਹੇ ਅਫ਼ਰੀਕਾ ਵਿੱਚ ਸਾਲ 2001 ਤੋਂ ਹੀ ਮਲੇਰੀਆ ਦਿਵਸ ਮਨਾਇਆ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਜਿਨ੍ਹਾ ਅੱਠ ਜਨਤਕ ਸਿਹਤ ਲਹਿਰਾਂ ਦਾ ਅਰੰਭ ਕੀਤਾ ਗਿਆ ਹੈ ਮਲੇਰੀਆ ਦਿਵਸ ਉਨ੍ਹਾ ਵਿੱਚੋਂ ਇੱਕ ਹੈ ਜਦੋਂ ਕਿ ਬਾਕੀ ਦਿਵਸਾਂ ਵਿੱਚ ਵਿਸ਼ਵ ਸਿਹਤ ਦਿਵਸ,ਵਿਸ਼ਵ ਖ਼ੂਨਦਾਨ ਦਿਵਸ,ਵਿਸ਼ਵ ਟੀ.ਬੀ.ਦਿਵਸ,ਵਿਸ਼ਵ ਤੰਬਾਕੂਮੁਕਤ ਦਿਵਸ,ਵਿਸ਼ਵ ਹੈਪੇਟਾਈਟਸ ਦਿਵਸ ਅਤੇ ਵਿਸ਼ਵ ਏਡਜ਼ ਦਿਵਸ ਆਦਿ ਸ਼ਾਮਿਲ ਹਨ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਮਲੇਰੀਆ ਦਿਵਸ ਮਨਾਉਣ ਦਾ ਮੁੱਖ ਮੰਤਵ ਦੁਨੀਆ ਭਰ ਵਿੱਚ ਮਲੇਰੀਆ ਸਬੰਧੀ ਸਿੱਖਿਆ ਤੇ ਸਮਝ ਦਾ ਪ੍ਰਸਾਰ ਕਰਨਾ ਹੈ। ਇਹ ਦਿਵਸ ਵੱਖ ਵੱਖ ਮੁਲਕਾਂ ਨੂੰ ਮਲੇਰੀਆ ਖ਼ਤਮ ਕਰਨ ਸਬੰਧੀ ਯੋਜਨਾਬਦੀ ਕਰਨ ਅਤੇ ਲੋਕਾਂ ਅੰਦਰ ਮਲੇਰੀਆ ਤੋਂ ਬਚਾਅ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਲਹਿਰਾਂ ਚਲਾਉਣ ਦੀ ਯਾਦ ਦਿਵਾਉਂਦਾ ਹੈ। ਇਹ ਦਿਨ ਵੱਖ ਵੱਖ ਬਹੁਕੌਮੀ ਸੰਗਠਨਾਂ ਅਤੇ ਕਾਰਪੋਰੇਸ਼ਨਾਂ ਨੂੰ ਮਿਲਜੁਲ ਕੇ ਮਲੇਰੀਏ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਹਿਤ ਕੰਮ ਕਰਨ ਲਈ ਵੀ ਪ੍ਰੇਰਿਤ ਕਰਦਾ ਹੈ।

ਸਾਲ 2019 ਵਿੱਚ ਵਿਸ਼ਵ ਮਲੇਰੀਆ ਦਿਵਸ ਦਾ ਮੁੱਖ ਥੀਮ ਸੀ ‘‘ ਜ਼ੀਰੋ ਮਲੇਰੀਆ ਸਟਾਰਟਸ ਵਿਦ ਮੀ ’’ ਭਾਵ ਮੇਰੇ ਤੋਂ ਹੀ ਸ਼ੁਰੂ ਹੁੰਦੀ ਹੈ ਮਲੇਰੀਆ ਮੁਕਤੀ। ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਵਿਸ਼ਵ ਪੱਧਰ ‘ਤੇ ਇੰਨੇ ਯਤਨ ਕਰਨ ਤੇ ਜਾਗਰੂਕਤਾ ਲਹਿਰਾਂ ਚਲਾਉਣ ਦੇ ਬਾਵਜੂਦ ਸਾਲ 2017 ਵਿੱਚ ਮਲੇਰੀਆਂ ਕਾਰਨ 4,35000 ਮੌਤਾਂ ਦੁਨੀਆਂ ਭਰ ਵਿੱਚ ਹੋ ਗਈਆਂ ਸਨ। ਸਾਲ 2016 ਵਿੱਚ ਵੀ ਤਕਰੀਬਨ ਇੰਨੀਆਂ ਹੀ ਮੌਤਾਂ ਹੋਹੀਆਂ ਸਨ ਜਿਸ ਤੋਂ ਸਿੱਧ ਹੁੰਦਾ ਹੈ ਕਿ ਮਲੇਰੀਆ ਖ਼ਿਲਾਫ਼ ਜੰਗ ਅਜੇ ਹੋਰ ਵੱਡੀ ਤਿਆਰੀ ਅਤੇ ਹੋਰ ਮਜ਼ਬੂਤ ਸੰਕਲਪ ਨਾਲ ਲੜਨੀ ਬਾਕੀ ਹੈ। ਵਿਸ਼ਵ ਪ੍ਰਸਿੱਧ ਹਸਤੀ ਡਾ.ਤਾਕੇਸ਼ੀ ਕਾਸਾਈ ਦਾ ਕਹਿਣਾ ਹੈ –‘‘ ਮਲੇਰੀਆ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਦਾ ਵਕਤ ਆ ਗਿਆ ਹੈ। ਅਸੀਂ ਇਕੱਠੇ ਹੋ ਕੇ ਜੇਕਰ ਇਸ ਮਹਾਂਮਾਰੀ ਖ਼ਿਲਾਫ਼ ਲੜਾਂਗੇ ਤਾਂ ਹੀ ਇਸ ਵਿਸ਼ਵ ਨੂੰ ਮਲੇਰੀਆ ਮੁਕਤ ਕਰ ਪਾਵਾਂਗੇ। ’’

ਅੱਜ ਵਿਸ਼ਵ ਮਲੇਰੀਆ ਦਿਵਸ ਮੌਕੇ ਆਓ ਮਲੇਰੀਆਂ ਦੇ ਸਰੋਤਾਂ,ਲੱਛਣਾਂ ਤੇ ਸਾਵਧਾਨੀਆਂ ਸਬੰਧੀ ਜਾਗਰੂਕ ਹੋਈਏ। ਮਾਹਿਰ ਡਾਕਟਰਾਂ ਅਨੁਸਾਰ ਮਲੇਰੀਆ, ਮਾਦਾ ਮੱਛਰ ਐਨੋਫ਼ਲੀਜ਼ ਦੁਆਰਾ ਕੱਟੇ ਜਾਣ ਕਰਕੇ ਹੁੰਦਾ ਹੈ ਜੋ ਕਿ ਅਧਿਕਤਰ ਪ੍ਰਭਾਤ ਅਤੇ ਸ਼ਾਮ ਦਰਮਿਆਨ ਕੱਟਦਾ ਹੈ। ਇਹ ਰੋਗ ਪਲਾਜ਼ਮੋਡੀਅਮ ਨਾਮਕ ਪਰਜੀਵੀ ਰਾਹੀਂ ਫ਼ੈਲਦਾ ਹੈ ਜਿਸਦਾ ਵਾਹਕ ਐਨੋਫ਼ਲੀਜ਼ ਮੱਛਰ ਹੁੰਕਾ ਹੈ। ਮਲੇਰੀਆ ਹੋ ਜਾਣ ਦੇ ਮੁੱਖ ਲੱਛਣਾਂ ਵਿੱਚ ਕੰਬਣੀ ਸਹਿਤ ਤੇਜ਼ ਬੁਖ਼ਾਰ,ਸਿਰ ਦਰਦ, ਮਾਸ ਪੇਸ਼ੀਆਂ ਦਾ ਦਰਦ, ਥਕਾਨ ਤੇ ਕਮਜ਼ੋਰੀ, ਖ਼ਾਂਸੀ, ਉਲਟੀਆਂ, ਪੇਟ ਦਰਦ ਜਾਂ ਦਸਤ ਆਦਿ ਪ੍ਰਮੁੱਖ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਮਲੇਰੀਆਂ ਤੋਂ ਬਚਣ ਲਈ ਬਹੁਤ ਹੀ ਸਧਾਰਨ ਸਾਵਧਾਨੀਆਂ ਵਰਤੇ ਜਾਣ ਦੀ ਜ਼ਰੂਰਤ ਹੈ ਜਿਸ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਆਪਣੇ ਘਰ ਦੇ ਅੰਦਰ ਜਾਂ ਬਾਹਰ ਜਾਂ ਆਪਣੇ ਕੰਮ ਵਾਲੀਆਂ ਥਾਵਾਂ ਨੇੜੇ ਪਾਣੀ ਖੜਾ ਨਹੀਂ ਰਹਿਣ ਦੇਣਾ ਚਾਹੀਦਾ ਹੈ। ਕੂਲਰ ਤੇ ਗਮਲਿਆਂ ਦਾ ਪਾਣੀ ਸਮੇਂ ਸਮੇਂ ਸਿਰ ਬਦਲਦੇ ਰਹਿਣਾ ਚਾਹੀਦਾ ਹੈ। ਮੱਛਰ ਤੋਂ ਬਚਾਅ ਹਿਤ ਮੱਛਰਦਾਨੀ, ਮੱਛਰਮਾਰ ਦਵਾਈ, ਲੋਸ਼ਨ ਜਾਂ ¬ਕ੍ਰੀਮ ਦੀ ਵਰਤੋਂ ਕਰਨ ਦੇ ਨਾਲ ਨਾਲ ਪੂਰਾ ਤਨ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ।

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਮੋਬਾਇਲ: 97816-46008

Share this Article
Leave a comment