ਕਿਸਾਨਾ ਦੇ ਦਿੱਲੀ ਨੂੰ ਚਾਲੇ!

Prabhjot Kaur
3 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;

ਚੰਡੀਗੜ੍ਹ ਵਿੱਚ ਬੀਤੀ ਰਾਤ ਕੇਂਦਰ ਅਤੇ ਕਿਸਾਨਾਂ ਦੀ ਗੱਲਬਾਤ ਟੁੱਟਣ ਕਾਰਨ ਕਿਸਾਨ ਜਥੇਬੰਦੀਆਂ ਨੇ ਅੱਜ ਸਵੇਰੇ ਹਜ਼ਾਰਾਂ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਕੂਚ ਕਰ ਦਿੱਤਾ ਹੈ! ਇਸ ਤੋੰ ਕੁਝ ਦਿਨ ਪਹਿਲਾਂ ਵੀ ਕੇਂਦਰੀ ਮੰਤਰੀਆਂ ਨੇ ਕਿਸਾਨ ਮੁੱਦਿਆਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਸੀ ਤਾਂ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ ਸਨ।ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਇਸ ਅੰਦੋਲਨ ਦੀ ਅਗਵਾਈ ਕਰ ਰਹੇ ਹਨ।

ਸਵਾਲ ਇਹ ਪੈਦਾ ਹੁੰਦਾ ਹੈ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਦੀ ਟੀਮ ਨਾਲ ਮੰਗਾਂ ਨੂੰ ਲੈ ਕੇ ਸਹਿਮਤੀ ਨਹੀਂ ਹੋਈ ਤਾਂ ਕੀ ਕਿਸਾਨ ਕੋਲ ਰੋਸ ਪ੍ਰਗਟਾਵਾ ਕਰਨ ਦਾ ਹੱਕ ਵੀ ਨਹੀਂ ਰਿਹਾ? ਅੱਜ ਜਦੋਂ ਕਿਸਾਨ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਹਰਿਆਣਾ ਵਿੱਚ ਦਾਖਲ ਹੋ ਕੇ ਦਿੱਲ਼ੀ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਦੋਹਾਂ ਹੀ ਥਾਵਾਂ ਉੱਤੇ ਹਰਿਆਣਾ ਪੁਲੀਸ ਨੇ ਰੋਕਣ ਲਈ ਭਾਰੀ ਬੰਦੋਬਸਤ ਕੀਤੇ ਹੋਏ ਹਨ। ਕਿਸਾਨ ਜਦੋਂ ਅੱਗੇ ਵੱਧ ਰਹੇ ਹਨ ਤਾਂ ਪੁਲੀਸ ਵਲੋਂ ਵੱਡੀ ਮਾਤਰਾ ਵਿਚ ਹੰਝੂ ਗੈਸ ਦੇ ਗੋਲੇ ਸੁੱਟੇ ਗਏ। ਕਿਸਾਨਾਂ ਦਾ ਦੋਸ਼ ਹੈ ਕਿ ਕਈ ਕਿਸਾਨ ਅੱਥਰੂ ਗੈਸ ਦੇ ਗੋਲਿਆਂ ਕਾਰਨ ਜਖਮੀ ਹੋ ਗਏ ਹਨ। ਡਰੋਨ ਰਾਹੀਂ ਵੀ ਕਿਸਾਨਾਂ ਉਤੇ ਲਗਾਤਾਰ ਗੋਲੇ ਸੁੱਟੇ ਜਾ ਰਹੇ ਹਨ। ਅੱਥਰੂ ਗੈਸ ਕਾਰਨ ਧੂੰਆਂ ਫੈਲਦਾ ਹੈ ਅਤੇ ਕਿਸਾਨਾਂ ਨੂੰ ਕਈ ਦਿੱਕਤਾਂ ਆ ਰਹੀਆਂ ਹਨ। ਦੇਰ ਸ਼ਾਮ ਤੱਕ ਵੀ ਇਸੇ ਤਰਾਂ ਦੀ ਟਕਰਾ ਵਾਲੀ ਸਥਿਤੀ ਬਣੀ ਹੋਈ ਹੈ। ਦੂਜੇ ਪਾਸੇ ਤੋਂ ਹਰਿਆਣਾ ਦੇ ਕਿਸਾਨ ਵੀ ਵੱਡੀ ਗਿਣਤੀ ਵਿਚ ਪੰਜਾਬ ਦੇ ਕਿਸਾਨਾਂ ਦੀ ਹਮਾਇਤ ਵਿੱਚ ਆ ਰਹੇ ਹਨ। ਇਸ ਮਾਰਚ ਵਿੱਚ ਵੱਡੀ ਗਿਣਤੀ ਵਿਚ ਨੌਜਵਾਨ ਕਿਸਾਨ ਅਤੇ ਔਰਤਾਂ ਵੀ ਸ਼ਾਮਲ ਹਨ। ਕਿਸਾਨ ਟਰੈਕਟਰ ਟਰਾਲੀਆਂ ਵਿੱਚ ਰਾਸ਼ਨ ਅਤੇ ਲੋੜੀਂਦਾ ਸਮਾਨ ਲੈ ਕੇ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸੇ ਦੌਰਾਨ ਕੇਂਦਰੀ ਖੇਤੀ ਮੰਤਰੀ ਨੇ ਕਿਸਾਨਾਂ ਨੂੰ ਮੁੜ ਗੱਲਬਾਤ ਦਾ ਸੱਦਾ ਦਿੱਤਾ ਹੈ ਪਰ ਬੀਤੀ ਰਾਤ ਚੰਡੀਗੜ ਵਿਚ ਪੰਜ ਘੰਟੇ ਦੀ ਮੀਟਿੰਗ ਵਿੱਚ ਸਿੱਟਾ ਨਾ ਨਿਕਲਿਆ ਤਾਂ ਸਥਿਤੀ ਬੇਭਰੋਸਗੀ ਵਾਲੀ ਬਣੀ ਹੋਈ ਹੈ। ਬੇਸ਼ਕ ਮੰਗਾਂ ਤਾਂ ਕਈ ਹਨ ਪਰ MSP ਮੁੱਦੇ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣੀ। ਇਸੇ ਤਰਾਂ ਕਰਜਾ ਮਾਫੀ ਬਾਰੇ ਵੀ ਕੋਈ ਸਹਿਮਤੀ ਨਹੀਂ ਬਣੀ।

ਇਸੇ ਦੌਰਾਨ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਸਰਕਾਰ ਦੇ ਵਤੀਰੇ ਦੀ ਨਿਖੇਧੀ ਕਰਦੇ ਹੋਏ ਕਿਹਾ ਹੈ ਕਿ ਮੰਗਾਂ ਲਈ ਅੰਦੋਲਨ ਕਰਨਾ ਕਿਸਾਨਾ ਦਾ ਅਧਿਕਾਰ ਹੈ ਪਰ ਇਹ ਸਹੀ ਨਹੀਂ ਕਿ ਇਕ ਪਾਸੇ ਗੱਲਬਾਤ ਅਤੇ ਦੂਜੇ ਪਾਸੇ ਕਿਸਾਨਾਂ ਦੇ ਘਰੀਂ ਛਾਪੇ ਮਾਰੇ ਜਾਣ ਅਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਵੇ।

- Advertisement -

ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰੇ ਕਿਉਂ ਜੋ ਕਿਸੇ ਤਰਾਂ ਵੀ ਟਕਰਾ ਦੇਸ਼ ਦੇ ਹਿੱਤ ਵਿੱਚ ਨਹੀਂ! ਸ਼ਾਮੀਂ ਕਿਸਾਨ ਨੇਤਾ ਪੰਧੇਰ ਅਤੇ ਡੱਲੇਵਾਲ ਨੇ ਕਿਹਾ ਹੈ ਕਿ ਅੱਜ ਕਾਲਾ ਦਿਨ ਹੈ ਕਿਉਂ ਜੋ ਸਰਕਾਰ ਨੇ ਕਿਸਾਨਾਂ ਉੱਪਰ ਬਗੈਰ ਭੜਕਾਹਟ ਦੇ ਹੰਝੂ ਗੈਸ ਦੇ ਗੋਲੇ ਛੱਡੇ। ਭਲਕੇ ਅੰਦੋਲਨ ਦਾ ਦੂਜਾ ਦਿਨ ਹੈ!

ਸੰਪਰਕਃ 9814002186

Share this Article
Leave a comment