ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ PM ਮੋਦੀ ਨੂੰ ਲਿਖੀ ਚਿੱਠੀ , ਰੂਸ ਨਾਲ ਜੰਗ ਵਿਚਾਲੇ ਮਦਦ ਦੀ ਕੀਤੀ ਮੰਗ

navdeep kaur
3 Min Read

ਨਵੀਂ ਦਿੱਲੀ : ਇੱਕ ਸਾਲ ਤੋਂ ਚੱਲ ਰਹੀ ਰੂਸ ਤੇ ਯੂਕਰੇਨ ਵਿਚਾਲੇ ਜੰਗ ਕਾਰਨ ਦੋਵਾਂ ਦੇਸ਼ਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਜੰਗ ਦੇ ਚੱਲਦਿਆਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਭੇਜਿਆ ਹੈ। ਇਸ ਪੱਤਰ ਵਿੱਚ ਉਨ੍ਹਾਂ ਨੇ ਪੀਐਮ ਮੋਦੀ ਨੂੰ ਯੂਕਰੇਨ ਲਈ ਮਨੁੱਖੀ ਸਹਾਇਤਾ ਭੇਜਣ ਦੀ ਬੇਨਤੀ ਕੀਤੀ ਹੈ।
ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਐਮਿਨ ਜਾਪਾਰੋਵਾ ਭਾਰਤ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਜਾਪਰੋਵਾ ਨੇ ਕੱਲ੍ਹ ਭਾਰਤ ਦੀ ਉਪ ਵਿਦੇਸ਼ ਮੰਤਰੀ ਮੀਨਾਕਸ਼ੀ ਲੇਖੀ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਸੰਬੋਧਿਤ ਰਾਸ਼ਟਰਪਤੀ ਜ਼ੇਲੇਂਸਕੀ ਦਾ ਇਹ ਪੱਤਰ ਸੌਂਪਿਆ। ਇਸ ਪੱਤਰ ਵਿੱਚ, ਯੂਕਰੇਨ ਨੇ ਦਵਾਈਆਂ ਅਤੇ ਮੈਡੀਕਲ ਉਪਕਰਣਾਂ ਸਮੇਤ ਵਾਧੂ ਮਾਨਵਤਾਵਾਦੀ ਸਪਲਾਈ ਦੀ ਬੇਨਤੀ ਕੀਤੀ ਹੈ।

ਭਾਰਤ ਨਾਲ ਸਬੰਧਾਂ ਨੂੰ ਵਧਾਉਣ ਦੀ ਇੱਛਾ ਜ਼ਾਹਰ ਕਰਦੇ ਹੋਏ ਜਾਪਰੋਵਾ ਨੇ ਕਿਹਾ, ‘ਭਾਰਤ ਵੱਡੀ ਭੂਮਿਕਾ ਨਿਭਾ ਸਕਦਾ ਹੈ। ਅਸੀਂ ਪ੍ਰਭੂਸੱਤਾ ਸੰਪੰਨ ਦੇਸ਼ਾਂ ਦੇ ਫੈਸਲਿਆਂ ਦਾ ਸਨਮਾਨ ਕਰਦੇ ਹਾਂ। ਭਾਰਤ ਦੂਜੇ ਦੇਸ਼ਾਂ ਨਾਲ ਵੀ ਸਬੰਧ ਬਣਾ ਰਿਹਾ ਹੈ। ਇਹ ਫੈਸਲਾ ਤੁਸੀਂ ਕਰਨਾ ਹੈ, ਇਹ ਤੁਹਾਡੇ ਫਾਇਦੇ ਲਈ ਹੈ।ਉਨ੍ਹਾਂ ਕਿਹਾ ਕਿ ਯੂਕਰੇਨ ਭਾਰਤ ਨਾਲ ਮਹੱਤਵਪੂਰਨ ਫੌਜੀ ਤਕਨੀਕ ਅਤੇ ਮੁਹਾਰਤ ਸਾਂਝੀ ਕਰਨ ਲਈ ਤਿਆਰ ਹੈ।

ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ‘ਯੂਕਰੇਨ ਦੇ ਮੰਤਰੀ ਨੇ ਇਹ ਵੀ ਪ੍ਰਸਤਾਵ ਰੱਖਿਆ ਕਿ ਯੂਕਰੇਨ ਵਿੱਚ ਬੁਨਿਆਦੀ ਢਾਂਚੇ ਦਾ ਪੁਨਰ ਨਿਰਮਾਣ ਭਾਰਤੀ ਕੰਪਨੀਆਂ ਲਈ ਇੱਕ ਮੌਕਾ ਹੋ ਸਕਦਾ ਹੈ। ਇਸ ਗੱਲ ‘ਤੇ ਸਹਿਮਤੀ ਬਣੀ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਅਗਲਾ ਅੰਤਰ-ਸਰਕਾਰੀ ਕਮਿਸ਼ਨ ਭਾਰਤ ਵਿਚ ਆਪਸੀ ਸੁਵਿਧਾਜਨਕ ਮਿਤੀ ‘ਤੇ ਆਯੋਜਿਤ ਕੀਤਾ ਜਾਵੇਗਾ।

ਜਾਪਰੋਵਾ ਨੇ ਇਹ ਵੀ ਕਿਹਾ, ‘ਭਾਰਤ ਅਤੇ ਯੂਕਰੇਨ ਵਿਚਾਲੇ ਕਈ ਮਾਇਨਿਆਂ ‘ਚ ਕਾਫੀ ਸਮਾਨਤਾ ਹੈ। ਸਾਡੇ  ਸਬੰਧਾਂ ਨੂੰ ਡੂੰਘਾ ਕਰਨ ਦੀ ਬਹੁਤ ਗੁੰਜਾਇਸ਼ ਹੈ। ਇਹ ਸਾਡੀ ਗੱਲਬਾਤ ਦੀ ਸਿਰਫ਼ ਸ਼ੁਰੂਆਤ ਹੈ।ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਭਾਰਤ ਵਿੱਚ ਜੀ-20 ਸੰਮੇਲਨ ਨੂੰ ਸੰਬੋਧਨ ਕਰਨਾ ਚਾਹੁਣਗੇ।

- Advertisement -

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਫਰਵਰੀ ‘ਚ ਰੂਸ ਨਾਲ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਯੂਕ੍ਰੇਨ ਦੇ ਨੇਤਾ ਵੋਲੋਦੀਮੀਰ ਜ਼ੇਲੇਂਸਕੀ ਨਾਲ ਕਈ ਵਾਰ ਗੱਲ ਕੀਤੀ ਹੈ। ਪਿਛਲੇ ਸਾਲ 4 ਅਕਤੂਬਰ ਨੂੰ ਜ਼ੇਲੇਂਸਕੀ ਨਾਲ ਫ਼ੋਨ ‘ਤੇ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਇਸ ਮੁੱਦੇ ਦਾ “ਕੋਈ ਫ਼ੌਜੀ ਹੱਲ” ਨਹੀਂ ਹੋ ਸਕਦਾ ਅਤੇ ਭਾਰਤ ਸ਼ਾਂਤੀ ਦੀਆਂ ਕੋਸ਼ਿਸ਼ਾਂ ਵਿੱਚ ਯੋਗਦਾਨ ਪਾਉਣ ਲਈ ਤਿਆਰ ਹੈ ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment